ਸੱਤਪਾਲ ਸਿੰਘ ਦਿਓਲ
ਸਰਕਾਰੀ ਸਕੂਲ ਵਿਚ ਪੜ੍ਹਦਿਆਂ ਉਹ ਛੇਵੀਂ ਵਿਚ ਮੇਰਾ ਜਮਾਤੀ ਸੀ। ਨੇੜਲੇ ਪਿੰਡ ਵਿਚ ਹੀ ਮਿਡਲ ਸਕੂਲ ਹੁੰਦਾ ਸੀ। ਮੈਂ ਪਿੰਡ ਵਾਲੇ ਸਕੂਲ ਵਿਚੋਂ ਪੰਜਵੀਂ ਪਾਸ ਕਰ ਕੇ ਉਹਨਾਂ ਦੇ ਪਿੰਡ ਵਾਲੇ ਸਕੂਲ ਵਿਚ ਦਾਖਲਾ ਲਿਆ ਸੀ। ਮੇਰੇ ਪਿੰਡ ਤੋਂ ਉਹਦਾ ਪਿੰਡ ਅਤੇ ਸਕੂਲ ਢਾਈ ਕਿਲੋਮੀਟਰ ਦੂਰ ਸੀ। ਪਹਿਲਾਂ ਪਹਿਲ ਮੈਂ ਤੁਰ ਕੇ ਸਕੂਲ ਜਾਂਦਾ ਸੀ ਪਰ ਕੁਝ ਸਮੇਂ ਬਾਅਦ ਮੈਂ ਪਿੰਡ ਤੋਂ ਸਾਈਕਲ ’ਤੇ ਸਕੂਲ ਜਾਣ ਲੱਗ ਪਿਆ। ਬਹੁਤ ਸਾਰੇ ਨਵੇਂ ਪੁਰਾਣੇ ਸਹਿਪਾਠੀ ਨਾਲ ਹੀ ਅਗਲੀ ਕਲਾਸ ਵਿਚ ਦਾਖਲ ਹੋਏ ਸੀ। ਉਹ ਗਰੀਬ ਪਰਿਵਾਰ ਦਾ ਮੁੰਡਾ ਸੀ। ਉਸ ਦੀਆਂ ਦੋ ਭੈਣਾਂ ਤੇ ਇੱਕ ਭਰਾ ਸੀ, ਮਾਤਾ ਪਿਤਾਛ ੋਟੀ ਜਿਹੀ ਦੁਕਾਨ ਤੋਂ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਸੀ। ਪਰਿਵਾਰ ’ਚ ਉਹ ਵੱਡਾ ਸੀ। ਕੋਈ ਸ਼ਰਾਰਤ ਜਾਂ ਹਾਸਾ ਮਜ਼ਾਕ ਉਹ ਕਦੇ ਕਿਸੇ ਨਾਲ ਨਹੀਂ ਕਰਦਾ ਸੀ।
ਅਸੀਂ ਅਕਸਰ ਉਸ ਨੂੰ ਸਕੂਲ ਦੇ ਵਕਤ ਤੋਂ ਬਾਅਦ ਸਾਈਕਲ ਉੱਪਰ ਸਾਈਕਲ ਦੀ ਟਿਊਬ ਨਾਲ ਬੰਨ੍ਹੇ ਬਕਸੇ ਵਿਚ ਕੁਲਫੀਆਂ ਵੇਚਦਾ ਦੇਖਦੇ। ਛੁੱਟੀ ਵਾਲੇ ਦਿਨ ਤਾਂ ਉਹ ਸਾਰਾ ਸਾਰਾ ਦਿਨ ਸਾਈਕਲ ’ਤੇ ਕੁਲਫੀਆਂ ਲੈ ਕੇ ਆਸ ਪਾਸ ਦੇ ਪਿੰਡਾਂ ਵਿਚ ਧੁੱਪ ਗਰਮੀ ਦੀ ਪ੍ਰਵਾਹ ਕੀਤੇ ਬਗੈਰ ਫਿਰਦਾ ਰਹਿੰਦਾ। ਬਾਰਾਂ ਤੇਰਾਂ ਸਾਲ ਦਾ ਬੱਚਾ ਅਜਿਹੀ ਮਿਹਨਤ ਕਰੇਗਾ, ਸੋਚਿਆ ਵੀ ਨਹੀਂ ਜਾ ਸਕਦਾ; ਖਾਸ ਤੌਰ ’ਤੇ ਉਦੋਂ ਜਦੋਂ ਖੁਦ ਉਸ ਦੀ ਉਮਰ ਕੁਲਫੀ ਦੇਖ ਕੇ ਮਨ ਲਲਚਾਉਣ ਵਾਲੀ ਸੀ। ਉਹ ਬਚਪਨ ਵਿਚ ਹੀ ਬੱਚੇ ਤੋਂ ਕੁਲਫੀ ਵੇਚਣ ਵਾਲਾ ਭਾਈ ਬਣ ਗਿਆ ਸੀ। ਜਿਸ ਦਿਨ ਅੱਧੇ ਦਿਨ ਦਾ ਸਕੂਲ ਹੁੰਦਾ, ਮੇਰੇ ਸਮੇਤ ਸਾਰੇ ਸਾਡੇ ਸਹਿਪਾਠੀ ਕਿਲਕਾਰੀਆਂ ਮਾਰਦੇ ਹਾਸੇ ਠੱਠੇ ਕਰਦੇ ਘਰਾਂ ਵੱਲ ਭੱਜਦੇ ਪਰ ਉਸ ਦੇ ਚਿਹਰੇ ’ਤੇ ਪਹਿਲਾਂ ਛੁੱਟੀ ਹੋਣ ਦੀ ਕੋਈ ਖੁਸ਼ੀ ਨਾ ਹੁੰਦੀ। ਸ਼ਾਇਦ ਉਸ ਦੇ ਦਿਮਾਗ ਵਿਚ ਸ਼ਾਮ ਦੀ ਰੋਟੀ ਦਾ ਜੁਗਾੜ ਕਰਨ ਦੀ ਚਿੰਤਾ ਹੁੰਦੀ। ਇਸ ਦਾ ਭੇਤ ਮੈਨੂੰ ਉਸ ਨਾਲ ਬੀਤੀ ਘਟਨਾ ਬਾਰੇ ਸੋਚ ਕੇ ਬਹੁਤ ਦੇਰ ਬਾਅਦ ਪਤਾ ਲੱਗਾ। ਚਾਲੀ ਸਾਲ ਪੁਰਾਣੇ ਉਸ ਨਾਲ ਸਬੰਧਿਤ ਵਾਕਿਆਤ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਮੇਰੇ ਨਾਲ ਉਸ ਦੀ ਨਾ ਤਾਂ ਦੋਸਤੀ ਸੀ, ਨਾ ਹੀ ਉਹ ਕਿਸੇ ਨਾਲ ਕੋਈ ਬਹੁਤਾ ਬੋਲਚਾਲ ਜਾਂ ਸਹਿਚਾਰ ਰੱਖਦਾ ਸੀ; ਨਾ ਹੀ ਉਹ ਕਦੇ ਕਿਸੇ ਨਾਲ ਲੜਦਾ ਸੀ। ਬਚਪਨ ਵਿਚ ਉਸ ਨਾਲ ਹੋਈ ਇੱਕ ਘਟਨਾ ਮੇਰੇ ਦਿਮਾਗ ਵਿਚੋਂ ਕਦੇ ਵੀ ਵਿਸਾਰੀ ਨਹੀਂ ਜਾ ਸਕੀ।
