ਦੇਵੇਂਦਰ ਪਾਲ
ਕਰੋਨਾ ਵਰਗੀ ਨਾਮੁਰਾਦ ਬਿਮਾਰੀ ਅਤੇ ਮੈਡੀਕਲ ਸਹੂਲਤਾਂ ਦੀ ਜ਼ਬਰਦਸਤ ਘਾਟ ਕਰ ਕੇ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਕੁਝ ਦਿਨਾਂ ਵਿਚ ਬਹੁਤ ਤੇਜ਼ੀ ਨਾਲ ਜਿਨ੍ਹਾਂ ਇਨਸਾਨਾਂ ਨੇ ਆਪਣੀ ਜਾਨ ਗਵਾਈ ਹੈ, ਉਨ੍ਹਾਂ ਵਿਚੋਂ ਰਮੇਸ਼ ਉਪਾਧਿਆਇ (1 ਮਾਰਚ 1942 – 24 ਅਪਰੈਲ 2021) ਵੀ ਇੱਕ ਸੀ। ਹਿੰਦੀ ਦੇ ਪ੍ਰਸਿੱਧ ਲੇਖਕਾਂ ਵਿਚੋਂ ਇੱਕ ਰਮੇਸ਼ ਉਪਾਧਿਆਇ ਬਹੁਤ ਪਿਆਰਾ ਦੋਸਤ ਸੀ। ਉਹ ਸਭ ਦਾ ਦੋਸਤ ਸੀ, ਆਪਣੇ ਬੱਚਿਆਂ ਦਾ ਵੀ ਤੇ ਆਪਣੇ ਵਿਦਿਆਰਥੀਆਂ ਦਾ ਵੀ। ਇੱਕ ਅਜਿਹਾ ਇਨਸਾਨ ਜਿਸ ਦੀ ਤਾਰੀਫ ਲੋਕ ਉਸ ਦੀ ਪਿੱਠ ਪਿੱਛੇ ਵੀ ਕਰਦੇ ਸਨ। ਜਦੋਂ ਮਿਲਦਾ, ਖਿੜੇ ਮੱਥੇ ਜੱਫੀ ਪਾ ਕੇ ਇੰਜ ਮਿਲਦਾ ਜਿਵੇਂ ਕੋਈ ਖਜ਼ਾਨਾ ਮਿਲ ਗਿਆ ਹੋਵੇ। ਜਿਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਅਤਿਵਾਦੀ ਹਿੰਸਾ ਜ਼ੋਰਾਂ ਤੇ ਸੀ, ਰਿਪੋਰਟਿੰਗ ਲਈ ਮੈਨੂੰ ਪੰਜਾਬ ਗਏ ਨੂੰ ਉਹ ਉਡੀਕਦਾ ਤੇ ਫਿਕਰਮੰਦ ਰਹਿੰਦਾ। ਜਜ਼ਬਿਆਂ ਤੋਂ ਸੰਗੀਤ ਪੈਦਾ ਹੁੰਦਾ ਹੈ ਤੇ ਸੰਗੀਤ ਹਰ ਕੋਈ ਪਸੰਦ ਕਰਦਾ ਹੈ। ਮੈਨੂੰ ਵੀ ਉਹ ਬਹੁਤ ਪਿਆਰਾ ਸੀ। ਅਜਿਹਾ ਬੰਦਾ ਛੱਡ ਕੇ ਚਲਾ ਜਾਏ ਤਾਂ ਯਾਦਾਂ ਹੀ ਸਹਾਰਾ ਰਹਿ ਜਾਂਦੀਆਂ ਹਨ।
ਪਹਿਲੀ ਮਾਰਚ 1942 ਨੂੰ ਜਨਮੇ ਰਮੇਸ਼ ਉਪਾਧਿਆਇ ਕਿਸੇ ਰੱਜੇ ਪੁੱਜੇ ਘਰਾਣੇ ਵਿਚ ਨਹੀਂ ਸੀ ਜੰਮਿਆ। ਆਪਣੇ ਸ਼ੁਰੂਆਤੀ ਦਿਨਾਂ ਵਿਚ ਉਹਨੇ ਬਹੁਤ ਮਿਹਨਤ ਮੁਸ਼ੱਕਤ ਕੀਤੀ ਪਰ ਆਪਣੀ ਗੁਰਬਤ ਨੂੰ ਕਦੀ ਵਡਿਆਇਆ ਨਹੀਂ। ਛੋਟੀ ਜਿਹੀ ਪ੍ਰਿੰਟਿੰਗ ਪ੍ਰੈਸ ਤੇ ਕੰਪੋਜੀਟਰ ਦਾ ਕੰਮ ਕਰਦੇ ਹੋਏ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖੀ ਤੇ ਉੱਚੀ ਸਿਖਿਆ ਹਾਸਿਲ ਕਰ ਕੇ ਅਖੀਰ ਦਿੱਲੀ ਯੂਨੀਵਰਸਿਟੀ ਦੇ ਵੋਕੇਸ਼ਨਲ ਸੱਟਡੀਜ਼ ਕਾਲਜ ਵਿਚ ਲੈਕਚਰਾਰ ਲੱਗ ਗਏ।
ਰਮੇਸ਼ ਉਪਾਧਿਆਇ ਦੀਆਂ ਲਿਖਤਾਂ ਹਮੇਸ਼ਾ ਚਰਚਾ ਵਿਚ ਰਹੀਆਂ। ਜਦੋਂ ਕਮਲੇਸ਼ਵਰ ‘ਸਾਰਿਕਾ’ ਦੇ ਸੰਪਾਦਕ ਹੁੰਦੇ ਸਨ, ਉਹਦੀਆਂ ਕਹਾਣੀਆਂ ‘ਸਾਰਿਕਾ’ ਵਿਚ ਛਪਦੀਆਂ। ਹਿੰਦੀ ਸਾਹਿਤ ਦੇ ਇਤਿਹਾਸ ਵਿਚ ‘ਸਾਰਿਕਾ’ ਸਭ ਤੋਂ ਜਿ਼ਆਦਾ ਪੜ੍ਹਿਆ ਜਾਣ ਵਾਲਾ ਰਸਾਲਾ ਸੀ। ‘ਸਾਰਿਕਾ’ ਦੇ ਦੋ ਲੱਖ ਪਾਠਕ ਸਨ। ਉਨ੍ਹਾਂ ਦਿਨਾਂ ਵਿਚ ਉਹਦੀ ਕਹਾਣੀ ‘ਦੇਵੀ ਸਿੰਘ ਕੌਣ?’ ਕਾਫੀ ਲੰਮੇ ਸਮੇਂ ਤੱਕ ਚਰਚਾ ਦਾ ਵਿਸ਼ਾ ਬਣੀ ਰਹੀ। ਹਰ ਨਵੀਂ ਕਹਾਣੀ ਨਾਲ ਉਹਦੇ ਨਾਂ ਨਾਲ ਕੁਝ ਹੋਰ ਚਮਕ ਜੁੜ ਜਾਂਦੀ। ਕਹਾਣੀ ਸੰਗ੍ਰਹਿ ਛਪਣ ਲੱਗ ਪਏ ਤੇ ਫਿਰ ਪੁਰਸਕਾਰ ਵੀ ਮਿਲਣ ਲੱਗ ਪਏ ਪਰ ਉਹਨੇ ਹਉਮੈ ਦੇ ਨਾਗ ਵਾਲੀ ਪਟਾਰੀ ਕਦੇ ਨਹੀਂ ਖੋਲ੍ਹੀ; ਨਹੀਂ ਤਾਂ ਦੋ ਕਹਾਣੀਆਂ ਵੀ ਕਿਸੇ ਟੁੱਟੇ ਜਿਹੇ ਅਖ਼ਬਾਰ ਵਿਚ ਛਪ ਜਾਣ ਤਾਂ ਕਹਾਣੀਕਾਰ ਦੀ ਤੋਰ ਭਲਵਾਨਾਂ ਵਰਗੀ ਹੋ ਜਾਂਦੀ ਹੈ ਤੇ ਬੋਲ ਪੈਗੰਬਰਾਂ ਵਰਗੇ।
