ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆਂ

ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆਂ

ਰਣਜੀਤ ਲਹਿਰਾ

ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 125ਵਾਂ ਜਨਮ ਦਿਹਾੜਾ 23 ਜਨਵਰੀ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਆਪਣੇ ਹੱਕਾਂ ਦੀ ਜੰਗ ਲੜ ਰਹੇ ਕਿਸਾਨਾਂ ਵੱਲੋਂ ਮਨਾਇਆ ਜਾ ਰਿਹਾ ਹੈ। ਜੰਗ-ਏ-ਆਜ਼ਾਦੀ ਲਈ ਜੂਝਣ ਵਾਲੇ ਅਜਿਹੇ ਸੂਰਮੇ-ਜੁਝਾਰਾਂ ਦੇ ਜਨਮ ਦਿਹਾੜਿਆਂ, ਸ਼ਹਾਦਤਾਂ ਦੇ ਦਿਨ ਮਨਾਉਣ ਦਾ ਸਭ ਤੋਂ ਉਚਤਮ ਸਥਾਨ ਸੰਘਰਸ਼ੀ ਮੋਰਚੇ ਹੀ ਹੋ ਸਕਦੇ ਹਨ। ਹੱਕਾਂ ਦੀ ਭੇਟ ਉੱਤੇ ਚੜ੍ਹਨ ਵਾਲਿਆਂ ਨੂੰ ਯਾਦ ਕਰਨ ਦੇ ਸਭ ਤੋਂ ਵਧੇਰੇ ਹੱਕਦਾਰ ਉਹੋ ਲੋਕ ਹੁੰਦੇ ਹਨ ਜਿਹੜੇ ਉਨ੍ਹਾਂ ਦੇ ਰਾਹਾਂ ਤੇ ਚੱਲਦੇ ਹਨ ਅਤੇ ਉਨ੍ਹਾਂ ਦੀ ਇਨਕਲਾਬੀ ਵਿਰਾਸਤ ਨੂੰ ਅਗਾਂਹ ਤੋਰਦੇ ਹਨ।

ਸੰਘਰਸ਼ ਦੇ ਮੋਰਚੇ ਵਿਚ ਲੜ ਰਹੇ ਕਿਸਾਨਾਂ ਤੋਂ ਵੱਧ ਹੋਰ ਕੌਣ ਹੋ ਸਕਦਾ ਹੈ ਸੁਭਾਸ਼ ਚੰਦਰ ਬੋਸ ਦੇ ਇਨਕਲਾਬੀ ਜੁਝਾਰੂ ਵਿਰਸੇ ਦਾ ਮਾਲਕ? ਧਰਤੀ ਦੇ ਜਾਏ ਇਨ੍ਹਾਂ ਲੱਖਾਂ ਕਿਸਾਨਾਂ ਨੇ ਨਾ ਸਿਰਫ਼ ਆਪਣੇ ਹੱਕਾਂ ਦੀ ਜੰਗ ਮਘਾਈ ਰੱਖੀ ਹੈ ਸਗੋਂ ਪਿਛਲੇ ਦੋ ਮਹੀਨਿਆਂ ਵਿਚ ਜਿੰਨੇ ਵੀ ਸੂਰਮੇ-ਜੁਝਾਰਾਂ ਦੇ ਜਨਮ ਦਿਨ ਜਾਂ ਸ਼ਹੀਦੀ ਦਿਹਾੜੇ ਆਏ, ਗੁਰਪੁਰਬ ਤੇ ਤਿੱਥ ਤਿਓਹਾਰ ਆਏ, ਉਨ੍ਹਾਂ ਸਭ ਨੂੰ ਨਿਵੇਕਲੇ ਢੰਗਾਂ ਨਾਲ ਮਨਾ ਕੇ ਇਤਿਹਾਸ ਰਚਿਆ ਹੈ। ਇਸ ਪ੍ਰਕਾਰ ਜਿੱਥੇ ਸਾਰੇ ਅਹਿਮ ਦਿਹਾੜੇ ਸੰਘਰਸ਼ੀ ਰੰਗ ਵਿਚ ਰੰਗੇ ਗਏ, ਉੱਥੇ ਇਨ੍ਹਾਂ ਦਿਹਾੜਿਆਂ ਦੇ ਇਤਿਹਾਸ ਨੇ ਸੰਘਰਸ਼ਸ਼ੀਲ ਲੋਕਾਂ ਨੂੰ ਕੁਰਬਾਨੀਆਂ ਦੇ ਜਜ਼ਬੇ ਨਾਲ ਸਰਸ਼ਾਰ ਕਰ ਕੇ ਉਨ੍ਹਾਂ ਨੂੰ ਦ੍ਰਿੜਤਾ ਤੇ ਦਲੇਰੀ ਬਖਸ਼ੀ ਹੈ।

23 ਜਨਵਰੀ, 1897 ਨੂੰ ਕਟਕ (ਉੜੀਸਾ) ਦੇ ਪ੍ਰਸਿੱਧ ਕਾਨੂੰਨਸਾਜ਼ ਜਾਨਕੀ ਦਾਸ ਬੋਸ ਅਤੇ ਮਾਤਾ ਪਰਭਾਤੀ ਦੇ ਘਰ ਜਨਮ ਲੈਣ ਵਾਲੇ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਸੰਘਰਸ਼ੀ ਮੋਰਚੇ ਤੇ ਮਨਾਉਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਦਿਨ ਸੰਘਰਸ਼ੀ ਕਿਸਾਨਾਂ ਦੀ ਸਾਂਝ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਉਸ ਸੂਹੇ ਕਾਂਡ ਨਾਲ ਪਵਾਏਗਾ ਜਿਸ ਨੂੰ ਆਜ਼ਾਦ ਹਿੰਦ ਫੌਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1941 ਤੋ 1944 ਤੱਕ ਭਾਰਤ ਵਿਚ ਬਰਤਾਨਵੀ ਫੌਜਾਂ ਨਾਲ ਮੱਥਾ ਲਾਈ ਰੱਖਣ ਵਾਲੀ ਆਜ਼ਾਦ ਹਿੰਦ ਫੌਜ ਦੇ ਸੂਰਮੇ-ਜੁਝਾਰਾਂ ਨੇ ਜਾਨਾਂ ਵਾਰ ਕੇ ਵੀ ਪਿੱਠ ਨਹੀਂ ਭਵਾਈ। ‘ਦੁਸ਼ਮਣ ਦਾ ਦੁਸ਼ਮਣ ਸਾਡਾ ਦੋਸਤ’ ਦੇ ਦਾਅਪੇਚਕ ਸਿਧਾਂਤ ਤੇ ਚੱਲਦਿਆਂ ਦੂਜੀ ਸੰਸਾਰ ਜੰਗ ਸਮੇਂ ਮੋਹਨ ਸਿੰਘ ਦੀ ਬਣਾਈ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵੱਲੋਂ ਮੁੜ ਜਥੇਬੰਦ ਕੀਤੀ ਆਜ਼ਾਦ ਹਿੰਦ ਫੌਜ ਨੇ ਜਰਮਨ-ਜਪਾਨ ਦੀ ਮਦਦ ਨਾਲ ਭਾਰਤ ਵਿਚ ਬਰਤਾਨਵੀ ਬਸਤੀਵਾਦੀਆਂ ਨੂੰ ਚੌਤਰਫਾ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਆਜ਼ਾਦ ਹਿੰਦ ਫੌਜ ਵਿਚ ਨਾ ਸਿਰਫ਼ ਜਪਾਨੀਆਂ ਵੱਲੋਂ ਬੰਦੀ ਬਣਾਏ ਭਾਰਤੀ ਫੌਜੀ ਹੀ ਸਨ ਸਗੋਂ ਸਿੰਗਾਪੁਰ, ਮਲਾਇਆ ਵਰਗੇ ਦੇਸ਼ਾਂ ਵਿਚ ਵਸੇ ਆਮ ਪੰਜਾਬੀ ਤੇ ਭਾਰਤੀ ਨਾਗਰਿਕ ਵੀ ਸਨ, ਜਿਨ੍ਹਾਂ ਨੂੰ ਦੇਸ਼ਭਗਤੀ ਦੀ ਜਾਗ ਗ਼ਦਰੀਆਂ ਨੇ ਪਹਿਲਾਂ ਹੀ ਲਾ ਦਿੱਤੀ ਹੋਈ ਸੀ। 13 ਫਰਵਰੀ, 1944 ਨੂੰ ਆਜ਼ਾਦ ਹਿੰਦ ਫੌਜ ਨੂੰ ਹਮਲੇ ਦਾ ਹੁਕਮ ਮਿਲਿਆ ਤੇ 18 ਅਪਰੈਲ ਨੂੰ ਉਸ ਨੇ ਮੁਏਰਾਂਗ ਤੇ ਆਪਣਾ ਝੰਡਾ ਝੁਲਾ ਦਿੱਤਾ ਸੀ, ਭਾਵੇਂ ਬਾਅਦ ਵਿਚ ਮੌਸਮ ਦੀ ਖਰਾਬੀ ਤੇ ਹੋਰ ਕਾਰਨਾਂ ਕਰ ਕੇ ਉਸ ਨੂੰ ਪਿੱਛੇ ਹਟਣਾ ਪਿਆ। ਦਸੰਬਰ ਵਿਚ ਇੱਕ ਵਾਰ ਫਿਰ ਹਮਲਾ ਕੀਤਾ ਗਿਆ। 1944 ਵਿਚ ਪੂਰਬੀ ਫਰੰਟ ਤੇ ਇੰਫਾਲ-ਕੋਹੀਮਾ ਨੇੜੇ ਆਜ਼ਾਦ ਹਿੰਦ ਫੌਜ ਅਤੇ ਅੰਗਰੇਜ਼ੀ ਫੌਜ ਵਿਚਕਾਰ ਹੋਈ ਗਹਿਗੱਚ ਲੜਾਈ ਨੂੰ ਬਰਤਾਨਵੀ ਫੌਜਾਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਦਾ ਦਰਜਾ ਦਿੱਤਾ ਗਿਆ ਹੈ। ਇਹ ਜੰਗ ਇੱਕ ਪਾਸੇ ਆਜ਼ਾਦੀ ਦੇ ਪ੍ਰਵਾਨਿਆਂ ਅਤੇ ਦੂਜੇ ਪਾਸੇ ਭਾੜੇ ਦੇ ਫੌਜੀਆਂ ਦਰਮਿਆਨ ਲੜੀ ਗਈ ਸੀ। ਭਲੇ ਹੀ ਆਜ਼ਾਦ ਹਿੰਦ ਫੌਜ ਜਿੱਤ ਨਹੀਂ ਸਕੀ ਪਰ ਭਾਰਤ ਵਿਚ ਬਰਤਾਨਵੀ ਰਾਜ ਦੀਆਂ ਚੂਲਾਂ ਜ਼ਰੂਰ ਹਿਲਾ ਗਈ ਸੀ।

