ਪਰਮਬੀਰ ਕੌਰ
ਅੱਜ ਕੱਲ੍ਹ ਗਰਮੀ ਪੂਰੇ ਜੋਬਨ ’ਤੇ ਹੋਣ ਕਰਕੇ ਜਦੋਂ ਅਚਨਚੇਤ ਬੱਦਲ ਤੇ ਵਰਖਾ ਹੁਮ-ਹੁਮਾ ਕੇ ਆਏ, ਜਾਪੇ ਜਿਵੇਂ ਅਰਸ਼ੀ ਫ਼ਰਿਸ਼ਤੇ, ਉਚੇਚੇ ਤੌਰ ’ਤੇ ਸਾਨੂੰ ਰਾਹਤ ਦੇਣ ਆਏ ਹੋਣ!
ਲਗਾਤਾਰ ਵਧਦਾ ਤਾਪਮਾਨ ਇਕਦਮ ਹੇਠਾਂ ਆ ਗਿਆ। ਸੋਚੋ, ਅਜਿਹਾ ਚਮਤਕਾਰ ਕੁਦਰਤ ਤੋਂ ਇਲਾਵਾ ਹੋਰ ਕੌਣ ਕਰ ਸਕਦਾ ਏ ਭਲਾ! ਛੇਤੀ ਹੀ ਇਕਦਮ ਠੰਢੀ ਹੋਈ ਪੌਣ, ਸੰਘਣੇ ਬਦਲਾਂ ਦੀ ਛਾਂ ਤੇ ਬਾਰਿਸ਼ ਰੁਕਣ ਤੋਂ ਬਾਅਦ ਵਾਲਾ ਮਾਹੌਲ ਦੇਖ, ਆਪਣੇ ਬਗੀਚੇ ਵਿਚ ਪਈ ਕੁਰਸੀ ਮੈਨੂੰ ਸੈਨਤਾਂ ਨਾਲ ਬੁਲਾਉਂਦੀ ਪ੍ਰਤੀਤ ਹੋਈ। ਭਲੀਭਾਂਤ ਸਮਝਦੇ ਹੋਏ ਕਿ ਇਹ ਬਸ ਇਕ ਮੌਕਾ ਏ, ਜਿਹੜਾ ਜੇ ਲੰਘ ਗਿਆ ਤਾਂ ਲੰਘ ਗਿਆ; ਕੋਈ ਹੋਰ ਢਿੱਲ ਕੀਤੇ ਬਗ਼ੈਰ ਮੈਂ ਬਗੀਚੇ ਵਿਚ ਜਾ ਕੇ ਬਹਿ ਗਈ।
ਘਣਘੋਰ ਘਟਾਵਾਂ ਨੇ ਸੂਰਜ ਨੂੰ ਧਰਤੀ ਵੱਲ ਖਰ੍ਹਵਾ ਦੇਖਣ ਤੋਂ ਵਰਜਿਆ ਹੋਇਆ ਤੇ ਪੂਰਾ ਮਾਹੌਲ ਮਨਮੋਹਕ ਅਤੇ ਤਲਿਸਮੀ ਭਾਹ ਮਾਰ ਰਿਹਾ ਸੀ। ਤਾਜ਼ੇ ਤਾਜ਼ੇ ਨਹਾਤੇ, ਬਗੀਚੀ ਦੇ ਸਾਰੇ ਬਾਸ਼ਿੰਦੇ, ਹੁਲਾਸ ਤੇ ਜ਼ਿੰਦਾਦਿਲੀ ਦੀ ਮੂਰਤ ਬਣੇ ਦੇਖ ਕੇ ਸੱਚ ਨਹੀਂ ਸੀ ਆ ਰਿਹਾ! ਉਨ੍ਹਾਂ ਸਭਨਾਂ ਨੂੰ ਵੀ ਤਾਂ ਇੰਨੀ ਗਰਮੀ ਤੇ ਹੁੰਮਸ ਦੇ ਮੌਸਮ ਵਿਚ ਠੰਢਾ ਤੇ ਖ਼ੁਸ਼ਗਵਾਰ ਚੌਗਿਰਦਾ ਕਿੰਨਾ ਆਨੰਦਤ ਕਰ ਰਿਹਾ ਹੋਵੇਗਾ। ਹੁਣ ਮੈਂ ਆਪਣੇ ਸਰਸਬਜ਼ ਮਿਤਰਾਂ ਦੇ ਐਨ ਵਿਚਕਾਰ ਬੈਠੀ ਸਾਂ। ਇਸ ਜਹਾਨ ਦੇ ਬੇਸ਼ਕੀਮਤ ਹੀਰੇ ਵੀ ਕੀ ਨੇ ਇਨ੍ਹਾਂ ਦੇ ਸਾਹਮਣੇ!
