ਸੁਖਦੇਵ ਸਿੰਘ ਮਾਨ
ਸਾਲ ਦਾ ਕੋਈ ਮਹੀਨਾ ਅਜਿਹਾ ਨਹੀਂ ਸੀ ਹੁੰਦਾ ਜਦੋਂ ਸਾਡੇ ਘਰ ਭੈਣਾਂ ਦਾ ਖੇਸ ਬੁਣਨ ਦਾ ਕੰਮ ਨਾ ਛਿੜਿਆ ਹੁੰਦਾ। ਪੰਜੇ ਭੈਣਾਂ ਮੈਥੋਂ ਵੱਡੀਆਂ ਸੀ। ਬਾਪੂ ਦੀ ਟੁੱਟੀ ਕਬੀਲਦਾਰੀ ਦਾ ਅਹਿਸਾਸ ਭੈਣਾਂ ਦੇ ਚਿਹਰਿਆਂ ’ਤੇ ਹਰ ਵਕਤ ਛਾਇਆ ਰਹਿੰਦਾ। ਦਿਨੋ-ਦਿਨ ਵਧ ਰਹੇ ਆਰਥਿਕ ਸੰਕਟ ਦੇ ਥਪੇੜੇ ਸਹਿੰਦੇ ਘਰ ਦੇ ਸਾਰੇ ਜੀਅ ਸੁੰਨ ਵੱਟਾ ਬਣੇ ਰਹਿੰਦੇ। ਇਸ ਸੰਕਟ ’ਚੋਂ ਪਾਰ ਪਾਉਣ ਦੀ ਸਮਰੱਥਾ ਕਿਸੇ ਜੀਅ ਅੰਦਰ ਨਹੀਂ ਸੀ। ਸਾਰੇ ਸਿਰਫ਼ ਇਕੋ ਸਰਫ਼ਾ ਕਰਦੇ, ਸਿਰਫ਼ ਉਹੀ ਚੀਜ਼ ਖਰੀਦਦੇ ਜਿਸ ਬਿਨਾਂ ਬਿਲਕੁਲ ਹੀ ਨਾ ਸਰਦਾ। ਭੈਣਾਂ ਨੂੰ ਇਹ ਵੀ ਅਹਿਸਾਸ ਸੀ ਕਿ ਉਨ੍ਹਾਂ ਸਦਾ ਲਈ ਇਸ ਘਰ ਨਹੀਂ ਬੈਠੇ ਰਹਿਣਾ। ਸੋ ਆਪਣੇ ਦਾਜ ਦੀ ਤਿਆਰੀ ਲਈ ਉਹ ਮੰਡੀ ਦੀਆਂ ਸ਼ਾਹਣੀਆਂ ਦੀਆਂ ਚੁਤਹੀਆਂ ਤੇ ਖੇਸ ਬੁਣਦੀਆਂ ਰਹਿੰਦੀਆਂ।
ਵੱਡੀ ਕਬੀਲਦਾਰੀ ਕਿਉਂਟਣ ਦੇ ਝੇੜੇ ਚ ਫਸਿਆ ਬਾਪੂ ਖੇਤਾਂ ਵਿਚ ਦੇਹ ਤੋੜ ਕੇ ਕੰਮ ਕਰਦਾ ਅਫ਼ੀਮ ਦੀ ਲਤ ਲਾ ਬੈਠਾ। ਇਸ ਮਜਬੂਰੀ ਤੇ ਪਰਦਾ ਪਾਉਂਦਾ ਬਾਪੂ ਕਿਤੇ ਅਪਣੀ ਬਦਨਸੀਬੀ ਨੂੰ ਉਲਾਂਭੇ ਦੇਣ ਲੱਗ ਪੈਂਦਾ, ਕਿਤੇ ਇਸ ਸਭ ਕਾਸੇ ਨੂੰ ਪਿਛਲੇ ਜਨਮ ਦਾ ਫ਼ਲ ਮੰਨ ਮੱਥੇ ਤੇ ਹੱਥ ਧਰ ਬਹਿ ਜਾਂਦਾ।
