ਗੁਰਦਿਆਲ ਦਲਾਲ
ਡੇਅਰੀ ਤੋਂ ਦੁੱਧ ਲਿਆਉਣ ਲਈ ਪਹਿਲਾਂ ਵਾਂਗ ਪੈਦਲ ਜਾਣ ਲੱਗਿਆਂ ਪਤਨੀ ਨੂੰ ਕਿਹਾ, “ਜੇ ਟਾਈਮ ਏ ਤੇਰੇ ਕੋਲ਼, ਸਕੂਟਰੀ ਤੇ ਨਾਲ਼ ਚੱਲ, ਮੰਡੀ ਤੋਂ ਸਾਗ ਹੀ ਲੈ ਆਈਏ।”
“ਨਹੀਂ,ਰਹਿਣ ਦਿਓ ਸਾਗ ਨੂੰ। ਸਾਗ ਵਿਚ ਹੀ ਸਾਰਾ ਦਿਨ ਲੰਘ ਜਾਂਦਾ ਏ।” ਉਹ ਬੋਲੀ। ਆਪਣੇ ਸੁਭਾਅ ਮੁਤਾਬਕ ਮੈਂ ਚੁੱਪ ਕਰ ਗਿਆ ਪਰ ਆਪਣੇ ਆਪ ਨੂੰ ਠੀਕ ਠਹਿਰਾਉਣ ਲਈ ਉਹ ਬੋਲਦੀ ਗਈ, “ਘਟੀਆ ਸਾਗ ਆਉਂਦਾ ਏ ਮੰਡੀ ਵਿਚ… ਨਾਲ਼ੇ ਤੁਹਾਥੋਂ ਬਿਨਾ ਹੋਰ ਤਾਂ ਕੋਈ ਖਾਂਦਾ ਨਹੀਂ। ਬੱਚਿਆਂ ਵਾਸਤੇ ਅੱਡ ਕੁਛ ਧਰਨਾ ਪੈਂਦੈ। ਕਿਸੇ ਦਿਨ ਮੌਸਮ ਠੀਕ ਹੋਊ, ਧਰ …।”
“ਕੱਲ੍ਹ ਬਾਹਰਲਾ ਨਿੱਕ-ਸੁੱਕ ਖਾਣ ਕਰ ਕੇ ਮੈਨੂੰ ਕਬਜ਼ ਮਹਿਸੂਸ ਹੋ ਰਹੀ ਸੀ, ਤਾਂ ਕਹਿ ਬੈਠਾ। ਵਰਨਾ ਮੈਂ ਤਾਂ …।”
ਉਹ ਮੈਨੂੰ ਵਿਚੋਂ ਟੋਕਦੀ ਬੋਲੀ, “ਮੈਂ ਵੀ ਉਹੀ ਕੁਝ ਖਾਧੈ ਜੋ ਤੁਸੀਂ। ਮੈਨੂੰ ਤਾਂ ਹੋਈ ਨਹੀਂ ਕਬਜ਼।”
ਇਸ ਗੱਲ ਦਾ ਮੇਰੇ ਕੋਲ਼ ਕੋਈ ਜਵਾਬ ਨਹੀਂ ਸੀ। ਬੁੜ ਬੁੜ ਕਰਦਿਆਂ ਮੈਂ ਸਿਰ ਤੇ ਮਫ਼ਲਰ ਲਪੇਟਿਆ ਤੇ ਢੋਲੀ ਚੁੱਕ ਕੇ ਦੁੱਧ ਲੈਣ ਨਿਕਲ਼ ਗਿਆ। ਮੇਰੀ ਉਮਰ ਹੁਣ 76 ਸਾਲ ਦੀ ਹੋ ਚੁੱਕੀ ਹੈ ਤੇ ਪਤਨੀ ਦੀ 70 ਸਾਲ। ਉਸ ਨੂੰ ਇਹ ਵਹਿਮ ਹੈ ਕਿ ਮੈਨੂੰ ਹੁਣ ਕੁਝ ਪਤਾ ਨਹੀਂ ਲਗਦਾ, ਇਹ ਵੀ ਕਿ ਮੈਂ ਉਸ ਤੇ ਨਿਰਭਰ ਹੋ ਚੁੱਕਾ ਹਾਂ, ਭੁਲੱਕੜ ਹੋ ਗਿਆ ਹਾਂ। ਇਸ ਲਈ ਉਹ ਮੈਨੂੰ ਟੋਕਣ ਅਤੇ ਆਪਣਾ ਹੁਕਮ ਚਲਾਉਣੋਂ ਕਦੀ ਨਹੀਂ ਖੁੰਝਦੀ, “ਚਲੋ ਬਦਲੋ ਕੱਪੜੇ; ਕੱਲ੍ਹ ਨਹੀਂ, ਪਰਸੋਂ ਪਾਏ ਸੀ… ਨਹੀਂ, ਇਸ ਕਮੀਜ਼ ਨਾਲ਼ ਇਹ ਪੈਂਟ ਨਹੀਂ ਪਾਉਣੀ … ਆਹ ਕੀ? ਬੱਤੀ ਜਗਦੀ ਹੀ ਛੱਡ ਆਏ ਬਾਥਰੂਮ ਦੀ … ਭੇਜਿਆ ਸੀ ਪਿਆਜ ਟਮਾਟਰ ਲੈਣ ਲਈ, ਚੁੱਕ ਲਿਆਏ ਆਲੂ ਮਟਰ … ਸੁੱਟੋ ਇਹ ਲਾਲ ਪਗੜੀ, ਜਲੂਸ ਕੱਢਿਆ ਏ… ਸੁਆਦ ਆ ਗਿਆ ਹੁਣ ਬੇਜ਼ਤੀ ਕਰਵਾ ਕੇ? ਉਹ ਨਹੀਂ ਬੋਲਦਾ ਨਾ ਬੋਲੇ। ਕੱਕੜੀਆਂ ਲੈਣੀਆਂ ਨੇ ਤੁਸੀਂ ?… ਜਦ ਕੋਈ ਵਰਤਣਾ ਹੀ ਨਹੀਂ ਚਾਹੁੰਦਾ, ਮੁੜ ਮੁੜ ਉੱਤੇ ਡਿਗਦੇ ਫਿਰਦੇ ਹੋ। ਫੂਕਣੇ ਨੇ ਅਜਿਹੇ ਰਿਸ਼ਤੇਦਾਰ?”
ਆਸਟਰੇਲੀਆ ਵਿਚ ਹੁੰਦੇ ਹਾਂ ਤਾਂ ਉਹ ਘਰ ਦੇ ਸਾਰੇ ਕੰਮ ਸਾਂਭ ਕੇ ਧੀ ਜੁਆਈ ਅਤੇ ਬੱਚਿਆਂ ਨੂੰ ਵਿਹਲੇ ਕਰ ਦਿੰਦੀ ਹੈ। ਰਸੋਈ ਸਾਂਭਦੀ ਹੈ। ਕੱਪੜੇ ਧੋਂਦੀ ਹੈ। ਵਾਈਪਰ ਮਾਰਦੀ ਹੈ। ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਹੈ। ਇੰਡੀਆ ਵਿਚ ਹੁੰਦੇ ਹਾਂ ਤਾਂ ਐਥੇ ਵਾਲ਼ੇ ਘਰ ਦੇ ਵਾਸੀ ਸਭ ਕੰਮ ਛੱਡ ਕੇ ਉਸ ਦੇ ਆਸਰੇ ਸੁੱਖ ਦਾ ਸਾਹ ਲੈਣ ਲਗਦੇ ਹਨ। ਸਵੇਰੇ ਚਾਰ ਕੁ ਵਜੇ ਸ਼ੁਰੂ ਹੋ ਕੇ ਉਹ ਬਾਰਾਂ ਇੱਕ ਵਜੇ ਵਿਹਲੀ ਹੁੰਦੀ ਹੈ। ਫਿਰ ਬਾਣ ਦੀ ਘਰੋੜੀ ਮੰਜੀ ਤੇ ਬਿਨਾ ਸਿਰਹਾਣੇ ਤੋਂ ਟੇਢੀ ਹੋ ਕੇ ਅਖਬਾਰ ਪੜ੍ਹਦੀ, ਫੇਸਬੁੱਕ ਵ੍ਹੱਟਸਐਪ ਚਲਾਉਂਦੀ ਸੌਂ ਜਾਂਦੀ ਹੈ ਤੇ ਘੁਰਾੜੇ ਮਾਰਦੀ ਹੈ। ਉਸ ਵਕਤ ਉਹ ਮੈਨੂੰ ਬਹੁਤ ਚੰਗੀ ਅਤੇ ਪਿਆਰੀ ਲਗਦੀ ਹੈ। ਮੈਂ ਮਨ ਹੀ ਮਨ ਉਸ ਦਾ ਬੋਲਿਆ ਚਾਲਿਆ ਮੁਆਫ਼ ਕਰ ਦਿੰਦਾ ਹਾਂ। ਮੈਂ ਸਵੇਰੇ ਸ਼ਾਮ ਕੁਝ ਘੰਟਿਆਂ ਲਈ ਸੈਰ ਲਈ ਨਿਕਲਦਾ ਹਾਂ। ਤੁਸੀਂ ਹੈਰਾਨ ਹੋਵੋਗੇ ਕਿ ਉਹ ਕਦੀ ਵੀ ਮੇਰੇ ਨਾਲ਼ ਸੈਰ ਕਰਨ ਲਈ ਨਹੀਂ ਜਾਂਦੀ। ਜੇ ਕਦੀ ਕਹਿੰਦਾ ਹਾਂ ਤਾਂ ਬਹਾਨਾ ਮਾਰਦੀ ਹੈ ਕਿ ਉਸ ਦੇ ਗੋਡੇ ਦੁਖਦੇ ਹਨ। ਕੋਈ ਗੋਡੇ-ਗਾਡੇ ਨਹੀਂ ਦੁਖਦੇ ਉਸ ਦੇ। ਘਰ ਤਾਂ ਭੱਜੀ ਫਿਰਦੀ ਏ। ਛਲਾਂਗਾਂ ਮਾਰ ਮਾਰ ਪੌੜੀਆਂ ਚੜ੍ਹਦੀ ਉਤਰਦੀ ਏ। ਉਦੋਂ ਕਿੱਥੇ ਹੁੰਦੇ ਨੇ ਗੋਡੇ? ਵਾਲ਼ ਰੰਗਦੀ ਹੈ। ਹਫ਼ਤੇ ਮਗਰੋਂ ਪਾਰਲਰ ਵਾਲ਼ੀ ਤੋਂ ਆਈ-ਬਰੋ, ਫੇਸ਼ੀਅਲ, ਡੈਂਟਿੰਗ-ਪੈਂਟਿੰਗ ਤੇ ਹੋਰ ਪਤਾ ਨਹੀਂ ਕੀ ਕੀ ਸੁਆਹ ਖੇਹ ਕਰਵਾਉਂਦੀ ਹੈ। ਨਿੱਤ ਤੀਜੇ ਕੁ ਪਹਿਰ ਯੋਗ ਕਰਨ ਦੇ ਬਹਾਨੇ ਵਿਹਲੀਆਂ ਤੀਵੀਆਂ ਨਾਲ਼ ਗੱਪਾਂ ਮਾਰਨ ਲਈ ਨਿਕਲ਼ ਜਾਂਦੀ ਹੈ। ਖ਼ੁਦ ਨੂੰ ਮੈਥੋਂ ਤੀਹ-ਪੈਂਤੀ ਸਾਲ ਛੋਟੀ ਸਮਝਦੀ ਹੋਊ। ਨਾਲ਼ ਤੁਰਦੀ ਨੂੰ ਕੰਪਲੈਕਸ ਮਾਰਦਾ ਹੋਊ ਕਿ ਕੋਈ ਪੁੱਛ ਹੀ ਨਾ ਲਵੇ- ਇਹ ਬੁੱਢਾ ਕੌਣ ਏ?
