ਡਾ. ਹਜ਼ਾਰਾ ਸਿੰਘ ਚੀਮਾ
ਸਾਲ 2016 ਦੀ ਅਪਰੈਲ ਮਹੀਨੇ ਦੀ ਸ਼ਾਇਦ 16 ਤਾਰੀਖ ਦੀ ਸ਼ਾਮ ਦੇ ਸੱਤ ਜਾਂ ਅੱਠ ਵੱਜਣ ਵਾਲੇ ਹਨ। ਮੈਂ ਅੰਮ੍ਰਿਤਸਰ ਤੋਂ ਚੱਲ ਕੇ ਚੰਡੀਗੜ੍ਹ ਦੇ ਰਾਹ ਵਿਚ ਹੀ ਪੁੱਜਾ ਸੀ ਕਿ ਅਚਾਨਕ ਮੋਬਾਈਲ ਦੀ ਘੰਟੀ ਵੱਜਦੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੇਡਰੇਸ਼ਨ ਦੇ ਮਾਸਕ ਬੁਲਾਰੇ ‘ਮੁਲਾਜ਼ਮ ਲਹਿਰ’ ਦੇ ਕਾਰਜਕਾਰੀ ਸੰਪਾਦਕ ਅਤੇ ਸਹਿਕਰਮੀ ਸਾਥੀ ਹਰਦੀਪ ਸਿੰਘ ਪਠਾਨਕੋਟ ਦੀ ਮਿੱਠੀ ਆਵਾਜ਼ ਆਉਦੀ ਹੈ “-ਚੀਮਾ ਜੀ, ਆ ਰਹੇ ਹੋ ਨਾ? ਕਿੱਥੇ ਕੁ ਪਹੁੰਚੇ ਹੋ? ਸੋਚਿਆ ਪੱਕ ਕਰ ਲਵਾਂ। ਜੇ ਆ ਰਹੇ ਹੋ ਤਾਂ ਤੁਹਾਡੀ ਵੀ ਰਾਤ ਦੀ ਰੋਟੀ ਲਈ ਦਾਲ ਚ ਪਾਣੀ ਪਾ ਲਈਏ।” ਮੇਰੇ ਇਹ ਕਹਿਣ ਤੇ ਕਿ ਮੈਂ ਬੰਗੇ ਲਾਗੇ ਹੀ ਪਹੁੰਚਿਆ ਹਾਂ, ਉਨ੍ਹਾਂ ਦਾ ਜੁਆਬ ਸੀ- “ਤੁਹਾਡੇ ਅਗਾਊਂ ਆਉਣ ਨਾਲ ਸੰਪਾਦਕੀ ਮੰਡਲ ਦੀ ਮੀਟਿੰਗ ਲਈ ਏਜੰਡਾ ਤੈਅ ਹੋ ਜਾਂਦਾ, ਨਾਲੇ ਪਾਠਕਾਂ ਦੇ ਸਵਾਲਾਂ ਦੇ ਜਵਾਬ ਵੀ ਰਲ ਕੇ ਕਰ ਲਈਦੇ ਆ।” ਮੈਨੂੰ ਪਤਾ ਕਿ ਸਾਥੀ ਹਰਦੀਪ ਸਿੰਘ ਨੂੰ ਮੀਟਿੰਗ ਦਾ ਏਜੰਡਾ ਤੈਅ ਕਰਨ ਅਤੇ ਸਵਾਲ-ਜਵਾਬ ਕਾਲਮ ਦੀ ਤਿਆਰੀ ਲਈ ਮੇਰੇ ਸਾਥ ਨਾਲੋਂ ਵਧੇਰੇ ਫਿ਼ਕਰ ਇਸ ਗੱਲ ਦਾ ਹੁੰਦਾ ਹੈ ਕਿ ਉਨ੍ਹਾਂ ਦੇ ਸਹਿਕਰਮੀ ਨੂੰ ਰਾਤ ਦੀ ਰੋਟੀ ਲਈ ਬਾਹਰ ਮਹਿੰਗੇ ਹੋਟਲਾਂ ਵਿਚ ਧੱਕੇ ਨਾ ਖਾਣੇ ਪੈਣ। ਮੇਰਾ ਉਹ ਇਸ ਲਈ ਵੀ ਵਧੇਰੇ ਖਿਆਲ ਰੱਖਦੇ ਕਿਉਂਕਿ ਮੈਂ ਅੰਮ੍ਰਿਤਸਰ ਤੋਂ 250 ਕਿਲੋਮੀਟਰ ਦਾ ਸਫਰ ਤੈਅ ਕਰਕੇ ਚੰਡੀਗੜ੍ਹ ਪਹੁੰਚਣਾ ਹੁੰਦਾ ਸੀ, ਉਹ ਵੀ ਕੈਂਸਰ ਤੋਂ ਪੀੜਤ ਆਪਣੀ ਪਤਨੀ ਤੇ ਇਕਲੌਤੀ ਮੁਟਿਆਰ ਧੀ ਨੂੰ ਇਕੱਲਿਆਂ ਘਰ ਛੱਡ ਕੇ।
ਸਾਥੀ ਹਰਦੀਪ ਨੇ ਖ਼ੁਦ ਨੂੰ ‘ਮੁਲਾਜ਼ਮ ਲਹਿਰ’ ਲਈ ਇੰਨਾ ਸਮਰਪਿਤ ਕੀਤਾ ਹੋਇਆ ਸੀ ਕਿ ਜਦੋਂ ਜੱਥੇਬੰਦੀ ਨੇ ਇਹ ਮਹਿਸੂਸ ਕੀਤਾ ਕਿ ਪਰਚਾ ਸਮੇਂ ਸਿਰ ਪਾਠਕਾਂ ਦੇ ਹੱਥਾਂ ਪੁੱਜਦਾ ਕਰਨ ਲਈ ਉਨ੍ਹਾਂ ਵਰਗੇ ਸੂਝਵਾਨ ਸਾਥੀ ਦੀ ਸੂਬਾਈ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਘੱਟੋ-ਘੱਟ ਦਸ ਦਿਨ ਹਾਜ਼ਰੀ ਜ਼ਰੂਰੀ ਹੈ ਤਾਂ ਸਾਥੀ ਹਰਦੀਪ ਨੇ ਇਹ ਬੇਨਤੀ ਸਵੀਕਾਰ ਕਰਨ ਲੱਗਿਆਂ ਮਿੰਟ ਵੀ ਸੀ ਨਹੀਂ ਲਾਇਆ। ਫਿਰ ਕੀ ਸੀ, ਉਨ੍ਹਾਂ ਆਪਣੀ ਜੀਵਨ ਸਾਥਣ ਭੈਣ ਜੀ ਸ਼ੀਲਾ ਦੇਵੀ ਨੂੰ ਨਾਲ ਲੈ ਕੇ ਹਰ ਮਹੀਨੇ ਦੀ 20 ਤਾਰੀਖ ਤੋਂ ਪਹਿਲਾਂ ਹੀ ਚੰਡੀਗੜ੍ਹ ਦਫਤਰ ਆ ਡੇਰਾ ਲਗਾਉਣਾ ਅਤੇ ਮਹੀਨੇ ਦੀ ਆਖਿ਼ਰੀ ਤਾਰੀਖ ਤੱਕ ਜਾਂ ਜਦੋਂ ਤੱਕ ਪਰਚਾ ਤਿਆਰ ਹੋ ਕੇ ਦਫ਼ਤਰ ਨਹੀਂ ਸੀ ਪਹੁੰਚ ਜਾਂਦਾ, ਚੰਡੀਗੜ੍ਹ ਹੀ ਡੇਰਾ ਲਾਈ ਰੱਖਣਾ। ਛਪੇ ਪਰਚੇ ਦੀ ਕਾਪੀ ਲੈਣ ਪਿੱਛੋਂ ਉਨ੍ਹਾਂ ਆਪਣੀ ਕਰਮਭੂਮੀ ਪਠਾਨਕੋਟ ਵਿਖੇ ਦੁਬਾਰਾ ਆ ਹਾਜ਼ਰ ਹੋਣਾ। ਪਠਾਨਕੋਟ ਪਹੁੰਚਦਿਆਂ ਹੀ ਉਨ੍ਹਾਂ ਫੋਨ ਕਰਕੇ ਪਰਚੇ ਦੀ ਦਿੱਖ ਜਾਂ ਹੋਰ ਕਮੀ-ਬੇਸ਼ੀ ਬਾਬਤ ਜਾਣਕਾਰੀ ਲੈਣੀ। ਨਾਲ ਹੀ ਅਗਲੇ ਅੰਕ ਲਈ ਵੀ ਹਦਾਇਤ ਕਰ ਦੇਣੀ ਕਿ ਅਗਲੀ ਵਾਰ ਮੈਂ ਕਿਸ ਸਹੂਲਤ ਬਾਰੇ ਵਿਸ਼ੇਸ਼ ਜਾਣਕਾਰੀ, ਲੇਖ ਜਾਂ ਸੰਪਾਦਕੀ ਟਿੱਪਣੀ ਆਦਿ ਲਿਖ ਕੇ ਲਿਆਉਣੀ ਹੈ।
ਤਕਰੀਬਨ ਡੇਢ ਦਹਾਕੇ ਤੋਂ ਵਧੇਰੇ ਸਮਾਂ ਸਾਥੀ ਹਰਦੀਪ ਨਾਲ ਸਰਗਰਮ ਸਹਿਯੋਗੀ ਵਜੋਂ ਕੰਮ ਕਰਦਿਆਂ ਮੈਨੂੰ ਨਹੀਂ ਯਾਦ ਕਿ ‘ਮੁਲਾਜ਼ਮ ਲਹਿਰ’ ਦੇ ਸੰਪਾਦਕੀ ਮੰਡਲ ਦੀ ਇੱਕ ਵੀ ਮੀਟਿੰਗ ਉਨ੍ਹਾਂ ਦੀ ਹਾਜ਼ਰੀ ਤੋਂ ਬਿਨਾਂ ਹੋਈ ਹੋਵੇ ਜਾਂ ਪਰਚਾ ਦੇਰ ਨਾਲ ਤਿਆਰ ਹੋਇਆ ਹੋਵੇ। ਪਰਚੇ ਦਾ ਕੰਮ ਸਮੇਟ ਕੇ ਦੋ-ਚਾਰ ਦਿਨ ਆਰਾਮ ਕਰਨ ਬਾਰੇ ਤਾਂ ਸਾਥੀ ਨੇ ਕਦੇ ਸੋਚਿਆ ਵੀ ਨਹੀਂ ਸੀ। ਪ੍ਰੈੱਸ ਤੋਂ ਪਰਚਾ ਅਜੇ ਦਫ਼ਤਰ ਪਹੁੰਚਿਆ ਹੀ ਹੁੰਦਾ ਸੀ ਕਿ ਉਸ ਦੀ ਕਾਪੀ ਲੈ ਕੇ ਉਨ੍ਹਾਂ ਨੂੰ ਪਠਾਨਕੋਟ ਵਾਲੀ ਬੱਸ ਫੜਨ ਦੀ ਕਾਹਲ ਹੁੰਦੀ। ਪਠਾਨਕੋਟ ਪਹੁੰਚ ਕੇ ਵੀ ਉਹ ਆਰਾਮ ਨਾਲ ਟਿਕ ਕੇ ਨਾ ਬੈਠਦੇ, ਸਗੋਂ ਇਥੇ ਵੀ ਉਹ ਆਪਣੀ ਪੂਰੀ ਸਮਰੱਥਾ ਅਤੇ ਸ਼ਕਤੀ ਨਾਲ ਸੰਘਰਸ਼ਸ਼ੀਲ ਜੱਥੇਬੰਦੀਆਂ ਦੀ ਅਗਵਾਈ ਕਰਦੇ। 75-76 ਸਾਲ ਦੀ ਉਮਰ ਵੀ ਉਨ੍ਹਾਂ ਦੀ ਸਰਗਰਮੀ ਵਿਚ ਕਦੇ ਰੁਕਾਵਟ ਨਾ ਬਣੀ।
ਜੱਥੇਬੰਦੀ/ਸੰਸਥਾ ਦੇ ਫੰਡ ਵਿਚੋਂ ਪੈਸਾ ਖਰਚਣ ਲੱਗਿਆਂ ਉਹ ਜਨੂਨ ਦੀ ਹੱਦ ਤੱਕ ਕਿਰਸ/ਬੱਚਤ ਕਰਨ ਦੀ ਕੋਸ਼ਿਸ਼ ਕਰਦੇ। ‘ਮੁਲਾਜ਼ਮ ਲਹਿਰ’ ਵਿਚ ਛਪਣ ਵਾਲੀ ਸਾਰੀ ਸਮੱਗਰੀ ਉਹ ਸਰਕੂਲਰਾਂ ਦੇ ਪਿਛਲੇ ਪਾਸੇ ਜਾਂ ਖਾਲੀ ਬਚੀ ਥਾਂ ਉਪਰ ਹੀ ਲਿਖਦੇ। ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਦੇ ਕਿ ਇਉਂ ਅਸੀਂ ਕਾਗਜ਼ ਬਣਾਉਣ ਲਈ ਕੱਟੇ ਜਾਣ ਵਾਲੇ ਰੁੱਖਾਂ ਨੂੰ ਕੁਝ ਹੱਦ ਤੱਕ ਬਚਾ ਸਕਦੇ ਹਾਂ। ਸੰਸਥਾ ਦੇ ਫੰਡ ਵਿਚੋਂ ਖਰਚ ਕਰਨ ਸਮੇਂ ਉਨ੍ਹਾਂ ਦੀ ਕਿਰਸ ਕਰਨ ਦੀ ਧੁਨ ਦਾ ਅੰਦਾਜਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਨ੍ਹਾਂ ਦੀ ਬਿਰਧ ਅਵਸਥਾ ਦੇਖ ਕੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਪਠਾਨਕੋਟ ਤੋਂ ਚੰਡੀਗੜ੍ਹ ਅਤੇ ਵਾਪਸੀ ਦਾ ਲੰਮਾ ਤੇ ਥਕਾ ਦੇਣ ਵਾਲਾ ਸਫਰ ਸਾਧਾਰਨ ਬੱਸ ਦੀ ਥਾਂ ਏਸੀ ਬੱਸ ਵਿਚ ਕਰਿਆ ਕਰਨ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਹ ਸਫਰ ਤਾਂ ਏਸੀ ਬੱਸ ਵਿਚ ਕਰ ਲਿਆ ਕਰਨਗੇ ਪਰ ਸੰਸਥਾ ਪਾਸੋਂ ਕਿਰਾਇਆ ਸਾਧਾਰਨ ਬੱਸ ਦਾ ਹੀ ਲਿਆ ਕਰਨਗੇ। ਇੰਝ ਉਹ ਅਖੀਰਲੇ ਸਾਹ ਤੱਕ ਕਰਦੇ ਰਹੇ। ਉਨ੍ਹਾਂ ਦਾ ਤਰਕ ਸੀ ਕਿ ਜਦੋਂ ਦੂਸਰੇ ਸਾਥੀਆਂ ਨੂੰ ਸਾਧਾਰਨ ਬੱਸ ਦਾ ਕਿਰਾਇਆ ਮਿਲਦਾ ਹੈ ਤਾਂ ਉਹ ਕਿਉਂ ਸੰਸਥਾ ਉਪਰ ਵਾਧੂ ਬੋਝ ਬਣਨ?
ਸਾਥੀ ਹਰਦੀਪ ਸਿੰਘ ਸਿਰੜੀ, ਸੂਝਵਾਨ ਅਤੇ ਅਣਥੱਕ ਵਰਕਰ ਤਾਂ ਸਨ ਹੀ ਪਰ ਇੱਕ ਗੁਣ ਉਨ੍ਹਾਂ ਨੂੰ ਦੂੁਸਰਿਆਂ ਨਾਲੋਂ ਵੱਖਰਿਆਉਂਦਾ ਸੀ; ਉਹ ਸੀ ਉਨ੍ਹਾਂ ਦਾ ਧੀਰਜ। ਉਹ ਸਾਹਮਣੇ ਵਾਲੇ ਦੀ ਹਰ ਗੱਲ ਠਰੰਮੇ ਅਤੇ ਸਬਰ ਨਾਲ ਸੁਣਦੇ। ਆਮ ਮੀਟਿੰਗ ਵਿਚ ਕਦੇ ਵੀ, ਕਿਸੇ ਨੂੰ ਵੀ ਵਿਚੋਂ ਨਹੀਂ ਸਨ ਟੋਕਦੇ ਸਗੋਂ ਬੋਲਣ ਵਾਲੇ ਦੀ ਗੱਲ ਪੂਰੀ ਹੋਣ ਪਿੱਛੋਂ ਹੀ ਉਸ ਦੇ ਹਰ ਕਿੰਤੂ-ਪ੍ਰੰਤੂ ਦਾ ਦਲੀਲਾਂ ਸਹਿਤ ਜਵਾਬ ਦੇ ਕੇ ਉਸ ਨੂੰ ਆਪਣੇ ਨਾਲ ਸਹਿਮਤ ਕਰਨ ਵਾਲਾ ਗੁਣ ਰੱਖਦੇ ਸਨ। ਉਨ੍ਹਾਂ ਦੀ ਧਾਰਨਾ ਸੀ ਕਿ ਬੋਲਣ ਵਾਲੇ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਉਸ ਨੂੰ ਵਿਚੋਂ ਟੋਕਣ ਨਾਲ, ਕਿਸੇ ਵਿਸ਼ੇਸ਼ ਨੁਕਤੇ ਉਪਰ ਸਹਿਮਤੀ ਜੁਟਾਉਣ ਵਿਚ ਰੁਕਾਵਟ ਪੈਦਾ ਤਾਂ ਹੁੰਦੀ ਹੀ ਹੈ ਸਗੋਂ ਇੰਝ ਕਰਨ ਨਾਲ ਕੁੜੱਤਣ ਵੀ ਪੈਦਾ ਹੁੰਦੀ ਹੈ ਜੋ ਆਖੀਰ ਵਿਚ ਜਥੇਬੰਦੀ ਦੀ ਉਸਾਰੀ ਵਿਚ ਰੁਕਾਵਟ ਬਣਦੀ ਹੈ। ਉਹ ਕਦੇ ਤਲਖੀ ਵਿਚ ਨਹੀਂ ਸੀ ਆਉਦੇ। ਕਈ ਵਾਰ ਇੱਕਾ-ਦੁੱਕਾ ਸਾਥੀਆਂ ਨੇ ਉਨ੍ਹਾਂ ਨੂੰ ‘ਇਕ ਚੁੱਪ ਸੌ ਸੁੱਖ’ ਦੇ ਧਾਰਨੀ ਹੋਣ ਦਾ ਮਿਹਣਾ ਵੀ ਮਾਰਨਾ ਪਰ ਉਨ੍ਹਾਂ ਗੁੱਸਾ ਕਰਨ ਦੀ ਬਜਾਇ ਹੱਸ ਛੱਡਣਾ।
ਸਾਥੀ ਹਰਦੀਪ ਦੀ ਸ਼ਖਸੀਅਤ ਦਾ ਸੁਨਹਿਰੀ ਪੱਖ ਇਹ ਵੀ ਸੀ ਕਿ ਉਹ ਆਪਣੇ ਸਾਥੀਆਂ, ਸਹਿਯੋਗੀਆਂ ਪ੍ਰਤੀ ਜਿੰਨਾ ਸਨੇਹ ਭਰਪੂਰ ਅਤੇ ਨਰਮ ਰਵੱਈਆ ਰੱਖਦੇ ਸਨ, ਤੇ ਉਨ੍ਹਾਂ ਵੱਲੋਂ ਅਣਜਾਣੇ ਵਿਚ ਕੀਤੀਆਂ ਗ਼ਲਤੀਆਂ, ਗੁਸਤਾਖੀਆਂ ਨੂੰ ਮੁਆਫ਼ ਕਰਨ ਦਾ ਵੱਡਾ ਦਿਲ ਰੱਖਦੇ ਸਨ, ਉਥੇ ਉਹ ਅਫਸਰਸ਼ਾਹੀ ਪ੍ਰਤੀ ਸਖ਼ਤ ਰਵੱਈਆ ਰੱਖਦੇ ਸਨ।