ਜਦੋਂ ਬਾਪੂ ਅਜਿਹੇ ਘਿਣੇ ਜਿਹੇ ਪਾਉਂਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਫ਼ੀਮ ਜਾਂ ਤਾਂ ਬਿਲਕੁਲ ਖਤਮ ਹੋ ਗਈ ਹੈ ਜਾਂ ਇਕ ਜਾਂ ਦੋ ਦਿਨਾਂ ਵਿਚ ਖਤਮ ਹੋਣ ਵਾਲੀ ਹੈ। ਇਕ ਦਿਨ ਬਾਪੂ ਨੇ ਪਿਛਲੇ ਪਹਿਰ ਵਾਲੀ ਚਾਹ ਪੀ ਖਾਲੀ ਗੜਵੀ ਵਿਹੜੇ ਵਿਚ ਰੋੜ੍ਹ ਦਿੱਤੀ। ਮੱਥੇ ਤੇ ਹੱਥ ਧਰ ਲਿਆ। ਬਾਪੂ ਦੀ ਪੱਗ ਦੇ ਖਿੱਲਰੇ ਲੜ ਉਸ ਦੀ ਦਸ਼ਾ ਬਿਆਨ ਕਰ ਰਹੇ ਸੀ। ਕੁਝ ਚਿਰ ਬਾਪੂ ਅਲਾਣੀ ਮੰਜੀ ਤੇ ਬੜਾ ਮਾਯੂਸ ਬੈਠਾ ਰਿਹਾ। ਫਿਰ ਆਵਦੇ ਜੰਮਣ ਵਾਲਿਆਂ ਨੂੰ ਯਾਦ ਕਰ ਰੋਣ ਲੱਗ ਪਿਆ। ਬਾਪੂ ਦਾ ਰੋਣਾ ਟੱਬਰ ਨੇ ਪਹਿਲੀ ਵਾਰ ਨਹੀਂ ਦੇਖਿਆ ਸੀ। ਫਿਰ ਵੀ ਬਾਪੂ ਦੀਆਂ ਮਜਬੂਰੀਆਂ ਨੂੰ ਮਹਿਸੂਸ ਕਰ ਮੇਰੇ ਕਲੇਜੇ ਚੋਂ ਰੁੱਗ ਭਰਨ ਲੱਗੇ। ਇੰਨੀ ਗੱਲ ਮੈਂ ਵੀ ਸਮਝਦਾ ਸੀ ਕਿ ਹਾਸੇ, ਰੋਣੇ, ਉਦਾਸੀ ਸਭ ਮਨੁੱਖੀ ਸੁਭਾਅ ਦਾ ਹਿੱਸਾ ਹਨ। ਬਾਪੂ ਦੇ ਦਰਦ ਦਾ ਸਾਨੂੰ ਇਕੋ ਹੱਲ ਸੁਝਦਾ ਕਿ ਰੁਘੂ ਪੱਤੀ ਵਿਚ ਰਹਿੰਦੇ ਛਾਪੇ ਦੇ ਘਰੋਂ ਬਾਪੂ ਨੂੰ ਅਫ਼ੀਮ ਲਿਆ ਕੇ ਦਿੱਤੀ ਜਾਵੇ। ਇਸ ਕੰਮ ਲਈ ਭੈਣਾਂ ਨਹੀਂ ਜਾ ਸਕਦੀਆਂ ਸੀ। ਅਜਿਹੇ ਮੌਕੇ ਭੈਣਾਂ ਮੈਨੂੰ ਛਾਪੇ ਦੇ ਘਰ ਭੇਜਣ ਲਈ ਮਜਬੂਰ ਹੋ ਜਾਂਦੀਆਂ। ਸ਼ਾਹਣੀਆਂ ਦੇ ਖੇਸ ਚੁਤਹੀਆਂ ਬੁਣ ਕੇ ਜੋੜੇ ਪੈਸਿਆਂ ’ਚੋਂ ਵੱਡੀ ਭੈਣ ਮੈਨੂੰ ਕੁਝ ਰੁਪਈਏ ਦਿੰਦੀ। ਦੋ ਪੱਤੀਆਂ ਦੀਆਂ ਸੱਥਾਂ ਲੰਘ ਮੈਂ ਟੁੱਟੇ ਦਿਲ ਨਾਲ ਛਾਪੇ ਦੇ ਘਰ ਵਲ ਤੁਰ ਪੈਂਦਾ।
