ਅਤਰਜੀਤ
ਮਹੀਨਾ ਤਿੱਥ ਵਾਰ ਤਾਂ ਯਾਦ ਨਹੀਂ, ਪਿੰਡ ਗਏ ਨੂੰ ਮੈਨੂੰ ਪਤਾ ਲੱਗਿਆ ਕਿ ਭਾਈ ਜੀ ਦੀ ਮਸ਼ੀਨ ਤੇ ਅਜਾਇਬ ਦਾ ਕਤਲ ਕਰ ਦਿੱਤਾ ਗਿਆ ਹੈ। ਕੜੀ ਵਰਗਾ ਜੁਆਨ, ਤੇੜ ਚਿੱਟਾ ਚਾਦਰਾ, ਨੇੜੇ ਡਿੱਗਿਆ ਪਿਆ ਰਿਵਾਲਵਰ ਤੇ ਖਿੱਲਰੀਆਂ ਪਈਆਂ ਗੋਲ਼ੀਆਂ। ਗਿੱਚੀ ਜਭਾੜਿਆਂ ਤੱਕ ਵੱਢੀ ਹੋਈ। ਉਹ ਮੂਧੇ ਮੂੰਹ ਪਿਆ ਸੀ। ਮੈਂ ਆਪਣੀ ਭੁੱਬ ਮਸਾਂ ਰੋਕੀ। ਮੁਗਧਰ ਵਰਗੀ ਦੇਹ, ਕੜੀ ਵਰਗਾ ਲੰਮਾ ਲੰਞਾ ਗੱਭਰੂ। ਪਿੰਡ ਦੇ ਧਰਮੀ ਲੇਖਕ ਦੇ ਕਾਰਖਾਨੇ ਦੇ ਖੁੱਲ੍ਹੇ ਅੰਙਣ ਨੂੰ ਖੂਨ ਦੇ ਛੱਪੜ ਵਿਚ ਡੁੱਬਿਆ ਅਜਾਇਬ ਕਾਲਖ ਪੋਚ ਗਿਆ ਸੀ।
ਅਜਾਇਬ ਮੇਰੇ ਵਾਸਤੇ ਬਹੁਤ ਵੱਡਾ ਦਰਦ ਛੱਡ ਗਿਆ ਸੀ। ਅੱਧੀ ਛੁੱਟੀ ਮੌਕੇ ਅਸੀਂ ਹਰ ਰੋਜ਼ ਇਕੱਠੇ ਬੈਠ ਕੇ ਰੋਟੀ ਖਾਂਦੇ ਹੁੰਦੇ ਸਾਂ। ਉਹਦੇ ਕੋਲ਼ ਹਮੇਸ਼ਾ ਲੁਗ ਲੁਗ ਕਰਦੀ ਚੂਰੀ ਹੁੰਦੀ ਅਤੇ ਮੇਰੇ ਕੋਲ਼ ਰੁੱਖੀਆਂ ਰੋਟੀਆਂ। ਇੱਕ ਦਿਨ ਮੈਂ ਆਪਣੀ ਬੇਬੇ ਨੂੰ ਕਿਹਾ- “ਬੇਬੇ, ਅਜਾਇਬ ਮੇਰੇ ਕੋਲ਼ ਬੈਠਾ ਜਦੋਂ ਚੂਰੀ ਖਾ ਰਿਹਾ ਹੁੰਦਾ, ਮੇਰੇ ਕਾਲਜੇ ਨੂੰ ਕੁਛ ਕੁਛ ਹੋਣ ਲੱਗ ਪੈਂਦਾ।”
ਬੇਬੇ ਨੇ ਗੱਲ ਸੁਣ ਕੇ ਮੇਰੇ ਵੱਲ ਦੇਖਿਆ। ਉਸ ਦੀਆਂ ਨਿਗਾਹਾਂ ਵਿਚਲੀ ਬੇਵਸੀ ਦੀ ਮੈਂ ਕੋਈ ਥਾਹ ਨਾ ਪਾ ਸਕਿਆ। ਨੀਵੀਂ ਪਾ ਕੇ ਬੱਸ ਚੁੱਪ ਕਰ ਰਿਹਾ। ਫਿਰ ਪਤਾ ਨਹੀਂ ਬੇਬੇ ਨੇ ਕਿੱਥੋਂ ਦੋ ਚਮਚੇ ਘਿਉ ਦਾ ਪ੍ਰਬੰਧ ਕੀਤਾ ਹੋਣਾ, ਉਹੀ ਜਾਣੇ; ਅਗਲੇ ਦਿਨ ਉਹਨੇ ਮੇਰੇ ਵਾਸਤੇ ਚੂਰੀ ਕੁੱਟ ਕੇ ਰੋਟੀ ਵਿਚ ਵਲ੍ਹੇਟ ਕੇ ਪੋਣੇ ਦੇ ਲੜ ਬੰਨ੍ਹ ਦਿੱਤੀ ਸੀ।
ਆਖ਼ਿਰ ਉਹ ਮਾਂ ਸੀ! ਤੇ ਉਸ ਦੇ ਢਿੱਡੋਂ ਜਾਏ ਨੇ ਚੂਰੀ ਦੀ ਮੰਗ ਕੀਤੀ ਸੀ।
ਅੱਧੀ ਛੁੱਟੀ ਮੌਕੇ ਅਸੀਂ ਕੋਲ਼ ਕੋਲ਼ ਬੈਠਿਆਂ ਆਪੋ-ਆਪਣੀ ਚੂਰੀ ਕੱਢੀ। ਮਾਂ ਨੇ ਗੁੜ ਕੁੱਟ ਕੇ ਥੋੜ੍ਹੇ ਜਿਹੇ ਘਿਉ ਦੀ ਚੂਰੀ ਰੋਨੀ ਵਿਚ ਵਲ੍ਹੇਟ ਕੇ ਦਿੱਤੀ ਸੀ। ਅਜਾਇਬ ਕੋਲ਼ ਦੋ ਪਤਲੀਆਂ ਰੋਟੀਆਂ ਦੇ ਸੰਨ੍ਹ ਵਿਚ ਦੇਸੀ ਘਿਉ ਅਤੇ ਬੂਰਾ ਖੰਡ ਵਿਚ ਗੁੰਨ੍ਹੀ, ਉਹੀ ਲੁਗ ਲੁੁਗ ਕਰਦੀ ਚੂਰੀ ਸੀ। ਮੇਰੇ ਕੋਲ਼ੋਂ ਸਖ਼ਤ ਹੋਇਆ ਚੂਰੀ ਦਾ ਪਿੰਨਾ ਟੁੱਟ ਨਹੀਂ ਸੀ ਰਿਹਾ ਤੇ ਉਹ ਕੜਾਹ ਤੋੜਨ ਵਾਂਗ ਪਿੰਨੇ ਨਾਲ਼ੋਂ ਗਰਾਹੀ ਤੋੜ ਲੈਂਦਾ ਸੀ। ਮੈਂ ਸਖ਼ਤ ਪਿੰਨੇ ਦੇ ਇੱਕ ਪਾਸੇ ਦੰਦ ਖੋਭੇ ਹੀ ਸਨ ਕਿ ਉਸ ਨੇ ਮੇਰੇ ਵਾਲ਼ੀ ਚੂਰੀ ਝਪਟ ਲਈ। ਮੇਰੀ ਜੂਠੀ ਚੂਰੀ ਗੋਡੇ ਤੇ ਰੱਖ ਕੇ ਜ਼ੋਰ ਦੀ ਮੁੱਕੀ ਮਾਰ ਕੇ ਪਿੰਨੀ ਤੋੜ ਦਿੱਤੀ। ਅੱਧੀ ਆਪ ਰੱਖ ਕੇ ਮੈਨੂੰ ਆਪਣੇ ਵਾਲ਼ੀ ਵਿਚੋਂ ਅੱਧੀ ਦੇ ਦਿੱਤੀ। ਮੇਰੀਆਂ ਅੱਖਾਂ ਛਲਕ ਉਠੀਆਂ ਜਿਵੇਂ ਜਿਗਰ ਹੀ ਅੱਖਾਂ ਵਿਚ ਉੱਤਰ ਆਇਆ ਹੋਵੇ।