ਬਗੀਚੇ ਵਿਚ ਸਾਰੇ ਬੂਟੇ-ਝਾੜੀਆਂ ਦਾ ਮੇਰਾ ਧਿਆਨ ਆਪਣੇ ਵੱਲ ਖਿੱਚਣ ਲਈ ਜਿਵੇਂ ਆਪਸੀ ਮੁਕਾਬਲਾ ਹੋ ਰਿਹਾ ਸੀ। ਸਾਰੇ ਇਕ ਦੂਜੇ ਤੋਂ ਉੱਪਰ ਪਰ ਮੇਰੀ ਨਜ਼ਰ ਅਚਾਨਕ, ਅਣਗਿਣਤ ਖ਼ੂਬਸੂਰਤ ਫੁੱਲਾਂ ਨਾਲ ਲੱਦੀ ਚਮੇਲੀ ਦੀ ਝਾੜੀ ’ਤੇ ਜਾ ਟਿਕੀ। ਇਸ ਦੀਆਂ ਜੜ੍ਹਾਂ ਤਾਂ ਭਾਵੇਂ ਜ਼ਮੀਨ ਵਿਚ ਹਨ ਪਰ ਇਹ ਪੂਰੇ ਵਿਸ਼ਵਾਸ ਨਾਲ ਘਰ ਦੀ ਚਾਰਦੀਵਾਰੀ ਉੱਤੇ ਸਜੀ ਬੈਠੀ ਹੈ। ਪੂਰਾ ਆਲਾ-ਦੁਆਲਾ ਇਸ ਦੇ ਦਿਲਕਸ਼, ਤਾਰਿਆਂ ਵਰਗੇ ਫੁੱਲਾਂ ਦੀ ਅਦੁੱਤੀ ਖ਼ੁਸ਼ਬੂ ਨਾਲ ਸਰਸ਼ਾਰ ਸੀ; ਜਿਵੇਂ ਤਾਰੇ ਮਹਿਕਾਂ ਵੰਡਣ ਹੇਠਾਂ ਲਹਿ ਆਏ ਹੋਣ! ਦਿਲੋ-ਦਿਮਾਗ਼ ’ਤੇ ਇਸ ਦਾ ਪੂਰਾ ਕਬਜ਼ਾ ਹੋ ਗਿਆ। ਮੈਂ ਇਸ ਦੇ ਖਿੜੇ ਹੋਏ ਫੁੱਲ ਗਿਣਨ ਦੀ ਕੋਸ਼ਿਸ਼ ਕੀਤੀ ਪਰ ਇਹ ਅਸੰਭਵ ਸੀ! ਮੇਰੇ ਕੋਲੋਂ ਇਹ ਫ਼ੈਸਲਾ ਵੀ ਨਾ ਹੋ ਸਕਿਆ ਕਿ ਇਸ ਦੇ ਫੁੱਲਾਂ ਦੀ ਸੁਗੰਧ ਚੰਗੇਰੀ ਸੀ ਜਾਂ ਨਫ਼ਾਸਤ! ਮਨੁੱਖ ਦੁਆਰਾ ਬਣਾਏ ਇਤਰ-ਫੁਲੇਲਾਂ, ਚਾਰ-ਚੁਫੇਰੇ ਖਿੰਡੀਆਂ ਕੁਦਰਤੀ ਮਹਿਕਾਂ ਨਾਲ ਕੋਈ ਬਰਾਬਰੀ ਨਹੀਂ ਕਰ ਸਕਦੇ। ਬੰਦਾ ਤਾਂ ਕੁਦਰਤ ਦੀਆਂ ਦਾਤਾਂ ਲਈ ਬਣਦਾ ਸ਼ੁਕਰੀਆ ਅਦਾ ਕਰਨ ਦੇ ਯੋਗ ਵੀ ਨਹੀਂ!
