ਰਣਜੀਤ ਲਹਿਰਾ
ਜਦੋਂ ਵੀ ਮੈਂ ਸਦਾਕੋ ਦੀ ਅਮਰ ਕਹਾਣੀ ਪੜ੍ਹੀ ਹੈ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ ਅਤੇ ਗੱਚ ਭਰ ਆਇਆ ਹੈ। ਹਰ ਵਾਰ ਮਨੁੱਖਤਾ ਲਈ ਪਿਆਰ ਹੋਰ ਉਮਡ ਪੈਂਦਾ ਹੈ ਅਤੇ ਮਨੁੱਖਤਾ ਦੇ ਕਾਤਲਾਂ ਤੇ ਜੰਗਬਾਜ਼ਾਂ ਪ੍ਰਤੀ ਨਫਰਤ ਹੋਰ ਸੰਘਣੀ ਹੋ ਜਾਂਦੀ ਹੈ। ਹਰ ਵਾਰ ਦਿਲ ਉਸ ਸ਼ਖ਼ਸ (ਤ੍ਰਿਪਤ ਸਿੰਘ ਭੱਟੀ) ਦਾ ਸ਼ੁਕਰਾਨਾ ਅਦਾ ਕਰਦਾ ਹੈ ਜਿਸ ਨੇ ਅਮਰੀਕੀ ਲੇਖਕਾ ਐਲੀਨਰ ਕੋਇਰ ਦੇ ਛੋਟੇ ਜਿਹੇ ਪਰ ਰੂਹ ਵਿੰਨ੍ਹਵੇਂ ਨਾਵਲਿਟ ‘Sadako And The Thousand Paper Cranes’ ਨੂੰ ‘ਸਦਾਕੋ ਅਤੇ ਇੱਕ ਹਜ਼ਾਰ ਕੂੰਜਾਂ’ ਦੇ ਰੂਪ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਇਆ।
ਸਦਾਕੋ ਜ਼ਿੰਦਗੀ ਦੀਆਂ ਸਿਰਫ਼ 12 ਬਹਾਰਾਂ ਮਾਣ ਸਕੀ। ਉਹ ਉਦੋਂ ਮਸਾਂ ਦੋ ਕੁ ਸਾਲਾਂ ਦੀ ਸੀ ਜਦੋਂ 6 ਅਗਸਤ, 1945 ਦੀ ਸਵੇਰ ਨੂੰ 8.15 ਵਜੇ ਹੀਰੋਸ਼ੀਮਾ ਦੇ ਅਸਮਾਨ ਉੱਤੇ ਇਕ ਜਹਾਜ਼ ਆਉਂਦਾ ਦਿਖਾਈ ਦਿੰਦਾ ਹੈ। ਕੁਝ ਸਕਿੰਟ ਜਹਾਜ਼ ਹੇਠਾਂ ਨੂੰ ਆਇਆ ਅਤੇ ਹੇਠਾਂ ਨੂੰ ਆਉਂਦਾ ਜਹਾਜ਼ ਕਾਲ਼ੀ ਚਮਕਵੀਂ ਚੀਜ਼ ਧਰਤੀ ਵੱਲ ਸੁੱਟਦਾ ਹੈ; ਤੇ ਫਿਰ ਜ਼ੋਰਦਾਰ ਧਮਾਕਾ ਹੁੰਦਾ ਹੈ ਅਤੇ ਪਲ ਭਰ ਵਿਚ ਸਾਰਾ ਜ਼ਮੀਨ-ਆਸਮਾਨ ਅੱਗ ਦੀਆਂ ਲਾਟਾਂ ਵਿਚ ਘਿਰਿਆ ਦਿਖਾਈ ਦਿੱਤਾ। ਧੂੰਏਂ ਅਤੇ ਅੱਗ ਦਾ ਗੋਲ਼ਾ ਕੋਈ 3000 ਫੁੱਟ ਉੱਪਰ ਵੱਲ ਉੱਠਿਆ ਅਤੇ ਖੁੰਬ ਵਾਂਗ ਫੈਲ ਗਿਆ। ਅੱਖ ਝਪਕਦੇ ਹੀ 13 ਵਰਗ ਕਿਲੋਮੀਟਰ ਦੇ ਘੇਰੇ ਦੀ ਹਰ ਜੀਵਤ ਵਸਤੂ ਫਨਾਹ ਹੋ ਗਈ, ਸੁਆਹ ਹੋ ਗਈ। ਹਰ ਪਾਸੇ ਮੌਤ ਹੀ ਮੌਤ ਸੀ। ਪਹਿਲੇ ਹੱਲੇ ਹੀ ਹੀਰੋਸ਼ੀਮਾ ਦੀ ਇੱਕ ਤਿਹਾਈ (80 ਹਜ਼ਾਰ) ਵਸੋਂ ਮੌਤ ਦੇ ਮੂੰਹ ਜਾ ਪਈ ਅਤੇ ਤਕਰੀਬਨ ਇੰਨੇ ਹੀ ਲੋਕ ਪਲ ਪਲ ਕਰ ਕੇ ਮੌਤ ਦੇ ਮੂੰਹ ਜਾਣ ਲਈ ਸਰਾਪੇ ਗਏ। ਕਿਸੇ ਨੂੰ ਕੁਝ ਪਤਾ ਨਹੀਂ ਸੀ ਲੱਗਿਆ ਕਿ ਹੋਇਆ ਕੀ ਸੀ? 16 ਘੰਟੇ ਬਾਅਦ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਹੈਰੀ ਟਰੂਮੈਨ ਦੇ ਪਰਮਾਣੂ ਬੰਬ ਸੁੱਟਣ ਦੇ ਦਾਗੇ ਬਿਆਨ, “ਜਪਾਨੀਆਂ ਨੂੰ ਹੁਣ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਪਰਮਾਣੂ ਬੰਬ ਕੀ ਕਰ ਸਕਦਾ ਹੈ” ਤੋਂ ਬਾਅਦ ਹੀ ਜਪਾਨ ਦੀ ਸਰਕਾਰ ਅਤੇ ਲੋਕਾਂ ਨੂੰ ਪਤਾ ਲੱਗ ਸਕਿਆ ਕਿ ਹੀਰੋਸ਼ੀਮਾ ਉੱਤੇ ਅਮਰੀਕੀ ਫੌਜਾਂ ਨੇ ਜਿਹੜਾ ਬੰਬ ਸੁੱਟਿਆ ਸੀ, ਉਹ ਪਰਮਾਣੂ ਬੰਬ ਸੀ।
ਸਦਾਕੋ ਅਚਾਨਕ ਆਸਮਾਨੋਂ ਆਣ ਪਈ ਇਸ ਬਿੱਜ ਤੋਂ ਜ਼ਿੰਦਾ ਤਾਂ ਬਚ ਗਈ ਸੀ ਪਰ ਪਲ ਪਲ ਮੌਤ ਦੇ ਮੂੰਹ ਵੱਲ ਜਾਣ ਲਈ ਸਰਾਪੀ ਗਈ ਸੀ।
ਸਭਨਾਂ ਬੱਚਿਆਂ ਵਾਂਗ ਉਸ ਦੇ ਵੀ ਸੁਪਨੇ ਸਨ, ਉਸ ਦੇ ਵੀ ਚਾਅ ਸਨ ਜਿਨ੍ਹਾਂ ਨੂੰ ਪੂਰੇ ਕਰਨਾ ਉਹ ਹਰ ਦਿਨ ਲੋਚਦੀ ਸੀ। ਆਪਣੇ ਬਚਪਨ ਦੇ ਸੁਪਨਿਆਂ ਵਿਚ ਉਹ ਦੌੜਾਕ ਬਣਨਾ ਚਾਹੁੰਦੀ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਦੇ ਯਤਨ ਕਰਦਿਆਂ ਇੱਕ ਦਿਨ ਅਚਾਨਕ ਉਹ ਘੁਮੇਰ ਖਾ ਕੇ ਡਿੱਗ ਪਈ ਅਤੇ ਫਿਰ ਉਹ ਹੀਰੋਸ਼ੀਮਾ ਵਿਚ ਰੈੱਡ ਕਰਾਸ ਵੱਲੋਂ ਚਲਾਏ ਜਾਂਦੇ ਉਸ ਹਸਪਤਾਲ ਦੇ ਬੈੱਡ ਉੱਤੇ ਜਾ ਪਹੁੰਚੀ ਜਿੱਥੇ ਪਰਮਾਣੂ ਬੰਬ ਦੀ ਰੇਡੀਏਸ਼ਨ ਦੇ ਸ਼ਿਕਾਰ ਹੋਏ ਹਜ਼ਾਰਾਂ ਲੋਕ ਪਹੁੰਚਦੇ ਸਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਮੌਤ ਉਡੀਕ ਰਹੀ ਹੁੰਦੀ ਸੀ। ਉਹ ਪਲ ਪਲ ਮੌਤ ਦੇ ਬੇਰਹਿਮ ਜਬਾੜਿਆਂ ਵਿਚ ਆਉਣ ਲਈ ਸਰਾਪੇ ਹੋਏ ਸਨ।
ਸਦਾਕੋ ਨੂੰ ਵੀ ਰੇਡੀਏਸ਼ਨ ਸਦਕਾ ਬਲੱਡ ਕੈਂਸਰ ਨੇ ਆਪਣੇ ਜਕੜ-ਪੰਜੇ ਵਿਚ ਲੈ ਲਿਆ ਸੀ। ਸਦਾਕੋ ਅੰਦਰ ਜੀਣ ਦੀ ਅਥਾਹ ਲੋਚਾ ਸੀ। ਉਹ ਹਰ ਹਾਲ ਜੀਣਾ ਚਾਹੁੰਦੀ ਸੀ। ਵੈਸੇ ਵੀ ਇਸ ਰੰਗਲੀ ਦੁਨੀਆਂ ਨੂੰ ਛੱਡ ਕੇ ਮਰਨਾ ਕੌਣ ਚਾਹੁੰਦਾ ਹੈ? ਇੱਕ ਦਿਨ ਹਸਪਤਾਲ ਵਿਚ ਉਸ ਦੀ ਸਹੇਲੀ ਨੇ ਉਸ ਨੂੰ ਸੁਨਹਿਰੀ ਰੰਗ ਦੇ ਕਾਗਜ਼ ਦੀ ਕੂੰਜ ਭੇਟ ਕਰਦਿਆਂ ਜਪਾਨੀ ਮਿੱਥ ਸੁਣਾਈ ਕਿ ਜੇਕਰ ਕੋਈ ਮਰੀਜ਼ ਕਾਗਜ਼ ਦੀਆਂ ਇੱਕ ਹਜ਼ਾਰ ਕੂੰਜਾਂ ਬਣਾ ਦੇਵੇ ਤਾਂ ਦੇਵਤੇ ਖੁਸ਼ ਹੋ ਜਾਂਦੇ ਹਨ ਅਤੇ ਉਹ ਉਸ ਦੀ ਮਨੋਕਾਮਨਾ ਪੂਰੀ ਕਰ ਦਿੰਦੇ ਹਨ, ਇੰਜ ਮਰੀਜ਼ ਨੌ-ਬਰ-ਨੌ ਹੋ ਜਾਂਦਾ ਹੈ।
… ਤੇ ਫਿਰ ਸਦਾਕੋ ਕੂੰਜਾਂ ਬਣਾਉਣ ਲੱਗੀ। ਹਸਪਤਾਲ ਦੇ ਬੈੱਡ ਉੱਤੇ ਬੈਠੀ ਸਦਾਕੋ ਜੀ ਜਾਨ ਨਾਲ ਕਾਗਜ਼ ਦੀਆਂ ਕੂੰਜਾਂ ਬਣਾਉਣ ਵਿਚ ਜੁਟੀ ਰਹਿੰਦੀ। ਸਕੂਲ ਦੇ ਉਹਦੇ ਸਹਿਪਾਠੀ, ਸਹੇਲੀਆਂ ਤੇ ਹੋਰ ਜੋ ਵੀ ਕੋਈ ਸਦਾਕੋ ਨੂੰ ਮਿਲਣ ਆਉਂਦਾ, ਸਦਾਕੋ ਲਈ ਰੰਗ-ਬਰੰਗੇ ਕਾਗਜ਼ਾਂ ਦੇ ਟੁੱਕੜੇ ਹੱਥ ਵਿਚ ਲਈ ਆਉਂਦਾ।
