ਮਨਸ਼ਾ ਰਾਮ ਮੱਕੜ
1953 ਵਿਚ ਸਾਡੇ ਪਿੰਡ ਸਾਉਂਕੇ ਕੋਈ ਸਕੂਲ ਨਹੀਂ ਸੀ, ਅਸੀਂ ਨਾਲ ਦੇ ਪਿੰਡ ਰਾਮਨਗਰ ਵਿਚ ਡੀਬੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਜਾਂਦੇ ਸੀ। ਸਕੂਲ ਦੇ ਦੋ ਕਮਰੇ ਸਨ, ਵਿਦਿਆਰਥੀ ਥੋੜ੍ਹੇ ਹੋਣ ਕਰਕੇ ਚਾਰੇ ਜਮਾਤਾਂ ਦੇ ਵਿਦਿਆਰਥੀ ਇਕ ਹੀ ਕਮਰੇ ਵਿਚ ਆਪੋ-ਆਪਣੇ ਘਰੋਂ ਲਿਆਂਦੀਆਂ ਬੋਰੀਆਂ ਤੇ ਬੈਠਦੇ ਸਾਂ। ਸਕੂਲ ਦੇ ਕਮਰਿਆਂ ਤੇ ਬਾਹਰ ਲਿਖਿਆ ਹੋਇਆ ਸੀ- ਡੀਬੀ ਪ੍ਰਾਇਮਰੀ ਸਕੂਲ ਰਾਮਨਗਰ। ਪਿੱਛੋਂ ਪਤਾ ਲੱਗਿਆ ਕਿ ਉਦੋਂ ਸਕੂਲ ਡਿਸਟ੍ਰਿਕਟ ਬੋਰਡ ਦੇ ਅਧੀਨ ਹੁੰਦੇ ਸਨ।
ਸਾਰੀਆਂ ਜਮਾਤਾਂ ਨੂੰ ਪੜ੍ਹਾਉਣ ਵਾਲੇ ਸਾਡੇ ਇਕ ਹੀ ਅਧਿਆਪਕ ਭਾਗ ਸਿੰਘ ਜੀ ਸਨ। ਉਹ ਪੜ੍ਹਾਈ ਦੇ ਨਾਲ ਨਾਲ ਡਾਕਖਾਨੇ ਦਾ ਕੰਮ ਵੀ ਸੰਭਾਲਦੇ ਸਨ। ਉਨ੍ਹਾਂ ਦਾ ਦਰਮਿਆਨਾ ਕੱਦ, ਚਿੱਟਾ ਕਮੀਜ਼-ਪਜਾਮਾ, ਸਿਰ ਤੇ ਗੋਲ ਚਿੱਟੀ ਪੱਗ ਅਤੇ ਪੈਰੀਂ ਧੌੜੀ ਦੀ ਜੁੱਤੀ ਹੁੰਦੀ ਸੀ। ਸਕੂਲ ਵਿਚ ਉਨ੍ਹਾਂ ਵਾਣ ਦਾ ਮੰਜਾ ਰੱਖਿਆ ਹੋਇਆ ਸੀ ਜਿਸ ਤੇ ਉਹ ਬੈਠਦੇ ਸਨ। ਇਸ ਮੰਜੇ ਤੇ ਉਨ੍ਹਾਂ ਦੇ ਸਾਹਮਣੇ ਲੱਕੜ ਦੀ ਸੰਦੂਕੜੀ ਹੁੰਦੀ ਜਿਸ ਵਿਚ ਡਾਕਖਾਨੇ ਨਾਲ ਸਬੰਧਤ ਕਾਰਡ, ਲਿਫਾਫੇ, ਫਾਰਮ ਆਦਿ ਹੁੰਦੇ। ਦੁਪਹਿਰੋਂ ਬਾਅਦ ਤਿੰਨ ਕੁ ਵਜੇ ਡਾਕੀਆ ਡਾਕ ਵਾਲਾ ਥੈਲਾ ਦੇ ਜਾਂਦਾ ਤੇ ਇਨ੍ਹਾਂ ਤੋਂ ਡਾਕ ਵਾਲਾ ਥੈਲਾ ਜਿਸ ਵਿਚ ਲੋਕਾਂ ਵਲੋਂ ਆਪਣਿਆਂ ਨੂੰ ਲਿਖੀਆਂ ਚਿੱਠੀਆਂ ਹੁੰਦੀਆਂ, ਲੈ ਜਾਂਦਾ। ਮਾਸਟਰ ਜੀ ਡਾਕ ਵਾਲਾ ਥੈਲਾ ਖੋਲ੍ਹਦੇ, ਚਿੱਠੀਆਂ ਕੱਢ ਕੇ ਛਾਂਟਦੇ। ਚਾਰੇ ਜਮਾਤਾਂ ਦੇ ਵਿਦਿਆਰਥੀ ਜੋ ਤਕਰੀਬਨ 30-35 ਸਨ, ਉਨ੍ਹਾਂ ਦੇ ਕੋਲ ਹੀ ਬੈਠੇ ਹੁੰਦੇ। ਜਿਨ੍ਹਾਂ ਲੋਕਾਂ ਦੀਆਂ ਚਿੱਠੀਆਂ ਆਈਆਂ ਹੁੰਦੀਆਂ, ਮਾਸਟਰ ਜੀ ਉਨ੍ਹਾਂ ਦੇ ਨਾਮ ਬੋਲਦੇ ਤਾਂ ਸਾਡੇ ਵਿਚੋਂ ਜਿਸ ਦਾ ਘਰ ਚਿੱਠੀ ਵਾਲੇ ਸ਼ਖ਼ਸਦੇ ਘਰ ਦੇ ਨੇੜੇ ਹੁੰਦਾ, ਉਹ ਮਾਸਟਰ ਜੀ ਤੋਂ ਚਿੱਠੀ ਲੈ ਲੈਂਦਾ। ਇਸ ਤਰ੍ਹਾਂ ਦੋਵਾਂ ਪਿੰਡਾਂ ਦੀ ਡਾਕ ਉਹ ਵਿਦਿਆਰਥੀਆਂ ਵਿਚ ਵੰਡ ਦਿੰਦੇ ਜੋ ਅਗਾਂਹ ਉਨ੍ਹਾਂ ਲੋਕਾਂ ਦੇ ਘਰਾਂ ਵਿਚ ਪਹੁੰਚਾ ਦਿੰਦੇ ਸਨ। ਮਾਸਟਰ ਭਾਗ ਸਿੰਘ ਜੀ ਜਿਵੇਂ ਸਕੂਲ ਨੂੰ ਹੀ ਸਮਰਪਿਤ ਸਨ। ਸਕੂਲ ਵਿਚ ਪੜ੍ਹਾਉਣ ਲਈ ਬਹੁਤ ਸਮਾਂ ਦਿੰਦੇ ਅਤੇ ਸਾਨੂੰ ਛੁੱਟੀ ਵਾਲੇ ਦਿਨ ਵੀ ਪੜ੍ਹਨ ਲਈ ਬੁਲਾ ਲੈਂਦੇ ਸਨ।
ਪ੍ਰਾਇਮਰੀ ਦੀ ਤੀਜੀ ਜਮਾਤ ਪਾਸ ਕਰਕੇ ਚੌਥੀ ਵਿਚ ਹੋ ਗਿਆ ਤਾਂ ਮਾਸਟਰ ਜੀ ਸਾਨੂੰ ਚਾਰ ਜਣਿਆਂ ਨੂੰ ਸਵੇਰੇ ਵੀ ਇਕ ਘੰਟਾ ਪੜ੍ਹਨ ਲਈ ਪਹਿਲਾਂ ਬੁਲਾ ਲੈਂਦੇ ਅਤੇ ਛੁੱਟੀ ਵਾਲੇ ਦਿਨ ਵੀ। ਉਨ੍ਹਾਂ ਦੀ ਸੋਚ ਅਨੁਸਾਰ ਅਸੀਂ ਬਾਕੀਆਂ ਤੋਂ ਹੁਸ਼ਿਆਰ ਸਾਂ ਅਤੇ ਸਾਨੂੰ ਉਹ ਵਜ਼ੀਫੇ ਦਾ ਇਮਤਿਹਾਨ ਦਿਵਾਉਣਾ ਚਾਹੁੰਦੇ ਸਨ। ਸਾਨੂੰ ਲੱਗੀਆਂ ਕਿਤਾਬਾਂ ਵਿਚੋਂ ਪੜ੍ਹਾਉਣ ਤੋਂ ਬਿਨਾ ਉਹ ਹੋਰ ਕਿਤਾਬਾਂ ਜੋ ਉਨ੍ਹਾਂ ਕੋਲ ਸਨ, ਵਿਚੋਂ ਵੀ ਪੜ੍ਹਾਉਂਦੇ। ਸਾਡੇ ਚਾਰਾਂ ਵਿਚ ਇਕ ਮਾਲੀਆਂ ਦਾ ਮੁੰਡਾ ਐਵਰਨ ਸੀ। ਉਸ ਦਾ ਕੱਦ ਸਾਡੇ ਬਾਕੀਆਂ ਨਾਲੋਂ ਦੋ ਗਿੱਠ ਲੰਮਾ, ਰੰਗ ਸਾਂਵਲਾ, ਇਕਹਿਰਾ ਬਦਨ, ਥੋੜ੍ਹਾ ਤੇ ਹੌਲੀ ਬੋਲਣ ਵਾਲਾ ਅਤੇ ਪੜ੍ਹਨ ਵਿਚ ਹੁਸ਼ਿਆਰ ਸੀ। ਮੈਨੂੰੰ ਇੰਨਾ ਕੁ ਪਤਾ ਸੀ ਕਿ ਐਵਰਨ ਦਾ ਪਰਿਵਾਰ ਵੱਡਾ ਹੈ ਅਤੇ ਇਸ ਦਾ ਪਿਤਾ ਬਹੁਤ ਮੁਸ਼ਕਿਲ ਨਾਲ ਪਰਿਵਾਰ ਪਾਲ ਰਿਹਾ ਹੈ। ਮਾਸਟਰ ਜੀ ਨੇ ਸਾਨੂੰ ਚਾਰਾਂ ਨੂੰ ਬਹੁਤ ਮਿਹਨਤ ਕਰਵਾਈ। ਵਜ਼ੀਫੇ ਦੇ ਇਮਤਿਹਾਨ ਦੇ ਦਿਨ ਮਾਸਟਰ ਜੀ ਸਾਨੂੰ ਚਾਰਾਂ ਨੂੰ ਬੱਸ ਤੇ ਬਿਠਾ ਖਾਲਸਾ ਸਕੂਲ ਮੁਕਤਸਰ ਲੈ ਆਏ ਅਤੇ ਸਾਨੂੰ ਹੋਰ ਵਿਦਿਆਰਥੀਆਂ ਦੇ ਨਾਲ ਜੋ ਆਸ ਪਾਸ ਦੇ ਸਕੂਲਾਂ ਵਿਚੋਂ ਆਏ ਸਨ, ਹਾਲ ਕਮਰੇ ਵਿਚ ਰੋਲ ਨੰਬਰ ਅਨੁਸਾਰ ਬਿਠਾ ਦਿੱਤਾ ਗਿਆ। ਅਸੀਂ ਵਜ਼ੀਫੇ ਦੇ ਪੇਪਰ ਦਿੱਤੇ ਜੋ ਤਕਰੀਬਨ ਚਾਰਾਂ ਦੇ ਚੰਗੇ ਹੋਏ। ਸਮਾਂ ਬੀਤਿਆ, ਚੌਥੀ ਦਾ ਨਤੀਜਾ ਆਇਆ, ਅਸੀਂ ਸਾਰੇ ਚੌਥੀ ਜਮਾਤ ਵਿਚੋਂ ਪਾਸ ਹੋ ਗਏ।
ਚੌਥੀ ਜਮਾਤ ਪਾਸ ਕਰਨ ਤੋਂ ਬਾਅਦ ਪੰਜਵੀਂ ਵਿਚ ਸਰਕਾਰੀ ਹਾਈ ਸਕੂਲ ਝੋਰੜ ਜੋ ਡੇਢ ਕੁ ਮੀਲ ਦੂਰ ਹੈ, ਦਾਖਲ ਹੋਇਆ। ਐਵਰਨ ਦੀ ਪੜ੍ਹਾਈ ਛੁੱਟ ਗਈ। ਉਸ ਦੇ ਪਿਤਾ ਜੀ ਫੀਸ ਅਤੇ ਕਿਤਾਬਾਂ ਵਗੈਰਾ ਲੈ ਕੇ ਦੇਣ ਤੋਂ ਅਸਮਰੱਥ ਸਨ। ਉਸ ਨੂੰ ਉਨ੍ਹਾਂ ਨੇ ਆਪਣੇ ਨਾਲ ਕੰਮ ਤੇ ਲਾ ਲਿਆ ਤਾਂ ਕਿ ਕਬੀਲਦਾਰੀ ਸੰਭਾਲਣ ਵਿਚ ਉਹ ਉਸ ਦੀ ਸਹਾਇਤਾ ਕਰ ਸਕੇ। ਐਵਰਨ ਹੌਲੀ ਹੌਲੀ ਚੇਤਿਆਂ ਵਿਚੋਂ ਵਿਸਰ ਗਿਆ। ਸਰਦੀਆਂ ਦੀ ਠੰਢ ਦਾ ਦਿਨ ਸੀ, ਸਾਡੀ ਅੱਠਵੀਂ ਕਲਾਸ ਨੂੰ ਸਾਡੇ ਅਧਿਆਪਕ ਬਾਹਰ ਧੁੱਪੇ ਬਿਠਾ ਕੇ ਪੜ੍ਹਾ ਰਹੇ ਸਨ। ਦੇਖਿਆ ਕਿ ਐਵਰਨ ਦੇ ਪਿਤਾ ਜੀ ਮੋਢੇ ਤੇ ਸਾਫਾ ਰੱਖੀ ਇਕ ਹੱਥ ਵਿਚ ਡਾਕ ਵਾਲਾ ਖਾਕੀ ਲਿਫਾਫਾ ਲੈ ਕੇ ਸਾਡੀ ਕਲਾਸ ਮਾਸਟਰ ਜੀ ਕੋਲ ਆਏ। ਡਾਕ ਵਾਲਾ ਲਿਫਾਫਾ ਮਾਸਟਰ ਜੀ ਨੂੰ ਦਿੱਤਾ ਅਤੇ ਜਾਣਕਾਰੀ ਮੰਗੀ। ਮਾਸਟਰ ਜੀ ਨੇ ਲਿਫਾਫੇ ਵਿਚਲਾ ਪੱਤਰ ਕੱਢਿਆ ਜੋ ਅੰਗਰੇਜ਼ੀ ਵਿਚ ਸੀ। ਪੱਤਰ ਪੜ੍ਹ ਕੇ ਕਹਿਣ ਲੱਗੇ ਕਿ ਤੇਰੇ ਪੁੱਤਰ ਐਵਰਨ ਦਾ ਵਜ਼ੀਫਾ ਲੱਗਿਆ ਹੈ। ਐਵਰਨ ਦਾ ਬਾਪ ਬਹੁਤ ਖੁਸ਼ ਹੋਇਆ ਤੇ ਕਿਹਾ ਕਿ ਇਹ ਪੈਸੇ ਮੈਨੂੰ ਮਿਲ ਜਾਣਗੇ। ਮਾਸਟਰ ਜੀ ਨੇ ਪੁੱਛਿਆ ਕਿ ਐਵਰਨ ਹੁਣ ਕਿੱਥੇ ਪੜ੍ਹਦਾ ਹੈ, ਉਸ ਨੇ ਕਿਹਾ ਕਿ ਉਸ ਨੂੰ ਤਾਂ ਚੌਥੀ ਪਾਸ ਕਰਨ ਤੋਂ ਪਿਛੋਂ ਪੜ੍ਹਨੋਂ ਹਟਾ ਲਿਆ ਸੀ, ਉਹ ਤਾਂ ਹੁਣ ਮੇਰੇ ਨਾਲ ਖੇਤ ਮਜ਼ਦੂਰੀ ਕਰਦਾ ਹੈ। ਮਾਸਟਰ ਜੀ ਬਹੁਤ ਉਦਾਸ ਹੋਏ ਤੇ ਕਹਿਣ ਲੱਗੇ ਕਿ ਜੇ ਉਹ ਪੜ੍ਹਦਾ ਰਹਿੰਦਾ ਤਾਂ ਜ਼ਰੂਰ ਵਜ਼ੀਫੇ ਦੇ ਪੈਸੇ ਮਿਲ ਜਾਣੇ ਸਨ। ਮਾਸਟਰ ਜੀ ਨੇ ਉਹ ਪੱਤਰ ਉਸ ਨੂੰ ਵਾਪਸ ਕੀਤਾ, ਐਵਰਨ ਦੇ ਬਾਪ ਦੀਆਂ ਅੱਖਾਂ ਵਿਚੋਂ ਪਾਣੀ ਸਿੰਮਿਆ, ਇਹ ਸੋਚ ਕੇ ਕਿ ਕਾਸ਼! ਐਵਰਨ ਪੜ੍ਹਦਾ ਰਹਿੰਦਾ।
ਹੁਣ ਵੀ ਕਈ ਵਾਰ ਐਵਰਨ ਦੀ ਯਾਦ ਆ ਜਾਂਦੀ ਹੈ। ਕਾਸ਼! ਵਜ਼ੀਫਾ ਲੱਗਣ ਦੀ ਜਾਣਕਾਰੀ ਸਮੇਂ ਸਿਰ ਐਵਰਨ ਦੇ ਘਰ ਪਹੁੰਚ ਜਾਂਦੀ ਤਾਂ ਉਹ ਪੜ੍ਹ ਸਕਦਾ ਸੀ। ਹੋ ਸਕਦਾ, ਅੱਜ ਉਹ ਅਫਸਰ ਹੁੰਦਾ!
ਸੰਪਰਕ: 98144-39224