ਛਾਪੇ ਦੇ ਕਿਸੇ ਅਨੈਤਿਕ ਕੰਮ ਨੂੰ ਕੋਈ ਬੰਦਾ ਚੰਗਾ ਨਹੀਂ ਸਮਝਦਾ ਸੀ। ਛਾਪਾ ਸਮਾਜ ਨਾਲੋਂ ਟੁੱਟਿਆ ਬੰਦਾ ਸੀ। ਇਕ ਤਰ੍ਹਾਂ ਭਾਂਡਾ ਤਿਆਗ ਵਾਲੀ ਹਾਲਤ ’ਚ ਜਿਊਂਦਾ ਉਹ ਪੁਲੀਸ ਨਾਲ ਲੁਕਣ ਮੀਚੀ ਖੇਡਦਾ ਰਹਿੰਦਾ। ਅਫ਼ੀਮ ਵੇਚਣ ਨੇ ਛਾਪੇ ਦੇ ਘਰ ਦਾ ਵੀ ਖਿਲਾਰਾ ਪਾ ਛੱਡਿਆ ਸੀ। ਉਹਦੇ ਘਰਵਾਲੀ ਵੀ ਖਿਝ ’ਚ ਸਾਧਾਂ ਦੇ ਡੇਰਿਆਂ ਨੂੰ ਚੜ੍ਹੀ ਰਹਿੰਦੀ। ਘਰ ਤੋੜਨ ਦਾ ਦੋਸ਼ ਉਹ ਛਾਪੇ ਜਿ਼ੰਮੇ ਮੜ੍ਹਦੀ। ਛਾਪੇ ਦੇ ਬੱਚੇ ਵੀ ਮਾਂ ਪਿਉ ਵਿਚਕਾਰ ਛਿੜੇ ਗ੍ਰਹਿ ਯੁੱਧ ਦਾ ਸੰਤਾਪ ਭੋਗਦੇ ਪੜ੍ਹਾਈ ਵਿਚ ਪਛੜਨ ਲੱਗੇ ਸੀ।
ਛਾਪੇ ਦੇ ਘਰ ਜਾ ਪਹਿਲਾਂ ਮੈਂ ਤਖਤਿਆਂ ਦੀਆਂ ਵਿਰਲਾਂ ਵਿਚਦੀ ਕੁੱਤੇ ਦੇਖਦਾ। ਜੇ ਕੁੱਤਾ ਖੁੱਲ੍ਹਾ ਹੁੰਦਾ ਤਾਂ ਮੈਂ ‘ਬਾਈ ਬਾਈ’ ਆਖ ਆਵਾਜ਼ਾਂ ਮਾਰਦਾ। ਉਸ ਦਿਨ ਕੁੱਤੇ ਬੰਨ੍ਹੇ ਹੋਏ ਸੀ। ਮੈਂ ਵਿਹੜੇ ਵਿਚ ਗਿਆ ਤਾਂ ਛਾਪੇ ਦਾ ਚਿਹਰਾ ਉਤਰਿਆ ਹੋਇਆ ਸੀ। ਛਾਪਾ ਚਿਹਰੇ ਤੋਂ ਮੈਨੂੰ ਪਛਾਣਦਾ ਸੀ। ਉਸ ਮੋਮੀ ਕਾਗਜ਼ ਵਿਚ ਮੈਨੂੰ ਅਫ਼ੀਮ ਵਲੇਟ ਕੇ ਫੜਾ ਦਿੱਤੀ। ਉਂਜ ਛਾਪਾ ਕਿਸੇ ਨਾਲ ਵੀ ਬਹੁਤੀ ਗੱਲ ਕਰਦਾ ਨਹੀਂ ਸੀ ਪਰ ਉਸ ਦਿਨ ਜਦੋਂ ਮੈਂ ਮੁੜਨ ਲੱਗਾ ਤਾਂ ਛਾਪੇ ਨੇ ਰੋਕ ਲਿਆ। ਕਹਿੰਦਾ- “ਓਇ ਕਾਕਾ! ਆਪਣੇ ਬਾਪੂ ਨੂੰ ਆਖ ਦੇਈਂ, ਇਸ ਮਾੜੀ ਲਤ ਤੋਂ ਖਹਿੜਾ ਛੁਡਵਾ ਲਵੇ। ਮੈਂ ਇਹ ਚੰਦਰਾ ਕੰਮ ਛੱਡ ਰਿਹਾਂ। ਇਸ ਮਾੜੇ ਕੰਮ ਨੇ ਮੈਨੂੰ ਸਮਾਜ ਨਾਲੋਂ ਤੋੜ ਕੇ ਰੱਖ ਦਿੱਤਾ। ਹਰ ਬੰਦਾ ਮੇਰੇ ਨਾਲ ਗੱਲ ਕਰਨ ਤੋਂ ਪਾਸਾ ਵੱਟਣ ਲੱਗਾ ਏ। ਰੋਜ਼ ਪੁਲੀਸ ਮਗਰ ਪਈ ਰਹਿੰਦੀ ਆ। ਘਰ ਮੇਰਾ ਟੁੱਟਣ ਕਿਨਾਰੇ ਆਇਆ ਪਿਆ। ਬੱਚਿਆਂ ਦੀ ਪੜ੍ਹਾਈ ਵੀ ਪਛੜ ਰਹੀ ਆ। ਇਸ ਤੋਂ ਬਾਅਦ ਇਹ ਚੀਜ਼ ਲੈਣ ਮੇਰੇ ਕੋਲ ਨਾ ਆਈਂ। ਮੇਰੀ ਜ਼ਮੀਰ ਮੈਨੂੰ ਲਾਹਨਤਾਂ ਪਾਉਂਦੀ ਆ।” ਛਾਪਾ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰਦਾ ਰਿਹਾ, ਜਿਵੇਂ ਮੈਂ ਉਸ ਦੇ ਹਾਣ ਦਾ ਹੋਵਾਂ।
ਘਰ ਆ ਕੇ ਮੈਂ ਬਾਪੂ ਨੂੰ ਅਫ਼ੀਮ ਵਾਲਾ ਮੋਮੀ ਕਾਗਜ਼ ਫੜਾ ਦਿੱਤਾ। ਬਾਪੂ ਨੂੰ ਛਾਪੇ ਦੀਆਂ ਕਹੀਆਂ ਗੱਲਾਂ ਵੀ ਸੁਣਾ ਦਿੱਤੀਆਂ। ਬਾਪੂ ਨੇ ਅਫ਼ੀਮ ਦੀ ਗੋਲੀ ਸੰਘੋਂ ਹੇਠ ਉਤਾਰ ਲਈ ਅਤੇ ਛਾਪੇ ਦੀਆਂ ਗੱਲਾਂ ਵੀ ਗੌਰ ਨਾਲ ਸੁਣਦਾ ਰਿਹਾ। ਕੁਝ ਹੋਰ ਕਾਰਨ ਕਰ ਕੇ, ਤੇ ਕੁਝ ਛਾਪੇ ਦੀਆਂ ਕਹੀਆਂ ਗੱਲਾਂ ਕਰ ਕੇ ਬਾਪੂ ਨੇ ਅਖ਼ੀਰ ਅਫ਼ੀਮ ਤੋਂ ਖਹਿੜਾ ਛੁਡਾ ਲਿਆ। ਛਾਪਾ ਵੀ ਆਪਣੀਆਂ ਕਹੀਆਂ ਗੱਲਾਂ ਤੇ ਪੂਰਾ ਉਤਰਿਆ। ਸਮਾਜ ਜਿਹੜਾ ਛਾਪੇ ਨਾਲ ਰੁੱਸਿਆ ਫਿਰਦਾ ਸੀ, ਹੁਣ ਉਹਨੂੰ ਹਰ ਸਾਂਝੇ ਕੰਮ ਵਿਚ ਸੱਦਣ ਲੱਗ ਪਿਆ। ਛਾਪਾ ਵੀ ਹਰ ਸਾਂਝੇ ਕੰਮ ਵਿਚ ਮੂਹਰੇ ਲੱਗ ਕੇ ਤੁਰਨ ਲੱਗਾ।
ਸੰਪਰਕ: 94170-59142