ਉਹ ਚਾਹ ਦਾ ਸ਼ੌਕੀਨ ਸੀ ਤੇ ਦਾਰੂ ਤੋਂ ਪਰਹੇਜ਼ ਨਹੀਂ ਸੀ ਕਰਦਾ। ਵਧੀਆ ਕਵਾਲਿਟੀ ਦਾ ਖੁਸ਼ਬੂਦਾਰ ਤੰਬਾਕੂ ਉਹਦੇ ਚਮੜੇ ਦੇ ਬੈਗ ਵਿਚ ਹੁੰਦਾ ਤੇ ਪਾਈਪ ਭਰ ਕੇ ਸੁਲਗਾਉਣ ਲੱਗੇ ਵੀ ਉਹਦੀਆਂ ਨਜ਼ਰਾਂ ਸਾਹਮਣੇ ਬੈਠੇ ਬੋਲਦੇ ਬੰਦੇ ਦੇ ਚਿਹਰੇ ਵੱਲ ਹੁੰਦੀਆਂ ਤੇ ਨਾਲ ਨਾਲ ਹੁੰਗਾਰਾ ਵੀ ਦਈ ਜਾਂਦਾ। ਚੈਖਵ ਤੇ ਗੋਰਕੀ ਉਹਨੂੰ ਬਹੁਤ ਪਸੰਦ ਸਨ ਤੇ ਘਰੇ ਦੇਰ ਨਾਲ ਜਾਣਾ ਉਹਨੂੰ ਬਿਲਕੁਲ ਪਸੰਦ ਨਹੀਂ ਸੀ। ਕਦੀ ਕਿਸੇ ਦੀ ਨਿਖੇਧੀ ਕਰਦਿਆਂ ਉਹਨੂੰ ਨਹੀਂ ਸੀ ਦੇਖਿਆ।
ਉਹ ਹਰ ਅਖ਼ਬਾਰ ਰਸਾਲੇ ਵਿਚ ਛਪਦਾ ਸੀ ਪਰ ਕਿਸੇ ਸੰਪਾਦਕ ਕੋਲ ਬੈਠੇ ਹੋਏ ਮੈਂ ਉਹਨੂੰ ਕਦੇ ਨਹੀਂ ਦੇਖਿਆ। ਇੱਕ ਦਿਨ ਮੈਂ ਉਹਨੂੰ ਦੇਖਿਆ, ਰਾਜੇਂਦ੍ਰ ਯਾਦਵ ਦੇ ਦਫਤਰ ਵਿਚ ਕਹਾਣੀਕਾਰ ਅਰੁਣ ਪ੍ਰਕਾਸ਼ ਨਾਲ ਬੈਠਾ ਸੀ। ਮੈਂ ਉਹਨੂੰ ਪੁੱਛ ਹੀ ਲਿਆ ਕਿ ਕਹਾਣੀਆਂ ਤੇਰੀਆਂ ਤਾਂ ਕਮਲੇਸ਼ਵਰ ਛਾਪਦਾ ਏ ਤੇ ਬੈਠਾ ਤੂੰ ਰਾਜੇਂਦ੍ਰ ਯਾਦਵ ਕੋਲ ਏਂ? ਰਾਜੇਂਦ੍ਰ ਯਾਦਵ ਨੂੰ ਮੌਕਾ ਮਿਲ ਗਿਆ ਸੀ, ਕਹਿਣ ਲੱਗਾ, “ਮੈਂ ਇਹਦੀਆਂ ਕਹਾਣੀਆਂ ਨਹੀਂ ਛਾਪਦਾ, ਤਾਂ ਹੀ ਤਾਂ ਮੇਰੇ ਕੋਲ ਬੈਠਾ ਏ।” ਉਹਦੇ ਬਾਅਦ ਮੈਂ ਉਹਨੂੰ ਕਦੇ ਰਾਜੇਂਦ੍ਰ ਯਾਦਵ ਕੋਲ ਬੈਠਾ ਵੀ ਨਹੀਂ ਦੇਖਿਆ। ਉਹ ਬੜਾ ਮਸਕੀਨ ਜਿਹਾ ਖੁੱਦਾਰ ਬੰਦਾ ਸੀ। ਅਜਿਹੇ ਬੰਦੇ ਕੇਲੇ ਦੇ ਪੱਤੇ ਵਰਗੇ ਹੁੰਦੇ ਨੇ, ਜੇ ਤ੍ਰੇਲ ਵੀ ਪੈ ਜਾਏ ਤਾ ਨਹੀਂ ਟਿਕਦੀ।
