ਰਣਜੀਤ ਲਹਿਰਾ
ਤ ਜਨਵਰੀ 2012 ਦੀ ਅੱਧੀ ਰਾਤ ਨੂੰ ਤਬੀਅਤ ਅਚਾਨਕ ਵਿਗੜ ਗਈ। ਇੱਕ ਵਾਰ ਤਾਂ ਜਾਨ ਨਿਕਲਦੀ ਲੱਗੀ ਪਰ ਕੁਝ ਦੇਰ ਬਾਅਦ ਸੰਭਾਲਾ ਆ ਗਿਆ। ਜਿਵੇਂ ਕਿਵੇਂ ਰਾਤ ਲੰਘ ਗਈ। ਮੌਸਮ ਬਹੁਤ ਖਰਾਬ ਸੀ। ਕਹਿਰਾਂ ਦੀ ਠੰਢ ਤੇ ਸਾਈਂ ਦੇ ਹਨੇਰ ਵਰਗੀ ਧੁੰਦ ਦਿਨ-ਰਾਤ ਪੈ ਰਹੀ ਸੀ। ਘਰੋਂ ਪੈਰ ਪੁੱਟਦਿਆਂ ਹੋਰ ਬਿਮਾਰ ਹੋਣ ਦਾ ਧੁੜਕੂ ਲੱਗਿਆ ਸੀ ਪਰ ਪਟਿਆਲੇ ਦਿਲ ਦੇ ਰੋਗਾਂ ਦੇ ਹਸਪਤਾਲ ਜਾਏ ਬਿਨਾਂ ਖਹਿੜਾ ਛੁੱਟਣ ਵਾਲਾ ਨਹੀਂ ਸੀ। ਦੋ ਦਿਨ ਦੀ ਯੱਕੋ-ਤੱਕੀ ਤੋਂ ਬਾਅਦ 10 ਜਨਵਰੀ ਨੂੰ ਪਟਿਆਲੇ ਚਾਲੇ ਪਾਉਣੇ ਪੈ ਹੀ ਪਏ। ਗੁਆਂਢੀਆਂ ਦੇ ਕਰਮਜੀਤ ਦੀ ਗੱਡੀ ਵਿਚ ਪਿਛਲੀ ਸੀਟ ਤੇ ਮੋਟੇ ਕੱਪੜਿਆਂ ਤੋਂ ਇਲਾਵਾ ਮੇਰੇ ਉੱਤੇ ਦੋ ਕੰਬਲਾਂ ਦਾ ਝੁੰਬਰ ਮਾਰ ਦਿੱਤਾ। ਘੰਟਾ ਡੇਢ ਘੰਟਾ ਮੈਂ ਅੱਖ ਪੁੱਟ ਕੇ ਨਾ ਦੇਖਿਆ। ਉਸ ਦਿਨ ਵੀ ਧੁੰਦ ਕਹੇ- ਮੈਂ ਹੁਣੇ ਪੈਣਾ ਤੇ ਠੰਢ ਕਹੇ, ਮੈਂ ਵੀ ਕੜਿੱਲ ਅੱਜ ਹੀ ਕੱਢਣੇ ਨੇ।
ਖ਼ੈਰ! ਘੰਟੇ ਡੇਢ ਘੰਟੇ ਬਾਅਦ ਮੈਂ ਕੰਬਲ ਰਤਾ ਕੁ ਸਰਕਾ ਕੇ ਅੱਖਾਂ ਨੰਗੀਆਂ ਕੀਤੀਆਂ। ਗੱਡੀ ਭਵਾਨੀਗੜ੍ਹ ਟੱਪਦੀ ਨੈਸ਼ਨਲ ਹਾਈਵੇ ਤੇ ਜਾ ਰਹੀ ਸੀ। ਗੱਡੀ ਅੱਗੇ ਦਸ ਟਾਇਰਾਂ ਵਾਲਾ ਨਵਾਂ ਨਕੋਰ ਜਿਹਾ ਨੈਸ਼ਨਲ ਪਰਮਿਟ ਟਰੱਕ ਸੜਕ ਤੇ ਦੁਹਾਈਆਂ ਪਾਉਂਦਾ ਜਾ ਰਿਹਾ ਸੀ। ਅਚਾਨਕ ਮੇਰੀ ਨਿਗਾਹ ਟਰੱਕ ਦੇ ਪਿੱਛੇ ਲੱਗੀ ਪਲੇਟ ਤੇ ਲਿਖੀ ਕਾਵਿਕ ਸਤਰ ਤੇ ਪੈ ਗਈ। ਸੋਹਣੇ ਅੱਖਰਾਂ ਵਿਚ ਲਿਖਿਆ ਸੀ: ਸੜਕਾਂ ਤੇ ਰੋਲ’ਤੀ ਜਵਾਨੀ ਵੇ ਜ਼ਾਲਮਾ!
ਸਤਰ ਪੜ੍ਹਦਿਆਂ ਹੀ ਅੱਖਾਂ ਨਮ ਹੋ ਗਈਆਂ। ਪਲ ਦੀ ਪਲ ਮੈਨੂੰ ਆਪਣੇ ਸਾਰੇ ਦੁੱਖ-ਦਰਦ ਭੁੱਲ ਗਏ ਤੇ ਮੇਰੀਆਂ ਅੱਖਾਂ ਅੰਦਰ ਉਸ ਮੁਟਿਆਰ ਦੀ ਮੂਰਤ ਸਾਕਾਰ ਹੋ ਗਈ ਜਿਸ ਦੇ ਦਿਲ ਦੀ ਹੂਕ ਨੂੰ ਇਹ ਸਤਰ ਬਿਆਨਦੀ ਸੀ। ਮੈਨੂੰ ਉਹ ਕੋਈ ਨਵੀਂ-ਨਵੇਲੀ ਮੁਟਿਆਰ ਜਾਪੀ ਜਿਹੜੀ ਨਿੱਤ ਸਫ਼ਰਾਂ ਤੇ ਰਹਿਣ ਵਾਲੇ ਆਪਣੇ ਡਰਾਈਵਰ ਪਤੀ ਨੂੰ ਨਹੋਰੇ ਨਾਲ ਇਹ ਸ਼ਬਦ ਕਹਿ ਰਹੀ ਹੈ। ਇਹ ਸੋਚਦਿਆਂ ਮੈਨੂੰ ਜਾਪਿਆ, ਮੇਰਾ ਦੁੱਖ ਤਾਂ ਕੁਝ ਵੀ ਨਹੀਂ ਉਸ ਮੁਟਿਆਰ ਤੇ ਉਸ ਦੇ ਸਿਰ ਦੇ ਸਾਈਂ ਦੇ ਮੁਕਾਬਲੇ, ਜਿਨ੍ਹਾਂ ਦੀ ਜਵਾਨੀ ਦੇ ਸੁਪਨਿਆਂ ਨੂੰ ਸੜਕਾਂ ਡੀਕ ਲਾ ਕੇ ਪੀ ਗਈਆਂ। ਸ਼ੇਖ ਫਰੀਦ ਜੀ ਦਾ ਸ਼ਲੋਕ ਚੇਤੇ ਆਇਆ: ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹੋ ਅਗਿ॥ ਤੰਗੀਆਂ ਤਰੁਸ਼ੀਆਂ ਦੀ ਜਿ਼ੰਦਗੀ ਹੰਢਾਉਣ ਦੇ ਬਾਵਜੂਦ ਮੈਂ ਖੁਦ ਨੂੰ ਉਨ੍ਹਾਂ ਦੇ ਮੁਕਾਬਲੇ ਕਿਤੇ ਬਿਹਤਰ ਹਾਲਤ ਵਿਚ ਮਹਿਸੂਸ ਕੀਤਾ। … ਮੇਰੇ ਕੋਲ ਤਾਂ ਬੜਾ ਕੁਝ ਹੈ। ਪਰਿਵਾਰ ਹੈ, ਮਕਾਨ ਹੈ, ਪੱਕੀ ਨੌਕਰੀ ਹੈ, ਨੌਕਰੀ ਘਰ ਦੇ ਬਾਰ ਹੈ। ਸੰਘਰਸ਼ਾਂ ਨਾਲ ਹਾਸਲ ਕੀਤੇ ਪੱਕੇ ਰੁਜ਼ਗਾਰ ਦੀ ਬਦੌਲਤ ਛੁੱਟੀ, ਮੈਡੀਕਲ, ਪੈਨਸ਼ਨ ਆਦਿ ਕਈ ਕੁਝ ਦੀ ਸਹੂਲਤ ਹੈ। ਬਹੁਤੀ ਨਹੀਂ ਤਾਂ ਥੋੜ੍ਹੀ ਸਮਾਜਿਕ ਸੁਰੱਖਿਆ ਤਾਂ ਹੈ ਹੀ। ਜਨਮਜਾਤ ਦਿਲ ਦੀ ਗੰਭੀਰ ਬਿਮਾਰੀ ਤੋਂ ਛੁੱਟ ਜਿ਼ੰਦਗੀ ਵਿਚ ਸਭ ਠੀਕ-ਠਾਕ ਹੈ ਪਰ ਉਸ ਮੁਟਿਆਰ ਤੇ ਉਹਦੇ ਵਰਗੀਆਂ ਲੱਖਾਂ ਹੋਰ ਮੁਟਿਆਰਾਂ ਅਤੇ ਉਨ੍ਹਾਂ ਦੇ ਸਿਰਾਂ ਦੇ ਸਾਈਆਂ ਕੋਲ ਕੀ ਹੈ ਜਿਨ੍ਹਾਂ ਦੀ ਜਵਾਨੀ ਸੜਕਾਂ ਤੇ ਰੁਲ ਕੇ ਰਹਿ ਜਾਂਦੀ ਹੈ? ਜਿਨ੍ਹਾਂ ਦੇ ਸੱਜ-ਵਿਆਹੇ ਸੁਪਨੇ ਹੌਕੇ ਦੀ ਲਾਟ ਬਣ ਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਮਾਹੀਆਂ ਕੋਲ ਨਾ ਪੱਕਾ ਰੁਜ਼ਗਾਰ, ਨਾ ਛੁੱਟੀ ਹੈ, ਨਾ ਮੈਡੀਕਲ ਹੈ, ਨਾ ਜਿ਼ੰਦਗੀ ਦੀ ਸੁਰੱਖਿਆ ਹੈ! ਅੱਜ ਕਿਤੇ, ਕੱਲ੍ਹ ਕਿਤੇ। ਨਾ ਪਤਾ, ਨਾ ਠਿਕਾਣਾ। ਸਮਾਜਿਕ ਸੁਰੱਖਿਆ ਕੀ ਹੁੰਦੀ ਹੈ, ਇਹਦਾ ਤਾਂ ਉਨ੍ਹਾਂ ਕਦੇ ਨਾਂ ਵੀ ਨਹੀਂ ਸੁਣਿਆ ਹੋਣਾ। ਉਂਜ ਤਾਂ ਭਾਵੇਂ ਸਾਰੇ ਡਰਾਈਵਰਾਂ ਦੀ ਜਿ਼ੰਦਗੀ ਖ਼ਤਰਿਆਂ ਭਰੀ ਤੇ ਕੰਡਿਆਲੀਆਂ ਰਾਹਾਂ ਦਾ ਸਫ਼ਰ ਹੁੰਦੀ ਹੈ ਪਰ ਟਰੱਕਾਂ/ਟਰਾਲਿਆਂ ਵਾਲਿਆਂ ਦੀ ਜੂਨ ਤਾਂ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਜੱਟ ਦੀ ਜੂਨ ਤੋਂ ਵੀ ਭੈੜੀ ਹੁੰਦੀ ਹੈ। ਅੱਜ ਬੰਬੇ, ਕੱਲ੍ਹ ਕਲਕੱਤੇ ਤੇ ਪਰਸੋਂ ਪਤਾ ਨਹੀਂ ਕਿਨ੍ਹਾਂ ਲੰਮਿਆਂ ਰੂਟਾਂ ਤੇ ਤੁਰਨਾ ਪੈ ਜਾਵੇ। ਪਰਿਵਾਰਕ ਜਿ਼ੰਦਗੀ ਅਸਤ ਵਿਅਸਤ ਹੋਈ ਰਹਿੰਦੀ ਹੈ। ਮੋਹ-ਮੁਹੱਬਤ ਦੇ ਰਿਸ਼ਤਿਆਂ ਤੋਂ ਸੱਖਣੀ ਜਿ਼ੰਦਗੀ ਇਨ੍ਹਾਂ ਮਾਂ ਜਾਇਆਂ ਵਿਚੋਂ ਅਨੇਕਾਂ ਨੂੰ ਨਸ਼ਿਆਂ ਤੇ ਕੋਠਿਆਂ ਦੀ ਦਲਦਲ ਵਿਚ ਲਿਜਾ ਸੁੱਟਦੀ ਹੈ। ਘਰੋਂ ਹੱਸਦੇ-ਖੇਡਦੇ ਤੁਰਿਆਂ ਨੂੰ ਪਤਾ ਨਹੀਂ ਨਹਿਰ ਦਾ ਕਿਹੜਾ ਪੁਲ ਜਾਂ ਸੜਕ ਦਾ ਮੋੜ ਜਿ਼ੰਦਗੀ ਦਾ ਆਖ਼ਰੀ ਪਲ ਬਣ ਕੇ ਖੜ੍ਹ ਜਾਵੇ ਅਤੇ ਕਿਸੇ ਮੁਟਿਆਰ ਦੇ ਸੁਪਨਿਆਂ ਦੀ ਮਾਲ਼ਾ ਬਿਖੇਰ ਜਾਵੇ। ਬੱਚਿਆਂ ਦੇ ਸਿਰੋਂ ਬਾਪ ਦਾ ਸਾਇਆ ਤੇ ਮਾਪਿਆਂ ਹੱਥੋਂ ਬੁਢਾਪੇ ਦੀ ਡੰਗੋਰੀ ਛੁਡਾ ਜਾਵੇ।
ਇਕ ਸਿਆਸੀ ਲੀਡਰ ਦੇ ਸ਼ਬਦਾਂ ਵਿਚ ‘ਹੇਮਾ ਮਾਲਿਨੀ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ’ ਉੱਤੇ ਦੌੜਦੀਆਂ ਲਿਸ਼ ਲਿਸ਼ ਕਰਦੀਆਂ ਗੱਡੀਆਂ ਦੇ ਡਰਾਈਵਰਾਂ ਦੀ ਜਿ਼ੰਦਗੀ ਤੇ ਛਾਈ ਮੱਸਿਆ ਵਰਗੀ ਰਾਤ ਨੂੰ ਜਾਣਨ/ਸਮਝਣ ਦੀ ਕੋਸ਼ਿਸ਼ ਅਸੀਂ ਲੋਕਾਂ ਨੇ ਕਦੇ ਨਹੀਂ ਕੀਤੀ। ਭਲੇਮਾਣਸ ਦੀ ਨਜ਼ਰ ਨਾਲ ਅਸੀਂ ਕਦੇ ਉਨ੍ਹਾਂ ਨੂੰ ਦੇਖਿਆ ਹੀ ਨਹੀਂ, ਅਕਸਰ ਅਸੀਂ ਉਨ੍ਹਾਂ ਨੂੰ ਦਾਰੂ ਪੀਣੇ ਤੇ ਬੱਕਰੇ ਬੁਲਾਉਣ ਵਾਲੇ ਹੀ ਤਸੱਵੁਰ ਕੀਤਾ ਹੈ। ਸਮਾਜ ਦੇ ਅਜਿਹੇ ਰਵੱਈਏ ਕਰ ਕੇ ਡਰਾਈਵਰਾਂ ਦੀ ਜਮਾਤ ਅਲਹਿਦਗੀ ਭਰੀ ਜਿ਼ੰਦਗੀ ਜਿਊਣ ਲਈ ਮਜਬੂਰ ਹੈ। ਇਹ ਅਲਹਿਦਗੀ ਉਨ੍ਹਾਂ ਨੂੰ ਹੋਰ ਵਧੇਰੇ ਅਲਗਰਜ਼ ਬਣਾਉਣ ਦਾ ਸਬੱਬ ਬਣਦੀ ਹੈ ਅਤੇ ਡਰਾਈਵਰਾਂ ਖਲਾਸੀਆਂ ਨੂੰ ਗਲਤ ਰਾਹਾਂ ਤੇ ਤੋਰਦੀ ਹੈ। ਹੋਰ ਤਾਂ ਹੋਰ ਸਾਡੇ ਲੇਖਕਾਂ-ਕਲਾਕਾਰਾਂ ਨੇ ਵੀ ਸੜਕਾਂ ਦੇ ਇਨ੍ਹਾਂ ਜਾਇਆਂ ਦੇ ਦੁੱਖ-ਦਰਦਾਂ ਨੂੰ ਕਦੇ ਬਹੁਤੀ ਥਾਂ ਨਹੀਂ ਦਿੱਤੀ। ਬਹੁਤੇ ਗਾਇਕਾਂ ਨੇ ਤਾਂ ‘ਬਾਰੀ ਵਿਚੋਂ ਧੌਣ ਕੱਢ ਕੇ…’ ਵਰਗੇ ਗੀਤ ਗਾ ਕੇ ਇਨ੍ਹਾਂ ਦਾ ਹੁਲੀਆ ਵਿਗਾੜਿਆ ਹੈ।
