ਐੱਮਕੇ ਭੱਦਰਕੁਮਾਰ
ਦੋ ਵੱਡੇ ਦਹਿਸ਼ਤੀ ਹਮਲੇ ਨਾਕਾਮ ਹੋ ਗਏ ਅਤੇ ਯੂਕਰੇਨ ਜੰਗ ਵਿਚ ਹੋਰ ਭਿਆਨਕਤਾ ਆਈ ਹੈ। ਬਹੁਤ ਸੋਚੇ-ਸਮਝੇ ਅਤੇ ਨਾਲੋ-ਨਾਲ ਕੀਤੇ ਗਏ ਦਹਿਸ਼ਤੀ ਹਮਲਿਆਂ- ਇਕ ਨੋਰਦ ਸਟਰੀਮ ਗੈਸ ਪਾਈਪਲਾਈਨ ਅਤੇ ਦੂਜਾ ਕ੍ਰਾਇਮੀਆ ਬ੍ਰਿਜ ਉਤੇ, ਦਾ ਇਰਾਦਾ ਰੂਸ ਨੂੰ ਬਹੁਤ ਜ਼ੋਰਦਾਰ ਝਟਕਾ ਦੇਣਾ ਸੀ। ਰੂਸੀ ਸਦਰ ਵਲਾਦੀਮੀਰ ਪੂਤਿਨ ਮੁਤਾਬਕ, ਉਹ ਲੋਕ ਜੋ ‘ਆਖ਼ਰ ਰੂਸ ਤੇ ਯੂਰੋਪੀਅਨ ਯੂਨੀਅਨ ਵਿਚਕਾਰ ਰਿਸ਼ਤੇ ਤੋੜਨੇ ਅਤੇ ਯੂਰੋਪ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ’, ਨੋਰਦ ਸਟਰੀਮ ਧਮਾਕਿਆਂ ਲਈ ਲਈ ਜ਼ਿੰਮੇਵਾਰ ਹਨ। ਇਸ ਹਮਲੇ ਦੇ ‘ਲਾਭਾਰਥੀਆਂ’ ਵਿਚ ਉਨ੍ਹਾਂ ਅਮਰੀਕਾ, ਯੂਕਰੇਨ ਤੇ ਪੋਲੈਂਡ ਦੇ ਨਾਂ ਗਿਣਾਏ ਹਨ।
ਰੂਸ ਦੀ ਅੰਦਰੂਨੀ ਚੌਕਸੀ ਏਜੰਸੀ ਐੱਫਐੱਸਬੀ ਨੇ ਯੂਕਰੇਨ ਦੀ ਫੌਜੀ ਚੌਕਸੀ ਏਜੰਸੀ ਦੇ ਮੁਖੀ ਕਿਰਿਲ ਬੁਦਨੋਵ ਨੂੰ ਕ੍ਰਾਈਮਿਅਨ ਹਮਲੇ ਦਾ ਮੁੱਖ ਸਾਜ਼ਿਸ਼ ਘਾੜਾ ਕਰਾਰ ਦਿੱਤਾ ਹੈ। ਅਮਰੀਕੀ ਅਖ਼ਬਾਰਾਂ ‘ਦਿ ਨਿਊਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਨੇ ਵੀ ਇਸ ਮਾਮਲੇ ਵਿਚ ‘ਸੂਤਰਾਂ’ ਦੇ ਹਵਾਲੇ ਨਾਲ ਇਸ ਯੂਕਰੇਨ ਵੱਲ ਉਂਗਲ ਕੀਤੀ ਹੈ।