ਹੁਣ ਜਦੋਂ ਮੈਂ ਉਹਨਾਂ ਸੁਨਹਿਰੇ ਪਲਾਂ ਨੂੰ ਮਾਣਦੀ ਬੈਠੀ ਸਾਂ, ਮੈਨੂੰ ਅੰਗਰੇਜ਼ੀ ਕਵੀ ਵਿਲੀਅਮ ਵਰਡਜ਼ਵਰਥ ਦੀ ਮਸ਼ਹੂਰ ਕਵਿਤਾ ‘ਡੈਫੋਡਿਲਜ਼’ ਚੇਤੇ ਆ ਗਈ। ਇਹ ਮੈਨੂੰ ਅੱਧੀ ਤੋਂ ਵੱਧ ਜ਼ਬਾਨੀ ਯਾਦ ਹੈ; ਫਿਰ ਵੀ ਮੁੜ ਤੋਂ ਪੜ੍ਹ ਕੇ, ਇਸ ਵਿਚਲੇ ਉੱਚ ਪਾਏ ਦੇ ਵਿਚਾਰ ਮਾਣਨ ਨੂੰ ਮਨ ਹੋਇਆ। ਅੰਦਰ ਗਈ ਤੇ ਆਪਣੇ ਪਿਤਾ ਜੀ ਦੀ ਤਿੰਨ ਕੁ ਦਹਾਕੇ ਪਹਿਲਾਂ ਦਿੱਤੀ ਪੁਸਤਕ ‘ਦਿ ਗੋਲਡਨ ਟਰੈਜ਼ਰੀ ਆਫ ਦਿ ਬੈਸਟ ਪੋਇਮਜ਼ ਇਨ ਇੰਗਲਿਸ਼ ਲੈਂਗੁਏਜ’ ਲੈ ਆਈ। ਪਿਤਾ ਜੀ ਪੁਸਤਕਾਂ ਦੇ ਵੱਡੇ ਕਦਰਦਾਨ ਸਨ। ਮੈਨੂੰ ਵੀ ਉਨ੍ਹਾਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਬਹੁਤ ਕੀਮਤੀ ਤੇ ਚੋਣਵੀਆਂ ਕਿਤਾਬਾਂ ਤੋਹਫ਼ੇ ਵਜੋਂ ਮਿਲੀਆਂ।
ਮੁੜ ਬਗੀਚੇ ਵਿਚ ਆ ਕੇ, ਉਸ ਮਹਾਨ ਕੁਦਰਤ ਦੇ ਕਵੀ ਦੀ ਇਹ ਉਮਦਾ ਕਿਰਤ ਤਿੰਨ ਵਾਰ, ਪੂਰਾ ਆਨੰਦ ਲੈ ਕੇ ਪੜ੍ਹੀ। ਵਿਲੀਅਮ ਵਰਡਜ਼ਵਰਥ ਨੇ ਜਿਵੇਂ ਡੈਫੋਡਿਲ (ਨਰਗਿਸ) ਦੇ ਫੁੱਲਾਂ ਅਤੇ ਆਲੇ-ਦੁਆਲੇ ਦੀ ਵਿਆਖਿਆ ਕੀਤੀ ਹੈ, ਇਕ ਪਾਠਕ ਤਾਂ ਬਸ ਮੰਤਰ-ਮੁਗਧ ਹੋਇਆ, ਉਸੇ ਜੋਗਾ ਹੋ ਕੇ ਰਹਿ ਜਾਂਦਾ ਹੈ। ਹਾਲਾਂਕਿ ਇਹ ਕਵਿਤਾ ਮੈਂ ਬੀਏ ਕਰਦਿਆਂ ਸਿਲੇਬਸ ਵਿਚ ਪੜ੍ਹੀ ਹੋਈ ਹੈ ਤੇ ਪਿੱਛੋਂ ਵੀ ਕਈ ਵਾਰ; ਲੇਕਿਨ ਹੁਣ ਕਾਫ਼ੀ ਅਰਸੇ ਬਾਅਦ ਪੜ੍ਹਦਿਆਂ, ਮੈਂ ਇਸ ਨੂੰ ਬਿਲਕੁਲ ਨਵੇਂ ਪ੍ਰਸੰਗ ਵਿਚ ਸਮਝਿਆ। ਸਮਾਂ ਲੰਘਣ ਦੇ ਨਾਲ ਸਾਡੇ ਮਨੋਭਾਵ ਕਿੰਨੀ ਸੰਜੀਦਾ ਤੇ ਅਣਕਿਆਸੀ ਰੰਗਤ ਅਖ਼ਤਿਆਰ ਕਰ ਲੈਂਦੇ ਨੇ!