ਸਦਾਕੋ ਨੇ ਛੇ ਸੌ ਅਤੇ ਚੁਤਾਲੀ ਕੂੰਜਾਂ ਬਣਾ ਲਈਆਂ ਪਰ ਉਸ ਦੀ ਜੀਣ ਦੀ ਲੋਚਾ ਤੋਂ ਮੌਤ ਵਧੇਰੇ ਬਲਵਾਨ ਸਾਬਤ ਸਿੱਧ ਹੋਈ। ਅੰਤ 25 ਅਕਤੂਬਰ 1955 ਨੂੰ ਸਦਾਕੋ ਮੌਤ ਦੇ ਮੂੰਹ ਜਾ ਪਈ ਪਰ ਉਸ ਦੀ ਜੀਣ ਦੀ ਲੋਚਾ ਅਤੇ ਸਾਹਸ ਨੇ ਉਸ ਨੂੰ ਅਮਰ ਕਰ ਦਿੱਤਾ। ਉਹ ਜਪਾਨੀ ਬੱਚਿਆਂ ਦੀ ਨਾਇਕਾ ਬਣ ਗਈ। ਰਹਿੰਦੀਆਂ ਤਿੰਨ ਸੌ ਛਪੰਜਾ ਕੂੰਜਾਂ ਉਸ ਦੇ ਸਹਿਪਾਠੀਆਂ ਨੇ ਬਣਾਈਆਂ ਤਾਂ ਜੋ ਸਦਾਕੋ ਦੇ ਨਾਲ ਇੱਕ ਹਜ਼ਾਰ ਕੂੰਜਾਂ ਨੂੰ ਦਫਨ ਕੀਤਾ ਜਾ ਸਕੇ।
ਸਦਾਕੋ ਦੇ ਪੱਤਰਾਂ ਨੂੰ ਇਕੱਠਾ ਕਰ ਕੇ ਕਿਤਾਬ ਦਾ ਰੂਪ ਦਿੱਤਾ ਗਿਆ। ਉਸ ਦੇ ਦੋਸਤਾਂ ਨੇ ਸਦਾਕੋ ਅਤੇ ਹੀਰੋਸ਼ੀਮਾ ਦੇ ਪਰਮਾਣੂ ਕਹਿਰ ਵਿਚ ਮੋਏ ਹੋਰਨਾਂ ਬੱਚਿਆਂ ਦੀ ਯਾਦ ਵਿਚ ਹੀਰੋਸ਼ੀਮਾ ਦੇ ਅਮਨ ਪਾਰਕ ਵਿਚ ਯਾਦਗਾਰ ਕਾਇਮ ਕੀਤੀ। ਉਸ ਯਾਦਗਾਰ ਉੱਤੇ ਹਰ ਸਾਲ 6 ਅਗਸਤ ਨੂੰ ਹਜ਼ਾਰਾਂ ਲੋਕ ਰੰਗ-ਬਰੰਗੀਆਂ ਕੂੰਜਾਂ ਸਦਾਕੋ ਨੂੰ ਭੇਟ ਕਰਦੇ ਹਨ ਅਤੇ ਦੁਆ ਕਰਦੇ ਹਨ ਕਿ ਦੁਨੀਆਂ ਤੇ ਕਿੱਧਰੇ ਕੋਈ ਹੋਰ ਹੀਰੋਸ਼ੀਮਾ ਨਾ ਬਣੇ। ਇੰਜ ਸਦਾਕੋ ਦੀ ਕਹਾਣੀ ਜੰਗਬਾਜ਼ਾਂ ਦੇ ਖਿਲਾਫ਼ ਅਮਨ ਦੀ ਦੂਤ ਬਣ ਗਈ।
ਬਸਤੀਆਂ ਦੀ ਮੁੜ-ਵੰਡ ਲਈ ਸਾਮਰਾਜੀ ਤਾਕਤਾਂ ਵਿਚਕਾਰ ਹੋਈ ਦੂਜੀ ਸੰਸਾਰ ਜੰਗ ਦੇ ਉਹ ਅੰਤਲੇ ਦਿਨ ਸਨ ਜਦੋਂ ਹਿਟਲਰ ਖੁਦਕਸ਼ੀ ਕਰ ਚੁੱਕਾ ਸੀ, ਜਰਮਨੀ ਹਥਿਆਰ ਸੁੱਟ ਚੁੱਕਾ ਸੀ ਅਤੇ ਤਬਾਹ ਹੋਏ ਜਪਾਨ ਕੋਲ ਵੀ ਹਥਿਆਰ ਸੁੱਟਣ ਤੋਂ ਸਿਵਾਏ ਕੋਈ ਰਸਤਾ ਨਹੀਂ ਸੀ ਬਚਿਆ। ਅਜਿਹੇ ਹਾਲਾਤ ਵਿਚ ਵਾਹ ਲੱਗਦੀ ਜੰਗ ਤੋਂ ਲਾਂਭੇ ਰਹੇ, ਅਮਰੀਕਾ ਨੇ 6 ਅਤੇ 9 ਅਗਸਤ ਨੂੰ ਜਪਾਨ ਦੇ ਦੋ ਘੁੱਗ ਵੱਸਦੇ ਸ਼ਹਿਰਾਂ- ਹੀਰੋਸ਼ੀਮਾ ਅਤੇ ਨਾਗਾਸਾਕੀ, ਉੱਤੇ ਪਰਮਾਣੂ ਬੰਬ ਸੁੱਟ ਕੇ ਪਰਮਾਣੂ ਹਥਿਆਰਾਂ ਦੀ ਨਵੀਂ ਦੌੜ ਦਾ ਮੁੱਢ ਬੰਨ੍ਹਿਆ ਸੀ ਅਤੇ ਇਸ ਮਾਰੂ ਸਮਰੱਥਾ ਦੇ ਸਿਰ ਉੱਤੇ ਖੁਦ ਨੂੰ ਦੁਨੀਆਂ ਦਾ ਨਵਾਂ ਚੌਧਰੀ ਹੋਣ ਦਾ ਐਲਾਨ ਕੀਤਾ ਸੀ। ਪਰਮਾਣੂ ਹਥਿਆਰਾਂ ਦੀ ਇਸ ਨਵੀਂ ਦੌੜ ਦਾ ਹੀ ਸਿੱਟਾ ਹੈ ਕਿ ਅੱਜ ਸਿਰਫ਼ ਅਮਰੀਕਾ ਹੀ ਨਹੀਂ ਸਗੋਂ ਨੌਂ ਦੇਸ਼ ਪਰਮਾਣੂ ਹਥਿਆਰਾਂ ਨਾਲ ਲੈਸ ਹੋ ਚੁੱਕੇ ਹਨ। ਹੁਣ ਉਹ ਹੀਰੋਸ਼ੀਮਾ-ਨਾਗਾਸਾਕੀ ਉੱਤੇ ਸੁੱਟੇ ਪਰਮਾਣੂ ਬੰਬਾਂ ਨਾਲੋਂ ਕਈ ਗੁਣਾਂ ਵਧੇਰੇ ਮਾਰੂ ਸਮਰੱਥਾ ਵਾਲੇ ਹਜ਼ਾਰਾਂ ਪਰਮਾਣੂ ਬੰਬਾਂ ਦੇ ਮਾਲਕ ਹਨ।
ਹੀਰੋਸ਼ੀਮਾ ਦਾ ਦੁਖਾਂਤ ਵਾਪਰੇ ਨੂੰ 75 ਸਾਲ ਹੋ ਚੁੱਕੇ ਹਨ। ਹੀਰੋਸ਼ੀਮਾ ਦਾ ਦੁਖਾਂਤ ਵਰਤਾਉਣ ਵਾਲੇ ਅੱਜ ਵੀ ਬੁਰਾਈ ਦੀ ਧੁਰੀ ਬਣੇ ਹੋਏ ਹਨ। ਜੰਗ ਇਨ੍ਹਾਂ ਦੀ ਨਸ ਨਸ ਵਿਚ ਸਮੋਈ ਹੋਈ ਹੈ। ਪੂੰਜੀ ਦੇ ਵਧਾਰੇ, ਪਸਾਰੇ ਅਤੇ ਸੁਪਰ ਮੁਨਾਫ਼ਿਆਂ ਨੂੰ ਬਰਕਰਾਰ ਰੱਖਣ ਲਈ ਦੁਨੀਆਂ ਨੂੰ ਲੁੱਟਣਾ, ਦੇਸ਼ਾਂ ਨੂੰ ਗੁਲਾਮ ਬਣਾਉਣਾ, ਛੋਟੇ ਤੇ ਕਮਜ਼ੋਰ ਦੇਸ਼ਾਂ ਉੱਤੇ ਹਥਿਆਰਾਂ ਅਤੇ ਜੰਗੀ ਹਮਲਿਆਂ ਰਾਹੀਂ ਧੌਂਸ ਜਮਾਉਣੀ ਇਨ੍ਹਾਂ ਤਾਕਤਾਂ ਦੀ ਨੀਤੀ ਬਣ ਚੁੱਕੀ ਹੈ। ਇਸ ਲਈ ਦੁਨੀਆਂ ਨੂੰ ਜੰਗਾਂ ਤੋਂ ਮੁਕਤ ਕਰਨ ਲਈ ਸਾਮਰਾਜਵਾਦੀ ਨਿਜ਼ਾਮ ਖਿਲਾਫ਼ ਜੰਗ ਲੜਨੀ ਅਤੇ ਨਵੀਂ ਦੁਨੀਆਂ ਕਾਇਮ ਕਰਨੀ ਲੋਕਾਂ ਦੀ ਅਣਸਰਦੀ ਲੋੜ ਬਣ ਗਈ ਹੈ।
ਨਿਹੱਕੀਆਂ ਜੰਗਾਂ ਖਿਲਾਫ਼ ਹਰ ਕਦਮ ਸਦਾਕੋ ਸਮੇਤ ਹੀਰੋਸ਼ੀਮਾ-ਨਾਗਾਸਾਕੀ ਦੇ ਮੋਇਆਂ ਨੂੰ ਸੱਚੀ ਸ਼ਰਧਾਂਜਲੀ ਹੈ।
ਸੰਪਰਕ: 94175-88616