ਯੂਰੋਪੀਅਨ ਯੂਨੀਅਨ ਲਈ ਇਹ ਬਹੁਤ ਨਮੋਸ਼ੀਜਨਕ ਮੌਕਾ ਹੈ। ਯੂਰੋਪੀਅਨ ਜਿੱਤਵਾਦ ਖ਼ਤਮ ਹੋ ਚੁੱਕਾ ਹੈ ਅਤੇ ਯੂਰੋਪ ਨੂੰ ਰੂਸ ਉਤੇ ਆਇਦ ਪਾਬੰਦੀਆਂ ਕਾਰਨ ਹੁਣ ਸਾਲਾਂ ਦੀ ਮੰਦੀ ਦਾ ਖ਼ਤਰਾ ਦਰਪੇਸ਼ ਹੈ; ਦੂਜੇ ਪਾਸੇ ਅਮਰੀਕਾ ਵੱਲੋਂ ਯੂਰੋਪ ਉਤੇ ਮਾਸਕੋ ਤੋਂ ਊਰਜਾ ਖ਼ਰੀਦਦਾਰੀ ਦੇ ਸਬੰਧ ਤੋੜ ਦੇਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਯੂਰੋਪੀਅਨ ਯੂਨੀਅਨ ਹੁਣ ਖਣਿਜ ਤੇਲ ਦੀਆਂ ਛੇ-ਸੱਤ ਵੱਡੀਆਂ ਕੰਪਨੀਆਂ ਜਿਨ੍ਹਾਂ ਨੂੰ ਸਾਂਝੇ ਤੌਰ ’ਤੇ ‘ਬਿੱਗ ਆਇਲ’ ਵੀ ਆਖਿਆ ਜਾਂਦਾ ਹੈ, ਦੇ ਕਬਜ਼ੇ ਵਾਲਾ ਤੇਲ ਬਾਜ਼ਾਰ ਬਣ ਗਿਆ ਹੈ ਅਤੇ ਇਸ ਕੋਲ ਹੁਣ ਅਮਰੀਕਾ ਤੋਂ ਉਸ ਦੀ ਮਨਮਰਜ਼ੀ ਵਾਲੀਆਂ ਕੀਮਤਾਂ ਉਤੇ ਐੱਲਐੱਨਜੀ (ਤਰਲ ਕੁਦਰਤੀ ਗੈਸ) ਖ਼ਰੀਦਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਿਹਾ।
ਸਾਫ਼ ਆਖਿਆ ਜਾਵੇ ਤਾਂ ਯੂਰੋਪੀਅਨਾਂ ਨਾਲ ਅਮਰੀਕਾ ਚੰਗੀ ਤਰ੍ਹਾਂ ਖੇਡਿਆ ਹੈ। ਭਾਰਤ ਨੂੰ ਅਮਰੀਕਾ ਦੀ ਹੱਕਦਾਰੀ ਦੀ ਭਾਵਨਾ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸਲ ਵਿਚ, ਬਾਇਡਨ ਪ੍ਰਸ਼ਾਸਨ ਨੇ ਬਨਾਉਟੀ ਊਰਜਾ ਸੰਕਟ ਪੈਦਾ ਕੀਤਾ ਹੈ ਜਿਸ ਦਾ ਅਸਲ ਨਿਸ਼ਾਨਾ ਜੰਗ ਤੋਂ ਮੁਨਾਫਾ ਕਮਾਉਣਾ ਹੈ।
ਦੂਜੇ ਪਾਸੇ 8 ਅਕਤੂਬਰ ਨੂੰ ਕ੍ਰਾਇਮੀਆ ਪੁਲ ਉਤੇ ਹਮਲਾ ਵਧੇਰੇ ਗੰਭੀਰ ਮਾਮਲਾ ਹੈ। ਇਸ ਰਾਹੀਂ ਯੂਕਰੇਨੀ ਸਦਰ ਵਲੋਦੀਮੀਰ ਜ਼ੇਲੇਂਸਕੀ ਨੇ ਉਹ ਲਛਮਣ ਰੇਖਾ ਉਲੰਘ ਦਿੱਤੀ ਜਿਸ ਖਿਲਾਫ਼ ਮਾਸਕੋ ਇਸ ਨੂੰ ਵਾਰ ਵਾਰ ਖ਼ਬਰਦਾਰ ਕਰਦਾ ਰਿਹਾ ਹੈ। ਪੂਤਿਨ ਨੇ ਖੁਲਾਸਾ ਕੀਤਾ ਹੈ ਕਿ ਕੁਰਸਕ ਐੱਨਪੀਪੀ ਖਿਲਾਫ਼ ਵੀ ਤਿੰਨ ਦਹਿਸ਼ਤੀ ਹਮਲੇ ਹੋਏ ਹਨ। ਇਸ ਸੂਰਤ ਵਿਚ ਰੂਸੀ ਜ਼ੇਲੇਂਸਕੀ ਹਕੂਮਤ ਦੇ ਖਾਤਮੇ ਤੋਂ ਘੱਟ ਹੋਰ ਕਿਸੇ ਗੱਲ ਲਈ ਰਾਜ਼ੀ ਨਹੀਂ ਹੋਣਗੇ। ਰੂਸ ਵੱਲੋਂ ਬਦਲਾਲਊ ਕਾਰਵਾਈ ਵਜੋਂ ਯੂਕਰੇਨ ਦੇ ‘ਨਾਜ਼ੁਕ ਬੁਨਿਆਦੀ ਢਾਂਚੇ’ ਉਤੇ ਕੀਤੇ ਹਮਲੇ ਜਿਸ ਤੋਂ ਮਾਸਕੋ ਹੁਣ ਤੱਕ ਪਰਹੇਜ਼ ਕਰਦਾ ਰਿਹਾ ਹੈ, ਦੇ ਗੰਭੀਰ ਪ੍ਰਭਾਵ ਪੈਣ ਵਾਲੇ ਹਨ। ਰੂਸ ਨੇ 9 ਅਕਤੂਬਰ ਤੋਂ ਗਿਣੇ-ਮਿਥੇ ਢੰਗ ਨਾਲ ਯੂਕਰੇਨ ਦੇ ਊਰਜਾ ਢਾਂਚੇ ਅਤੇ ਰੇਲਵੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਰੂਸ ਦੇ ਨਾਮੀ ਫੌਜੀ ਮਾਹਿਰ ਵਲਾਦੀਸਲਾਵ ਸ਼ੁਰੀਗਿਨ ਨੇ ‘ਇਜ਼ਵੇਸਟੀਆ’ ਨਾਲ ਗੱਲ ਕਰਦਿਆਂ ਕਿਹਾ ਕਿ ਜੇ ਹਮਲਿਆਂ ਦਾ ਇਹੋ ਜੋਸ਼ ਹਫ਼ਤਾ ਭਰ ਤੱਕ ਕਾਇਮ ਰਿਹਾ ਤਾਂ ਇਹ ‘ਯੂਕਰੇਨੀ ਫੌਜ ਦੀ ਪੂਰੀ ਮਾਲ-ਅਸਬਾਬ ਦੀ ਸਪਲਾਈ ਠੱਪ ਕਰ ਦੇਵੇਗਾ ਜਿਸ ਵਿਚ ਫੌਜੀ ਜਵਾਨਾਂ ਦੀ ਢੋਆ-ਢੁਆਈ, ਫੌਜੀ ਸਾਜ਼ੋ-ਸਾਮਾਨ, ਗੋਲਾ-ਬਾਰੂਦ, ਇਸ ਨਾਲ ਸਬੰਧਿਤ ਸਾਮਾਨ ਅਤੇ ਨਾਲ ਹੀ ਫੌਜੀ ਤੇ ਮੁਰੰਮਤ ਨਾਲ ਸਬੰਧਿਤ ਪਲਾਂਟਾਂ ਦਾ ਕੰਮ-ਕਾਜ ਵੀ ਸ਼ਾਮਲ ਹੈ’।
ਅਮਰੀਕੀਆਂ ਨੇ ਆਪਣੀ ਖਿਆਲੀ ਦੁਨੀਆ ਵਿਚ ਆਪ ਹੀ ਭਰਮ ਪਾਲਿਆ ਹੋਇਆ ਹੈ ਕਿ ਰੂਸ ਜੰਗ ‘ਹਾਰ’ ਗਿਆ ਹੈ ਪਰ ਅਸਲੀ ਦੁਨੀਆ ਵਿਚ ਬੇਲਾਰੂਸ ਵਿਚ ਕੇਜੀਬੀ ਦੇ ਮੁਖੀ ਇਵਾਨ ਤਰਤੇਲ ਜਿਸ ਕੋਲ ਮਾਸਕੋ ਦਾ ਅੰਦਰੂਨੀ ਨਜ਼ਰੀਆ ਹੈ, ਨੇ ਕਿਹਾ ਕਿ ਰੂਸ ਜੰਗੀ ਖਿੱਤੇ ਵਿਚ ਆਪਣੀ ਫੌਜੀ ਸਮਰੱਥਾ ਵਧਾ ਰਿਹਾ ਹੈ, ਤਿੰਨ ਲੱਖ ਫੌਜੀ ਜੁਟਾ ਲਏ ਹਨ, ਇਸ ਤੋਂ ਇਲਾਵਾ 70 ਹਜ਼ਾਰ ਵਾਲੰਟੀਅਰ ਵੀ ਹਨ ਅਤੇ ਨਾਲ ਹੀ ਅਤਿ ਆਧੁਨਿਕ ਜੰਗੀ ਸਾਜ਼ੋ-ਸਾਮਾਨ ਬੀੜਿਆ ਜਾ ਰਿਹਾ ਹੈ। ਇਉਂ ‘ਫੌਜੀ ਕਾਰਵਾਈ ਅਹਿਮ ਦੌਰ ਵਿਚ ਦਾਖ਼ਲ ਹੋ ਜਾਵੇਗੀ। ਸਾਡੇ ਆਪਣੇ ਅੰਦਾਜ਼ਿਆਂ ਮੁਤਾਬਕ ਇਸ ਜੰਗ ਵਿਚ ਇਸ ਸਾਲ ਨਵੰਬਰ ਤੋਂ ਅਗਲੇ ਸਾਲ ਫਰਵਰੀ ਦੇ ਅਰਸੇ ਦੌਰਾਨ ਅਹਿਮ ਮੋੜ ਆਵੇਗਾ।’
ਦਿੱਲੀ ਵਿਚਲੇ ਨੀਤੀਘਾੜਿਆਂ ਅਤੇ ਰਣਨੀਤੀਕਾਰਾਂ ਨੂੰ ਇਸ ਸਮੇਂ ਨੂੰ ਧਿਆਨ ਨਾਲ ਨੋਟ ਕਰਨਾ ਚਾਹੀਦਾ ਹੈ। ਰੂਸ ਹਰ ਪਾਸਿਉਂ ਮੁਕੰਮਲ ਜਿੱਤ ਚਾਹੁੰਦਾ ਹੈ, ਇਸ ਨੂੰ ਕੀਵ ’ਚ ਰੂਸ ਪੱਖੀ ਸਰਕਾਰ ਤੋਂ ਘੱਟ ਹੋਰ ਕੁਝ ਮਨਜ਼ੂਰ ਨਹੀਂ ਹੋਵੇਗਾ। ਬਾਇਡਨ ਸਮੇਤ ਪੱਛਮੀ ਸਿਆਸਤਦਾਨ ਜਾਣਦੇ ਹਨ ਕਿ ਰੂਸ ਅੱਗੇ ਹੁਣ ਕੋਈ ਵੀ ਰੁਕਾਵਟ ਨਹੀਂ। ਅਮਰੀਕਾ ਦਾ ਅਸਲਾਖਾਨਾ ਖਾਲੀ ਹੋ ਰਿਹਾ ਹੈ ਪਰ ਕੀਵ ਨੂੰ ਵੱਧ ਤੋਂ ਵੱਧ ਹਥਿਆਰ ਚਾਹੀਦੇ ਹਨ। ਜਦੋਂ ਪੂਤਿਨ ਨੂੰ ਪੁੱਛਿਆ ਕਿ ਉਹ ਬਾਲੀ ’ਚ ਜੀ-20 ਸੰਮੇਲਨ ਦੌਰਾਨ ਬਾਇਡਨ ਨਾਲ ਮੁਲਾਕਾਤ ਕਰਨਗੇ ਤਾਂ ਉਨ੍ਹਾਂ ਮਜ਼ਾਕ ਜਿਹੇ ਨਾਲ ਕਿਹਾ, “ਇਹ ਸਵਾਲ ਉਸ (ਬਾਇਡਨ) ਨੂੰ ਕਰਨਾ ਚਾਹੀਦਾ ਹੈ ਕਿ ਉਹ ਮੇਰੇ ਨਾਲ ਅਜਿਹੀ ਗੱਲਬਾਤ ਕਰਨੀ ਚਾਹੇਗਾ ਜਾਂ ਨਹੀਂ? ਸੱਚ ਕਹਾਂ ਤਾਂ ਮੈਨੂੰ ਕੁੱਲ ਮਿਲਾ ਕੇ ਇਸ ਦੀ ਕੋਈ ਲੋੜ ਨਹੀਂ ਜਾਪਦੀ।”
ਉਂਝ, ਵਾਸ਼ਿੰਗਟਨ ਨੇ ਅਜੇ ਉਮੀਦ ਨਹੀਂ ਛੱਡੀ ਅਤੇ ਬਾਇਡਨ ਪ੍ਰਸ਼ਾਸਨ ਉਤੇ ਰੂਸੀ ਫੌਜ ਦੀ ਹਾਲਤ ਖ਼ਸਤਾ ਕਰ ਦੇਣ ਦਾ ਜਨੂਨ ਸਵਾਰ ਹੈ, ਭਾਵੇਂ ਇਸ ਲਈ ਯੂਕਰੇਨ ਦੀ ਬਰਬਾਦੀ ਦੀ ਕੀਮਤ ਹੀ ਕਿਉਂ ਨਾ ਚੁਕਾਉਣੀ ਪਵੇ। ਦੂਜੇ ਪਾਸੇ, ਰੂਸੀਆਂ ਲਈ ਵੀ ਮੈਦਾਨ-ਏ-ਜੰਗ ਵਿਚ ਅਜੇ ਬਹੁਤ ਕੁਝ ਕਰਨ ਲਈ ਬਾਕੀ ਹੈ: ਜ਼ੁਲਮਾਂ ਦਾ ਸ਼ਿਕਾਰ ਓਡੇਸਾ ਵਿਚਲੀ ਰੂਸੀ ਆਬਾਦੀ (ਜਿਨ੍ਹਾਂ ਨੂੰ ਨੌ-ਨਾਜ਼ੀਆਂ ਦੇ ਅਕਹਿ ਜਬਰ ਦਾ ਸਾਹਮਣਾ ਕਰਨਾ ਪਿਆ ਹੈ) ਅਤੇ ਨਾਲ ਹੀ ਮਾਈਕੋਲਾਈਵ, ਜ਼ਪੋਰੀਜੀਆ, ਖਾਰਕੋਵ ਆਦਿ ਵੀ ‘ਆਜ਼ਾਦੀ’ ਦੀ ਉਮੀਦ ਕਰ ਰਹੇ ਹਨ। ਇਹ ਰੂਸ ਲਈ ਬਹੁਤ ਜਜ਼ਬਾਤੀ ਮਾਮਲਾ ਹੈ। ਨਾਲ ਹੀ ਯੂਕਰੇਨ ਦੇ ‘ਗੈਰ-ਫੌਜੀਕਰਨ’ ਅਤੇ ‘ਗੈਰ-ਨਾਜ਼ੀਕਰਨ’ ਕੀਤੇ ਜਾਣ ਦੇ ਅਹਿਮ ਏਜੰਡੇ ਨੂੰ ਵੀ ਲਾਜ਼ਮੀ ਇਸ ਦੇ ਵਾਜਬ ਅੰਜਾਮ ਤੱਕ ਪਹੁੰਚਾਉਣਾ ਹੋਵੇਗਾ।
ਪੂਤਿਨ ਜਾਣਦੇ ਹਨ ਕਿ ਜਦੋਂ ਇਹ ਸਾਰਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਬਾਇਡਨ ਉਨ੍ਹਾਂ ਨੂੰ ਮਿਲਣਾ ਵੀ ਨਹੀਂ ਚਾਹੁਣਗੇ। ਪਿਛਲੇ ਹਫ਼ਤੇ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਨੇ ਕਿਹਾ, “ਜੋ ਕੋਈ ਵੀ ਇਹ ਮੰਨਦਾ ਹੈ ਕਿ ਜੰਗ ਰੂਸ-ਯੂਕਰੇਨ ਗੱਲਬਾਤ ਰਾਹੀਂ ਖ਼ਤਮ ਕੀਤੀ ਜਾ ਸਕਦੀ ਹੈ, ਉਹ ਕਿਸੇ ਹੋਰ ਦੁਨੀਆ ਵਿਚ ਰਹਿ ਰਿਹਾ ਹੈ। ਹਕੀਕਤ ਇਸ ਤੋਂ ਵੱਖਰੀ ਹੈ। ਹਕੀਕਤ ਵਿਚ ਅਜਿਹੇ ਮੁੱਦੇ ਸਿਰਫ਼ ਵਾਸ਼ਿੰਗਟਨ ਤੇ ਮਾਸਕੋ ਦਰਮਿਆਨ ਹੀ ਵਿਚਾਰੇ ਜਾ ਸਕਦੇ ਹਨ। ਅੱਜ ਯੂਕਰੇਨ ਸਿਰਫ਼ ਇਸ ਕਾਰਨ ਜੰਗ ਲੜਨ ਦੇ ਸਮਰੱਥ ਹੈ ਕਿਉਂਕ ਇਸ ਨੂੰ ਅਮਰੀਕਾ ਤੋਂ ਫੌਜੀ ਇਮਦਾਦ ਮਿਲਦੀ ਹੈ;…ਇਸ ਦੇ ਨਾਲ ਹੀ ਮੈਂ ਰਾਸ਼ਟਰਪਤੀ ਬਾਇਡਨ ਨੂੰ ਅਜਿਹੇ ਸ਼ਖ਼ਸ ਵਜੋਂ ਨਹੀਂ ਦੇਖਦਾ ਜਿਹੜਾ ਅਜਿਹੀ ਸੰਜੀਦਾ ਗੱਲਬਾਤ ਲਈ ਸੱਚਮੁੱਚ ਢੁਕਵਾਂ ਹੋਵੇ।”
ਭਾਰਤ ਨੂੰ ਅਮਰੀਕਾ ਤੇ ਨਾਟੋ ਦੀ ਹਾਰ ਦੀ ਉਮੀਦ ਕਰਨੀ ਚਾਹੀਦੀ ਹੈ ਜਿਸ ਨਾਲ ਇਕ-ਧਰੁਵੀ ਤੋਂ ਬਹੁ-ਧਰੁਵੀ ਆਲਮੀ ਢਾਂਚੇ ਵੱਲ ਤਬਾਦਲੇ ਦਾ ਅਮਲ ਮੁਕੰਮਲ ਹੋ ਜਾਵੇਗਾ। ਅਫ਼ਸੋਸ, ਭਾਰਤੀ ਕੁਲੀਨ ਵਰਗ ਦਾ ਅਜੇ ਆਪਣੀ ‘ਇਕ-ਧਰੁਵੀ ਦੁਰਦਸ਼ਾ’ ਤੋਂ ਛੁਟਕਾਰਾ ਪਾਉਣਾ ਬਾਕੀ ਹੈ। ਬਰਤਾਨੀਆ ਸਮੇਤ ਯੂਰੋਪ ਤਬਾਹ ਹੋ ਚੁੱਕਾ ਹੈ ਅਤੇ ਉਥੇ ‘ਅੰਧ ਮਹਾਂਸਾਗਰ-ਪਾਰਲੀ ਅਮਰੀਕੀ ਲੀਡਰਸ਼ਿਪ’ ਖਿਲਾਫ਼ ਅਸੰਤੋਖ ਹੈ। ਹਿੰਦ-ਪ੍ਰਸ਼ਾਂਤ ਰਣਨੀਤੀ ਨਿਰਾਸ਼ਾਜਨਕ ਢੰਗ ਨਾਲ ਦਿਸ਼ਾਹੀਣ ਹੈ। ਭਾਰਤ ਦੇ ਗੁਆਂਢ ਵਿਚ ਸੱਤਾ ਦੇ ਨਵੇਂ ਕੇਂਦਰ ਉੱਭਰ ਰਹੇ ਹਨ ਜਿਵੇਂ ਓਪੇਕ ਵੱਲੋਂ ਵਾਸ਼ਿੰਗਟਨ ਨੂੰ ਦਿੱਤੀ ਘੁਰਕੀ ਤੋਂ ਜ਼ਾਹਿਰ ਹੁੰਦਾ ਹੈ। ਭਾਰਤੀ ਰਣਨੀਤਕ ਗਿਣਤੀ-ਮਿਣਤੀ ਵਿਚ ਅਤਿਅੰਤ ਤਾਲਮੇਲ ਦੀ ਜ਼ਰੂਰਤ ਹੈ।
*ਲੇਖਕ ਭਾਰਤ ਦਾ ਸਾਬਕਾ ਰਾਜਦੂਤ ਹੈ।