ਜਮੀ ਹੂਈ ਝੀਲ, ਸ਼ੇਸ਼ ਇਤਿਹਾਸ, ਕਿਸੀ ਦੇਸ਼ ਕੇ ਕਿਸੀ ਸ਼ਹਿਰ ਮੇਂ ਤੇ ਕਈ ਹੋਰ ਨਵਾਂ ਹੇਠ ਉਹਦੇ ਕਈ ਕਹਾਣੀ ਸੰਗ੍ਰਹਿ ਆਏ ਜਿਨ੍ਹਾਂ ਤੇ ਵਾਹਵਾ ਚਰਚਾ ਹੋਈ। ਉਹਨੇ ਚਕ੍ਰਬੱਧ, ਦੰਡਦਵੀਪ, ਸਵਪਨਜੀਵੀ ਤੇ ਹਰੇ ਫੂਲ ਕੀ ਖੁਸ਼ਬੂ ਨਾਂ ਹੇਠ ਚਾਰ ਨਾਵਲ ਵੀ ਲਿਖੇ। ਉਹਨੇ ਬਹੁਤ ਸਾਰੇ ਨਾਟਕ ਤੇ ਨੁੱਕੜ ਨਾਟਕ ਵੀ ਲਿਖੇ ਜੋ ਸ਼ਮਸ਼ੁਲ ਇਸਲਾਮ ਅਤੇ ਹੋਰ ਟੀਮਾਂ ਨੇ ਖੇਡੇ ਤੇ ਬੜੇ ਮਕਬੂਲ ਹੋਏ। ਆਲੋਚਨਾ ਦੀਆਂ ਕਰੀਬ 32 ਕਿਤਾਬਾਂ ਦਾ ਉਹਨੇ ਸੰਪਾਦਨ ਕੀਤਾ। ਆਲੋਚਨਾ ਦੀਆਂ ਵੀ ਉਹਦੀਆਂ ਕਈ ਕਿਤਾਬਾਂ ਆਈਆਂ ਜਿਨ੍ਹਾਂ ਵਿਚ ‘ਆਜ ਕਾ ਪੂੰਜੀਵਾਦ ਔਰ ਉਸ ਕਾ ਉੱਤਰ-ਆਧੁਨਿਕਤਾਵਾਦ’ ਬਾਰੇ ਖਾਸੀ ਬਹਿਸ ਹੋਈ ਕਿਉਂਕੀ ਉਨ੍ਹਾਂ ਦਿਨਾਂ ਵਿਚ ਦੇਰੀਦਾ ਦਿੱਲੀ ਫੇਰੀ ਤੇ ਆਇਆ ਸੀ ਤੇ ਬੁਧੀਜੀਵੀਆਂ ਵਿਚ ਜੋ ਇਹਦੇ ਬਾਰੇ ਕੁਝ ਨਹੀਂ ਸਨ ਜਾਣਦੇ, ਉੱਤਰ-ਆਧੁਨਿਕਤਾ ਨੂੰ ਲੈ ਕੇ ਖਾਸਾ ਉਤਸ਼ਾਹ ਸੀ।
ਮੈਂ ਰਮੇਸ਼ ਉਪਾਧਿਆਇ ਨੂੰ ਪੁੱਛਿਆ, “ਤੂੰ ਨਹੀਂ ਗਿਆ ਦੇਰੀਦਾ ਨੂੰ ਮਿਲਣ?” ਉਹਨੇ ਜਵਾਬ ਦੇਣ ਦੀ ਬਜਾਇ ਹੱਸ ਕੇ ਗੱਲ ਸੁਣਾਈ; ਕਹਿਣ ਲੱਗਾ: ਇੱਕ ਮੁਲਾਕਾਤ ਵਿਚ ਕਿਸੇ ਪੱਤਰਕਾਰ ਨੇ ਜਾਕ ਦੇਰੀਦਾ ਨੂੰ ਪੁੱਛਿਆ ਕਿ ਹਾਈਡੇਗਰ, ਕਾਂਟ, ਹੀਗਲ ਜਾਂ ਕਿਸੇ ਹੋਰ ਦਾਰਸ਼ਨਿਕ ਤੇ ਕੋਈ ਡੌਕਿਊਮੈਂਟਰੀ ਬਣੇ ਤੇ ਉਹਦੇ ਵਿਚ ਤੁਸੀਂ ਕੀ ਦੇਖਣਾ ਪਸੰਦ ਕਰੋਗੇ? ਥੋੜ੍ਹਾ ਸੋਚ ਕੇ ਦੇਰੀਦਾ ਨੇ ਕਿਹਾ- ਉਨ੍ਹਾਂ ਦੀ ਸਰੀਰਕ ਜਿ਼ੰਦਗੀ ਕਿਉਂਕਿ ਇਹੀ ਇੱਕ ਪ੍ਰਸੰਗ ਹੈ ਜਿਹੜੇ ਉੱਤੇ ਉਨ੍ਹਾਂ ਕਦੇ ਕੋਈ ਗੱਲ ਨਹੀਂ ਕੀਤੀ। ਅਜਿਹੇ ਕਈ ਰੋਚਕ ਕਿੱਸਿਆਂ ਦਾ ਰਮੇਸ਼ ਉਪਾਧਿਆਇ (ਜਿਹਨੂੰ ਪੰਜਾਬੀ ਕਹਾਣੀਕਾਰ ਉਪ-ਅਧੀਆ ਹੀ ਕਹਿੰਦੇ ਸਨ) ਕੋਲ ਅਥਾਹ ਭੰਡਾਰ ਸੀ।
ਉਹਦੀਆਂ ਲਿਖਤਾਂ ਦਾ ਮੁਲੰਕਣ ਹੁੰਦਾ ਰਿਹਾ ਹੈ ਤੇ ਹੁੰਦਾ ਰਹੇਗਾ ਪਰ ਮੇਰੀ ਨਿਗਾਹ ਵਿਚ ਭਾਰਤੀ ਸਾਹਿਤ ਨੂੰ ਉਹ ਜੋ ਬਹੁਤ ਹੀ ਬਹੁਮੁੱਲੀ ਭੇਂਟ ਉਹ ਦੇ ਗਿਆ ਹੈ, ਉਹ ਹੈ ਆਸਟ੍ਰੀਆ ਦੇ ਸੰਸਾਰ ਪ੍ਰਸਿੱਧ ਕਵੀ ਤੇ ਆਲੋਚਕ ਅਰਨਸਟ ਫਿਸ਼ਰ ਦੀ ਬੇਮਿਸਾਲ ਕਿਤਾਬ ‘ਦਿ ਨਸੈਸਟੀ ਆਫ ਆਰਟ’ ਦਾ ਹਿੰਦੀ ਅਨੁਵਾਦ ‘ਕਲਾ ਕੀ ਜ਼ਰੂਰਤ’। ਇਸ ਕਿਤਾਬ ਨੂੰ ਪੜ੍ਹ ਕੇ ਲੱਗਦਾ ਹੈ ਜਿਵੇਂ ਮੂਲ ਹਿੰਦੀ ਵਿਚ ਹੀ ਲਿਖੀ ਗਈ ਹੋਵੇ। ਅੱਛਾ ਅਨੁਵਾਦ ਪੁਨਰਸਿਰਜਨ ਹੀ ਹੁੰਦਾ ਹੈ ਤੇ ਰਮੇਸ਼ ਉਪਾਧਿਆਇ ਨੇ ਸਾਬਿਤ ਕੀਤਾ ਕਿ ਉਹ ਇਹਦੇ ਵਿਚ ਵੀ ਮਾਹਰ ਹੈ।
ਸ਼ਮਸ਼ੁਲ ਇਸਲਾਮ ਠੀਕ ਕਹਿੰਦਾ ਹੈ ਕਿ ਰਮੇਸ਼ ਉਪਾਧਿਆਇ ਦਾ ਕਤਲ ਹੋਇਆ ਹੈ। ਸ਼ਮਸ਼ਾਨਾਂ ਵਿਚ ਕਤਾਰਾਂ ਵਿਚ ਪਈਆਂ ਲਾਸ਼ਾਂ ਦੇ ਵਾਰਸ ਵੀ ਇਹੀ ਸੋਚਦੇ ਨੇ। ਦਵਾਈਆਂ ਨਹੀਂ, ਹਸਪਤਾਲ ਨਹੀਂ, ਆਕਸੀਜਨ ਨਹੀਂ, ਸ਼ਮਸ਼ਾਨ ਘਾਟ ਨਹੀਂ। ਮੁਲਕ ਦਾ ਦਮ ਘੁਟ ਰਿਹਾ ਹੈ। ਜੋ ਬਚ ਜਾਏਗਾ, ਜਵਾਬ ਮੰਗੇਗਾ, ਹੁਣ ਸੋਗ ਗੀਤ ਨਹੀਂ ਗਾਏਗਾ।
ਸੰਪਰਕ: 95305-14520