ਉਹ ਦਿਨ ਹੱਦ, ਅਸੀਂ ਹਰ ਰੋਜ਼ ਇਕੱਠੇ ਹੀ ਚੂਰੀ ਖਾਂਦੇ, ਅੱਧੋ-ਅੱਧ ਵੰਡ ਕੇ। ਸਾਡੀ ਇਹ ਦੋਸਤੀ ਉਨ੍ਹਾਂ ਦੇ ਪਰਿਵਾਰ ਤੱਕ ਫੈਲ ਗਈ ਸੀ; ਖ਼ਾਸਕਰ ਉਸ ਦੇ ਚਾਚੇ ਗੁਰਦਿੱਤ ਸਿੰਘ ਨਾਲ਼ ਤਾਂ ਮੇਰੀ ਗੂੜ੍ਹੀ ਮਿਤੱਰਤਾ ਬਣ ਗਈ ਸੀ। ਉਮਰ ਦਾ ਇੰਨਾ ਫ਼ਰਕ ਹੋਣ ਦੇ ਬਾਵਜੂਦ ਅਸੀਂ ਦੋਸਤ ਸਾਂ। ਮੈਂ ਉਨ੍ਹਾਂ ਦੇ ਘਰ ਆਪਣਿਆਂ ਵਾਂਗ ਖਾ ਪੀ ਸਕਦਾ ਸਾਂ। ਇਹ ਉਹ ਦਿਨ ਸਨ ਜਦੋਂ ਜੱਟੀਆਂ ਕਿਸੇ ਅਛੂਤ ਦਾ ਛੁਹਿਆ ਅਤੇ ਮਾਂਜ ਸੰਵਾਰ ਕੇ ਰੱਖਿਆ ਭਾਂਡਾ ਪਹਿਲਾਂ ਡੱਕੇ ਨਾਲ਼ ਘੜੀਸ ਕੇ ਅੱਗ ਵਿਚ ਸੁੱਟਦੀਆਂ ਸਨ, ਤੇ ਫਿਰ ਦੁਬਾਰਾ ਮਾਂਜ ਕੇ ਬਰਤਣਾਂ ਵਿਚ ਸ਼ਾਮਿਲ ਕਰਦੀਆਂ ਸਨ।
ਬਹੁਤ ਵਾਰ ਛੁੱਟੀ ਵਾਲ਼ੇ ਦਿਨ ਚਾਚਾ ਗੁਰਦਿੱਤ ਮੈਨੂੰ ਘਰੋਂ ਵੀ ਲੈਣ ਆ ਜਾਂਦਾ। ਅਸੀਂ ਉਨ੍ਹਾਂ ਦੇ ਖੇਤ ਜਾ ਕੇ ਕੁੜੀਆਂ ਨਾਲ਼ ਕਪਾਹ ਨਰਮਾ ਚੁਗਾਉਣ ਜਾ ਲੱਗਦੇ। ਅਜਾਇਬ ਦੀਆਂ ਦੋ ਭੈਣਾਂ ਸਨ। ਤੀਜੀ ਭੈਣ ਭੂਆ ਦੀ ਕੁੜੀ ਸੀ। ਭੂਆ ਵਿਧਵਾ ਹੋ ਜਾਣ ਬਾਅਦ ਪੇਕੇ ਘਰ ਹੀ ਰਹਿੰਦੀ ਸੀ। ਇੱਕ ਹੱਥ ਨਾਲ਼ ਫੁੱਟੀਆਂ ਫੜਦੇ ਤੇ ਦੂਜੇ ਹੱਥ ਤੇ ਰੱਖਦਿਆਂ ਵੱਡਾ ਰੁੱਗ ਗਲ਼ ਤੱਕ ਆ ਜਾਣਾ ਤਾਂ ਤਿੰਨਾਂ ਕੁੜੀਆਂ ਨੇ ਰੁੱਗ ਲੈਣ ਵਾਸਤੇ ਸਾਡੇ ਤੇ ਝਪੱਟਾ ਮਾਰਨਾ- “ਬਾਈ ਮੈਨੂੰ। ਵੀਰੇ ਮੈਨੂੰ।” ਬੜਾ ਚੰਗਾ ਲੱਗਣਾ ਆਪਣਿਆਂ ਵਰਗਾ ਇਹ ਰਿਸ਼ਤਾ। ਸਕੀਆਂ ਭੈਣਾਂ ਹੀ ਲੱਗਣੀਆਂ।