ਸੰਘਰਸ਼ ਮੋਰਚੇ ਤੇ ਨੇਤਾ ਜੀ ਦਾ ਜਨਮ ਦਿਹਾੜਾ ਮਨਾਉਣਾ ਇਸ ਲਈ ਵੀ ਅਹਿਮ ਹੈ ਕਿਉਂਕਿ ਉਨ੍ਹਾਂ ਦੀ ਸ਼ਖ਼ਸੀਅਤ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ। ਦੇਸ਼ ਦੀ ਕਰੂਰ ਹਕੂਮਤ ਖਿ਼ਲਾਫ਼ ਦਿੱਲੀ ਦੀਆਂ ਬਰੂਹਾਂ ਤੇ ਝੰਡੇ ਗੱਡੀ ਬੈਠੇ ਲੱਖਾਂ ਕਿਸਾਨਾਂ ਵਿਚ ਵੱਡੀ ਸੰਖਿਆ ਨੌਜਵਾਨਾਂ ਦੀ ਹੈ। ਇਸ ਦਿਹਾੜੇ ਤੇ ਇਤਿਹਾਸ ਦੇ ਰੂ-ਬ-ਰੂ ਹੋ ਕੇ ਨੌਜਵਾਨ ਸਿੱਖ ਸਕਦੇ ਹਨ ਕਿ ਜਦੋਂ ਭੀੜ ਪਵੇ ਤਾਂ ਕਰੀਅਰ ਨੂੰ ਲੱਤ ਕਿਵੇਂ ਮਾਰੀਦੀ ਹੈ। ਇੰਗਲੈਂਡ ਵਿਚ ਆਈਸੀਐੱਸ ਪਹਿਲੇ ਦਰਜੇ ਵਿਚ ਪਾਸ ਕਰਨ ਵਾਲੇ ਸੁਭਾਸ਼ ਚੰਦਰ ਬੋਸ ਮੂਹਰੇ ਜਦੋਂ ਸਵਾਲ ਆਪਣੇ ਲੋਕਾਂ ਅਤੇ ਬਰਤਾਨਵੀ ਤਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਦਾ ਆਇਆ ਤਾਂ ਉਨ੍ਹਾਂ ਆਪਣੇ ਕਰੀਅਰ ਨੂੰ ਲੱਤ ਮਾਰ ਦਿੱਤੀ ਅਤੇ ਅਸਤੀਫ਼ਾ ਲਿਖ ਦਿੱਤਾ। ਅਸਤੀਫ਼ਾ ਵਾਪਸ ਲੈਣ ਲਈ ਭਾਰੀ ਦਬਾਅ ਪਿਆ ਪਰ ਉਹ ਅਡੋਲ ਰਹੇ ਅਤੇ ਕੁਝ ਸਮੇਂ ਬਾਅਦ ਸਭ ਕੁਝ ਛੱਡ ਛੁਡਾ ਕੇ ਭਾਰਤ ਪਰਤ ਆਏ ਤੇ ਆਜ਼ਾਦੀ ਸੰਗਰਾਮ ਵਿਚ ਕੁੱਦ ਪਏ।

ਉਹ ਰੈਡੀਕਲ ਵਿਚਾਰਾਂ ਦੇ ਸਨ। ਉਨ੍ਹਾਂ ਦੀ ਅਪੀਲ ਤੇ ਦਲੀਲ ਜ਼ੋਰਦਾਰ ਸੀ। ਇਸੇ ਲਈ ਦਿਨਾਂ ਵਿਚ ਹੀ ਉਨ੍ਹਾਂ ਦਾ ਸਿਆਸੀ ਕੱਦ ਇੰਨਾ ਵੱਡਾ ਹੋ ਗਿਆ ਕਿ ਉਹ ਦੇਸ਼ ਅੰਦਰ ਹੀ ਨਹੀਂ, ਬਾਹਰ ਵੀ ਜਾਣੇ ਜਾਣ ਲੱਗੇ। 1922 ਦੀ ਚੌਥੀ ਕਮਿਊਨਿਸਟ ਇੰਟਰਨੈਸ਼ਨਲ ਵਿਚ ਸ਼ਮੂਲੀਅਤ ਲਈ ਸੱਦੇ 5 ਭਾਰਤੀਆਂ ਵਿਚ ਸੁਭਾਸ਼ ਚੰਦਰ ਬੋਸ ਦਾ ਸ਼ਾਮਲ ਹੋਣਾ ਜਿੱਥੇ ਉਨ੍ਹਾਂ ਦੇ ਹਰਮਨ ਪਿਆਰੇ ਹੋਣ ਦਾ ਸਬੂਤ ਸੀ, ਉੱਥੇ ਰੈਡੀਕਲ ਅਤੇ ਖੱਬੇ ਪੱਖੀ ਹੋਣ ਦਾ ਵੀ ਸਬੂਤ ਸੀ। ਉਨ੍ਹਾਂ ਦੀ ਇਹ ਪੱਕੀ ਸਮਝ ਸੀ ਕਿ ਬਿਨਾਂ ਕਿਸੇ ਵਿਦੇਸ਼ੀ ਮਦਦ ਤੋਂ ਆਜ਼ਾਦੀ ਨਹੀਂ ਜਿੱਤੀ ਜਾ ਸਕਦੀ। ਇਸ ਲਈ ਦੂਜੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਸੋਵੀਅਤ ਰੂਸ ਤੋਂ ਸਹਿਯੋਗ ਲੈਣ ਦੀ ਠਾਣੀ। 16 ਮਾਰਚ, 1941 ਨੂੰ ਉਹ ਚੁੱਪਚਾਪ ਘਰੋਂ ਨਿਕਲ ਪਏ। ਕਿਰਤੀ ਪਾਰਟੀ ਨੇ ਉਨ੍ਹਾਂ ਨੂੰ ਸੋਵੀਅਤ ਰੂਸ ਪਹੁੰਚਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਨਾ ਚਾਹੁੰਦੇ ਵੀ ਅੰਤ ਉਹ ਜਰਮਨ ਪਹੁੰਚ ਗਏ।

