ਮਨਮੋਹਨ ਸਿੰਘ ਦਾਊਂ
ਪੁਆਧ ਦੇ ਲੋਕ-ਗਾਇਕ ਭਗਤ ਆਸਾ ਰਾਮ ਬੈਦਵਾਣ (ਸੋਹਾਣਾ) ਦੀ ਪੁਆਧੀ ਅਖਾੜਾ ਗਾਉਣ ਪਰੰਪਰਾ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਿਚ ਰੱਬੀ ਬੈਰੋਂਪੁਰੀ ਦੀ ਕਾਰਜ ਸ਼ੈਲੀ ਦੀ ਭੂਮਿਕਾ ਯਾਦ ਰੱਖਣ ਵਾਲੀ ਹੈ। ਪੁਆਧੀ ਅਖਾੜਾ ਗਾਇਨ ਇਸ ਖੇਤਰ ਦੇ ਲੋਕਾਂ ਦਾ ਮਨਭਾਉਂਦਾ ਮਨਰੋਜੰਨ ਰਿਹਾ ਹੈ। ਇਸ ਗਾਇਨ ਸ਼ੈਲੀ ਦੀ ਪੇਸ਼ਕਾਰੀ ਨੂੰ ਜ਼ਮੀਨੀ ਅਖਾੜੇ ਤੋਂ ਸਟੇਜ (ਮੰਚ) ਤੇ ਪੇਸ਼ ਕਰਨ ਵਿਚ ਰੱਬੀ ਨੇ ਪਹਿਲ ਕਰ ਕੇ ਲੋਕਾਂ ਤੋਂ ਵਾਹਵਾ ਖੱਟੀ। ਸੰਤਾਲੀ ਵਾਲੀ ਵੰਡ ਤੋਂ ਪਹਿਲਾਂ ਇਹ ਅਖਾੜਾ ਗਾਇਨ ਦੂਰ-ਦੁਰਾਡੇ ਤੱਕ ਆਪਣਾ ਰੰਗ ਬੰਨ੍ਹਦਾ ਰਿਹਾ। ਭਗਤ ਆਸਾ ਰਾਮ ਦੀ ਪੁਆਧੀ ਅਖਾੜਾ ਕਲਾ ਨੂੰ ਉਸ ਦੇ ਹੋਰ ਸ਼ਗਿਰਦਾਂ ਨੇ ਵੀ ਅੱਗੇ ਤੋਰਿਆ ਤੇ ਹੁਣ ਵੀ ਅਖਾੜਾ ਟੋਲੀਆਂ ਇਸ ਗਾਇਨ ਕਲਾ ਨੂੰ ਬੜੇ ਉਮਾਹ ਨਾਲ ਨਿਭਾ ਰਹੀਆਂ ਹਨ। ਮਾਝਾ, ਮਾਲਵਾ ਤੇ ਦੁਆਬਾ ਖੇਤਰਾਂ ਨਾਲੋਂ ਇਸ ਅਖਾੜਾ ਕਲਾ ਦੀ ਰੰਗ ਸ਼ੈਲੀ ਵੰਨ-ਸਵੰਨੀ ਹੈ ਜਿਸ ਨੂੰ ਪੁਆਧ ਭੂ-ਖੰਡ ਦਾ ਪਛਾਣ ਚਿੰਨ੍ਹ ਵੀ ਕਿਹਾ ਜਾ ਸਕਦਾ ਹੈ।
ਰੱਬੀ ਸਿੰਘ ਟਿਵਾਣਾ ਉਰਫ਼ ਰੱਬੀ ਬੈਰੋਂਪੁਰੀ ਦਾ ਜਨਮ 6 ਜੂਨ, 1937 ਨੂੰ ਤਰਲੋਕ ਸਿੰਘ ਅਤੇ ਕਰਤਾਰ ਕੌਰ ਦੇ ਘਰ ਪਿੰਡ ਬੈਰੋਂਪੁਰ ਜ਼ਿਲ੍ਹਾ ਐੱਸਏਐੱਸ ਨਗਰ (ਮੁਹਾਲੀ) ਵਿਖੇ ਹੋਇਆ। ਮੁਢਲੀ ਪੜ੍ਹਾਈ ਸਰਕਾਰੀ ਡੀਬੀ ਹਾਈ ਸਕੂਲ ਲਾਂਡਰਾਂ ਤੋਂ ਮਿਡਲ ਜਮਾਤ ਤੱਕ ਹੀ ਕੀਤੀ। ਗਾਉਣ ਦਾ ਸ਼ੌਕ ਬਚਪਨ ਵਿਚ ਹੀ ਪੈ ਗਿਆ। ਉਦੋਂ ਇਹ ਇਲਾਕਾ ਜ਼ਿਲ੍ਹਾ ਅੰਬਾਲਾ ਵਿਚ ਪੈਂਦਾ ਸੀ ਅਤੇ ਡਾ. ਐੱਮਐੱਸ ਰੰਧਾਵਾ ਡਿਪਟੀ ਕਮਿਸ਼ਨਰ ਹੁੰਦੇ ਸਨ। ਸਕੂਲ ਸਮਾਗਮ ਵਿਚ ਰੱਬੀ ਦਾ ਗਾਉਣ ਸੁਣ ਕੇ ਡਾ. ਰੰਧਾਵਾ ਨੇ ਇਨਾਮੀ ਹੱਲਾਸ਼ੇਰੀ ਦਿੱਤੀ, ਤੇ ਰੱਬੀ ਨੂੰ ਤਾਂ ਜਿਵੇਂ ਖੰਭ ਲੱਗ ਗਏ। ਘਰੋਗੀ ਕਾਰਨਾਂ ਕਰਕੇ ਸਕੂਲ ਪੜ੍ਹਾਈ ਛੱਡ, ਰੱਬੀ ਨੇ 1957 ਵਿਚ ਬੰਬਈ ਫਿਲਮ ਇੰਡਸਟਰੀ ਵਿਚ ਜਾ ਪੈਰ ਪਾਏ। ਚੁਣੌਤੀਆਂ ਦਾ ਸਮਾਂ ਸੀ। ਮਕੈਨਕੀ ਸਿੱਖਣ ਲਈ ਨੌਕਰੀ ਵੀ ਕੀਤੀ ਪਰ ਗਾਉਣ ਦਾ ਝੱਸ ਪੂਰਾ ਕਰਨ ਲਈ ਪੰਜ ਪੰਜ ਘੰਟੇ ਰਿਆਜ਼ ਵੀ ਕੀਤਾ। ਫਿਲਮੀ ਗਾਇਕ ਕੁਲਦੀਪ ਚੰਦ ਦੇ ਸੰਪਰਕ ਵਿਚ ਆਉਣ ਨਾਲ ਉਦੋਂ ਪ੍ਰਬੰਧਕਾਂ ਨੇ ਪੰਜ ਸੌ ਰੁਪਏ ਦੇ ਇਨਾਮ ਨਾਲ ਸਨਮਾਨ ਕੀਤਾ। ਤਨਖਾਹ ਕੇਵਲ 60 ਰੁਪਏ ਮਹੀਨਾ ਸੀ।
ਇਸ ਤੋਂ ਬਾਅਦ ਆਪ ਦਾ ਮੇਲ ਆਗਰੇ ਦੇ ਸੰਗੀਤ ਘਰਾਣੇ ਦੇ ਉੱਘੇ ਕਲਾਕਾਰ ਸਾਈਂ ਫ਼ਕੀਰ ਨਾਲ ਹੋਇਆ। ਮਨੋਹਰ ਦੀਪਕ ਨੇ ਭੰਗੜਾ ਟੀਮ ਵਿਚ ਚੁਣ ਲਿਆ। ਇੱਥੇ ਹੀ ਆਪ ਦਾ ਮੇਲ-ਮਿਲਾਪ ਸਾਹਿਰ ਲੁਧਿਆਣਵੀ, ਪੀਐੱਲ ਸੂਦਨ, ਦਾਦਾ ਉਸਤਾਦ ਬੀਸੀ ਬੇਕਲ, ਸਿਰਸਾਰ ਸੈਲਾਨੀ, ਜਾਨੀ ਬਾਬੂ ਵਰਗੀਆਂ ਸ਼ਖਸੀਅਤਾਂ ਨਾਲ ਹੋਇਆ। ਮਿਹਨਤ ਬੋਲਣ ਲੱਗ ਪਈ ਅਤੇ ਕਲਾ ਵਿਚ ਨਿਖਾਰ ਆਉਂਦਾ ਗਿਆ। ਆਖਰ 1961 ਵਿਚ ਮੁੰਬਈ ਛੱਡ ਮੁੜ ਪਿੰਡ ਬੈਰੋਂਪੁਰ ਨੂੰ ਆ ਭਾਗ ਲਾਏ। ਭੰਗੜਾ ਗਰੁੱਪ ਬਣਾ ਕੇ 1962-63 ਦੀ ਪਾਕ-ਹਿੰਦ ਜੰਗ ਲਈ ਫੰਡ ਇਕੱਠਾ ਕਰਕੇ ਫੌਜੀਆਂ ਦੀ ਮਦਦ ਕੀਤੀ। ਰੱਬੀ ਦੇ ਅਖਾੜੇ ਦੀ ਚੜ੍ਹਤ ਹੋਣ ਲੱਗੀ, ਫਿਰ ਤਾਂ ਅਖਾੜੇ ਹਰਿਆਣਾ, ਯੂਪੀ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਪਾਕਿਸਤਾਨ ਵਿਚ ਲੋਕਾਂ ਦੇ ਦਿਲਾਂ ਨੂੰ ਮੋਂਹਦੇ ਰਹੇ। 1962 ਤੋਂ 1987 ਤੱਕ ਉਨ੍ਹਾਂ ਦੇ ਅਖਾੜਿਆਂ ਨੇ ਖੂਬ ਧੁੰਮਾਂ ਪਾਈਆਂ। ਪੁਆਧੀ ਅਖਾੜੇ ਦੀ ਕਦਰ ਕਰਦੇ ਹੋਏ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਉਨ੍ਹਾਂ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ।
ਰੱਬੀ ਬੈਰੋਂਪੁਰੀ ਨੇ ਆਪਣੇ ਗਾਇਨ ਨੂੰ ਅਸ਼ਲੀਲਤਾ ਅਤੇ ਲੱਚਰਤਾ ਤੋਂ ਸਦਾ ਹੀ ਸਵੱਛ ਰੱਖਿਆ। ਆਪਣੇ ਸਵੈ-ਮਾਣ ਨੂੰ ਲਾਲਚੀ ਤੇ ਲੋਭੀ ਨਹੀਂ ਹੋਣ ਦਿੱਤਾ। ਤੰਗੀਆਂ-ਤੁਰਸ਼ੀਆਂ ਕੱਟ ਕੇ ਆਪਣੇ ਗ੍ਰਹਿਸਤੀ ਜੀਵਨ ਨੂੰ ਪ੍ਰਮੁੱਖਤਾ ਦਿੱਤੀ ਅਤੇ ਗਾਇਨ ਦੇ ਆਲਮ ਨੂੰ ਸੱਚਾ-ਸੁੱਚਾ ਧਰਮ ਸਮਝਿਆ। ਗਾਇਨ ਦੇ ਨਾਲ ਨਾਲ ਕਾਵਿ-ਕਲਾ ਸਿਰਜਣ ਵਿਚ ਰੱਬੀ ਦੀ ਮਹਾਰਤ ਸਲਾਹੁਣ ