ਮਾਸਟਰ ਬੁੱਧ ਸਿੰਘ
ਗ਼ਦਰੀ ਬਾਬਿਆਂ ਨੇ ਵਿਦੇਸ਼ਾਂ ਵਿੱਚੋਂ ਆ ਕੇ ਭਾਰਤ ਦੀ ਆਜ਼ਾਦੀ ਲਈ ‘ਗ਼ਦਰ ਲਹਿਰ’ ਰਾਹੀਂ ਜੋ ਸੰਘਰਸ਼ ਪੈਦਾ ਕੀਤਾ ਉਹ ਲਸਾਨੀ ਸੀ। ਉਨ੍ਹਾਂ ਦੀ ਪ੍ਰੇਰਨਾ ਨਾਲ ਭਾਰਤੀ ਫ਼ੌਜੀਆਂ ਵੱਲੋਂ ਆਜ਼ਾਦੀ ਸੰਗਰਾਮ ਲਈ ਪਾਏ ਗਏ ਯੋਗਦਾਨ ਦੀ ਕਹਾਣੀ ਵੀ ਵਿਲੱਖਣ ਹੈ। ਉਨ੍ਹਾਂ ਮਹਾਨ ਪੰਜਾਬੀ ਸੂਰਬੀਰ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਖਾਤਰ ਆਪਣੀਆਂ ਨੌਕਰੀਆਂ ਅਤੇ ਆਪਣੇ ਪਰਿਵਾਰਾਂ ਦੇ ਭਵਿੱਖ ਦੀ ਪ੍ਰਵਾਹ ਕੀਤੇ ਬਿਨਾਂ ਅੰਗਰੇਜ਼ ਹਕੂਮਤ ਦੇ ਖਾਤਮੇ ਲਈ ਸੰਘਰਸ਼ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਅਜਿਹੇ ਹੀ ਸ਼ਹੀਦ ਸਾਧੂ ਸਿੰਘ ਦਾ ਜਨਮ 1909 ਈਸਵੀ ਨੂੰ ਪਿਤਾ ਨੌਰੰਗ ਸਿੰਘ ਦੇ ਘਰ ਗ਼ਦਰੀ ਬਾਬਿਆਂ ਦੇ ਪਿੰਡ ਦਦੇਹਰ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਹੁਣ ਜ਼ਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਹੋਇਆ। ਮੁੱਢਲੀ ਸਿੱਖਿਆ ਲੈਣ ਉਪਰੰਤ ਆਪ ਜਲਦੀ ਹੀ ਫ਼ੌਜ ਦੇ 21 ਨੰਬਰ ਰਸਾਲੇ ਵਿਚ ਭਰਤੀ ਹੋ ਗਏ। ਇਸੇ ਸਮੇਂ ਦੌਰਾਨ ਹੀ ਆਪ ਜੀ ਦਾ ਵਿਆਹ ਬੀਬੀ ਬਚਨ ਕੌਰ ਨਾਲ ਹੋਇਆ।
ਸਾਧੂ ਸਿੰਘ ਜਦੋਂ ਵੀ ਪਿੰਡ ਛੁੱਟੀ ਆਉਂਦੇ ਤਾਂ ਗ਼ਦਰ ਲਹਿਰ ਦੇ ਬਾਨੀ ਰਹੇ ਸੰਤ ਬਾਬਾ ਵਸਾਖਾ ਸਿੰਘ ਦੀ ਸੰਗਤ ਕਰਿਆ ਕਰਦੇ ਸਨ। ਆਪ ਬਾਬਾ ਜੀ ਦੇ ਇਨਕਲਾਬੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। ਸੰਨ 1939 ਈਸਵੀ ਵਿੱਚ ਬਰਤਾਨੀਆ ਸਾਮਰਾਜ ਦੂਸਰੇ ਵਿਸ਼ਵ ਯੁੱਧ ਵਿੱਚ ਉਲਝ ਗਿਆ। ਅੰਗਰੇਜ਼਼ ਸਰਕਾਰ ਨੂੰ ਭਾਰਤੀਆਂ ਖਾਸਕਰ ਪੰਜਾਬੀ ਸਿਪਾਹੀਆਂ ਦੀ ਭਾਰੀ ਜ਼ਰੂਰਤ ਮਹਿਸੂਸ ਹੋਣ ਲੱਗੀ। ਸਾਧੂ ਸਿੰਘ ਦਾ ਇੱਕੀ ਨੰਬਰ ਰਸਾਲਾ ਪਹਿਲਾਂ ਮੇਰਠ ਛਾਉਣੀ ਵਿੱਚ ਸੀ, ਉਸ ਸਮੇਂ ਵੀ ਗ਼ਦਰ ਲਹਿਰ ਦਾ ਪ੍ਰਭਾਵ ਭਾਰਤੀ ਚੌਗਿਰਦੇ ਅਤੇ ਖਾਸਕਰ ਭਾਰਤੀ ਸਿਪਾਹੀਆਂ ਵਿੱਚ ਘੱਟ ਨਹੀਂ ਹੋਇਆ ਸੀ।
ਸਾਲ 1939 ਵਿਚ ਇੱਕੀ ਨੰਬਰ ਰਸਾਲੇ ਨੂੰ ਮੇਰਠ ਤੋਂ ਸਿੰਕਦਰਾਬਾਦ ਤਬਦੀਲ ਕਰ ਦਿੱਤਾ ਗਿਆ। ਇੱਥੋਂ ਹੀ ਇਨ੍ਹਾਂ ਭਾਰਤੀ ਫੌਜੀਆਂ ਨੂੰ ਬਰਤਾਨੀਆ ਸਰਕਾਰ ਦੇ ਪੱਖ ਵਿੱਚ ਲੜਨ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਭੇਜਣਾ ਸੀ। ਸਾਧੂ ਸਿੰਘ ਹੁਰਾਂ ਦੇ ਰਸਾਲੇ ਨੂੰ 17 ਜੁਲਾਈ 1939 ਨੂੰ ਐਸ.ਐਸ. ਅਲੰਗਾ ਜਹਾਜ਼ ਰਾਹੀਂ ਮਿਸਰ ਭੇਜਣ ਦੀ ਯੋਜਨਾ ਬਣਾਈ ਗਈ। ਅੰਗਰੇਜ਼ ਸਰਕਾਰ ਨੇ ਲਗਪਗ ਪੰਜਾਹ ਹਜ਼ਾਰ ਫ਼ੌਜੀਆਂ ਨੂੰ ਅਠਾਰਾਂ ਵੱਖ ਵੱਖ ਜਹਾਜ਼ਾਂ ਰਾਹੀਂ ਹੋਰਨਾਂ ਦੇਸ਼ਾਂ ਵਿੱਚ ਤਾਇਨਾਤ ਕਰਨ ਦਾ ਫੈਸਲਾ ਕੀਤਾ ਸੀ। ਅੰਗਰੇਜ਼ ਸਰਕਾਰ ਨੂੰ ਇਸ ਰਸਾਲੇ ਦੀਆਂ ਗਤੀਵਿਧੀਆਂ ਉਪਰ ਪਹਿਲਾਂ ਹੀ ਸ਼ੱਕ ਸੀ, ਜਿਸ ਕਾਰਨ ਅੰਗਰੇਜ਼ ਸਰਕਾਰ ਵੱਲੋਂ ਇੱਕੀ ਨੰਬਰ ਰਸਾਲੇ ਦੇ ਸਿਪਾਹੀਆਂ ਨੂੰ ਸਭ ਤੋਂ ਪਹਿਲਾਂ ਜਹਾਜ਼ ਵਿੱਚ ਸਵਾਰ ਹੋਣ ਦਾ ਹੁਕਮ ਦਿੱਤਾ ਗਿਆ। ਅੰਗਰੇਜ਼ ਅਫਸਰ ਪੀ.ਜੀ. ਪੀਕਾਕ ਨੇ ਜਹਾਜ਼ ਵਿੱਚ ਕੁਆਰਟਰ ਲੈਣ ਲਈ ਇੱਕ ਗਾਰਦ ਨਿਯੁਕਤ ਕਰ ਦਿੱਤੀ, ਜਿਸ ਵਿੱਚ ਸਾਧੂ ਸਿੰਘ ਦਦੇਹਰ ਦੇ ਨਾਲ-ਨਾਲ ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ ਅਤੇ ਅਜਾਇਬ ਸਿੰਘ ਨੰਦਪੁਰ ਸ਼ਾਮਲ ਸਨ। ਸਾਧੂ ਸਿੰਘ ਦੇ ਨਾਲ ਬਾਕੀ ਗਾਰਦ ਨੂੰ ਵੀ ਜਹਾਜ਼ ਵਿੱਚ ਚੜ੍ਹਨ ਦਾ ਹੁਕਮ ਦਿੱਤਾ ਗਿਆ। ਸਾਧੂ ਸਿੰਘ ਤੇ ਸਾਥੀਆਂ ਨੇ ਜਹਾਜ਼ ਵਿੱਚ ਚੜ੍ਹਨ ਤੋਂ ਇਨਕਾਰ ਕਰ ਦਿੱਤਾ। ਇਥੋਂ ਹੀ ਬਗਾਵਤ ਦਾ ਸੰਖਨਾਦ ਹੋ ਗਿਆ। ਇਨ੍ਹਾਂ ਦੇਸ਼ ਭਗਤਾਂ ਨੂੰ ਅੰਗਰੇਜ਼ੀ ਅਫਸਰਾਂ ਨੇ ਮੌਤ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪਰ ਉਨ੍ਹਾਂ ਸਰਕਾਰ ਨੂੰ ਜਵਾਬ ਦੇਂਦਿਆਂ ਕਿਹਾ, ‘‘ਅਸੀਂ ਮਰਨ ਲਈ ਤਿਆਰ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰ ਚੁੱਕੀ ਹੈ ਕਿ ਅਸੀਂ ਬਰਤਾਨਵੀ ਮੰਤਵ ਲਈ ਵਿਦੇਸ਼ ਜਾ ਕੇ ਨਹੀਂ ਲੜਾਂਗੇ, ਅਸੀਂ ਆਪਣੇ ਦੇਸ਼ ਕੌਮ ਦੀ ਆਜ਼ਾਦੀ ਲਈ ਲੜਾਂਗੇ।’’ ਇਸ ’ਤੇ ਸਾਰੇ ਸਿਪਾਹੀਆਂ ਨੂੰ ਨਿਹੱਥੇ ਕਰ ਕੇ ਸਿਕੰਦਰਾਬਾਦ ਦੀ ਤਰੀਮੁਲਗੇਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਸਾਧੂ ਸਿੰਘ ਹੁਰਾਂ ਦੇ ਨਾਲ ਬਾਕੀ ਸਿਪਾਹੀਆਂ ਦਾ 26 ਅਗਸਤ, 1940 ਨੂੰ ਕੋਰਟ ਮਾਰਸ਼ਲ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੂੰ ਕਠੋਰ ਤਸੀਹੇ ਦਿੱਤੇ ਗਏ ਸਨ ਤੇ 28 ਅਗਸਤ, 1940 ਨੂੰ ਸਜ਼ਾਵਾਂ ਦਾ ਫੈਸਲਾ ਸੁਣਾਇਆ ਗਿਆ। ਉਨ੍ਹਾਂ ਦਿਨਾਂ ਵਿੱਚ ਸਾਰੇ ਦੇਸ਼ ਦੀਆਂ ਅਖ਼ਬਾਰਾਂ ਨੇ ਇਨ੍ਹਾਂ ਕੌਮੀ ਪਰਵਾਨਿਆਂ ਦੇ ਸਾਹਸ ਦੀ ਰੱਜ ਕੇ ਪ੍ਰਸੰਸਾ ਕੀਤੀ ਜਿਸ ਕਾਰਨ ਸਰਕਾਰ ਇਨ੍ਹਾਂ ਨੂੰ ਸਜ਼ਾਵਾਂ ਦੇਣ ਤੋਂ ਘਬਰਾਉਂਣ ਲੱਗੀ। ਅੰਗਰੇਜ਼ ਸਰਕਾਰ ਨੇ ਇਨ੍ਹਾਂ ਫੌਜੀ ਜਾਂਬਾਜ਼ਾਂ ਦੀਆਂ ਸਜ਼ਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਜਨਰਲ ਬਾਰਸਤੋਵ ਅਧੀਨ ਇਕ ਕਮਿਸ਼ਨ ਬਣਾ ਕੇ ਪੰਜਾਬ ਭੇਜਿਆ ਜਿਸਦੇ ਮੈਂਬਰ ਮੇਜਰ ਬਿੱਲੀ ਸਕਾਟ, ਮੇਜਰ ਕਿੱਲ ਰਾਏ ਅਤੇ ਲੈਫਟੀਨੈਂਟ ਕਰਨਲ ਨਿਰੰਜਣ ਸਿੰਘ ਸਨ। ਇਸ ਕਮਿਸ਼ਨ ਦੇ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਟਟੋਲਣਾ ਚਾਹਿਆ ਪਰ ਅਫਸੋਸ ਇਹ ਕਮਿਸ਼ਨ ਪੰਜਾਬ ਆ ਕੇ ਅੰਗਰੇਜ਼ ਸਰਕਾਰ ਦੇ ਪਿੱਠੂਆਂ ਨੂੰ ਮਿਲਿਆ। ਇਸ ਕਮਿਸ਼ਨ ਨੇ ਪੰਜਾਬ ਵਿਚ ਅਜਿਹਾ ਪ੍ਰਭਾਵ ਮਹਿਸੂਸ ਕੀਤਾ ਕਿ ਇਨ੍ਹਾਂ ਦੀਆਂ ਸਜ਼ਾਵਾਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਇਸ ਕਾਰਨ ਅੰਗਰੇਜ਼ੀ ਸਰਕਾਰ ਨੇ 6 ਸਤੰਬਰ, 1940 ਵਾਲ਼ੇ ਦਿਨ ਸ਼ੁੱਕਰਵਾਰ ਸਵੇਰੇ 6: 35 ਵਜੇ ਸਿੰਕਦਰਾਬਾਦ ਜੇਲ੍ਹ ਵਿੱਚ ਸਾਧੂ ਸਿੰਘ, ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ ਅਤੇ ਅਜਾਇਬ ਸਿੰਘ ਨੰਦਪੁਰ ਨੂੰ ਫ਼ਾਸੀ ਲਗਾ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਸ਼ਹੀਦਾਂ ਦੀਆਂ ਅਸਥੀਆਂ ਨਰਮਦਾ ਦਰਿਆ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ।
ਦੇਸ਼ ਵਾਸੀਆਂ ਨੂੰ ਹਮੇਸ਼ਾ ਹੀ ਅਜਿਹੇ ਕੌਮੀ ਪਰਵਾਨਿਆਂ ਉਪਰ ਫਖ਼ਰ ਮਹਿਸੂਸ ਹੁੰਦਾ ਰਹੇਗਾ। ਆਜ਼ਾਦੀ ਦੇ ਅੱਠਵੇਂ ਦਹਾਕੇ ਵਿੱਚ ਪਹੁੰਚਣ ਤੋਂ ਬਾਅਦ ਵੀ ਅਸੀਂ ਗ਼ਦਰੀ ਬਾਬਿਆਂ ਦੇ ਨਾਲ-ਨਾਲ ਇਨ੍ਹਾਂ ਸ਼ਹੀਦਾਂ ਦੇ ਆਜ਼ਾਦੀ ਵਿਚਲੇ ਪਾਏ ਯੋਗਦਾਨ ਨੂੰ ਦੇਖਣ ਅਤੇ ਅੰਗਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਹੁਣ ਪੰਜਾਬ ਦੀ ਮੌਜੂਦਾ ਸਰਕਾਰ ਦਾ ‘ਰੰਗਲਾ ਪੰਜਾਬ’ ਬਣਾਉਣ ਦਾ ਕਾਰਵਾਂ ਜੋ ਖਟਕੜ ਕਲਾ ਤੋਂ ਚੱਲਿਆ, ਕੀ ਉਹ ਕਾਰਵਾਂ ਇਨ੍ਹਾਂ ਸ਼ਹੀਦਾਂ ਦੇ ਪਿੰਡਾਂ ਤੱਕ ਪਹੁੰਚ ਸਕੇਗਾ? ਇਸ ਪਿੰਡ ਦੇ ਨੌਜਵਾਨਾਂ ਦੀ ਖੇਡ ਸਟੇਡੀਅਮ ਵਾਲ਼ੀ ਮੰਗ ਚਿਰੋਕਣੀ ਲਮਕ ਰਹੀ ਹੈ। ਸ਼ਹੀਦ ਸਾਧੂ ਸਿੰਘ ਦਾ ਸਾਲਾਨਾ ਬਰਸੀ ਸਮਾਗਮ 6 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦਦੇਹਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ, ਜਿੱਥੇ ਇਲਾਕੇ ਭਰ ਦੀਆਂ ਸੰਗਤਾਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।
ਸੰਪਰਕ: 78146-91494