ਉਨ੍ਹਾਂ ਦਾ ਜਨਮ ਦਿਨ ਮੋਰਚੇ ’ਤੇ ਮਨਾਉਣਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸੱਤਾ ਤੇ ਕਾਬਜ਼ ਧਿਰ ਨੇਤਾ ਜੀ ਦੇ ਰੈਡੀਕਲ ਤੇ ਧਰਮ ਨਿਰਪੱਖ ਵਿਚਾਰਾਂ ਨੂੰ ਕਤਲ ਕਰ ਕੇ ਉਨ੍ਹਾਂ ਦੇ ਨਾਇਕਤਵ ਨੂੰ ਹਿੰਦੂਤਵੀ ਸਿਆਸਤ ਵਿਚ ਫਿੱਟ ਕਰਨਾ ਚਾਹੁੰਦੀ ਹੈ। ਇਹ ਸੁਭਾਸ਼ ਚੰਦਰ ਬੋਸ ਹੀ ਸਨ ਜਿਨ੍ਹਾਂ ਨੇ ਹਿੰਦੂਆਂ ਨੂੰ ਸਾਵਰਕਰ ਦੀ ਹਿੰਦੂ ਮਹਾਂਸਭਾ ਤੋਂ ਚੌਕਸ ਰਹਿਣ ਲਈ ਕਿਹਾ ਸੀ। ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ 16 ਦਸੰਬਰ, 1938 ਨੂੰ ਮਤਾ ਪਾਸ ਕਰ ਕੇ ਹਿੰਦੂ ਮਹਾਂਸਭਾ ਅਤੇ ਮੁਸਲਿਮ ਲੀਗ ਦੇ ਮੈਂਬਰਾਂ ਉੱਤੇ ਕਾਂਗਰਸ ਦੀਆਂ ਕਮੇਟੀਆਂ ਵਿਚ ਚੁਣੇ ਜਾਣ ਤੇ ਪਾਬੰਦੀ ਲਗਾਈ। ਧਰਮ ਦੇ ਨਾਂ ਤੇ ਸਿਆਸਤ ਕਰਨਾ ਨੇਤਾ ਜੀ ਦੀ ਨਜ਼ਰ ਵਿਚ ਦੇਸ਼-ਧ੍ਰੋਹ ਸੀ।

ਇਹ ਸੁਭਾਸ਼ ਚੰਦਰ ਬੋਸ ਹੀ ਸਨ ਜਿਨ੍ਹਾਂ ਨੇ ‘ਤੁਮ ਮੁਝੇ ਖੂਨ ਦੋ, ਮੈਂ ਤੁਮੇਂ ਆਜ਼ਾਦੀ ਦੂੰਗਾ’ ਦਾ ਨਾਅਰਾ ਦੇ ਕੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਨਵੀਂ ਰੂਹ ਫੂਕੀ ਸੀ। ਸੰਸਾਰ ਜੰਗ ਵਿਚ ਬਾਵੇਂ ਐਂਗਲੋ-ਅਮਰੀਕੀ ਗੱਠਜੋੜ ਦੇ ਉੱਤੋਂ ਦੀ ਪੈਣ ਕਰ ਕੇ ਆਜ਼ਾਦ ਹਿੰਦ ਫੌਜ ਨੂੰ ਹਥਿਆਰ ਸੁੱਟਣੇ ਪੈ ਗਏ ਪਰ ਭਾਰਤ ਦੀ ਜੰਗ-ਏ-ਆਜ਼ਾਦੀ ਵਿਚ ਉਨ੍ਹਾਂ ਦਾ ਨਾਂ ਹਮੇਸ਼ਾ ਮਾਣ ਨਾਲ ਲਿਆ ਜਾਂਦਾ ਰਹੇਗਾ। 18 ਅਗਸਤ, 1945 ਨੂੰ ਨੇਤਾ ਜੀ ਦੇ ਤਾਈਵਾਨ ਵਿਚ ਜਹਾਜ਼ ਦੁਰਘਟਨਾ ਵਿਚ ਮਾਰੇ ਜਾਣ ਵਾਲੀ ਘਟਨਾ ਵਾਪਰ ਗਈ।

ਅਜੋਕੇ ਦੌਰ ਵਿਚ ਕਾਰਪੋਰੇਟ ਘਰਾਣਿਆਂ ਅਤੇ ਕੱਟੜ ਸੱਤਾਵਾਦੀਆਂ ਖਿ਼ਲਾਫ਼ ਜਿਹੜੇ ਲੱਖਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ, ਸੁਭਾਸ਼ ਚੰਦਰ ਬੋਸ ਉਨ੍ਹਾਂ ਵਰਗੇ ਜੁਝਾਰੂਆਂ ਲਈ ਪ੍ਰੇਰਨਾ ਸਰੋਤ ਬਣੇ ਰਹਿਣਗੇ।

ਸੰਪਰਕ: 94175-88616

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All