ਜਗਮੋਹਨ ਸਿੰਘ ਪਟਿਆਲਾ
ਸ਼ਾਇਰ ਸਲਤਾਨ ਬਾਹੂ ਦੀ ਪੰਕਤੀ ਹੈ: ਜੀਣ ਕਬੂਲ ਉਨ੍ਹਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ॥… ਇਸ ਨੂੰ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ- ਜ਼ਿੰਦਗੀ ਦਾ ਕਿਰਦਾਰ ਇਸ ਤਰ੍ਹਾਂ ਨਿਭਾਓ ਕਿ ਪਰਦਾ ਡਿੱਗਣ ਤੋਂ ਬਾਅਦ ਵੀ ਤੁਹਾਡੇ ਲਈ
ਦੇਰ ਤੱਕ ਤਾੜੀਆਂ ਵੱਜਦੀਆਂ ਰਹਿਣ… ਨਾਅਰੇ ਗੂੰਜਦੇ ਰਹਿਣ ਅਤੇ ਤੁਹਾਡੀ ਸ਼ਖ਼ਸੀਅਤ ਦਾ ਬਿੰਬ ਹਰ ਜੀਅ ਦੇ ਜ਼ਿਹਨ ਵਿਚ ਹੋਵੇ।…
ਬਲਕਾਰ ਸਿੰਘ ਡਕੌਂਦਾ ਅੱਜ ਸਾਡੇ ਦਰਮਿਆਨ ਨਹੀਂ ਪਰ ਉਹ ਸਾਥੋਂ ਅਲਹਿਦਾ ਵੀ ਨਹੀਂ। ਉਹ ਗੈਰ-ਹਾਜ਼ਰ ਹੋ ਕੇ ਵੀ ਹਾਜ਼ਰ ਹੈ। ਉਹ ਇਤਿਹਾਸ ਦਾ ਅਜਿਹਾ ਪੰਨਾ ਹੈ ਜੋ ਹਰ ਲਮਹੇ ਦੇ ਨਾਲ ਨਾਲ ਤੁਰਦਾ ਹੈ। ਬਲਕਾਰ ਸਿੰਘ ਦੀ ਪੈਦਾਇਸ਼ ਪਿੰਡ ਡਕੌਂਦਾ (ਜ਼ਿਲ੍ਹਾ ਪਟਿਆਲਾ) ਵਿਰਸਾ ਸਿੰਘ ਅਤੇ ਹਰਬੰਸ ਕੌਰ ਦੇ ਘਰ 1956 ਵਿਚ ਹੋਈ। ਸਾਧਾਰਨ ਪਿਛੋਕੜ ਵਾਲਾ ਦਰਮਿਆਨੀ ਕਿਸਾਨੀ ਪਰਿਵਾਰ। 1947 ਦੀ ਵੰਡ ਵੇਲੇ ਉਧਰਲੇ ਪੰਜਾਬ ਦੇ ਸਿਆਲਕੋਟ ਜ਼ਿਲ੍ਹੇ ਵਿਚੋਂ ਉਜੜ ਕੇ ਆਇਆ ਹੋਇਆ। ਰੁਲਦਿਆਂ-ਖੁਲਦਿਆਂ ਦਸਵੀਂ ਜਮਾਤ ਪਾਸ ਕੀਤੀ। ਹੋਰ ਪੜ੍ਹਾਈ ਦੀ ਤਮੰਨਾ ਸੀ ਪਰ ਹਾਲਾਤ ਅਜਿਹੇ ਬਣੇ ਕਿ ਮੈਡੀਕਲ ਪ੍ਰੈਕਟੀਸ਼ਨਰ ਬਣ ਗਿਆ ਅਤੇ ਰੋਜ਼ੀ-ਰੋਟੀ ਦੇ ਜੁਗਾੜ ਲਈ ਪਿੰਡ ਵਿਚ ਹੀ ਦੁਕਾਨ ਖੋਲ੍ਹ ਲਈ ਪਰ ਭਵਿੱਖ ਦੀ ਬੁੱਕਲ ਵਿਚ ਕੁਝ ਹੋਰ ਹੀ ਲੁਕਿਆ ਹੋਇਆ ਸੀ। ਇਹ ਉਹ ਦੌਰ ਸੀ ਜਦੋਂ ਸਮਾਜਿਕ ਵਾਤਾਵਰਨ ਦੀਆਂ ਪੌਣਾਂ ਅੰਦਰ ਸੂਹੀ ਜ਼ਿੰਦਗੀ ਦੀ ਪਹਿਲ-ਤਾਜ਼ਗੀ ਦੀਆਂ ਖੁਸ਼ਬੋਆਂ ਤਾਰੀ ਸਨ। ਯੂਨੀਵਰਸਿਟੀਆਂ/ਕਾਲਜਾਂ ਵਿਚੋਂ ਸੈਂਕੜੇ ਅਧਿਆਪਕ ਅਤੇ ਨੌਜਵਾਨ ਸੁੱਤੇ ਹੋਏ ਸਮਾਜ ਨੂੰ ਗੂੜ੍ਹੀ ਨੀਂਦ ਵਿਚੋਂ ਜਗਾਉਣ ਲਈ ਕਾਫ਼ਲੇ ਬੰਨ ਸ਼ਹਿਰਾਂ, ਪਿੰਡਾਂ ਦੀਆਂ ਗਲੀਆਂ ਕੂਚਿਆਂ ਵੱਲ ਨਿਕਲ ਤੁਰੇ ਸਨ। ਸਮਾਜ ਵਿਚ ਪਨਪ ਰਹੇ ਇਨ੍ਹਾਂ ਨਵੇਂ ਵਿਚਾਰਾਂ ਦੀ ਕਨਸੋਅ ਆਪਣੇ ਕੁਝ ਮਿੱਤਰਾਂ ਰਾਹੀਂ ਬਲਕਾਰ ਸਿੰਘ ਨੂੰ ਵੀ ਹੋਈ। ਉਸ ਦੇ ਮੇਜ਼ ’ਤੇ ਸਟੈਥੋਸਕੈਪ ਦੇ ਨਾਲ ਨਾਲ ਨਵੇਂ ਸਾਹਿਤ, ਰਸਾਲਿਆਂ ਅਤੇ ਕਿਤਾਬਾਂ ਦਾ ਢੇਰ ਲੱਗ ਗਿਆ। ਉਸ ਦਾ ਸੰਵੇਦਨਸ਼ੀਲ ਮਨ ਇਨਕਲਾਬੀ ਫਿਜ਼ਾ ਵਿਚ ਉਡਾਰੀਆਂ ਭਰਨ ਲੱਗਾ। ਨਵੇਂ ਜੀਵਨ ਦੀ ਦੀਖਿਆ ਸੰਸਾਰ ਪ੍ਰਸਿੱਧ ਲਿਖਾਰੀ ਮੈਕਸਿਮ ਗੋਰਕੀ ਦੀ ਕਿਤਾਬ ‘ਮਾਂ’ ਤੋਂ ਲਈ, ‘ਅਫਲਾਤੂਨ ਤੋਂ ਲੈਨਿਨ ਤੱਕ’ ਦਾਰਸ਼ਨਿਕਾਂ ਦੀ ਉਂਗਲ ਫੜੀ, ‘ਅਸਲੀ ਇਨਸਾਨ ਦੀ ਕਹਾਣੀ’ ਪੜ੍ਹ ਆਪਣੇ ਆਪ ਨੂੰ ਜੋਇਆ; ਤੇ ਪਾਸ਼ ਨੂੰ ਪੜ੍ਹ ‘ਉਡਦੇ ਬਾਜ਼ਾਂ ਮਗਰ’ ਹੋ ਤੁਰਿਆ, ਐਸਾ ਤੁਰਿਆ ਕਿ ਮੁੜ ਕਦੇ ਪਿਛੇ ਨਹੀਂ ਦੇਖਿਆ ਅਤੇ ਛੇਤੀ ਹੀ ਕਾਫ਼ਲੇ ਦੀਆਂ ਮੂਹਰਲੀਆਂ ਸਫ਼ਾਂ ’ਚ ਜਾ ਪਹੁੰਚਿਆ।
ਉਦੋਂ ਜਰਈ ਸੰਕਟ ਕਾਰਨ ਕਿਸਾਨੀ ਲਹਿਰ ਉਸਲਵੱਟੇ ਲੈ ਰਹੀ ਸੀ। ਬਲਕਾਰ ਸਿੰਘ ਡਕੌਂਦਾ ਆਪਣੇ ਪਿੰਡ ਦੀ ਨੌਜਵਾਨ ਭਾਰਤ ਸਭਾ ਦਾ ਪ੍ਰਧਾਨ ਸੀ। ਆਸੇ ਪਾਸੇ ਦੇ ਕਿਸਾਨ ਨੇਤਾਵਾਂ, ਖਾਸਕਰ ਗੁਰਮੀਤ ਸਿੰਘ ਦਿੱਤੂਪੁਰ ਨਾਲ ਉਸ ਦੀ ਨੇੜਤਾ ਵੀ ਬਣ ਚੁੱਕੀ ਸੀ। ਉਸ ਦੀ ਰਸਮੀ ਪੜ੍ਹਾਈ ਭਾਵੇਂ ਬਹੁਤੀ ਨਹੀਂ ਸੀ ਪਰ ਉਸ ਦੀ ਸੂਝਬੂਝ ਅਤੇ ਹੋਰ ਜਾਣਨ ਦੀ ਜਗਿਆਸਾ ਉਸ ਨੂੰ ਹੋਰ ਅਗਾਂਹ ਲੈ ਗਈ।
ਉਮਰ ਦੇ ਪਹਿਲੇ ਸਾਲਾਂ ਵਿਚ ਉਹ ਸੰਗਾਊ ਅਤੇ ਸੰਕੋਚੀ ਸੁਭਾਅ ਦਾ ਸੀ, ਓੜਕਾਂ ਦਾ ਸੰਵੇਦਨਸ਼ੀਲ ਪਰ ਸਮਾਜ ਦਾ ਕੁਹਜ ਦੇਖ ਕੇ ਉਸ ਨੇ ਇਸ ਸਮਾਜ ਦੀ ਤਸਵੀਰ ਬਦਲਣ ਲਈ ਦ੍ਰਿੜ ਫੈਸਲਾ ਕਰ ਲਿਆ। ਉਹ ਸੁਚੱਜਾ ਗਾਇਕ ਵੀ ਸੀ। ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸੋਜ਼ ਭਰਪੂਰ ਆਵਾਜ਼ ਵਿਚ ਗਾਉਦਾ। ਪਾਸ਼ ਦੀਆਂ ਕਵਿਤਾਵਾਂ ਅਤੇ ਦੁਸ਼ਿਅੰਤ ਕੁਮਾਰ ਦੀਆਂ ਕਿਰਤਾਂ ਉਹਦੀ ਮਨਭਾਉਦੀ ਸਾਹਿਤਕ ਲੋੜ ਬਣ ਗਈਆਂ। ਦੁਸ਼ਿਅੰਤ ਕੁਮਾਰ ਦੀ ਮਸ਼ਹੂਰ ਗ਼ਜ਼ਲ ‘ਹੋ ਗਈ ਹੈ ਪੀਰ ਪਰਬਤ ਸੀ ਪਿਘਲਨੀ ਚਾਹੀਏ’ ਉਹ ਅਕਸਰ ਗੁਣਗਣਾਉਂਦਾ। ਇਸ ਦੇ ਨਾਲ ਹੀ ਉਹ ਤਰਕ ਸੰਗਤ ਗੱਲਬਾਤ ਕਰਨ ਦਾ ਧਨੀ ਸੀ, ਰਣ ਤੱਤੇ ’ਚ ਖਲੋ ਕੇ ਸਟੇਟ ਨੂੰ ਲਲਕਾਰਦਾ ਸੀ ਅਤੇ ਹਾਲਾਤ ਅਨੁਸਾਰ ਯੋਗ ਅਗਵਾਈ ਦੇਣ ਵਾਲਾ ਨੇਤਾ ਸੀ। ਉਹਨੇ ਵੱਖ ਵੱਖ ਘੋਲਾਂ ਦੌਰਾਨ ਮੂਹਰੈਲ ਬਣ ਕੇ ਡਾਂਗਾਂ ਵੀ ਖਾਧੀਆਂ, ਲੱਤਾਂ-ਬਾਹਾਂ ਤੁੜਵਾਈਆਂ, ਜੇਲ੍ਹ ਵੀ ਗਿਆ ਅਤੇ ਕੇਸ ਵੀ ਲੜੇ/ਭੁਗਤੇ ਪਰ ਕਦੇ ਡੋਲਿਆ ਨਹੀਂ। ਉਹ ਦ੍ਰਿੜਤਾ ਅਤੇ ਲਚਕਤਾ ਦਾ ਖੂਬਸੂਰਤ ਸੁਮੇਲ ਸੀ। ਸੱਚ ਤੇ ਇਮਾਨਦਾਰੀ ਦ੍ਰਿੜ ਅਤੇ ਜਥੇਬੰਦਕ ਅਸੂਲਾਂ ਲਈ ਸਟੀਲ ਵਾਂਗ ਮਜ਼ਬੂਤ ਪਰ ਆਮ ਵਿਹਾਰਕ ਜੀਵਨ ਵਿਚ ਨਿਰਾ ਮੋਮ।
ਉਹ ਕਿਸਾਨੀ ਦੀਆਂ ਆਰਥਿਕ ਮੰਗਾਂ ਦੇ ਨਾਲ ਨਾਲ ਰਾਜਕੀ ਜਬਰ ਦੇ ਵਰਤਾਰਿਆਂ ਬਾਰੇ ਵੀ ਸੁਚੇਤ ਸੀ। ਸਮਾਜਿਕ ਜਬਰ ਖਾਸਕਰ ਔਰਤਾਂ ‘ਤੇ ਘਿਨਾਉਣੇ ਜੁਰਮਾਂ ਦੇ ਸੰਘਰਸ਼ਾਂ ਦੀ ਅਹਿਮੀਅਤ ਨੂੰ ਸਮਝਣ ਵਾਲਾ ਸੁਚੇਤ ਆਗੂ ਸੀ। ਜਦ 2005 ਵਿਚ ਮਹਿਲਕਲਾਂ ਵਾਲੇ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਬੀਕੇਯੂ (ਏਕਤਾ)-ਡਕੌਂਦਾ ਦੇ ਸੂਬਾ ਆਗੂ ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰਨਾਲਾ ਸੈਸ਼ਨ ਕੋਰਟ ਨੇ ਉਮਰ ਕੈਦ ਸੁਣਾ ਦਿੱਤੀ ਤਾਂ ਇਹ ਨਿਹੱਕੀ ਸਜ਼ਾ ਰੱਦ ਕਰਾਉਣ ਵਾਲੇ ਸੰਘਰਸ਼ ਵਿਚ ਬਲਕਾਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
2007 ਵਿਚ ਬੀਕੇਯੂ (ਏਕਤਾ) ਦੇ ਪਲੇਠੇ ਇਜਲਾਸ ਵਿਚ ਸੂਬਾ ਪ੍ਰਧਾਨ ਵਜੋਂ ਵਡੇਰੀ ਜਿ਼ੰਮੇਵਾਰੀ ਨਿਭਾਉਣ ਦਾ ਮਾਣ ਪ੍ਰਾਪਤ ਹੋਇਆ। ਪ੍ਰਧਾਨ ਵਜੋਂ ਜਿ਼ੰਮੇਵਾਰੀ ਨਿਭਾਉਣ ਦਾ ਸਮਾਂ ਭਾਵੇਂ ਥੋੜ੍ਹਾ (ਤਿੰਨ ਸਾਲ) ਹੀ ਹੈ ਪਰ ਇਸ ਸਮੇਂ ਦੌਰਾਨ ਜਥੇਬੰਦੀ ਨੇ ਉਸ ਦੀ ਸੁਚੱਜੀ ਅਗਵਾਈ ਹੇਠ ਅਨੇਕਾਂ ਮਿਸਾਲੀ ਘੋਲ ਲੜੇ ਅਤੇ ਜਿੱਤ ਪ੍ਰਾਪਤ ਕੀਤੀ।
ਲੋਕਾਂ ਦਾ ਇਹ ਆਗੂ 13 ਜੁਲਾਈ 2010 ਨੂੰ ਆਪਣੀ ਜੀਵਨ ਸਾਥਣ ਸਮੇਤ ਸਾਨੂੰ ਸਭਨਾਂ ਨੂੰ ਫਤਿਹਗੜ੍ਹ ਸਾਹਿਬ ਨੇੜੇ ਸੜਕ ਹਾਦਸੇ ਵਿਚ ਬੇਵਕਤੀ ਵਿਛੋੜਾ ਦੇ ਗਿਆ ਜਿਸ ਨਾਲ ਪਰਿਵਾਰ ਅਤੇ ਜਥੇਬੰਦੀ ਨੂੰ ਅਸਹਿ ਅਤੇ ਅਕਹਿ ਘਾਟਾ ਪਿਆ। ਇਉਂ ਇਹ ਸਚਿਆਰਾ ਇਨਸਾਨ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਅਫਸੋਸ ਤਾਂ ਹੈ ਕਿ ਉਹ ਇਸ ਜਹਾਨ ਤੋਂ ਛੇਤੀ ਚਲਾ ਗਿਆ ਪਰ ਤਸੱਲੀ ਇਹ ਹੈ ਕਿ ਉਹ ਜਿੰਨਾ ਜੀਵਿਆ, ਖੁੱਭ ਕੇ ਭਰਪੂਰ ਜੀਵਿਆ। ਬਲਕਾਰ ਸਿੰਘ ਡਕੌਂਦਾ ਤਮਾਮ ਉਮਰ ਜਗਦੇ ਹੋਏ ਦੀਵੇ ਵਾਂਗ ਹਨੇਰੇ ਦੂਰ ਕਰਨ ਲਈ ਚਾਨਣ ਦਾ ਵਣਜਾਰਾ ਬਣਿਆ ਰਿਹਾ।
ਸੰਪਰਕ: 94173-54165