ਬਚਪਨ ਹਮੇਸ਼ਾ ਅਣਭੋਲ ਹੁੰਦਾ ਹੈ। ਸੰਸਕਾਰ ਜਾਂ ਪਾਲਣ ਪੋਸ਼ਣ ਇਨਸਾਨ ਨੂੰ ਇਸਨਾਨ ਵਾਂਗ ਵਿਚਰਨਾ ਸਿਖਾਉਂਦੇ ਹਨ। ਸਾਡੇ ਨਾਲ ਪੜ੍ਹਨ ਵਾਲੇ ਕਈ ਘਰਾਂ ਦੇ ਮੁੰਡੇ ਆਪਣੇ ਤਕੜੇ ਹੋਣ ਦੇ ਭਰਮ ਵਿਚ ਫਸੇ ਹੋਏ ਸਨ। ਇੱਕ ਦਿਨ ਉਹ ਕੁਲਫੀਆਂ ਲੈ ਕੇ ਉਹਨਾਂ ਹੈਕੜਬਾਜ਼ ਮੁੰਡਿਆਂ ਦੇ ਮੁਹੱਲੇ ਆ ਗਿਆ। ਮੈਂ ਵੀ ਉਹਨਾਂ ਨਾਲ ਖੇਡਣ ਲਈ ਉੱਥੇ ਗਿਆ ਹੋਇਆ ਸੀ। ਸਭ ਨੂੰ ਇਹੋ ਜਾਪਦਾ ਸੀ ਕਿ ਇਹ ਮਹਾਜਨਾਂ ਦਾ ਮੁੰਡਾ ਹੈ, ਇਹਦੇ ਕੋਲੋਂ ਕੁਲਫੀਆਂ ਖੋਹੀਆਂ ਜਾ ਸਕਦੀਆਂ ਹਨ। ਸ਼ਾਇਦ ਉਹ ਬੱਚਿਆਂ ਨੂੰ ਦੇਖ ਕੇ ਅਣਭੋਲ ਜਿਹੇ ਮਨ ਨਾਲ ਹੀ ਉਧਰ ਆ ਵੜਿਆ ਹੋਵੇ। ਨਾਲ ਵਾਲੇ ਲੜਕਿਆਂ ਦੇ ਪਰਿਵਾਰਕ ਜੀਅ ਵੀ ਨੇੜੇ ਹੀ ਮੰਜਿਆਂ ਉੱਪਰ ਬੈਠੇ ਸੀ। ਸਾਰੇ ਹੈਕੜਬਾਜ਼ ਉਸ ਦੇ ਸਾਈਕਲ ਦੁਆਲੇ ਕੁਲਫੀਆਂ ਲੁੱਟਣ ਲਈ ਇਕੱਠੇ ਹੋ ਗਏ। ਉਹਨਾਂ ਦੇ ਵੱਡੇ ਪਰਿਵਾਰਕ ਜੀਅ ਉਹਨਾਂ ਦੀ ਇਸ ਕਰਤੂਤ ’ਤੇ ਖੁਸ਼ ਹੋ ਰਹੇ ਸੀ ਜਿਵੇਂ ਉਹਨਾਂ ਦੇ ਹੈਕੜਬਾਜ਼ ਲੜਕੇ ਕਾਬੁਲ ਕੰਧਾਰ ਜਿੱਤ ਰਹੇ ਹੋਣ। ਇੱਕ ਨੇ ਤਾਂ ਆਖ ਹੀ ਦਿੱਤਾ ਸੀ, “ਸਾਡੇ ਨਿਆਣੇ ਤਾਂ ਧੱਕੜ ਨੇ, ਚੀਜ਼ ਖੋਹਣ ਲੱਗੇ ਮਿੰਟ ਲਾਉਂਦੇ।”
ਉਹ ਰੋਣ ਲੱਗ ਪਿਆ, ਨਾਲ ਨਾਲ ਆਪਣਾ ਸਾਈਕਲ ਅਤੇ ਕੁਲਫੀਆਂ ਬਚਾਉਣ ਲੱਗਾ। ਖੋਹਣ ਵਾਲੇ ਗਿਣਤੀ ਵਿਚ ਦੋ ਹੀ ਸੀ, ਉਹਨਾਂ ਨੇ ਉਸ ਦੇ ਸਾਈਕਲ ਦੇ ਟਾਇਰਾਂ ਵਿਚੋਂ ਹਵਾ ਕੱਢ ਦਿੱਤੀ। ਮੇਰੇ ਕੋਲੋਂ ਰਿਹਾ ਨਹੀਂ ਗਿਆ, ਮੈਂ ਉਸ ਨੂੰ ਛੁਡਾਉਣ ਲੱਗ ਪਿਆ। ਕਿਸੇ ਤਰ੍ਹਾਂ ਉਹਨਾਂ ਦੀ ਹੱਥੋਪਾਈ ਵਿਚੋਂ ਉਸ ਨੂੰ ਛੁਡਾ ਲਿਆ। ਉਹ ਦੁਬਾਰਾ ਉਸ ਮੁਹੱਲੇ ਕਦੇ ਨਹੀਂ ਆਇਆ।
