ਕਾਫ਼ੀ ਚਿਰ ਮਗਰੋਂ ਘਰ ਆਈ ਭੈਣ ਰਿਸ਼ਤੇਦਾਰਾਂ ਦੀਆਂ ਗੱਲਾਂ ਤੋਂ ਬਾਅਦ ਸਾਹਮਣੇ ਰਹਿੰਦੀ ਬੀਜੀ ਬਾਰੇ ਪੁੱਛਣ ਲੱਗ ਪਈ। ਮੈਂ ਕਿਹਾ, ਉਸ ਦਾ ਤਾਂ ਪਿਛਲੇ ਹਫ਼ਤੇ ਭੋਗ ਪੈ ਗਿਆ। ਉਹ ਇਹ ਸੁਣ ਕੇ ਸੁੰਨ ਜਿਹੀ ਹੋ ਗਈ। ਉਸ ਨੂੰ ਦੇਖ ਕੇ ਮੈਨੂੰ ਬੀਜੀ ਨਾਲ ਬਿਤਾਏ ਪਲ ਯਾਦ ਆ ਗਏ।
ਬੀਜੀ ਸਾਹਮਣੇ ਵਾਲੇ ਘਰ ਵਿਚ ਰਹਿੰਦੀ ਸੀ। ਕੋਈ ਉਸ ਨੂੰ ਮਾਤਾ, ਕੋਈ ਬੀਜੀ ਤੇ ਕੋਈ ਬੇਬੇ ਆਖਦਾ। ਚਿਹਰੇ ਤੇ ਝੁਰੜੀਆਂ ਤੇ ਅੱਖਾਂ ਉੱਤੇ ਮੋਟੇ ਸ਼ੀਸ਼ੇ ਵਾਲੀ ਐਨਕ ਪਾਉਣ ਵਾਲੀ ਬੀਜੀ ਨੇ ਜਿਊਂਦੇ ਜੀਅ ਆਪਣਾ ਸਿਰ ਕਦੇ ਨੰਗਾ ਨਾ ਹੋਣ ਦਿੱਤਾ। ਗਰਮੀਆਂ ਹੋਣ ਜਾਂ ਸਰਦੀਆਂ, ਉਸ ਦੇ ਸਿਰ ਤੇ ਚੁੰਨੀ ਹਮੇਸ਼ਾ ਰਹਿੰਦੀ। ਘਰ ਵਿਚ ਉਹ ਇਕੱਲੀ ਰਹਿੰਦੀ ਸੀ। ਜਦੋਂ ਅਸੀਂ ਪਿੰਡ ਤੋਂ ਆਏ ਤਾਂ ਦਾਦੀ ਕੁਝ ਸਮਾਂ ਸਾਡੇ ਕੋਲ ਰਹੀ। ਮਗਰੋਂ ਉਸ ਨੇ ਆਖਣਾ ਕਿ ਉਸ ਦਾ ਸ਼ਹਿਰ ਵਿਚ ਜੀਅ ਨਹੀਂ ਲਗਦਾ ਤੇ ਉਹ ਪਿੰਡ ਤਾਏ ਦੇ ਪਰਿਵਾਰ ਕੋਲ ਰਹਿਣ ਲੱਗ ਪਈ। ਸਾਡੇ ਕੋਲ ਉਹ ਕਾਫ਼ੀ ਦੇਰ ਬਾਅਦ ਗੇੜਾ ਮਾਰਦੀ। ਉਹ ਉਥੇ ਹੀ ਪੂਰੀ ਹੋਈ। ਉਸ ਪਿੱਛੋਂ ਅਸੀਂ ਤਿੰਨੇ ਭੈਣ ਭਰਾ ਬੀਜੀ ਨੂੰ ਆਪਣੀ ਦਾਦੀ ਸਮਝਦੇ। ਉਹ ਵੀ ਸਾਨੂੰ ਆਪਣੇ ਪੋਤਿਆਂ ਤੇ ਪੋਤੀਆਂ ਤੋਂ ਘੱਟ ਨਾ ਸਮਝਦੀ। ਹਰ ਤਿੱਥ ਤਿਉਹਾਰ ਨੂੰ ਉਹ ਸਾਨੂੰ ਕੋਈ ਨਾ ਕੋਈ ਚੀਜ਼ ਦੇਣਾ ਨਾ ਭੁੱਲਦੀ। ਉਹ ਦੱਸਦੀ ਹੁੰਦੀ ਸੀ ਕਿ ਜਦੋਂ ਉਸ ਦਾ ਪੁੱਤਰ ਛੋਟਾ ਜਿਹਾ ਸੀ ਤਾਂ ਉਸ ਦਾ ਪਤੀ ਗੁਜ਼ਰ ਗਿਆ। ਉਸ ਨੇ ਹਿੰਮਤ ਕਰ ਕੇ ਇਕੱਲੀ ਨੇ ਹੀ ਪੁੱਤਰ ਨੂੰ ਪਾਲਿਆ। ਸਕੇ ਸਬੰਧੀਆਂ ਦੀ ਪ੍ਰਵਾਹ ਕੀਤੇ ਬਗੈਰ ਪੁੱਤਰ ਦੇ ਨਾਲ ਨਾਲ ਜ਼ਮੀਨ ਦੀ ਵੀ ਰਾਖੀ ਕੀਤੀ। ਉਸ ਦੇ ਸ਼ਰੀਕ ਉਸ ਦੀ ਜ਼ਮੀਨ ਹੜੱਪਣਾ ਚਾਹੁੰਦੇ ਸਨ ਪਰ ਉਹ ਨਿਡਰ ਹੋ ਕੇ ਆਪ ਖੇਤਾਂ ਵਿਚ ਖੜ੍ਹ ਕੇ ਖੇਤੀ ਕਰਵਾਉਂਦੀ। ਪੁੱਤਰ ਨੂੰ ਅੱਖਾਂ ਤੋਂ ਦੂਰ ਨਾ ਹੋਣ ਦਿੰਦੀ।
ਹੌਲੀ ਹੌਲੀ ਪੁੱਤਰ ਜਵਾਨ ਹੋ ਗਿਆ। ਵਿਆਹ ਮਗਰੋਂ ਉਹਨੇ ਸ਼ਹਿਰ ਵਿਚ ਰਿਹਾਇਸ਼ ਕਰ ਲਈ ਅਤੇ ਆਪਣੀ ਮਾਤਾ ਨੂੰ ਸ਼ਹਿਰ ਲੈ ਆਇਆ। ਬੀਜੀ ਆਪਣੇ ਪੋਤੇ ਪੋਤਰੀਆਂ ਨਾਲ ਸ਼ਹਿਰ ਰਹਿਣ ਲੱਗ ਪਈ। ਜ਼ਮੀਨ ਠੇਕੇ ਤੇ ਦੇ ਦਿੱਤੀ। ਕੁਝ ਸਮੇਂ ਬਾਅਦ ਉਸ ਦੇ ਪੁੱਤ-ਨੂੰਹ ਆਪਣੇ ਬੱਚਿਆਂ ਨਾਲ ਵਿਦੇਸ਼ ਚਲੇ ਗਏ ਤੇ ਉਹ ਇਕੱਲੀ ਰਹਿ ਗਈ। ਸਵੇਰੇ ਸ਼ਾਮ ਬਿਨਾਂ ਨਾਗਾ ਗੁਰਦੁਆਰੇ ਜਾਂਦੀ। … ਜਦੋਂ ਸਾਡੀ ਮਾਤਾ ਪੂਰੀ ਹੋਈ ਤਾਂ ਬੀਜੀ ਨੇ ਹਰ ਰੋਜ਼ ਸਾਡੇ ਘਰ ਬੈਠੇ ਰਹਿਣਾ, ਸਾਨੂੰ ਹਿੰਮਤ ਦੇਣੀ। ਆਪਣੀ ਜਿ਼ੰਦਗੀ ਦੇ ਤਜਰਬੇ ਸਾਂਝੇ ਕਰਨੇ। ਰਿਸ਼ਤੇਦਾਰ ਤੇ ਸਕੇ ਸਬੰਧੀ ਤਾਂ ਥੋੜ੍ਹੇ ਚਿਰ ਬਾਅਦ ਘਰ ਆਉਣੋਂ ਹਟ ਗਏ ਪਰ ਬੀਜੀ ਸਾਡੇ ਕੋਲ ਹਰ ਰੋਜ਼ ਬੈਠ ਜਾਂਦੀ। ਉਸ ਨੇ ਸਾਡਾ ਇਕੱਲਾਪਣ ਦੁਖਾਂਤ ਦੀ ਥਾਂ ਸੁਖਾਂਤ ਵਿਚ ਬਦਲ ਦਿੱਤਾ। ਸਵੇਰੇ ਖਾਣਾ ਖਾਣ ਮਗਰੋਂ ਉਹ ਸਾਡੇ ਨਾਲ ਹੱਥ ਵਟਾਉਂਦੀ। ਕਹਿ ਕਹਿ ਰੋਟੀ ਬਣਵਾਉਂਦੀ। ਜਿਹੜੀ ਚੀਜ਼ ਦੀ ਸਾਨੂੰ ਜਾਚ ਨਾ ਹੁੰਦੀ, ਉਸ ਨੇ ਝਟ ਦੱਸ ਦੇਣਾ। ਸਮਝਾਉਣਾ ਵੀ ਇਸ ਲਹਿਜ਼ੇ ਵਿਚ ਕਿ ਅਸੀਂ ਅੱਜ ਤੱਕ ਨਹੀਂ ਭੁੱਲੇ।
ਦੁਪਹਿਰੇ ਖਾਣਾ ਖਾਣ ਤੋਂ ਬਾਅਦ ਉਹ ਪਿਤਾ ਜੀ ਕੋਲ ਆ ਬੈਠਦੀ। ਪਿਤਾ ਜੀ ਅਧਰੰਗ ਹੋਣ ਕਾਰਨ ਬਾਹਰ ਮੰਜੇ ਤੇ ਪਏ ਰਹਿੰਦੇ ਸਨ। ਉਹ ਕਾਫ਼ੀ ਦੇਰ ਉਨ੍ਹਾਂ ਕੋਲ ਬੈਠੀ ਬੀਤੇ ਸਮੇਂ ਦੀਆਂ ਗੱਲਾਂ ਕਰਦੀ ਰਹਿੰਦੀ। ਜਦੋਂ ਸਾਡਾ ਸਾਰਾ ਪਰਿਵਾਰ ਦੁਪਹਿਰੇ ਆਰਾਮ ਕਰ ਰਿਹਾ ਹੁੰਦਾ ਤਾਂ ਉਹ ਦੋਵੇਂ ਗੱਲਾਂ ਕਰ ਕੇ ਆਪਣੇ ਬੀਤੇ ਨੂੰ ਯਾਦ ਕਰਦੇ ਰਹਿੰਦੇ। ਬੀਜੀ ਬਿਰਧ ਹੋਣ ਦੇ ਬਾਵਜੂਦ ਆਪਣੀ ਰੋਟੀ ਆਪ ਤਿਆਰ ਕਰਦੀ। ਗੈਸ ਸਿਲੰਡਰ ਬਦਲਣ ਵੇਲੇ ਉਹ ਮੇਰੀ ਪਤਨੀ ਨੂੰ ਆਪਣੇ ਘਰ ਲੈ ਜਾਂਦੀ। ਸਾਨੂੰ ਉਸ ਦੇ ਪੁੱਤਰ ਅਤੇ ਨੂੰਹ ਤੇ ਕਈ ਵਾਰ ਗਿਲ਼ਾ ਆਇਆ ਕਿ ਉਹ ਉਸ ਨੂੰ ਇਕੱਲੀ ਨੂੰ ਕਿਉਂ ਛੱਡ ਗਏ।
ਇੱਕ ਵਾਰ ਉਸ ਦੇ ਪੁੱਤਰ-ਨੂੰਹ ਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਉਸ ਦਾ ਪਾਸਪੋਰਟ ਬਣਾ ਦਿੱਤਾ ਪਰ ਉਹ ਵਿਦੇਸ਼ ਜਾਣਾ ਨਹੀਂ ਸੀ ਚਾਹੁੰਦੀ। ਉਸ ਦੱਸਿਆ ਕਿ ਜਦੋਂ ਵੀਜ਼ੇ ਲਈ ਉਹਨੂੰ ਅੰਬੈਂਸੀ ਲੈ ਕੇ ਗਏ ਤਾਂ ਉਹਨੇ ਅਫ਼ਸਰ ਨੂੰ ਆਖ਼ ਦਿੱਤਾ ਕਿ ਉਹ ਬਾਹਰ ਨਹੀਂ ਜਾਣਾ ਚਾਹੁੰਦੀ। ਕੁਦਰਤੀ ਉਸ ਦੀ ਇਹ ਮੁਰਾਦ ਪੂਰੀ ਹੋ ਗਈ, ਉਸ ਦਾ ਵੀਜ਼ਾ ਨਾ ਲੱਗਿਆ। ਉਹਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਰੋਪੜ ਭੱਠਾ ਸਾਹਿਬ ਗੁਰਦੁਆਰੇ ਜਾ ਕੇ ਦੇਗ ਕਰਵਾਈ। ਅਸੀਂ ਬਥੇਰਾ ਕਿਹਾ ਕਿ ਬਹਾਨੇ ਨਾਲ ਵਿਦੇਸ਼ ਘੁੰਮ ਆਉਣਾ ਸੀ ਤੇ ਆਪਣੇ ਪੋਤੇ ਪੋਤੀਆਂ ਨੂੰ ਮਿਲ ਆਉਣਾ ਸੀ ਪਰ ਉਹ ਆਖਣ ਲੱਗੀ, ‘ਤੁਸੀਂ ਕਿਹੜਾ ਬੇਗਾਨੇ ਹੋ’। ਉਹ ਆਖਦੀ, ਜਦ ਸਾਰੀ ਉਮਰ ਇਕੱਲੀ ਨੇ ਕੱਢ ਦਿੱਤੀ, ਹੁਣ ਬਾਹਰ ਜਾ ਕੇ ਕੀ ਲੈਣਾ! ਉਹ ਵਿਹਲੇ ਸਮੇਂ ਰੇਡੀਓ ਸੁਣੀ ਜਾਂਦੀ। ਉਸ ਦੀ ਉਮਰ 95 ਸਾਲਾਂ ਦੀ ਹੋ ਗਈ ਸੀ। ਦੋ ਕੁ ਸਾਲ ਪਹਿਲਾਂ ਪੈਰ ਤਿਲਕਣ ਕਾਰਨ ਉਸ ਦਾ ਚੂਲ੍ਹਾ ਟੁੱਟ ਗਿਆ ਅਤੇ ਤੁਰਨ-ਫਿਰਨ ਤੋਂ ਮੁਥਾਜ ਹੋ ਗਈ। ਆਪਣੀ ਨੂੰਹ ਦੀ ਸਹੇਲੀ ਤੇ ਪੁੱਤਰ ਦੀ ਬਣੀ ਭੈਣ ਦੇ ਘਰ ਉਹ ਕਾਫ਼ੀ ਦੇਰ ਰਹੀ। ਉਸ ਦੇ ਪੁੱਤਰ ਤੇ ਨੂੰਹ ਜਦੋਂ ਇੱਥੇ ਆਏ ਤਾਂ ਉਹ ਬੀਜੀ ਨੂੰ ਘਰ ਲੈ ਆਏ। ਅਸੀਂ ਦੋਵੇਂ ਜੀਅ ਉਹਨੂੰ ਮਿਲਣ ਗਏ। ਸਾਨੂੰ ਦੇਖ ਕੇ ਉਹਨੇ ਅੱਖਾਂ ਭਰ ਲਈਆਂ ਤੇ ਘੁੱਟ ਕੇ ਸੀਨੇ ਲਾ ਲਿਆ, ਸਾਰੇ ਪਰਿਵਾਰ ਦੀ ਸੁੱਖ ਸਾਂਦ ਪੁੱਛੀ। ਉਹ ਸਾਡੇ ਕੋਲ ਰਹਿਣਾ ਚਾਹੁੰਦੀ ਸੀ ਪਰ ਉਸ ਦੇ ਪੁੱਤਰ ਨੂੰਹ ਨਾ ਮੰਨੇ।
ਪਿਛਲੀਆਂ ਗੱਲਾਂ ਯਾਦ ਕਰ ਕੇ ਆਪਣੀ ਭੈਣ ਵੱਲ ਦੇਖਿਆ ਤਾਂ ਉਸ ਦੀਆਂ ਅੱਖਾਂ ਨਮ ਸਨ। ਅਸੀਂ ਦੋਵੇਂ ਭੈਣ ਭਰਾ ਆਪਣੀ ਮਾਂ ਦੀ ਮੌਤ ਤੋਂ ਬਾਅਦ ਵਾਲੇ ਦਿਨਾਂ ਨੂੰ ਯਾਦ ਕਰਨ ਲੱਗੇ। ਕਈ ਵਾਰ ਸੋਚਦਾ ਹਾਂ, ਬੀਜੀ ਨੇ ਸਾਰੀ ਉਮਰ ਇਕੱਲਿਆਂ ਕੱਢ ਦਿੱਤੀ, ਤੇ ਮੌਤ ਵੇਲੇ ਕਰੋਨਾ ਕਾਰਨ ਉਸ ਦੇ ਪੁੱਤਰ ਨੂੰਹ ਤੇ ਪੋਤੇ ਪੋਤਰੀਆਂ ਵਿਦੇਸ਼ੋਂ ਨਾ ਆ ਸਕੇ। ਹੁਣ ਜਦੋਂ ਕਦੇ ਘਰ ਵਿਚ ਇਕੱਲਾ ਰਹਿਣਾ ਪੈ ਜਾਂਦਾ ਹੈ ਤਾਂ ਬੀਜੀ ਦੀ ਜੀਵਨ ਕਹਾਣੀ ਯਾਦ ਕਰ ਕੇ ਇਕਾਂਤ ਸੁਖਾਂਤ ਵਿਚ ਬਦਲਿਆ ਪ੍ਰਤੀਤ ਹੁੰਦਾ ਹੈ।
ਸੰਪਰਕ: 98152-33232