ਮਾਸਟਰ ਨੱਥੂ ਰਾਮ ਸਾਡੀ ਪੰਜਵੀਂ ਜਮਾਤ ਦੇ ਇੰਚਾਰਜ ਸਨ। ਉਹ ਟੂਸਿਆਂ ਦੇ ਹੀ ਹੋਣ ਕਰ ਕੇ ਪਿੰਡ ਦੇ ਲੋਦੀ ਪਾਸੇ ਆਪਣੇ ਫਿਰਨੀ ਉੱਤੇ ਬਣੇ ਘਰ ਵਿਚ ਰਹਿੰਦੇ ਅਤੇ ਲਾਗੇ ਹੀ ਸਕੂਲ ਹੋਣ ਕਰ ਕੇ ਪੈਰੀਂ ਚੱਲ ਕੇ ਹੀ ਸਕੂਲ ਆਇਆ ਜਾਇਆ ਕਰਦੇ। ਸਫਾਚੱਟ ਸਿਰ ਦੇ ਮਾਵੇ ਵਾਲੇ ਲਾਜਵਰ ਦਿੱਤੇ ਸਾਫ਼ੇ ਦਾ ਲੰਮਾ ਸਾਰਾ ਢੂਹੀ ਤੇ ਲਮਕਦਾ ਲੜ ਮਾਸਟਰ ਜੀ ਦੀ ਸ਼ਖ਼ਸੀਅਤ ਦਾ ਫ਼ਬਵੇਂ ਨਿਖਾਰ ਨੂੰ ਉਭਰਦਾ।
ਸਾਰੀਆਂ ਜਮਾਤਾਂ ਦੀ ਡਰਿੱਲ ਤੋਂ ਮਗਰੋਂ ਉਹ ਜਮਾਤ ਵਿਚ ਆ ਕੇ ਹਾਜ਼ਰੀ ਲਾਉਂਦੇ। ਘਰ ਦਾ ਕੰਮ ਅਤੇ ਫੱਟੀਆਂ ਦੀ ਕਲਮ ਨਾਲ ਕੀਤੀ ਲਿਖਾਈ ਤੇ ਨੰਬਰ ਲਾਉਂਦੇ। ਉਨ੍ਹਾਂ ਦੀਆਂ ਉਸਤਰੇ ਨਾਲ ਘੜ ਕੇ ਰੱਖੀਆਂ ਕਾਨੇ ਦੀਆਂ ਕਈ ਕਲਮਾਂ ਵੀ ਹੁੰਦੀਆਂ ਜੋ ਲੋੜ ਪੈਣ ਤੇ ਜਿਸ ਮੁੰਡੇ ਕੋਲ ਕਾਨੀ ਨਾ ਹੁੰਦੀ ਤਾਂ ਉਸ ਨੂੰ ਦੇ ਛੱਡਦੇ। ਇਕੱਲਾ ਇਕੱਲਾ ਮਜ਼ਮੂਨ ਨਿੱਠ ਕੇ ਪੜ੍ਹਾਉਂਦੇ। ਜਦੋਂ ਅੱਕ ਜਾਂਦੇ ਤਾਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਅਤੇ ਕਹਾਣੀਆਂ ਸੁਣਾ ਕੇ ਥਕੇਵਾਂ ਲਾਹੁੰਦੇ। ਹੱਥ ਵਿੱਚ ਡੰਡਾ ਜ਼ਰੂਰ ਹੁੰਦਾ ਪਰ ਇਸ ਦਾ ਇਸਤੇਮਾਲ ਕੰਜੂਸੀ ਨਾਲ ਹੀ ਕਰਦੇ।
ਤਫ਼ਰੀਹ ਮਗਰੋਂ ਪੜ੍ਹਾਈ ਘੱਟ ਤੇ ਕਲਾਸ ਦੀਆਂ ਕਤਾਰਾਂ ਬਣਾ ਕੇ ਸਵਾਏ, ਡੂਢੇ, ਢਾਏ ਅਤੇ ਪੌਂਚੇ ਦੇ ਪਹਾੜੇ ਅਤੇ ਹਿਸਾਬ ਦੇ ਗੁਰਾਂ ਦੇ ਮੁਕਾਬਲੇ ਕਰਵਾਏ ਜਾਂਦੇ। ਮੈਨੂੰ ਹਾਕ ਮਾਰ ਕੇ ਆਖਦੇ- ਧਰ ਫੱਟੀ ‘ਤੇ ਬਸਤਾ ਤੇ ਦੇ ਹੋਕਾ। ਮੈਂ ਪੰਜਾਬੀ ਦੀ ਕਿਤਾਬ ਵਿਚਲੀਆਂ ਕਵਿਤਾਵਾਂ ਰਹਾ ਨਾਲ ਪੜ੍ਹਦਾ ਤੇ ਫੇਰੀ ਵਾਲਾ ਘੁੰਮ ਫਿਰ ਕੇ ਗਾਉਂਦਾ। ਸਾਰੀ ਜਮਾਤ ਮੇਰੇ ਪਿੱਛੇ ਪਿੱਛੇ ਬੋਲਦੀ:
ਵਿਚ ਬਾਜ਼ਾਰ, ਬੜੀ ਬਹਾਰ
ਹੋਕਾ ਦਿੰਦੇ ਵਾਰੋ ਵਾਰ
ਆਲੂ, ਨਾਖਾਂ, ਕੇਲੇ, ਬੇਰ
ਲੈ ਲਓ ਅੰਬ ਦੁਆਨੀ ਸੇਰ
ਤਾਜ਼ੀ ਪੂਰੀ ਗਰਮ ਕੜਾਹ
ਵਾਹ ਬਾਬੂ ਜੀ ਵਾਹ ਵਾਹ ਵਾਹ।
ਮਾਸਟਰ ਜੀ ਹੁਕਮ ਦਿੰਦੇ- ਪੰਜਾਬ ਦੀਆਂ ਰੁੱਤਾਂ ਬੋਲ।
ਮੈਂ ਰਟੀਆਂ ਰਟਾਈਆਂ ਤੁਕਾਂ ਬੋਲਦਾ:
ਜਨਵਰੀ ਫਰਵਰੀ ਬੜੀ ਹੈ ਸਰਦੀ
ਮਾਰਚ ਅਪਰੈਲ ਕਰੀਏ ਸੈਰ
ਮਈ ਜੂਨ ਸੁਕਾਵੇ ਖ਼ੂਨ
ਜੁਲਾਈ ਅਗਸਤ ਬਾਰਿਸ਼ ਦੀ ਅੱਤ
ਸਤੰਬਰ ਅਕਤੂਬਰ ਆਈ ਪੱਤਝੜ
ਨਵੰਬਰ ਦਸੰਬਰ ਸੰਵੀਏਂ ਅੰਦਰ।
ਉਹ ਫਿਰ ਮਹੀਨਿਆਂ ਦੇ ਦਿਨ ਦੱਸਣ ਲਈ ਆਖਦੇ ਤਾਂ ਮੈਂ ਬੋਲਦਾ:
ਤੀਸ ਦਿਨ ਸਤੰਬਰ ਕੇ
ਅਪਰੈਲ ਜੂਨ ਨਵੰਬਰ ਕੇ
ਬਾਕੀ ਸਭ ਕੇ ਏਕ ਔਰ ਤੀਸ
ਫਰਵਰੀ ਅਠਾਈਸ
ਜਬ ਆਏ ਲੀਪ ਕਾ ਸਾਲ
ਤੋ ਫਰਵਰੀ ਮੇਂ ਏਕ ਔਰ ਡਾਲ।
ਇਹ ਸੁਣਾ ਕੇ ਹਟਦਾ ਹੀ ਤਾਂ ਮਾਸਟਰ ਜੀ ਆਖਦੇ ਕਿ ਬੱਚਿਓ! ਧਿਆਨ ਨਾਲ ਸੁਣੋ। ਭਲਕੇ ਨੂੰ ਦੱਸਿਆ ਘਰ ਦਾ ਕੰਮ ਕਰ ਕੇ ਆਉਂਣਾ, ਨਹੀਂ ਤਾਂ ਰਾਜੇ ਦੀ ਘੋੜੀ ਬਣਨਾ ਪਊ। ਜਾਓ ਸਾਰੀ ਛੁੱਟੀ। ਅਸੀਂ ਚਾਂਗਰਾਂ ਮਾਰਦੇ, ਫੱਟੀ ਬਸਤਾ ਚੁੱਕ ਘਰਾਂ ਵੱਲ ਇੱਲਤਾਂ ਕਰਦੇ ਅਹੁ ਅਹੁ ਗਏ, ਅਹੁ ਅਹੁ ਗਏ! …
ਸੰਪਰਕ: 94172-72161