
ਮੋਹਨ ਸ਼ਰਮਾ
ਮੋਹਨ ਸ਼ਰਮਾ
ਨਸ਼ਾ ਛੁਡਾਊ ਕੇਂਦਰ ਦੇ ਮੁਖੀ ਵਜੋਂ ਕੰਮ ਕਰਦਿਆਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਕੀਤੇ ਯਤਨ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਨਸ਼ਾ ਛੱਡਣ ਲਈ ਆਏ ਜਵਾਨ ਮੁੰਡਿਆਂ ਨਾਲ ਕਾਊਂਸਲਿੰਗ ਕਰਦਿਆਂ ਭਰੇ ਮਨ ਨਾਲ ਸੋਚਦਾ ਹਾਂ, ‘ਉਹ ਜਵਾਨੀ ਜਿਹੜੀ ਦਰਿਆਵਾਂ ਦੇ ਵਹਿਣ ਮੋੜਣ ਦੀ ਸਮਰੱਥਾ ਰੱਖਦੀ ਹੈ, ਉਹ ਜਵਾਨੀ ਜਿਸ ਨੇ ਮਾਪਿਆਂ ਦਾ ਸਹਾਰਾ ਬਣਨ ਦੇ ਨਾਲ ਨਾਲ ਸਮਾਜ ਅਤੇ ਸੂਬੇ ਦਾ ਮੂੰਹ ਮੱਥਾ ਸੰਵਾਰਨ ਵਿੱਚ ਅਹਿਮ ਯੋਗਦਾਨ ਪਾਉਣਾ ਹੈ, ਉਸ ਜਵਾਨੀ ਦਾ ਵੱਡਾ ਹਿੱਸਾ ਆਪਣੇ ਆਪ ਨੂੰ ਵੀ ਸੰਭਾਲਣ ਦੇ ਸਮਰੱਥ ਨਹੀਂ ਹੈ। ਚਿੱਟੇ ਨਾਲ ਭਰੀਆਂ ਸਰਿੰਜਾਂ ਨਾਲ ਵਿੰਨ੍ਹੀਆਂ ਬਾਹਾਂ, ਅੰਦਰ ਨੂੰ ਧਸੀਆਂ ਅੱਖਾਂ ਅਤੇ ਹੱਡੀਆਂ ਦਾ ਮੁੱਠ ਬਣ ਕੇ ਸਿਵਿਆ ਦੇ ਰਾਹ ਪਈ ਜਵਾਨੀ ਪੰਜਾਬ ਦੇ ‘ਵਿਕਾਸ’ ਦੀ ਸਹੀ ਤਸਵੀਰ ਪੇਸ਼ ਕਰਦੀ ਹੈ।’ ਨਸ਼ਾ ਛੱਡਣ ਲਈ ਆਏ ਨੌਜਵਾਨ ਪਛਤਾਵੇ ਭਰੇ ਲਹਿਜੇ ਵਿੱਚ ਪ੍ਰਗਟਾਵਾ ਕਰਦੇ ਹਨ ਕਿ ਨਸ਼ੇ ਦੀ ਪ੍ਰਾਪਤੀ ਲਈ ਉਹ ਹਰ ਹੀਲਾ ਵਰਤਦੇ ਹਨ। ਉਹ ਦੱਸਦੇ ਹਨ ਕਿ ‘ਨਸ਼ੇ ਦੀ ਪੂਰਤੀ ਲਈ ਪੈਸਿਆਂ ਦਾ ਜੁਗਾੜ ਫਿੱਟ ਕਰਨ ਲਈ ਮਾਪਿਆਂ ਦੇ ਗਲ ਗੂਠਾ ਦੇ ਕੇ ਜਬਰੀ ਉਗਰਾਹੀ, ਕਿਸੇ ਨਾ ਕਿਸੇ ਬਹਾਨੇ ਰਿਸ਼ਤੇਦਾਰਾਂ ਅਤੇ ਮਿਲਣ-ਗਿਲਣ ਵਾਲਿਆਂ ਤੋਂ ‘ਉਧਾਰ’ ਪੈਸੇ ਲੈਣੇ, ਚੋਰੀ ਜਾਂ ਲੁੱਟ-ਖੋਹ ਕਰ ਕੇ ਚੋਰੀ ਦਾ ਮਾਲ ‘ਡਾਂਗਾਂ ਦੇ ਗਜ਼’ ਦੇ ਹਿਸਾਬ ਨਾਲ ਚੀਜ਼ਾਂ ਵੇਚ ਕੇ ਉਨ੍ਹਾਂ ਪੈਸਿਆਂ ਨਾਲ ਚਿੱਟਾ ਖਰੀਦਣਾ ਹਰ ਰੋਜ਼ ਦਾ ਕੰਮ ਹੁੰਦਾ ਸੀ। ਕਈ ਵਾਰ ਤਾਂ ਮਕਾਨ ਜਾਂ ਜ਼ਮੀਨ ’ਤੇ ਕਬਜ਼ਾ ਲੈਣ ਲਈ ਨਸ਼ੇ ਦਾ ਲਾਲਚ ਦੇ ਕੇ ਵੀ ਲੋਕ ਸਾਨੂੰ ਵਰਤਦੇ ਰਹੇ ਨੇ।’ ਨਸ਼ਾ ਛੱਡ ਰਹੇ ਇੱਕ ਨੌਜਵਾਨ ਨੇ ਪਛਤਾਵੇ ਭਰੇ ਲਹਿਜੇ ਵਿੱਚ ਕਿਹਾ, ‘‘ਕਾਹਦੀ ਜੂਨ ਹੈ ਜੀ ਸਾਡੀ? ਸਾਡੇ ਕੋਲੋਂ ਤਾਂ ਪੰਜ ਲੱਖ ਦਾ ਕੰਮ ਨਸ਼ਿਆਂ ਲਈ ਪੰਜ ਹਜ਼ਾਰ ਦੇ ਕੇ ਵੀ ਕਰਵਾਇਆ ਜਾ ਸਕਦਾ ਹੈ।’’ ਕਾਊਂਸਲਿੰਗ ਸਮੇਂ ਇਹ ਤੱਥ ਵੀ ਸਾਹਮਣੇ ਆਇਆ ਕਿ ਚਿੱਟੇ ਦੀ ਵਰਤੋਂ ਕਰਨ ਵਾਲੀ ਜਵਾਨੀ ਦਾ ਵੱਡਾ ਹਿੱਸਾ ਨਿਪੁੰਸਕਤਾ ਦਾ ਸ਼ਿਕਾਰ ਵੀ ਹੋ ਰਿਹਾ ਹੈ।
ਮੇਰੀ ਕਰਮ ਭੂਮੀ ਵਾਲਾ ਨਸ਼ਾ ਛੁਡਾਊ ਕੇਂਦਰ ਭਾਵੇਂ ਮਰਦ ਨਸ਼ੱਈਆਂ ਲਈ ਹੀ ਹੈ, ਪਰ ਗਾਹੇ-ਬਗਾਹੇ ਲੜਕੀਆਂ ਵੀ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਆ ਜਾਂਦੀਆਂ ਹਨ। ਨਸ਼ਿਆਂ ਦੀ ਦਲਦਲ ਵਿੱਚ ਕੁੜੀਆਂ ਦੇ ਧੱਸਣ ਦੇ ਵੱਖ ਵੱਖ ਕਾਰਨ ਸਾਹਮਣੇ ਆਉਣ ਨਾਲ ਮੱਥੇ ’ਤੇ ਚਿੰਤਾ ਦੀਆਂ ਰੇਖਾਵਾਂ ਉੱਭਰ ਆਉਂਦੀਆਂ ਹਨ।
ਇੱਕ ਦਿਨ ਰਾਤ ਦੇ ਅੱਠ ਕੁ ਵਜੇ ਮੈਂ ਘਰ ਜਾਣ ਦੀ ਤਿਆਰੀ ਵਿੱਚ ਸੀ, ਜਦੋਂ ਅਰਦਲੀ ਨੇ ਦੱਸਿਆ ਕਿ ਬਾਹਰ ਇੱਕ ਕੁੜੀ ਖੜ੍ਹੀ ਹੈ। ਤੁਹਾਨੂੰ ਮਿਲਣਾ ਚਾਹੁੰਦੀ ਹੈ। ਮੇਰੇ ਬੁਲਾਉਣ ਦੇ ਇਸ਼ਾਰੇ ਉਪਰੰਤ ਕੁੜੀ ਨੂੰ ਅੰਦਰ ਭੇਜ ਦਿੱਤਾ ਗਿਆ। 24-25 ਵਰ੍ਹਿਆਂ ਦੀ ਕੁੜੀ ਦੀਆਂ ਅੱਖਾਂ ਦੇ ਆਲੇ-ਦੁਆਲੇ ਛਾਈ ਕਾਲਖ, ਮੁਰਝਾਇਆ ਚਿਹਰਾ, ਬੁੱਲ੍ਹਾਂ ’ਤੇ ਆਈ ਸਿਕਰੀ, ਮਾੜਚੂ ਜਿਹਾ ਸਰੀਰ ਵੇਖ ਕੇ ਪਹਿਲੀ ਨਜ਼ਰ ਹੀ ਭਾਂਪ ਲਿਆ ਕਿ ਕੁੜੀ ਨਸ਼ਿਆਂ ਦੇ ਅਤਿਵਾਦ ਦਾ ਸ਼ਿਕਾਰ ਹੋ ਚੁੱਕੀ ਹੈ। ਅੰਦਰ ਆਉਂਦਿਆਂ ਹੀ ਉਸ ਨੇ ਕਿਹਾ, ‘‘ਨਸ਼ਾ ਛੱਡਣ ਲਈ ਦਵਾਈ ਲੈਣ ਆਈ ਹਾਂ ਜੀ।’’ ਮੈਂ ਉਹਨੂੰ ਸਾਹਮਣੇ ਕੁਰਸੀ ’ਤੇ ਬਿਠਾਉਣ ਉਪਰੰਤ ਨਿਮਰਤਾ ਭਰੇ ਲਹਿਜੇ ਵਿੱਚ ਕਿਹਾ, ‘‘ਇਹ ਵੇਲਾ ਦਵਾਈ ਦੇਣ ਦਾ ਨਹੀਂ। ਦਿਨ ਸਮੇਂ ਕਾਊਂਸਲਿੰਗ ਕਰਨ ’ਤੇ ਹੀ ਅੱਧਾ ਪੌਣਾ ਘੰਟਾ ਲੱਗ ਜਾਂਦਾ ਹੈ। ਉਸ ਉਪਰੰਤ ਦਵਾਈ ਦਿੱਤੀ ਜਾਂਦੀ ਹੈ। ਤੁਸੀਂ ਕੱਲ੍ਹ ਦਿਨ ਵੇਲੇ ਆ ਜਾਣਾ, ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇਗੀ।’’ ਉਸ ਨੇ ਖਿੱਝ ਕੇ ਜਵਾਬ ਦਿੱਤਾ, ‘‘ਦਿਨ ਵੇਲੇ ਲੋਕਾਂ ਦੀ ਸ਼ਰਮ ਦੇ ਮਾਰੇ ਆ ਨਹੀਂ ਹੁੰਦਾ। ਰਾਤ ਨੂੰ ਤੁਸੀਂ ਜਵਾਬ ਦੇ ਰਹੇ ਹੋ। ਫਿਰ ਸਾਡੇ ਵਰਗੀਆਂ ਕਿੱਧਰ ਨੂੰ ਜਾਣ?’’ ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਉਹ ਪਟਿਆਲੇ ਵਿਆਹੀ ਹੋਈ ਸੀ, ਉਹਦਾ ਪਤੀ ਚਿੱਟੇ ਦੀ ਵਰਤੋਂ ਕਰਦਾ ਸੀ। ਪਤਨੀ ਦੀ ਟੋਕਾ ਟਾਕੀ ਤੋਂ ਬਚਣ ਲਈ ਓਹਨੇ ਇਹਨੂੰ ਵੀ ਚਿੱਟੇ ’ਤੇ ਲਾ ਦਿੱਤਾ। ਛੇ ਮਹੀਨੇ ਪਹਿਲਾਂ ਉਸ ਦਾ ਪਤੀ ਚਿੱਟੇ ਦੀ ਓਵਰਡੋਜ਼ ਨਾਲ ਮਰ ਗਿਆ। ਜਵਾਨੀ ਪਹਿਰੇ ਰੰਢੇਪਾ, ਲੋਕਾਂ ਦੀ ਵਹਿਸ਼ੀ ਨਜ਼ਰ ਅਤੇ ਨਸ਼ਿਆਂ ਦੀ ਪੂਰਤੀ ਲਈ ਦਰ ਦਰ ਦੇ ਧੱਕੇ ਉਹਦਾ ਨਸੀਬ ਬਣ ਗਏ। ਉਸ ਨੇ ਇਹ ਵੀ ਦੱਸਿਆ ਕਿ ਉਹਦਾ ਪੇਕਾ ਘਰ ਅੱਧਾ ਕੁ ਕਿਲੋਮੀਟਰ ਦੀ ਵਿੱਥ ’ਤੇ ਹੈ। ਉਹਦੇ ਲਈ ਦੋ ਕੁ ਦਿਨ ਦੀ ਦਵਾਈ ਦਾ ਪ੍ਰਬੰਧ ਕਰ ਕੇ ਉਸ ਨੂੰ ਦਿਨ ਸਮੇਂ ਮੂੰਹ-ਸਿਰ ਲਪੇਟ ਕੇ ਆਉਣ ਲਈ ਕਿਹਾ ਅਤੇ ਨਾਲ ਹੀ ਇਹ ਵੀ ਯਕੀਨ ਦਿਵਾਇਆ ਕਿ ਉਹਦੇ ਬਾਰੇ ਕਿਸੇ ਨੂੰ ਦੱਸਿਆ ਨਹੀਂ ਜਾਵੇਗਾ। ਜਦੋਂ ਦਫ਼ਤਰੋਂ ਬਾਹਰ ਨਿਕਲਿਆ ਤਾਂ ਰਾਤ ਦੇ ਅੰਦਾਜ਼ਨ 9 ਵੱਜ ਚੁੱਕੇ ਸਨ। ਹੁਣ ਮੈਨੂੰ ਘਰ ਜਾਣ ਦੀ ਐਨੀ ਕਾਹਲ ਨਹੀਂ ਸੀ, ਜਿੰਨੀ ਉਹਨੂੰ ਉਹਦੇ ਪੇਕੇ ਘਰ ਸੁਰੱਖਿਅਤ ਪਹੁੰਚਾਉਣ ਦੀ ਚਿੰਤਾ ਸੀ। ਜਦੋਂ ਉਸ ਨੂੰ ਇਹ ਕਿਹਾ ਕਿ ਆਪਣੇ ਪੇਕੇ ਘਰ ਫੋਨ ਕਰ ਦੇ, ਉਹ ਤੈਨੂੰ ਲੈ ਜਾਣਗੇ। ਤਾਂ ਉਹਦਾ ਜਵਾਬ ਸੀ, ‘‘ਨਹੀਂ ਜੀ, ਮੈਂ ਆਪਣੇ ਭਰਾਵਾਂ ਨੂੰ ਹਾਲਾਂ ਆਪਣੇ ਨਸ਼ਾ ਕਰਨ ਬਾਰੇ ਨਹੀਂ ਦੱਸਿਆ। ਉਹ ਦੁਖੀ ਹੋਣਗੇ। ਇਸ ਕਰਕੇ...। ਮੈਂ ਆਪੇ ਚਲੀ ਜਾਵਾਂਗੀ।’’ ਪਰ ਜਵਾਨ ਕੁੜੀ ਇੰਜ ਰਾਤ ਨੂੰ ਇਕੱਲੀ ਭੇਜਣ ਤੋਂ ਸੰਕੋਚ ਕਰਦਿਆਂ ਮੈਂ ਆਪਣੇ ਦੋ ਕਰਮਚਾਰੀ ਉਸ ਨੂੰ ਘਰ ਛੱਡਣ ਲਈ ਭੇਜ ਦਿੱਤੇ।
ਉਹਦੇ ਘਰ ਜਾਣ ਤੋਂ ਬਾਅਦ ਮੈਂ ਗੰਭੀਰ ਹੋ ਕੇ ਸੋਚ ਰਿਹਾ ਸੀ, ‘ਕੁੜੀਆਂ ਦੇ ਹੱਥਾਂ ਵਿੱਚ ਚਿੱਟੇ ਦੀਆਂ ਪੁੜੀਆਂ ਅਤੇ ਬਹੁਤ ਸਾਰੇ ਜਵਾਨ ਮੁੰਡਿਆਂ ਦਾ ਨਸ਼ਿਆਂ ਦੀ ਦਲਦਲ ਵਿੱਚ ਧਸ ਕੇ ਨਿਪੁੰਸਕਤਾ ਦਾ ਸ਼ਿਕਾਰ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹੁਣ ਫ਼ਸਲਾਂ ’ਤੇ ਹੀ ਨਹੀਂ, ਨਸਲਾਂ ’ਤੇ ਵੀ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।’
ਸੰਪਰਕ: 94171-48866
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