ਸੁੱਚਾ ਸਿੰਘ ਖੱਟੜਾ
ਜਾਣਦਾ ਸੀ ਕਿ ਕਿਤਾਬਾਂ ਦੀ ਉਸ ਦੁਕਾਨ ’ਤੇ ਅਗਾਂਹਵਧੂ ਵਿਚਾਰਧਾਰਾ ਬਾਰੇ ਨਵੀਂ ਰਚਨਾ ਜਾਂ ਅਨੁਵਾਦ ਸਭ ਤੋਂ ਪਹਿਲਾਂ ਪੁੱਜ ਜਾਂਦੇ ਹਨ। ਫਿਰ ਇਕ ਸੱਜਣ ਤੋਂ ਪਤਾ ਲੱਗਿਆ ਕਿ ਉੱਥੇ ਅਗਾਂਹਵਧੂ ਲੇਖਕ, ਚਿੰਤਕ ਆਦਿ ਵੀ ਗੱਪਸ਼ੱਪ ਲਈ ਬੈਠਦੇ ਹਨ। ਇੱਕ ਦਿਨ ਇਕ ਕਿਤਾਬ ਦੀ ਭਾਲ ਵਿਚ ਉੱਥੇ ਜਾਣ ਦਾ ਸਬੱਬ ਬਣਿਆ ਤਾਂ ਉਹ ਦੋਸਤ ਵੀ ਨਾਲ ਹੀ ਸੀ।
ਅੰਦਰ ਗਏ ਤਾਂ ਕੋਈ ਜਣਾ ਮਾਲਕ ਨਾਲ ਚਰਚਾ ਕਰ ਰਿਹਾ ਸੀ। ਮੈਂ ਕਿਤਾਬ ਅਤੇ ਮਨਪਸੰਦ ਰਸਾਲੇ ਲਏ ਤਾਂ ਮੇਰਾ ਦੋਸਤ ਮੈਨੂੰ ਉਨ੍ਹਾਂ ਕੋਲ ਲੈ ਗਿਆ। ਦੋ ਉਹ ਬੈਠੇ ਸਨ, ਇਕ ਖਾਲੀ ਕੁਰਸੀ ਹੋਰ ਸੀ ਜੋ ਉਨ੍ਹਾਂ ਮੈਨੂੰ ਦਿੱਤੀ, ਤੇ ਇਕ ਹੋਰ ਕੁਰਸੀ ਆਉਣ ਤੱਕ ਮੇਰਾ ਦੋਸਤ ਇਕ ਪਾਸੇ ਪਿਆ ਸਟੂਲ ਕੋਲ ਕਰ ਕੇ ਬੈਠ ਗਿਆ। ਮਾਲਕ ਨੇ ਮੇਰੀ ਜਾਣ-ਪਛਾਣ ਪੁੱਛੀ ਤਾਂ ਪਹਿਲਾਂ ਬੈਠੇ ਸੱਜਣ ਨੇ ਮੇਰਾ ਨਾਂ ਲੈਦਿਆਂ ਦੱਸਿਆ ਕਿ ਇਹ ਲੰਮਾ ਸਮਾਂ ਜੀਟੀਯੂ ਦੇ ਸੂਬਾ ਆਗੂ ਰਹੇ ਹਨ। ਉਹ ਸ਼ਾਇਦ ਕੁਝ ਹੋਰ ਵੀ ਕਹਿਣਾ ਚਾਹੁੰਦੇ ਸਨ ਪਰ ਮੈਂ ਉਨ੍ਹਾਂ ਦੀ ਗੱਲ ਟੋਕਣ ਦੀ ਮੁਆਫ਼ੀ ਮੰਗਦਿਆਂ ਕਿਹਾ ਕਿ ਸੂਬਾ ਆਗੂ ਨਹੀਂ, ਅਸਫ਼ਲ ਆਗੂ ਰਿਹਾ ਹਾਂ। ਉਹ ਦੋਵੇਂ ਭੁੱਜੇ ਛੋਲੇ ਖਾ ਰਹੇ ਸਨ, ਤਿਆਰ ਫੱਕਾ ਹਥੇਲੀ ਉਤੇ ਸਾਂਭਦਿਆਂ ਮਾਲਕ ਨੇ ਕੁਰਸੀ ਪੂਰੀ ਤਰ੍ਹਾਂ ਮੇਰੇ ਵੱਲ ਘੁੰਮਾਉਂਦਿਆਂ ਮੈਥੋਂ ਮੇਰੇ ਸ਼ਬਦਾਂ ਦੀ ਵਿਆਖਿਆ ਪੁੱਛੀ। ਮੈਂ ਦੱਸਿਆ ਕਿ ਮੈਂ ਚਾਹੁੰਦਾ ਸੀ, ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿਦਿਆਰਥੀ ਅਤੇ ਵਿਦਿਆ ਨੂੰ ਕੇਂਦਰ ਬਣਾ ਕੇ, ਸਿੱਖਿਆ ਨੂੰ ਲੋਕ ਮੁੱਦਾ ਬਣਾ ਕੇ, ਅਧਿਆਪਕ ਤੇ ਹੋਰ ਸੇਵਾਵਾਂ ਦੇ ਮੁਲਾਜ਼ਮਾਂ ਦੇ ਮੁੱਦੇ ਉਠਾਏ ਜਾਣ। ਇਸ ਮੰਤਵ ਲਈ ਇਕ ਵਾਰ ਮਹੀਨਾ ਪਿੰਡਾਂ ਅਤੇ ਸ਼ਹਿਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨਾਲ ਪਿੰਡਾਂ ਅਤੇ ਮੁਹੱਲਿਆਂ ਵਿਚ ਸਿੱਖਿਆ ਤੇ ਸਕੂਲਾਂ ਦੀ ਦਿਸ਼ਾ-ਦਸ਼ਾ ਉਤੇ ਮੀਟਿੰਗਾਂ ਵੀ ਕੀਤੀਆਂ, ਫਿਰ ਮਾਪਿਆਂ ਤੇ ਅਧਿਆਪਕਾਂ ਦੀ ਜਲੰਧਰ ਵਿਸ਼ਾਲ ਰੈਲੀ ਵੀ ਕੀਤੀ, ਅਧਿਆਪਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਪ੍ਰੇਰਨ ਹਿਤ ਪਹਿਲਾਂ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਨ ਅਤੇ ਜਨ ਹਿੱਤ ਪ੍ਰਥਮੈ ਦੇ ਨੀਤੀਵਾਕ ਅਧੀਨ ਅਧਿਆਪਕਾਂ ਨੂੰ ਆਪਣੇ ਕਿੱਤੇ ਪ੍ਰਤੀ ਪ੍ਰਤੀਬੱਧਤਾ ਨਾਲ ਪੜ੍ਹਾਉਣ ਦੇ ਫੈਸਲੇ ਕੀਤੇ ਪਰ ਇਹ ਅਤੇ ਇਹੋ ਜਿਹਾ ਹੋਰ ਕੁਝ ਲਹਿਰ ਦਾ ਹਿੱਸਾ ਨਾ ਬਣ ਸਕਿਆ; ਇਸ ਲਈ ਅਸਫਲ ਆਗੂ ਕਿਹਾ ਹੈ। ਮਾਲਕ ਦੀ ਗੰਭੀਰਤਾ ਤੋਂ ਲੱਗਦਾ ਸੀ ਕਿ ਮੈਨੂੰ ਮੇਰੀ ਅਤੇ ਮੇਰੀ ਟੀਮ ਦੀ ਅਸਫਲਤਾ ਦਾ ਕਾਰਨ ਮਿਲ ਜਾਵੇਗਾ! ਮੈਨੂੰ ਗੁੱਸਾ ਨਾ ਕਰਨ ਨੂੰ ਕਹਿੰਦਿਆਂ ਉਨ੍ਹਾਂ ਇਹ ਕਹਿ ਕੇ ਗੱਲ ਸਿਰੇ ਲਾ ਦਿੱਤੀ ਕਿ ਪੰਜਾਬ ਵਿਚੋਂ ਅਗਾਂਹਵਧੂ ਲਹਿਰ ਦਾ ਜਿੰਨਾ ਨੁਕਸਾਨ ਅਧਿਆਪਕਾਂ ਨੇ ਕੀਤਾ, ਓਨਾ ਕਿਸੇ ਨੇ ਨਹੀਂ ਕੀਤਾ। ਮੇਰੀ ਅਤੇ ਮੇਰੀ ਟੀਮ ਵਿਚ ਮੇਰੇ ਵਰਗਿਆਂ ਦੀ ਅਸਫਲਤਾ ਦੇ ਕਾਰਨ ਦੀ ਤਲਾਸ਼ ਬਣੀ ਰਹਿ ਗਈ।
ਅਜਿਹੀ ਹੀ ਇਕ ਹੋਰ ਅਸਫਲਤਾ ਦੀ ਜਾਣਕਾਰੀ ਮੇਰੇ ਵਰਗੇ ਇਕ ਹੋਰ ਜਣੇ ਤੋਂ ਮਿਲੀ। ਤਜਰਬੇ ਸਾਂਝੇ ਕਰਦਿਆਂ ਉਸ ਸੱਜਣ ਨੇ ਦੱਸਿਆ ਕਿ ਟੀਐੱਸਯੂ ਦੇ ਆਗੂ ਵਜੋਂ ਉਹ ਜਦੋਂ ਵੀ ਸਟੇਸ਼ਨ ਛੱਡ ਕੇ ਮੀਟਿੰਗ ਲਈ ਜਾਂਦਾ ਹੁੰਦਾ ਸੀ ਤਾਂ ਆਪਣੇ ਐੱਸਡੀਓ ਨੂੰ ਦੱਸ ਕੇ ਜਾਂਦਾ ਸੀ ਤਾਂ ਕਿ ਉਹ ਬਦਲ ਸੋਚ ਰੱਖੇ। ਅਤਿਵਾਦ ਦੇ ਦਿਨ ਸਨ। ਸੂਬਾ ਮੀਟਿੰਗ ਵਿਚ ਵੱਖ ਵੱਖ ਵਿਚਾਰਧਾਰਾ ਵਾਲੇ ਆਗੂਆਂ ਨੇ ਆਉਣਾ ਹੁੰਦਾ ਸੀ, ਇਸ ਲਈ ਫੈਸਲੇ ਲਾਗੂ ਕਰਨ ਲਈ ਆਗੂ ਟੀਮ ਨੂੰ ਇਕ ਰਾਇ ਹੋਣ ਲਈ ਇਕ ਦਿਨ ਪਹਿਲਾਂ ਆਪਣੀ ਮੀਟਿੰਗ ਕਰਨੀ ਹੁੰਦੀ ਸੀ। ਰਾਤ ਨੂੰ ਚੱਲਦੀ ਮੀਟਿੰਗ ਵਿਚ ਐੱਸਡੀਓ ਦਾ ਫੋਨ ਆ ਗਿਆ ਕਿ ਰੋਪੜ ਗਰਿੱਡ ਤੋਂ ਭਰਤਗੜ੍ਹ ਆਉਣ ਵਾਲੀ 11 ਕੇਵੀ ਲਾਈਨ ਵਿਚ ਕੋਈ ਖਰਾਬੀ ਹੋ ਗਈ ਹੈ, 30 ਪਿੰਡਾਂ ਦੀ ਬਿਜਲੀ ਬੰਦ ਹੋ ਗਈ ਹੈ, ਦੂਜੇ ਦੋਵੇਂ ਜੇਈ ਬਹਾਨਾ ਮਾਰ ਗਏ ਹਨ। ਮੈਂ ਕਿਉਂਕਿ ਦੱਸ ਕੇ ਸਟੇਸ਼ਨ ਛੱਡ ਕੇ ਆਇਆ ਸੀ, ਮੈਂ ਗੁੱਸੇ ਵਿਚ ਆਪਣੇ ਬਾਹਰ ਹੋਣ ਬਾਰੇ ਦੱਸਦਿਆਂ ਫੋਨ ਕੱਟ ਦਿੱਤਾ। ਮੀਟਿੰਗ ਸਮਾਪਤ ਹੋਈ, ਸਾਢੇ ਦਸ ਵਜੇ ਸੌਣ ਲਈ ਬਿਸਤਰੇ ਮੱਲ ਲਏ। … 11 ਕੇਵੀ ਬੰਦ, 30 ਪਿੰਡਾਂ ਦੀ ਬਿਜਲੀ ਬੰਦ, ਐੱਸਡੀਓ ਨੂੰ ਝਿੜਕ ਕੇ ਕੱਟਿਆ ਫੋਨ … ਮਨ ਬੇਚੈਨ ਹੋ ਗਿਆ। ਪਗੜੀ ਸਿਰ ਉੱਤੇ ਰੱਖੀ, ਬੈਗ ਕੰਬਲੀ ਚੁੱਕ, ਬਿਨਾ ਕਿਸੇ ਨੂੰ ਦੱਸੇ ਜੀਟੀ ਰੋਡ ਤੇ ਆ ਖੜ੍ਹਿਆ। ਬਾਈਪਾਸ ਅਜੇ ਬਣਿਆ ਨਹੀਂ ਸੀ। ਐੱਸਡੀਓ ਨੂੰ ਫੋਨ ਕੀਤਾ ਕਿ ਉਹ ਸਾਢੇ ਅੱਠ ਵਜੇ ਦਾ ਸਮਾਂ ਪਾ ਕੇ ਮੇਰੇ ਨਾਂ ਦਾ ਪਰਮਿੱਟ ਕੱਟ ਦੇਣ।
ਅਤਿਵਾਦ ਕਾਰਨ ਬੱਸ ਕੋਈ ਮਿਲਣੀ ਨਹੀਂ ਸੀ। ਕਾਲੀ ਕੰਬਲੀ, ਬੁੱਕਲ ਅੰਦਰ ਕਾਲਾ ਬੈਗ, ਖੁੱਲ੍ਹੀ ਦਾੜ੍ਹੀ। ਪੁਲੀਸ ਦੀਆਂ ਦੋ ਟੀਮਾਂ ਆਈਆਂ। ਚੌਕਸੀ ਨਾਲ ਮੇਰੇ ਕੋਲ ਆਉਣ, ਪੁੱਛਗਿੱਛ ਕਰਨ, ਟੁਰ ਜਾਣ। ਹਰ ਇਕ ਨੂੰ ਕਹਾਂ ਕਿ ਉਹ ਮੈਨੂੰ ਕਿਸੇ ਵਾਹਨ ਉਤੇ ਬਿਠਾ ਕੇ ਜਾਣ, ਮੈਂ ਜੇਈ ਹਾਂ, ਮੈਂ 30 ਪਿੰਡਾਂ ਦੀ ਬਿਜਲੀ ਚਾਲੂ ਕਰਨੀ ਹੈ ਪਰ ਕਿਸੇ ਨਾ ਸੁਣੀ। ਆਖਰ ਇਕ ਐਂਬੂਲੈਂਸ ਵੈਨ ਮੇਰੇ ਹੱਥ ਦੇਣ ਤੇ ਰੁਕ ਤਾਂ ਗਈ ਪਰ ਉਨ੍ਹਾਂ ਪਾਸ ਥਾਂ ਨਹੀਂ ਸੀ। ਮੈਂ ਡਿੱਗੀ ਵਿਚ ਬੈਠਣ ਲਈ ਤਿਆਰ ਸੀ। ਉਹ ਤਰਸ ਕਰ ਗਏ। ਡਿੱਗੀ ਵਿਚ ਥਾਂ ਘੱਟ ਸੀ, ਮੈਂ ਪੈਰਾਂ ਭਾਰ ਬੈਠ ਕੇ ਰੋਪੜ ਪਹੁੰਚਿਆ। ਘਰੋਂ ਸਾਈਕਲ ਚੁੱਕਿਆ। ਰਾਤ ਦਾ ਇੱਕ ਵੱਜ ਚੁੱਕਿਆ ਸੀ। ਆਪਣੇ ਇੱਕ ਹੋਰ ਵਰਕਰ ਨੂੰ ਉਠਾਇਆ। ਸਿਰਸਾ ਨਦੀ ਤੱਕ 35 ਖੰਭੇ/ਟਾਵਰ ਕਿਸੇ ਦੇ ਉਤੇ ਚੜ੍ਹ ਕੇ, ਕਿਸੇ ਨੂੰ ਬੈਟਰੀ ਨਾਲ ਚੈੱਕ ਕੀਤਾ। ਸਿਰਸੇ ਤੋਂ ਅੱਗੇ ਦੀ ਲਾਈਨ ਭਰਤਗੜ੍ਹ ਐੱਸਡੀਓ ਦੀ ਜਿ਼ੰਮੇਵਾਰੀ ਸੀ। ਉਥੋਂ ਥਰਮਲ ਜਾਣ ਵਾਲੇ ਟਾਵਰਾਂ ਦੀ ਜਿ਼ੰਮੇਵਾਰੀ ਥਰਮਲ ਵਾਲਿਆਂ ਦੀ ਸੀ। ਸਾਢੇ ਤਿੰਨ ਵਜੇ ਦਫਤਰ ਓਕੇ ਰਿਪੋਰਟ ਦਰਜ ਕਰਵਾਈ, ਘਰ ਆ ਕੇ ਇਸ਼ਨਾਨ ਕੀਤਾ, ਚਾਹ ਪਾਣੀ ਕਰ ਕੇ ਜਲੰਧਰ ਮੀਟਿੰਗ ਵਿਚ ਸ਼ਾਮਲ ਹੋ ਗਿਆ। ਅਗਲੇ ਦਿਨ ਦਫਤਰ ਆਇਆ। ਐੱਸਡੀਓ ਨੇ ਹੱਥ ਜੋੜ ਕੇ ਕੁਰਸੀ ਤੋਂ ਉਠ ਕੇ ਖੜ੍ਹਾ ਹੋ ਕੇ ਕਿਹਾ, “ਜੇ ਸਾਰੇ ਤੁਹਾਡੇ ਵਾਂਗ ਕੰਮ ਕਰਨ, ਤਾਂ ਬਿਜਲੀ ਬੋਰਡ ਦੇ ਨਿੱਜੀਕਰਨ ਕਰਨ ਵਾਲੇ ਹਰ ਇਕ ਨੂੰ ਮੂੰਹ ਦੀ ਖਾਣੀ ਪਵੇਗੀ।”
ਮੈਂ ਉਸ ਸੱਜਣ ਨੂੰ ਕਿਹਾ ਕਿ ਫਿਰ ਸਾਰੇ ਤੁਹਾਡੇ ਵਾਂਗ ਕਿਉਂ ਨਹੀਂ ਕਰਦੇ? ਜਥੇਬੰਦੀ ਦਾ ਸੇਵਾ-ਮੁਕਤ ਆਗੂ ਚੁੱਪ ਸੀ। ‘ਸਾਰੇ ਇਸ ਤਰ੍ਹਾਂ ਕਿਉਂ ਨਹੀਂ ਕਰਦੇ?’ ਪ੍ਰਸ਼ਨ ਦੀ ਤਲਾਸ਼ ਜਾਰੀ ਹੈ…।
ਸੰਪਰਕ: 98771-40384