ਭਾਈ ਜੀ ਦੇ ਇਸ ਪਰਿਵਾਰ ਨਾਲ਼ ਕੜੀ ਜੋੜਨ ਵਾਲ਼ਾ ਮੇਰਾ ਹਮਜਮਾਤੀ ਅਜਾਇਬ ਸੀ ਜੋ ਪਹਿਲੀ ਤੋਂ ਦਸਵੀਂ ਤੱਕ ਮੇਰੇ ਨਾਲ਼ ਪੜ੍ਹਿਆ ਸੀ।… ਫਿਰ ਪਤਾ ਲੱਗਿਆ ਕਿ ਅਜਾਇਬ ਆਪਣੇ ਤਾਏ ਭਾਈ ਜੀ ਨੂੰ ਕਤਲ ਕਰਨ ਲਈ ਛਟਪਟਾਉਂਦਾ ਫਿਰਦਾ ਸੀ। ਲੋਕਾਂ ਵਿਚ ਭਾਈ ਜੀ ਦੇ ਕਿਰਦਾਰ ਬਾਰੇ ਅਜੀਬ ਕਿਸਮ ਦੀ ਚਰਚਾ ਛਿੜੀ ਹੋਈ ਸੀ। ਉਸ ਦਿਨ ਅਜਾਇਬ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਕਿਧਰੋਂ ਛੇ ਗੋਲ਼ੀ ਦਾ ਲਿਆਂਦਾ ਰਿਵਾਲਵਰ, ਚਾਦਰਾ ਬੰਨ੍ਹ ਕੇ ਡੱਬ ਵਿਚ ਟੰਗਿਆ ਹੋਇਆ ਸੀ। ਉਸ ਨੂੰ ਭੁਲੇਖਾ ਸੀ ਕਿ ਉਸ ਦਾ ਤਾਇਆ ਖੇਤ ਚੁਬਾਰੇ ਵਿਚ ਹੀ ਹੋਵੇਗਾ ਪਰ ਉਹ ਤਾਂ ਪਿੰਡ ਦੀ ਆਪਣੀ ਤਿੰਨ ਮੰਜ਼ਲੀ ਹਵੇਲੀ ਦੇ ਉਪਰਲੇ ਚੁਬਾਰੇ ਵਿਚ ਦੁਬਕਿਆ ਹੋਇਆ ਸੀ।
… ਤੇ ਭਾਈ ਜੀ ਦੇ ਲੜਕੇ, ਰਿਸ਼ਤੇਦਾਰੀ ਵਿਚੋਂ ਇਕ ਸ਼ਖਸ ਅਤੇ ਕਾਰਖਾਨੇ ਦੇ ਕਰਿੰਦੇ ਨੇ ਸ਼ਹਿ ਲਾ ਕੇ ਅਜਾਇਬ ਨੂੰ ਦਬੋਚ ਲਿਆ। ਉਸ ਦੇ ਕਤਲ ਦੀ ਖ਼ਬਰ ਸੁਣ ਕੇ ਮੇਰੇ ਅੰਦਰੋਂ ਬਹੁਤ ਕੁਝ ਤੜੱਕ ਤੜੱਕ ਕਰਕੇ ਟੁੱਟ ਗਿਆ। ਸਸਕਾਰ ਮੌਕੇ ਗੰਡਾਸੇ ਦੇ ਟੱਕ ਨਾਲ਼ ਗਿੱਚੀ ਵਿਚ ਪਿਆ ਮੋਘ ਦੇਖ ਕੇ ਛਲਕਦੇ ਹੰਝੂ ਮੈਂ ਰੋਕ ਨਾ ਸਕਿਆ।