ਸਾਧਾਰਨ ਕਿਰਤੀ ਪਰਿਵਾਰ ਵਿਚ ਪੈਦਾ ਹੋ ਕੇ ਪ੍ਰਵਾਨ ਚੜ੍ਹਿਆ ਸਾਥੀ ਹਰਦੀਪ ਚੜ੍ਹਦੀ ਜੁਆਨੀ ਵਿਚ ਹੀ ਅਧਿਆਪਕਾਂ ਦੀ ਲੜਾਕੂ ਲਹਿਰ ਦੀਆਂ ਸਫ਼ਾਂ ਵਿਚ ਕਿਰਿਆਸ਼ੀਲ ਹੋ ਗਿਆ ਅਤੇ ਅੱਗੇ ਵਧਦਾ ਗਿਆ। 77 ਸਾਲ ਦੀ ਉਮਰ ਤੱਕ ਉਹ ਮੁਲਾਜ਼ਮਾਂ ਅਤੇ ਕਿਰਤੀ ਲਹਿਰ ਦੇ ਮੋਰਚੇ ਤੇ ਅਡੋਲ ਡਟਿਆ ਰਿਹਾ। ਇਸ ਲੰਮੇ ਸਮੇਂ ਦੌਰਾਨ ਜਥੇਬੰਦੀ ਨੇ ਉਸ ਨੂੰ ਜੋ ਵੀ ਜਿ਼ੰਮੇਵਾਰੀ ਸੌਂਪੀ, ਉਨ੍ਹਾਂ ਪੂਰੀ ਲਗਨ, ਮਿਹਨਤ, ਸੁਹਿਰਦਤਾ ਅਤੇ ਸਿਰੜ ਨਾਲ ਨੇਪਰੇ ਚਾੜ੍ਹਨ ਦਾ ਯਤਨ ਕੀਤਾ, ਬਿਹਤਰੀਨ ਸਿੱਟੇ ਕੱਢ ਕੇ ਦਿਖਾਏ।
29 ਅਪਰੈਲ, 2016 ਨੂੰ ਆਪਣੇ ਸਹਿਯੋਗੀਆਂ ਤੇ ਸਾਥੀਆਂ ਨੂੰ ਆਖ਼ਿਰੀ ਅਲਵਿਦਾ ਆਖਣ ਸਮੇਂ ਸਾਥੀ ਹਰਦੀਪ ਆਪਣੀਆਂ ਅੱਖਾਂ ਅਤੇ ਦੇਹ ਦਾਨ ਕਰਕੇ ਉਹ ਕ੍ਰਿਸ਼ਮਾ ਵੀ ਕਰ ਗਿਆ ਜੋ ਅਵਿਗਿਆਨਕ ਸੋਚ, ਤਰਕਹੀਣ ਪਹੁੰਚ, ਪਰਿਵਾਰਕ ਦਬਾਅ, ਬੇਲੋੜੀਆਂ ਸਮਾਜਿਕ ਰਸਮਾਂ ਕਾਰਨ ਬਹੁਤ ਸਾਰੇ ਲੋਕ ਕਰਨ ਤੋਂ ਝਿਜਕਦੇ ਹਨ। ਸਾਥੀ ਹਰਦੀਪ ਦੇ ਇਸ ਕੰਮ ਵਿਚ ਉਨ੍ਹਾਂ ਦੀ ਜੀਵਨ ਸਾਥਣ ਭੈਣ ਸ਼ੀਲਾ ਦੇਵੀ ਅਤੇ ਬੱਚਿਆਂ ਦਾ ਵੀ ਪੂਰਾ ਸਾਥ ਰਿਹਾ ਹੈ। ਸਾਥੀ ਹਰਦੀਪ ਦੀ ਛੇਵੀਂ ਬਰਸੀ ਮੌਕੇ ਅਸੀਂ ਅਹਿਦ ਕਰਦੇ ਹਾਂ ਕਿ ਉਨ੍ਹਾਂ ਦੇ ਦਿਖਾਏ ਰਸਤੇ ਤੇ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਆਪਣਾ ਯੋਗਦਾਨ ਪਾਉਂਦੇ ਰਹਾਂਗੇ।
ਸੰਪਰਕ: 98142-81938