ਖ਼ੈਰ! ਅੱਜ ਸੈਰ ਕਰ ਕੇ ਦੋ ਕੁ ਘੰਟੇ ਮਗਰੋਂ ਜਦੋਂ ਮੈਂ ਦੁੱਧ ਲੈ ਕੇ ਘਰ ਪਰਤਿਆ ਤਾਂ ਪਤਨੀ ਵਿਹੜੇ ਵਿਚ ਬੈਠੀ ਦਾਤੜੇ ਨਾਲ਼ ਸਰ੍ਹੋਂ ਦਾ ਸਾਗ ਚੀਰ-ਰਹੀ ਸੀ। ਮੇਥੇ, ਧਨੀਆ, ਬਾਥੂ, ਪਾਲਕ, ਹਰੀਆਂ ਮਿਰਚਾਂ ਆਦਿ ਸਭ ਮੇਰਾ ਮੂੰਹ ਚਿੜਾ ਰਹੇ ਸਨ। ਮੈਂ ਬਿਨਾ ਬੋਲੇ ਅੰਦਰ ਲੰਘ ਗਿਆ ਤੇ ਸੋਫ਼ੇ ਤੇ ਬੈਠ ਅਖ਼ਬਾਰ ਪੜ੍ਹਨ ਲੱਗ ਪਿਆ। ਉਸ ਦੇ ਸੁਭਾਅ ਬਾਰੇ ਮੈਨੂੰ ਪਤਾ ਹੀ ਸੀ ਕਿ ਜਦੋਂ ਮੈਂ ਕਦੀ ਉਸ ਨੂੰ ਕੋਈ ਕੰਮ ਕਹਿੰਦਾ ਤਾਂ ਉਹ ਪੁੱਠਾ ਜਿਹਾ ਜਵਾਬ ਦੇ ਦਿੰਦੀ ਤੇ ਮੈਂ ਚੁੱਪ ਕਰ ਜਾਂਦਾ, ਫਿਰ ਉਹ ਉਹੀ ਕੰਮ ਪਹਿਲ ਦੇ ਆਧਾਰ ਤੇ ਜ਼ਰੂਰ ਕਰਦੀ। ਉਹ ਮੰਡੀ ਤੋਂ ਇਹ ਸਭ ਕੁਝ ਆਪਣੇ ਫਰਜ਼ੰਦ ਨਾਲ਼ ਮੋਟਰ ਸਾਇਕਲ ਤੇ ਜਾ ਕੇ ਲੈ ਆਈ ਹੋਵੇਗੀ। ਛੇਤੀ ਹੀ ਉਹ ਦੁੱਧ ਦਾ ਗਿਲਾਸ ਚੁੱਕੀ ਮੇਰੇ ਲਾਗੇ ਆ ਖੜ੍ਹੀ ਹੋਈ ਤੇ ਤ੍ਰਿਫ਼ਲ਼ੇ ਦਾ ਭਰਿਆ ਚਮਚਾ ਮੇਰੇ ਮੂੰਹ ਕੋਲ਼ ਨੂੰ ਕਰਦੀ ਹੱਸਦੀ ਬੋਲੀ, “ਅੱਡੋ ਮੂੰਹ। ਦਸ ਮਿੰਟਾਂ ਚ ਤੁਹਾਡਾ ਪੇਟ ਨੌ-ਬਰ-ਨੌ ਹੋਜੂ।”
ਮੈਂ ਹੱਥ ਨਾਲ਼ ਸਭ ਕੁਝ ਪਰ੍ਹੇ ਧੱਕ ਦਿੱਤਾ ਤੇ ਕਿਹਾ, “ਲੈ ਜਾ ਲੈ ਜਾ, ਤੇਰੇ ਇਹ ਨਾਟਕ ਮੈਨੂੰ ਪਸੰਦ ਨਹੀਂ। ਬਹੁਤੇ ਚਲਿੱਤਰ ਕਰਨ ਦੀ ਲੋੜ ਨਹੀਂ ਮੇਰੇ ਨਾਲ਼।”
ਗਲਾਸ ਅਤੇ ਚਮਚਾ ਟੇਬਲ ਤੇ ਧਰ ਕੇ ਉਹ ਅੰਦਰ ਗਈ ਤੇ ਆਪਣਾ ਆਈ-ਫੋਨ ਚੁੱਕ ਲਿਆਈ। ਵ੍ਹੱਟਸਐਪ ਤੇ ਰਾਤ ਵਾਲ਼ੀ ਉਹੀ ਵੀਡੀਓ ਚਲਾ ਕੇ ਮੇਜ਼ ਤੇ ਰੱਖ ਗਈ ਜਿਹੜੀ ਉਸ ਨੇ ਮੈਨੂੰ ਭੇਜੀ ਸੀ। ਉਸ ਵੀਡੀਓ ਵਿਚ ਪਤੀ-ਪਤਨੀ ਦੇ ਪ੍ਰੇਮ ਦੀਆਂ ਬਹੁਤ ਸ਼ਾਨਦਾਰ ਗੱਲਾਂ ਸਨ ਤੇ ਨਤੀਜਾ ਕੱਢਿਆ ਗਿਆ ਸੀ ਕਿ ਬੁਢਾਪੇ ਵਿਚ ਸਭ ਤੋਂ ਪਿਆਰਾ ਅਤੇ ਨੇੜਲਾ ਰਿਸ਼ਤਾ ਪਤੀ-ਪਤਨੀ ਦਾ ਹੀ ਹੁੰਦਾ ਹੈ, ਬਾਕੀ ਸਭ ਰਿਸ਼ਤੇ ਗਰਜ ਦੇ ਹਨ।
ਸੰਪਰਕ: 98141-85363