ਮੁਲਕ ਵਿਚ ਟਰਾਂਸਪੋਰਟ ਦੇ ਧੰਦੇ ਵਿਚ ਛਾਏ ਪੰਜਾਬੀ ਟਰਾਂਸਪੋਰਟਰਾਂ ਅਤੇ ਡਰਾਈਵਰਾਂ ਖਲਾਸੀਆਂ ਨੇ ਨਾ ਸਿਰਫ਼ ਮੁਲਕ ਤੇ ਪੰਜਾਬ ਦੇ ਵਿਕਾਸ ਵਿਚ ਭਰਵਾਂ ਯੋਗਦਾਨ ਪਾਇਆ ਹੈ ਸਗੋਂ ਆਪਣੇ ਦੁੱਖਾਂ-ਸੁੱਖਾਂ ਨੂੰ ਸ਼ਬਦਾਂ ਵਿਚ ਬਦਲ ਕੇ ਵੱਖਰੀ ਤਰ੍ਹਾਂ ਦਾ ਪੰਜਾਬੀ ਸਾਹਿਤ ਵੀ ਰਚਿਆ ਹੈ। ਸੜਕਾਂ ਤੇ ਸਫ਼ਰ ਕਰਦੇ ਕਦੇ ਟਰੱਕਾਂ, ਟਰਾਲਿਆਂ ਆਦਿ ਦੇ ਪਿਛਲੇ ਪਾਸੇ ਨਜ਼ਰ ਮਾਰਿਓ, ਫਿਰ ਪਤਾ ਲੱਗੇਗਾ ਕਿ ਨਿੱਤ ਦੇ ਮੁਸਾਫਰਾਂ ਦੇ ਸੀਨਿਆਂ ਅੰਦਰ ਵੀ ਦਿਲ ਧੜਕਦੇ ਹਨ: ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗਰੀਬ ਜੱਟ ਦੀ … ਚੱਲਦੀ ਯਾਰਾਂ ਦੀ, ਖੜ੍ਹੀ ਸਰਦਾਰਾਂ ਦੀ … ਪੈਂਦੇ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ, ਡਰਾਈਵਰਾਂ ਦੀ ਕਾਹਦੀ ਜਿ਼ੰਦਗੀ …। ਮੌਤ ਨੂੰ ਕਲੋਲਾਂ ਕਰਦੇ ਹੋਏ ਵੀ ਡਰਾਈਵਰਾਂ ਦੀਆਂ ਢਾਣੀਆਂ ਢੋਲੇ ਦੀਆਂ ਕਿਵੇਂ ਲਾਉਂਦੀਆਂ ਹਨ, ਇਸ ਬਾਰੇ ਜਾਣਨ ਲਈ ਜੇ ਕਦੇ ਵਕਤ ਮਿਲੇ ਤਾਂ ਮੋਗੇ ਵਾਲੇ ਬਲਦੇਵ ਸਿੰਘ ਦਾ ‘ਸੜਕਨਾਮਾ’ ਪੜ੍ਹਿਓ। ਪਤਾ ਲੱਗੇਗਾ ਕਿ ਉਹ ਡਰਾਈਵਰ ਜਿਨ੍ਹਾਂ ਨੂੰ ਅਕਸਰ ਅਸੀਂ ਲੰਡੇ-ਲੁੱਚੇ ਦੇ ਰੂਪ ਵਿਚ ਦੇਖਦੇ ਹਾਂ, ਉਹ ਕਿਹੜੇ ਜਫ਼ਰ ਜਾਲ ਕੇ ਖੁਦ ਜਿਊਂਦੇ ਤੇ ਪਰਿਵਾਰਾਂ ਨੂੰ ਪਾਲਦੇ ਹਨ; ਇਹ ਵੀ ਕਿ ਡਰਾਈਵਰਾਂ ਦਾ ਮੁਲਕ ਦੇ ਅਰਥਚਾਰੇ ਨੂੰ ਚਲਾਉਣ ਵਿਚ ਕਿੱਡਾ ਵੱਡਾ ਯੋਗਦਾਨ ਹੈ।
ਵਕਤ ਮਿਲੇ ਤਾਂ ਇਹ ਜਾਣਨ ਦੀ ਕੋਸ਼ਿਸ਼ ਵੀ ਕਰਿਓ ਕਿ ਸੜਕਾਂ ’ਤੇ ਦੌੜਦੀਆਂ ਕਾਰਾਂ, ਜੀਪਾਂ, ਟੈਕਸੀਆਂ, ਕੈਬਜ਼, ਕੈਂਟਰਾਂ, ਛੋਟੇ-ਵੱਡੇ ਹਾਥੀਆਂ, ਟਰੱਕਾਂ, ਟਰਾਲਿਆਂ ਨੂੰ ਦਿਨ-ਰਾਤ ਦੌੜਾਈ ਫਿਰਨ ਵਾਲੇ ਡਰਾਈਵਰ, ਕਲੀਨਰ ਆਉਂਦੇ ਕਿੱਥੋਂ ਹਨ? ਪਤਾ ਲੱਗ ਜਾਵੇਗਾ ਕਿ ਇਨ੍ਹਾਂ ਵਿਚੋਂ ਬਹੁਗਿਣਤੀ ਪਿੰਡਾਂ ਵਿਚੋਂ ਹੀ ਆਉਂਦੇ ਹਨ, ਤੇ ਆਉਂਦੇ ਵੀ ਛੋਟੇ ਤੇ ਬੇਜ਼ਮੀਨੇ ਕਿਸਾਨ ਪਰਿਵਾਰਾਂ ਤੇ ਮਜ਼ਦੂਰਾਂ ਵਿਚੋਂ ਹਨ। ਖੇਤੀ ਦੇ ‘ਵਿਕਾਸ’ ਨੇ ਇਨ੍ਹਾਂ ਨੂੰ ਖੇਤਾਂ ਤੇ ਪਿੰਡਾਂ ਵਿਚੋਂ ਵਿਹਲੇ ਕਰ ਦਿੱਤਾ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦਾ ਨਾਅਰੇ ਨੇ ਜਿਨ੍ਹਾਂ ਲੋਕਾਂ ਦਾ ਢਿੱਡ ਨਾ ਭਰਿਆ ਤਾਂ ਉਨ੍ਹਾਂ ਨੇ ਸ਼ਹਿਰਾਂ/ਕਸਬਿਆਂ ਨੂੰ ਮੂੰਹ ਕਰ ਲਿਆ, ਤੇ ਜੋ ਵੀ ਕੰਮ ਮਿਲਿਆ, ਉਸੇ ਚ ਫਿੱਟ ਹੋ ਗਏ। ਡਰਾਈਵਰਾਂ ਖਲਾਸੀਆਂ ਦੀ ਜਮਾਤ ਵੀ ਇਨ੍ਹਾਂ ਫਿੱਟ/ਅਣਫਿੱਟ ਲੋਕਾਂ ਵਿਚੋਂ ਹੈ। ਜਿਉਂ ਜਿਉਂ ਖੇਤੀ ‘ਵਿਕਸਤ’ ਹੋ ਰਹੀ ਹੈ, ਤਿਉਂ ਤਿਉਂ ਪਿੰਡ ਉੱਜੜ ਰਹੇ ਹਨ।
… ਤੇ ਹੁਣ ਪਿੰਡ ਖੁਦ ਨੂੰ ਬਚਾਉਣ ਲਈ ਇੱਕਮੁੱਠ ਹੋ ਕੇ ਸੜਕਾਂ ਤੇ ਆਉਣ ਲੱਗੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਦੀ ਜੁਆਨੀ ਖੁਆਰ ਨਾ ਹੋਵੇ ਅਤੇ ਧੀਆਂ-ਭੈਣਾਂ ਦੇ ਸੁਪਨੇ ਹੌਕੇ ਦੀ ਲਾਟ ਨਾ ਬਣਨ!
ਸੰਪਰਕ: 94175-88616