ਮੈਂ ਆਪਣੇ ਮਨ ਦੀ ਅਵਸਥਾ ਦਾ ਟਾਕਰਾ, ਵਿਲੀਅਮ ਵਰਡਜ਼ਵਰਥ ਦੀ ਉਸ ਸਮੇਂ ਦੀ ਮਨੋਦਸ਼ਾ ਨਾਲ ਕਰਨ ਲੱਗ ਪਈ। ਇਹ ਚਮੇਲੀ ਦੇ ਵਚਿੱਤਰ ਫੁੱਲ ਵੀ ਕੁਝ ਉਸੇ ਤਰ੍ਹਾਂ ਦੇ ਅਭੁੱਲ ਤੇ ਵਿਸਮਾਦੀ ਪਲ ਮੇਰੀ ਨਜ਼ਰ ਕਰ ਰਹੇ ਸਨ ਪਰ ਕਾਸ਼! ਮੇਰੇ ਕੋਲ ਵੀ ਉਸ ਵਿਲੱਖਣ ਸ਼ਾਇਰ ਵਾਂਗ ਇਨ੍ਹਾਂ ਨੂੰ ਅਮਰ ਕਰ ਦੇਣ ਦੀ ਸਮਰੱਥਾ ਹੁੰਦੀ!
‘ਡੈਫੋਡਿਲਜ਼’ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਕਿ ਮੈਂ ਹੁਣੇ ਹੁਣੇ ਦੋ ਜਹਾਨਾਂ ਦਾ ਲੁਤਫ਼ ਲੈ ਲਿਆ ਹੈ;
ਵਰਡਜ਼ਵਰਥ ਵਾਲੇ ਤੇ ਵਰਤਮਾਨ ਦਾ! ਯਕੀਨਨ ਭਵਿਖ ਵਿਚ ਮੈਂ ਵੀ ਇਸ ਅਦਭੁਤ ਝਾਕੀ ਨੂੰ ਚਿਤਾਰਦੇ ਰਹਿਣਾ ਹੈ। ਵਾਹ! ਰੂਹ ਦੇ ਰੱਜ ਲਈ ਕਿੰਨੇ ਲਾਜ਼ਮੀ ਅਤੇ ਲਾਜਵਾਬ ਹੁੰਦੇ ਨੇ ਇਸ ਕਿਸਮ ਦੇ ਤਜਰਬੇ!
ਜਿਵੇਂ ਕੁਦਰਤ ਦੇ ਮੰਜ਼ਰ ਹਰ ਲਮਹੇ ਨਵੀਂ ਦਿਖ ਧਾਰਨ ਕਰ ਲੈਂਦੇ ਨੇ, ਇੱਥੇ ਵੀ ਦੇਖਦਿਆਂ ਦੇਖਦਿਆਂ ਦ੍ਰਿਸ਼ ਬਦਲ ਗਿਆ। ਸੂਰਜ ਨੇ ਵਾਪਸ ਆ ਕੇ ਬਦਲਾਂ ਕੋਲੋਂ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਜਿਹੜੀ ਠੰਢਕ ਅਚਾਨਕ ਆ ਉਤਰੀ ਸੀ, ਗਾਇਬ ਹੋ ਗਈ। ਮੈਂ ਆਪਣੀ ਬਾਕੀ ਦੀ ਰਹਿੰਦੀ ਜ਼ਿੰਦਗੀ, ਨਾ ਉਹ ਵਿਲੱਖਣ ਨਜ਼ਾਰਾ ਤੇ ਨਾ ਹੀ ਵਿਲੀਅਮ ਵਰਡਜ਼ਵਰਥ ਦੀਆਂ ਇਹ ਦੋ ਸਤਰਾਂ ਕਦੇ ਭੁੱਲਾਂਗੀ ਜਿਹਨਾਂ ਨੂੰ ਮੈਂ ਆਪਣੀ ਮਿੱਠੀ ਮਾਂ ਬੋਲੀ ਵਿਚ ਅਨੁਵਾਦ ਕਰਨ ਦੀ ਖ਼ੁਸ਼ੀ ਲੈ ਰਹੀ ਹਾਂ:
ਮੈਂ ਦੇਖਿਆ ਤੇ ਦੇਖੀ ਗਿਆ ਪਰ ਇਹ ਨਾ ਕੀਤਾ ਵਿਚਾਰ;
ਕਿਸ ਦੌਲਤ ਨਾਲ ਸੀ ਕੀਤਾ ਮੈਨੂੰ, ਇਸ ਦ੍ਰਿਸ਼ ਨੇ ਸਰਸ਼ਾਰ!
ਸੰਪਰਕ: 98880-98379