ਪਾਲੀ ਰਾਮ ਬਾਂਸਲ
“ਬਾਬੂ, ਭਗਤਾ ਭਾਈ ਤੱਕ ਜਾਊਂਗਾ, ਬਹਿ ਜਾ ਫਟਾਫਟ, ਐਨਾ ਟਾਈਮ ਨੀ ਹੈਗਾ।” ਭਦੌੜ-ਬਾਜਾਖਾਨਾ ਸੜਕ ਤੇ ਖੜ੍ਹੇ ਨੇ ਮੈਂ ਜਦ ਸਕੂਟਰ ਸਵਾਰ ਨੂੰ ਹੱਥ ਦੇ ਕੇ ਰੋਕਿਆ ਤਾਂ ਉਸ ਨੇ ਜਵਾਬ ਦਿੱਤਾ ਸੀ।
“ਮੈਂ ਬਾਜਾਖਾਨਾ ਜਾਣਾ ਐ, ਚਲੋ ਭਗਤੇ-ਭਾਈ ਤੱਕ ਲੈ ਚਲੋ।” ਮੈਂ ਸਕੂਟਰ ਤੇ ਬੈਠਦਿਆਂ ਕਿਹਾ।
ਅਜੇ ਮੈਂ ਇੱਕ ਲੱਤ ਹੀ ਸਕੂਟਰ ਤੇ ਰੱਖੀ ਸੀ, ਦੂਜੀ ਲਮਕ ਹੀ ਰਹੀ ਸੀ, ਸਕੂਟਰ ਵਾਲੇ ਨੇ ਪਾ ਕੇ ਗੀਅਰ ਇੰਨੀ ਤੇਜ਼ੀ ਨਾਲ ਕਲੱਚ ਛੱਡਿਆ ਕਿ ਸਕੂਟਰ ਅਗਲੇ ਪਾਸਿਓਂ ਇੱਦਾਂ ਖੜ੍ਹਾ ਹੋ ਗਿਆ ਜਿਵੇਂ ਆਇਸ਼ਰ ਟਰੈਕਟਰ ਹੱਦੋਂ ਵੱਧ ਭਰੀ ਟਰਾਲੀ ਨੂੰ ਖਿੱਚਣ ਲਗਿਆਂ ਸੀਖ ਵਾਂਗ ਖੜ੍ਹਾ ਹੋ ਜਾਂਦਾ। ਉਸ ਸਮੇਂ ਡਰ ਹੀ ਗਿਆ ਸਾਂ।
1994 ਦੀ ਗੱਲ ਹੈ। ਰਾਤੀਂ ਸੁਨੇਹਾ ਮਿਲਿਆ ਕਿ ਸਾਡੇ ਘਰ ਧੀ ਨੇ ਜਨਮ ਲਿਆ ਹੈ। ਪਤਨੀ ਜਣੇਪੇ ਲਈ ਪੇਕੇ ਘਰ ਬਾਜਾਖਾਨਾ ਗਈ ਹੋਈ ਸੀ। ਰਾਤ ਨੂੰ ਮਨ ਕਾਹਲਾ ਪਵੇ ਕਿ ਕਦੋਂ ਸਵੇਰ ਹੋਵੇ, ਕਦੋਂ ਸਹੁਰੇ ਘਰ ਪਹੁੰਚਾਂ ਤੇ ਧੀ ਨੂੰ ਦੇਖਾਂ। ਉਨ੍ਹਾਂ ਸਮਿਆਂ ’ਚ ਆਪਣੀ ਕਾਰ ਵਿਰਲੇ ਕੋਲ ਹੀ ਹੁੰਦੀ ਸੀ; ਟੈਕਸੀ ਕਰਕੇ ਜਾਣਾ ਵਸ ਤੋਂ ਬਾਹਰ ਹੁੰਦਾ ਸੀ। ਦਸੰਬਰ ਦੀ ਠੰਢ ਵਿਚ 100 ਕਿਲੋਮੀਟਰ ਮੋਟਰਸਾਈਕਲ ਤੇ ਜਾਣਾ ਵੀ ਬੜਾ ਮੁਸ਼ਕਿਲ ਕੰਮ ਸੀ। ਇਸੇ ਲਈ ਸਵੇਰੇ ਤਿਆਰ ਹੋ ਕੇ, ਕੋਟ-ਪੈਂਟ ਪਾ ਕੇ, ਟਾਈ ਸਜਾ ਕੇ ਸੰਗਰੂਰ ਬੱਸ ਅੱਡੇ ਤੋਂ ਬਰਨਾਲੇ ਜਾਣ ਲਈ ਬੱਸ ਵਿਚ ਬੈਠ ਗਿਆ ਤੇ ਫਿਰ ਬਰਨਾਲੇ ਬੱਸ ਅੱਡੇ ਤੋਂ ਬਾਜਾਖਾਨਾ ਜਾਣ ਵਾਲੀ ਬੱਸ ਫੜ ਲਈ। ਟਿਕਟ ਭਦੌੜ ਦੀ ਹੀ ਲਈ, ਭਦੌੜ ਵਾਲਾ ਬੱਸ ਅੱਡਾ ਕਾਫੀ ਅੰਦਰ ਸੀ ਅਤੇ ਬੱਸਾਂ ਅੰਦਰ ਜਾਣ ਕਰਕੇ ਬਾਹਰ ਆਉਣ ਨੂੰ ਕਾਫੀ ਵਕਤ ਲਾ ਦਿੰਦੀਆਂ ਸਨ। ਮੈਂ ਇਸ ਆਸ ਨਾਲ ਬੱਸ ਅੱਡੇ ਅੰਦਰ ਜਾਣ ਦੀ ਬਜਾਇ ਬਾਹਰ ਮੁੱਖ ਸੜਕ ਤੇ ਹੀ ਉਤਰ ਗਿਆ ਕਿ ਅੰਦਰੋਂ ਕੋਈ ਹੋਰ ਬੱਸ ਇਸ ਬੱਸ ਤੋਂ ਪਹਿਲਾਂ ਆ ਜਾਵੇਗੀ ਤੇ ਮੈਂ ਉਸ ਵਿਚ ਚੜ੍ਹ ਕੇ ਬਾਜਾਖਾਨਾ ਜਲਦੀ ਪਹੁੰਚ ਜਾਵਾਂਗਾ। ਕੋਈ ਬੱਸ ਤਾਂ ਨਹੀਂ ਆਈ ਪਰ ਆਹ ਸਕੂਟਰ ਵਾਲਾ ਜ਼ਰੂਰ ਆ ਗਿਆ।
ਸਕੂਟਰ ਵਾਲੇ ਨੇ ਸਕੂਟਰ ਪੂਰੀ ਸਪੀਡ ਨਾਲ ਭਜਾਇਆ। ਸਕੂਟਰ ਬਹੁਤ ਪੁਰਾਣਾ ਸੀ ਤੇ ਉਸ ਦਾ ਅਗਲਾ ਮੱਡ-ਗਾਰਡ ‘ਹੁਣ ਗਿਰਿਆ ਹੁਣ ਗਿਰਿਆ’ ਕਰ ਰਿਹਾ ਸੀ। ਮੇਰੇ ਜਿ਼ਹਨ ਅੰਦਰ ਪਿਕਚਰ ਘੁੰਮਣ ਲੱਗੀ ਕਿ ਜੇ ਸਕੂਟਰ ਦਾ ਮੱਡ-ਗਾਰਡ ਲਹਿ ਕੇ ਗਿਰ ਗਿਆ ਤੇ ਸਕੂਟਰ ਦੇ ਕਿਸੇ ਵੀ ਪਹੀਏ ਅੱਗੇ ਫਸ ਗਿਆ ਤਾਂ ਕਿਵੇਂ ਮੈਂ ਸਕੂਟਰ ਤੋਂ ਮੂੰਹ-ਪਰਨੇ ਡਿੱਗਾਂਗਾ।
ਦਸੰਬਰ ਦਾ ਮਹੀਨਾ ਹੋਣ ਕਾਰਨ ਠੰਢ ਬਹੁਤ ਸੀ ਪਰ ਠੰਢ ਨਾਲੋਂ ਜਿ਼ਆਦਾ ਕੰਬਣੀ ਡਰ ਨਾਲ ਛਿੜ ਰਹੀ ਸੀ। ਲੱਗਦਾ ਸੀ ਕਿ ਅੱਜ ਨਹੀਂ ਬਚਦੇ। ਬਹੁਤ ਪੁਰਾਣੇ ਸਕੂਟਰ ਨੂੰ ਉਹ ਚਲਾ ਹੀ ਬਹੁਤ ਲਾਪਰਵਾਹੀ ਨਾਲ ਰਿਹਾ ਸੀ। ਸਕੂਟਰ ਦਾ ਇੰਜਣ ਅਤੇ ਸਾਰੇ ਪੁਰਜ਼ੇ ਪੂਰਾ ਰੌਲਾ ਪਾ ਰਹੇ ਸਨ।
ਸਕੂਟਰ ਪਿੱਛੇ ਬੈਠਾ ਅੰਦਰੋ-ਅੰਦਰ ਡਰ ਰਿਹਾ ਸੀ, ਦਿਲ ਕਰਦਾ ਸੀ ਕਿ ਸਕੂਟਰ ਵਾਲੇ ਨੂੰ ਕਹਿ ਦੇਵਾਂ, ਉਹ ਸਕੂਟਰ ਰੋਕ ਕੇ ਮੈਨੂੰ ਐਥੇ ਹੀ ਉਤਾਰ ਦੇਵੇ, ਫਿਰ ਮਨ ’ਚ ਆਇਆ ਕਿ ਜੇ ਮੈਂ ਇੰਝ ਅੱਧ ਵਿਚਕਾਰ ਰੋਕ ਲਿਆ ਤਾਂ ਇਹ ਸੋਚੂ ਕਿ ‘ਬਾਬੂ’ ਐਵੇਂ ਹੀ ਡਰ ਗਿਆ। ਫੋਕੀ ਹੈਂਕੜ ਰੱਖਦਿਆਂ ਉਸ ਨੂੰ ਸਕੂਟਰ ਰੋਕਣ ਲਈ ਕਹਿ ਨਾ ਸਕਿਆ। ਖੈਰ! ਰੱਬ ਰੱਬ ਕਰਦੇ ਸਲਾਬਤਪੁਰਾ ਆ ਗਿਆ। “ਬਾਈ ਜੀ, ਰੋਕ ਦਿਓ ਸਕੂਟਰ, ਮੈਂ ਉਤਰਨਾ।” ਮੈਂ ਸਕੂਟਰ ਚਾਲਕ ਦੇ ਮੋਢੇ ’ਤੇ ਹੱਥ ਰੱਖ ਕੇ ਕਿਹਾ। ਉਹਨੇ ਸਕੂਟਰ ਰੋਕਿਆ, “ਤੁਸੀਂ ਬਾਜਾਖਾਨਾ ਨ੍ਹੀਂ ਸੀ ਜਾਣਾ?”
“ਬਾਈ ਜੀ, ਜਾਣਾ ਤਾਂ ਬਾਜਾਖਾਨਾ ਹੀ ਐ ਪਰ ਸਕੂਟਰ ਤੇ ਠੰਢ ਬਹੁਤ ਲਗਦੀ ਐ। ਮੈਂ ਬੱਸ ਤੇ ਹੀ ਆ ਜਾਊਂ।” ਅਸਲੀ ਡਰ ਲੁਕੋਦਿਆਂ ਮੈਂ ਉਹਦਾ ਧੰਨਵਾਦ ਕੀਤਾ। ਮੇਰਾ ਡਰ ਸ਼ਾਇਦ ਉਹ ਵੀ ਸਮਝ ਗਿਆ ਸੀ। ਸਕੂਟਰ ਤੋਂ ਉੱਤਰ ਕੇ ਸੁੱਖ ਦਾ ਸਾਹ ਲਿਆ। ਕੁਝ ਸਮੇਂ ਬਾਅਦ ਹੀ ਬੱਸ ਆ ਗਈ। ਸਲਾਬਤਪੁਰਾ ਤੋਂ ਬਾਜਾਖਾਨਾ ਕਰੀਬ ਇੱਕ ਘੰਟੇ ਦੇ ਬੱਸ ਸਫਰ ਦੌਰਾਨ ਮਨ ਅੰਦਰ ਮਾੜੇ ਤੇ ਨਕਾਰਾਤਮਕ ਖਿਆਲ ਹੀ ਆਈ ਗਏ ਕਿ ਜੇ ਆਹ ਹੋ ਜਾਂਦਾ, ਅਹੁ ਹੋ ਜਾਂਦਾ। ਇਸੇ ਉਧੇੜ-ਬੁਣ ਦੌਰਾਨ ਪਤਾ ਹੀ ਨਾ ਲੱਗਾ, ਕਦੋਂ ਬਾਜਾਖਾਨਾ ਪੁੱਜ ਗਿਆ।
“ਕਿਮੇਂ ਐ ਜੀਜਾ ਜੀ, ਅੱਜ ਤਾਂ ਬਹੁਤ ਫੱਬਦੇ ਓ।” ਛੋਟੇ ਸਾਲੇ ਨੇ ਟਿੱਚਰ ਕੀਤੀ ਜੋ ਸਕੂਟਰ ਤੇ ਮੈਨੂੰ ਬੱਸ ਅੱਡੇ ਤੋਂ ਲੈਣ ਆਇਆ ਸੀ। ਮੈਂ ਸਕੂਟਰ ਤੇ ਬੈਠਦਿਆਂ ਹੀ ਮੇਰੇ ਮੂੰਹੋਂ ਨਿੱਕਲਿਆ, “ਆਰਾਮ ਨਾਲ ਚਲਾਈਂ ਸਕੂਟਰ।” ਭਦੌੜ ਤੋਂ ਸਲਾਬਤਪੁਰਾ ਤੱਕ ਸਕੂਟਰ ਦੇ ਪਿੱਛੇ ਬੈਠਣ ਦੌਰਾਨ ਹੋਈ ਮੇਰੀ ਹਾਲਤ ਅਜੇ ਵਿਸਰੀ ਨਹੀਂ ਸੀ।
