ਡਾ. ਬਲਦੇਵ ਸਿੰਘ ਧਾਲੀਵਾਲ
ਅਜਿਹੇ ਜਨੂੰਨੀ ਵਿਅਕਤੀ ਵਿਰਲੇ ਹੁੰਦੇ ਹਨ ਜਿਹੜੇ ਸਾਰੇ ਸਮਾਜ ਦੀ ਤੰਦਰੁਸਤੀ ਦਾ ਮਿਸ਼ਨ ਆਪਣੇ ਮਨ-ਮਸਤਕ ਦਾ ਅਟੁੱਟ ਅੰਗ ਬਣਾ ਕੇ ਸਾਰੀ ਉਮਰ ਇਸ ਮਿਸ਼ਨ ਲਈ ਮੈਦਾਨ ਵਿਚ ਡਟੇ ਰਹਿੰਦੇ ਹਨ। ਪ੍ਰੋ. ਲਖਬੀਰ ਸਿੰਘ ਸਹੀ ਮਾਅਨਿਆਂ ਵਿਚ ਉਨ੍ਹਾਂ ਵਿਰਲਿਆਂ ਵਿਚੋਂ ਵੀ ਵਿਸ਼ੇਸ਼ ਸੀ। ਛੇ ਅਗਸਤ ਦੀ ਸਵੇਰ ਨੂੰ ਅੰਤਿਮ ਸਾਹ ਲੈਣ ਤੱਕ ਉਹ ਆਪਣੇ ਇਸ ਮਿਸ਼ਨ ਦੀ ਪੂਰਤੀ ਲਈ ਤਨ, ਮਨ ਤੇ ਧਨ ਨਾਲ ਲੜਦਾ ਰਿਹਾ।
ਉਸ ਨੇ ਚੜ੍ਹਦੀ ਉਮਰ ਵਿਚ ਹੀ ਜਿਵੇਂ ਆਪਣਾ ਮਿਸ਼ਨ ਪਛਾਣ ਲਿਆ ਸੀ। ਉਸ ਨੂੰ ਇਹ ਪ੍ਰਤੀਤ ਹੋ ਗਿਆ ਸੀ ਕਿ ਮਨੁੱਖ ਜਿਵੇਂ ਵਾਤਾਵਰਨ ਪ੍ਰਦੂਸ਼ਣ ਦੀਆਂ ਸਭ ਹੱਦਾਂ ਪਾਰ ਕਰਦਾ ਜਾ ਰਿਹਾ ਹੈ ਇਹ ਨਿਸ਼ਚੇ ਹੀ ਮਨੁੱਖਤਾ ਦੇ ਸਰਬਨਾਸ਼ ਦਾ ਰਾਹ ਹੋਵੇਗਾ। ਪ੍ਰੋ. ਲਖਬੀਰ ਸਿੰਘ ਨੇ ਨਵਾਂ ਰਾਹ ਚੁਣਿਆ ਅਤੇ ਉਹ ਰਾਹ ਸੀ ਵਾਤਾਵਰਨ ਦੇ ਵਿਗਾੜਾਂ ਤੋਂ ਮੁਕਤੀ ਲਈ ਅਮਲੀ ਯਤਨ ਕਰਨ ਦਾ। ਸਤੰਬਰ 1996 ਵਿਚ ਉਸ ਨੇ ਯੁਵਾ ਕਰਮੀ ਸੰਸਥਾ ‘ਪਹਿਲ’ ਬਣਾਈ ਅਤੇ ਆਪਣੇ ਮਿਸ਼ਨ ਲਈ ਜੁਟ ਗਿਆ। ਉਸ ਦੇ ਉਤਸ਼ਾਹ ਦਾ ਮੈਂ ਚਸ਼ਮਦੀਦ ਗਵਾਹ ਹਾਂ। ਅਸੀਂ ਇਕੱਠੇ ਪ੍ਰਸਿੱਧ ਆਰਟਿਸਟ ਸੁਖਵੰਤ ਕੋਲ ‘ਪਹਿਲ’ ਦਾ ਲੋਗੋ ਬਣਾਉਣ ਵਾਸਤੇ ਗਏ। ਤਿਆਰ ਲੋਗੋ ਨੂੰ ਵੇਖ ਕੇ ਉਸ ਦੇ ਚਿਹਰੇ ਉੱਤੇ ਆਏ ਉਮਾਹ ਦਾ ਵਰਨਣ ਸ਼ਬਦੋਂ ਬਾਹਰਾ ਹੈ।
ਕਦੇ ਰੁੱਖ ਲੁਆਏ ਜਾ ਰਹੇ ਸਨ, ਕਦੇ ਬਿਜਲਈ ਉਪਕਰਨਾਂ ਦਾ ਕੂੜ-ਕਬਾੜ ਸਮੇਟਿਆ ਜਾ ਰਿਹਾ ਸੀ, ਕਦੇ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ, ਕਿਤੇ ਮਰੀਜ਼ਾਂ ਲਈ ਖ਼ੂਨ ਦਾਨ ਕੀਤਾ ਕਰਵਾਇਆ ਜਾ ਰਿਹਾ ਸੀ, ਕਿਤੇ ਲੋਕਾਂ ਨੂੰ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਤੱਤ-ਸਾਰ ਸਮਝਾਇਆ ਜਾ ਰਿਹਾ ਸੀ।
ਅਜਿਹਾ ਕਰਦਿਆਂ ਉਹ ਮੈਨੂੰ ਉਹ ਅੰਗਰੇਜ਼ੀ ਪੁਸ਼ਾਕ ਵਿਚ ਸਜਿਆ-ਫਬਿਆ ਕੋਈ ਆਧੁਨਿਕ ਰਿਸ਼ੀ ਜਾਪਦਾ ਜੋ ਤਪਦੀ ਧਰਤੀ ਦਾ ਸੀਨਾ ਠਾਰਨਾ ਲੋਚਦਾ ਹੋਵੇ।
ਅਠਾਰਾਂ ਨਵੰਬਰ 2006 ਦੀ ਸਵੇਰ ਉਹ ਖ਼ੁਦ ਬੋਨਮੈਰੋ ਕੈਂਸਰ ਦੀ ਲਪੇਟ ਵਿਚ ਆ ਗਿਆ। ਨਿੱਜੀ ਤੌਰ ’ਤੇ ਵੇਖੀਏ ਤਾਂ ਉਸ ਦੀ ਆਪਣੀ ਹੋਂਦ-ਸਲਾਮਤੀ ਦੀ ਜੰਗ ਸ਼ੁਰੂ ਹੋ ਗਈ, ਪਰ ਅਸਲ ਵਿਚ ਇਸ ਦੁਰਘਟਨਾ ਨੇ ਪ੍ਰੋ. ਲਖਬੀਰ ਸਿੰਘ ਨੂੰ ਆਪਣੇ ਜੀਵਨ-ਉਦੇਸ਼ ਨਾਲ ਹੋਰ ਡੂੰਘੀ ਤਰ੍ਹਾਂ ਜੋੜ ਦਿੱਤਾ। ਉਸ ਨੇ ਲੋਕਾਈ ਨੂੰ ਜਗਾਉਣ ਲਈ ਕੈਂਸਰ ਵਿਰੁੱਧ ਆਪਣੇ ਸੰਘਰਸ਼ ਨੂੰ ਇਕ ਮਿਸਾਲ ਬਣਾ ਲਿਆ। ਉਹ ਕੂਕ ਕੂਕ ਕੇ ਹੋਰ ਵੀ ਸ਼ਿੱਦਤ ਨਾਲ ਬਿਆਨ ਕਰਦਾ ਕਿ ਅਸੀਂ ਕਿਵੇਂ ਆਪਣੀਆਂ ਕਬਰਾਂ ਖ਼ੁਦ ਹੀ ਖੋਦ ਰਹੇ ਹਾਂ ਅਤੇ ਫਿਰ ਇਕ ਇਕ ਸਾਹ ਲਈ ਕਿੰਨੀ ਕੀਮਤ ਤਾਰਨੀ ਪੈਂਦੀ ਹੈ।
ਉਹ ਕੈਂਸਰ ਵਿਚ ਬੁਰੀ ਤਰ੍ਹਾਂ ਗ੍ਰੱਸਿਆ ਜਾ ਰਿਹਾ ਸੀ, ਸਰੀਰ ਮਾਂਦਾ ਪੈ ਪੈ ਜਾਂਦਾ ਸੀ, ਪਰ ਆਪਣੀ ਜਿਉਣ-ਇੱਛਾ ਨੂੰ ਉਸ ਨੇ ਹੋਰ ਤਕੜੀ ਕਰ ਲਿਆ। ਉਹ ਕਦੇ ਢਹਿੰਦੀਆਂ ਕਲਾਂ ਦੀ ਗੱਲ ਨਾ ਕਰਦਾ ਸਗੋਂ ਵਿੰਨ੍ਹਵੀਂ ਪੀੜ ਨੂੰ ਵੀ ਮੁਸਕਰਾਹਟ ਹੇਠਾਂ ਦਬਾ ਲੈਂਦਾ। ਪੂਰੀ ਚੜ੍ਹਾਈ ਵਿਚ ਦਿਸਣ ਲਈ ਉਹ ਹੋਰ ਉਚੇਚ ਨਾਲ ਤਿਆਰ ਹੁੰਦਾ, ਕਾਲਜ ਜਾਂਦਾ, ਸਮਾਜ-ਸੇਵੀ ਸਰਗਰਮੀਆਂ ਹੋਰ ਤੇਜ਼ ਕਰ ਦਿੰਦਾ। ਉਸ ਨੂੰ ਭੱਜਦਿਆਂ-ਨੱਠਦਿਆਂ ਵੇਖ ਕੇ ਮੈਨੂੰ ਤਾਂ ਯਕੀਨ ਨਾ ਆਉਂਦਾ ਕਿ ਉਹ ਸੱਚਮੁੱਚ ਬਿਮਾਰ ਹੈ। ਪੂਰੇ ਪੰਦਰਾਂ ਸਾਲ ਉਹ ਇਉਂ ਹੀ ਜ਼ਿੰਦਗੀ ਦੀ ਮੈਰਾਥਨ ਦੌੜਦਾ ਰਿਹਾ, ਪੂਰੇ ਦਮ, ਪੂਰੇ ਨਿਹਚੇ ਨਾਲ।
ਇਕ ਵੇਰਾਂ 2019 ’ਚ ਅਸੀਂ ਮਿਲੇ ਤਾਂ ਉਸ ਨੇ ਸੁਭਾਵਿਕ ਹੀ ਆਪਣਾ ਇਕ ਤੌਖ਼ਲਾ ਸਾਂਝਾ ਕੀਤਾ ਕਿ ਕੈਂਸਰ ਵਿਰੁੱਧ ਸੰਘਰਸ਼ ਕਿਤੇ ਉਸ ਦੇ ਜਾਣ ਪਿੱਛੋਂ ਮੱਧਮ ਨਾ ਪੈ ਜਾਵੇ। ਦੋਸਤੀ ਦੇ ਮਾਣ ਨਾਲ ਉਸ ਨੇ ਮੇਰਾ ਸਾਥ ਚਾਹਿਆ ਅਤੇ ਅਸੀਂ ਉਸ ਦੇ ਪ੍ਰੇਰਣਾਦਾਇਕ ਅਨੁਭਵਾਂ ਨੂੰ ਕਲਮਬੱਧ ਕਰਨ ਦੀ ਯੋਜਨਾ ਉਲੀਕ ਲਈ। ਉਸ ਸਮੇਂ ਤੱਕ ਉਸ ਦੀ ਯਾਦਾਸ਼ਤ ਬਹੁਤ ਚੰਗੀ ਸੀ ਅਤੇ ਤੱਥ-ਤਰੀਕਾਂ ਉਸ ਨੂੰ ਕਿਸੇ ਇਮਤਿਹਾਨ ਦੇਣ ਵਾਲੇ ਬੱਚੇ ਵਾਂਗੂੰ ਰਟੀਆਂ ਪਈਆਂ ਸਨ। ਉਸ ਨੇ ਆਪਣੀਆਂ ਪੀੜਾਂ ਨੂੰ ਕਸ਼ੀਦ ਕੇ ਬੂੰਦ ਬੂੰਦ ਇਕੱਠੀ ਕੀਤੀ ਅਤੇ ਅੰਤ ਕਿਤਾਬ ਛਪੀ ‘ਅਸਾਂ ਹਿੰਮਤ ਯਾਰ ਬਣਾਈ’। ਇਸ ਵਿਚ ਕੈਂਸਰ ਵਿਰੁੱਧ ਜੂਝਣ ਦੀ ਸੂਰਮਗਤੀ ਦਾ ਹਿਰਦੇਵੇਦਕ ਬਿਆਨ ਹੈ। ਇਹ ਕਿਤਾਬ ਕੈਂਸਰ ਦੇ ਮਰੀਜ਼ਾਂ ਨੂੰ ਹੌਸਲਾ ਦਿੰਦਿਆਂ ਸੰਘਰਸ਼ ਲਈ ਪ੍ਰੇਰਦੀ ਰਹੇਗੀ। ਇਹੀ ਤਾਂ ਉਸ ਦਾ ਸੁਪਨਾ ਸੀ ਕਿ ‘ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ…’, ਜੋ ਅੰਤ ਪੂਰਾ ਹੋ ਗਿਆ।