ਅਜਾਇਬ ਦੇ ਘਰਦਿਆਂ ਅਤੇ ਹਮਦਰਦਾਂ ਨੇ ਭਾਈ ਜੀ ਦੀ ਕੋਠੀ ਨੂੰ ਚਾਰੇ ਪਾਸਿਉਂ ਘੇਰਾ ਪਾ ਲਿਆ। ਮੈਂ ਉਦੋਂ ਅਜੇ ਸਿਆਸਤ ਵਿਚ ਪੈਰ ਰੱਖਿਆ ਹੀ ਸੀ। ਗਰੁੱਪ ਵੱਲੋਂ ਮੈਨੂੰ ਆਖਿਆ ਗਿਆ ਕਿ ਭਾਈ ਜੀ ਦੇ ਪਰਿਵਾਰ ਦੀ ਮਦਦ ਕਰਨੀ ਹੈ। ਇਸ ਹੁਕਮ ਤਹਿਤ ਮੈਂ ਆਪਣੀ ਦੋਸਤੀ ਵਾਲ਼ਾ ਵਰਕਾ ਉਲੱਦ ਕੇ ਭਾਈ ਜੀ ਦੀ ਕੋਠੀ ਚਲਾ ਗਿਆ। ਭਾਈ ਜੀ ਨੂੰ ਇਸ ਘੇਰੇ ਵਿਚੋਂ ਕੱਢਣ ਲਈ, ਡੱਬ ਵਿਚ ਰਿਵਾਲਵਰ ਤੇ ਹੱਥ ਵਿਚ ਸਾਢੇ ਤਿੰਨ ਫੁੱਟੀ ਸ੍ਰੀ ਸਾਹਿਬ ਲੈ ਕੇ ਇਕ ਦਿਨ ਮੈਂ ਭਾਈ ਜੀ ਨੂੰ ਮੂੰਹ ਹਨੇਰੇ ਪਿੰਡੋਂ ਕੱਢ ਕੇ ਉਸ ਦੀ ਭੈਣ ਦੇ ਘਰ ਛੱਡ ਆਇਆ।
ਭਾਈ ਜੀ ਦੇ ਕਿਰਦਾਰ ਬਾਰੇ ਜਾਣਕਾਰੀ ਮਿਲਣ ਪਿੱਛੋਂ ਅਤੇ ਉਸ ਦੀ ਸਹੀ ਪਛਾਣ ਨਾ ਕਰ ਸਕਣ ਕਰਕੇ ਮੈਂ ਪਛਤਾਵੇ ਦੀ ਭੱਠੀ ਵਿਚ ਸੜਦਾ ਰਿਹਾ। ਫਿਰ ਭਾਈ ਜੀ ਦੇ ਭੋਗ ਮੌਕੇ ਉਸੇ ਫਰਜ਼ੰਦ ਜਿਹੜਾ ਅਜਾਇਬ ਦੇ ਕਤਲ ਵਿਚ ਸ਼ਾਮਿਲ ਸੀ, ਦੇ ਕਹੇ ਸ਼ਬਦ ਜਦੋਂ ਮੇਰੇ ਕੰਨਾਂ ਤੱਕ ਅੱਪੜੇ ਤਾਂ ਕਿਤੇ ਜਾ ਕੇ ਥੋੜ੍ਹਾ ਸਕੂਨ ਮਿਲਿਆ। ਫਰਜ਼ੰਦ ਨੇ ਲੰਮੇ ਹੋ ਰਹੇ ਸ਼ਰਧਾਂਜਲੀ ਸਮਾਗਮ ਵੇਲੇ ਕਹਿ ਦਿੱਤਾ ਸੀ- ‘ਕਿਉਂ ਲਮਕਾਈ ਜਾਨੇ ਓਂ ਪ੍ਰੋਗਰਾਮ, ਕਿਹੜੀਆਂ ਸ਼ਰਧਾਂਜਲੀਆਂ! ਕੋਈ ਚੱਜ ਦਾ ਕੰਮ ਵੀ ਕੀਤਾ ਹੋਵੇ! ਨਬਿੇੜੋ ਕੰਮ, ਦੂਜੇ ਭੋਗ ਵੀ ਸਾਰਿਆਂ ਨੇ ਜਾਣੈ’।
ਅੱਧੋ-ਅੱਧ ਕਰਕੇ ਚੂਰੀ ਖਾਂਦਾ ਅਜਾਇਬ ਅੱਜ ਵੀ ਅੱਖਾਂ ਤੋਂ ਲਾਂਭੇ ਨਹੀਂ ਹੋ ਰਿਹਾ।
ਸੰਪਰਕ: 94175-81936