…ਕੁਝ ਸਾਲ ਪਹਿਲਾਂ ਉਹੋ ਲੜਕਾ ਮੈਨੂੰ ਜ਼ਮੀਨ ਦੇ ਕੇਸ ਵਿਚ ਵਕੀਲ ਮੁਕੱਰਰ ਕਰਨ ਆਇਆ। ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਉਸ ਨਾਲ ਤਾਜ਼ਾ ਕੀਤੀਆਂ। ਮੈਂ ਬਚਪਨ ਦੀ ਉਹ ਘਟਨਾ ਉਸ ਨਾਲ ਸਾਂਝੀ ਕੀਤੀ। ਉਸ ਨੇ ਆਪਣੇ ਬਾਰੇ ਸਾਰਾ ਕੁਝ ਦੱਸਿਆ ਕਿ ਕਿੰਝ ਉਸ ਨੇ ਸਖ਼ਤ ਮਿਹਨਤ ਕਰ ਕੇ ਕਰੋੜਾਂ ਦੀ ਜਾਇਜ਼ ਜਾਇਦਾਦ ਬਣਾਈ ਅਤੇ ਉਸ ਦੇ ਪਰਿਵਾਰ ਨੇ ਬਹੁਤ ਪਹਿਲਾਂ ਪਿੰਡ ਛੱਡ ਕੇ ਸ਼ਹਿਰ ਰਿਹਾਇਸ਼ ਕਰ ਲਈ ਹੈ। ਹੁਣ ਉਹ ਅਤੇ ਉਸ ਦਾ ਪਰਿਵਾਰ ਰੰਗਾਂ ਵਿਚ ਵੱਸਦੇ ਹਨ। ਜਿਸ ਜ਼ਮੀਨ ਦਾ ਕੇਸ ਮੇਰੇ ਕੋਲ ਲੈ ਕੇ ਆਇਆ ਸੀ, ਉਹ ਵੀ ਬਹੁਤ ਮਹਿੰਗੀ ਸ਼ਹਿਰੀ ਜ਼ਮੀਨ ਸੀ। ਕਿਸੇ ਨੇ ਈਰਖਾ ਵੱਸ ਉਸ ਨੂੰ ਡਰਾਉਣ ਲਈ ਕੇਸ ਦਾਇਰ ਕੀਤਾ ਸੀ। ਉਸ ਨੇ ਖਾਸ ਤੌਰ ’ਤੇ ਉਹਨਾਂ ਦੋਹਾਂ ਲੜਕਿਆਂ ਦੇ ਕਾਰੋਬਾਰ ਅਤੇ ਜਿ਼ੰਦਗੀ ਬਾਰੇ ਪੁੱਛਿਆ। ਮੈਂ ਉਸ ਨੂੰ ਦੱਸਿਆ ਕਿ ਉਹ ਹੁਣ ਪੋਸਤੀਆਂ ਵਾਲੀ ਜਿ਼ੰਦਗੀ ਜੀ ਰਹੇ ਹਨ। ਉਸ ਨੇ ਸਕੂਨ ਭਰਿਆ ਹੌਕਾ ਜਿਹਾ ਲਿਆ ਤੇ ਮੇਰੇ ਵੱਲ ਦੇਖ ਕੇ ਕਹਿਣ ਲੱਗਾ, “ਕੁਦਰਤ ਬੰਦੇ ਨੂੰ ਉਹੀ ਦਿੰਦੀ ਹੈ ਜਿਸ ਦਾ ਉਹ ਹੱਕਦਾਰ ਹੁੰਦਾ ਹੈ।”
ਸੰਪਰਕ: 98781-70771