ਉਹ ਜ਼ਾਹਰ ਨਹੀਂ ਸੀ ਹੋਣ ਦਿੰਦਾ, ਪਰ ਉਹ ਆਪਣੀ ਹੋਣੀ ਵੱਲੋਂ ਅਣਜਾਣ ਨਹੀਂ ਸੀ। ਇਸ ਲਈ ਆਪਣੇ ਇਕ ਇਕ ਪ੍ਰਾਜੈਕਟ ਨੂੰ ਢੁੱਕਵੇਂ ਅੰਜਾਮ ਤਕ ਲਿਜਾਣ ਦੀਆਂ ਯੋਜਨਾਵਾਂ ਸਾਂਝੀਆਂ ਕਰਦਾ। ‘ਪਹਿਲ’ ਰਾਹੀਂ ਉਸ ਨੇ ਅਨੇਕਾਂ ਮੈਗਾ-ਪ੍ਰਾਜੈਕਟ ਵਿੱਢੇ, ਕਰੋੜਾਂ ਖਰਚੇ, ਕੰਮ ਨੇਪਰੇ ਚਾੜ੍ਹੇ, ਪਰ ਆਪਣੇ ਈਮਾਨ ਨੂੰ ਹਮੇਸ਼ਾਂ ਸਾਬਤ-ਸਬੂਤਾ ਰੱਖਿਆ। ਇਉਂ ਬੇਦਾਗ ਹੋ ਕੇ ਲੋਕ-ਸੇਵਾ ਕਰਨ ਦੇ ਮਾਡਲ ਨੇ ਪ੍ਰੋ. ਲਖਬੀਰ ਸਿੰਘ ਦਾ ਇਕ ਸੱਚੇ-ਸੁੱਚੇ ਸਮਾਜ-ਸੇਵੀ ਵਜੋਂ ਮਹਾਂਨਾਇਕ ਵਾਲਾ ਕੱਦ-ਬੁੱਤ ਬਣਾਇਆ।
ਪ੍ਰੋ. ਲਖਬੀਰ ਸਿੰਘ ਸਹੀ ਮਾਅਨਿਆਂ ਵਿਚ ਚਿੱਕੜ ’ਚ ਉੱਗਿਆ ਖਿੜਿਆ ਕੰਵਲ ਸੀ। ਕਪੂਰਥਲੇ ਜ਼ਿਲ੍ਹੇ ਦੇ ਇਕ ਆਮ ਜਿਹੇ ਪਿੰਡ ਜਾਤੀ ਕੇ ਵਿਚ ਪੈਦਾ ਹੋਏ ਲਖਬੀਰ ਨੇ ਆਰਥਿਕ ਮੰਦਹਾਲੀ ਵਾਲੇ ਪਰਿਵਾਰਕ ਮਾਹੌਲ ਵਿਚ ਬਚਪਨ ਹੰਢਾਇਆ, ਫਿਰ ਵੀ ਕੰਵਲ ਦੇ ਫੁੱਲ ਵਾਂਗ ਟਹਿਕਣ ਦਾ ਸੁਪਨਾ ਜੀਵਤ ਰੱਖਿਆ। ਇਸੇ ਲਈ ਬਾਕੀ ਸਾਰੇ ਪੰਜਾਂ ਭੈਣਾਂ-ਭਰਾਵਾਂ ਵਿਚੋਂ ਕੇਵਲ ਉਹ ਹੀ ਯੂਨੀਵਰਸਿਟੀ ਤੱਕ ਪਹੁੰਚਿਆ ਅਤੇ ਮਾਣ-ਮੱਤੇ ਡੀ.ਏ.ਵੀ. ਕਾਲਜ, ਜਲੰਧਰ ਵਿਚ ਪ੍ਰੋਫ਼ੈਸਰ ਦਾ ਅਹੁਦਾ ਹਾਸਿਲ ਕੀਤਾ। ਦਿਲਚਸਪ ਗੱਲ ਇਹ ਵੀ ਹੈ ਕਿ ਗੁਰਮੁਖੀ ਲਿੱਪੀਕਾਰੀ ਦੀ ਸੰਰਚਨਾ ਬਾਰੇ ਖੋਜ ਕਰਨ ਵਾਲਿਆਂ ’ਚ ਵੀ ਉਹ ਵਿਰਲਿਆਂ ’ਚੋਂ ਇਕ ਸੀ। ਪ੍ਰੋ. ਲਖਬੀਰ ਦੇ ਸੁਭਾਅ ਵਿਚ ਕੁਝ ਅਜਿਹਾ ਅਨੋਖਾ ਤਲਿਸਮ ਜ਼ਰੂਰ ਸੀ ਕਿ ਅਨੇਕਾਂ ਔਕੜਾਂ ਦੇ ਬਾਵਜੂਦ ਉਹ ਆਪਣੇ ਮਿਸ਼ਨ ਦੇ ਰਾਹ ਤੋਂ ਡੋਲਿਆ ਨਹੀਂ। ਸਰੀਰਕ ਤੌਰ ’ਤੇ ਭਾਵੇਂ ਉਹ ਅੱਜ ਸਾਡੇ ਵਿਚ ਨਹੀਂ, ਪਰ ਵਿਚਾਰਾਂ ਦੇ ਰੂਪ ਵਿਚ ਉਹ ਸਾਡੇ ਸਾਰਿਆਂ ਰਾਹੀਂ ਨਿਰੰਤਰ ਜਿਉਂਦਾ ਰਹੇਗਾ।
ਸੰਪਰਕ: 98728-35835