“ਪਾਲੀ ਜੀਜਾ ਆ ਗਿਆ, ਪਾਲੀ ਜੀਜਾ ਆ ਗਿਆ।” ਸਕੂਟਰ ਤੋਂ ਉੱਤਰ ਕੇ ਅਜੇ ਸਹੁਰੇ ਘਰ ਦਹਲੀਜ਼ ਤੇ ਪੈਰ ਹੀ ਰੱਖਿਆ ਸੀ ਕਿ ਸਾਲੀਆਂ ਨੇ ਚਕਚੋਲੜ ਪਾ ਦਿੱਤਾ।
“ਕੀ ਗੱਲ ਜੀਜਾ ਉਦਾਸ ਜਿਹਾ ਕਿਉਂ ਲੱਗਦਾਂ ਅੱਜ, ਅੱਗੇ ਤਾਂ ਸਾਲੀਆ ਨੂੰ ਦੇਖ ਕੇ ਗੁਲਾਬ ਵਾਂਗੂ ਖਿੜ ਜਾਨੈ।” ਇਹ ਵੱਡੀ ਸਾਲੀ ਦੀ ਟਕੋਰ ਸੀ। ਮੈਂ ਧੀ ਨੂੰ ਗੋਦੀ ਵਿਚ ਲਿਆ ਤੇ ਲਾਡ-ਪਿਆਰ ਕਰਕੇ ਤੇ ਫਿਰ ਚਾਹ-ਪਾਣੀ ਛਕਦਿਆਂ ਸਾਰੀ ਗੱਲ ਦੱਸੀ ਤਾਂ ਸਾਲੀਆਂ ਹੱਸ ਹੱਸ ਕੇ ਦੂਹਰੀਆਂ ਹੋਈ ਜਾਣ।
“ਅਸੀਂ ਤਾਂ ਤੁਹਾਨੂੰ ਬੜਾ ਦਲੇਰ ਸਮਝਦੀਆਂ ਸੀ, ਤੁਸੀਂ ਤਾਂ ਡਰਦੇ ਈ ਬਹੁਤ ਓ।” ਇਕ ਹੋਰ ਸਾਲੀ ਨੇ ਤੁਣਕਾ ਮਾਰਿਆ।
“ਤੂੰ ਛੱਡ ਇਸ ਗੱਲ ਨੂੰ। ਜੀਜੇ ਦੀ ਟੌਹਰ ਤਾਂ ਦੇਖ, ਕੋਟ-ਪੈਂਟ ਤੇ ਟਾਈ।” ਇਸ ਵਾਰੇ ਵੱਡੀ ਸਾਲੀ ਨੇ ਮੇਰਾ ਪੱਖ ਲੈਂਦਿਆਂ ਕਿਹਾ। ਉਂਜ, ਮੈਂ ਕਲਪਨਾ ਕਰ ਰਿਹਾ ਸੀ ਕਿ ਮੇਰਾ ਅਤੇ ਕੋਟ-ਪੈਂਟ ਤੇ ਟਾਈ ਦਾ ਕੀ ਹਸ਼ਰ ਹੋਣਾ ਸੀ, ਜੇ ਕਿਤੇ ਰਸਤੇ ਵਿਚ ਸਕੂਟਰ ਦੀ ਤਬੀਅਤ ਵੱਧ ਖਰਾਬ ਹੋਣ ਕਰਕੇ ਇਹ ਇੱਧਰ ਉੱਧਰ ਕਿਸੇ ਟੋਏ ਵਿਚ ਜਾ ਪੈਂਦਾ।
ਸਕੂਟਰ ਦੇ ਇਸ ਸਫ਼ਰ ਨੂੰ ਤਕਰੀਬਨ ਤਿੰਨ ਦਹਾਕੇ ਹੋ ਚੱਲੇ ਹਨ, ਹੁਣ ਵੀ ਜਦ ਸਾਲੀਆਂ ਨਾਲ ਟਾਕਰਾ ਹੁੰਦਾ ਤਾਂ ਉਹ ਇਹ ਤੀਰ ਜ਼ਰੂਰ ਚਲਾ ਦਿੰਦੀਆ: ਜੀਜਾ, ਅੱਜ ਕਿਸੇ ਦੇ ਸਕੂਟਰ ਪਿੱਛੇ ਬੈਠ ਕੇ ਤਾਂ ਨ੍ਹੀਂ ਆਏ?”
ਸੰਪਰਕ: 81465-80919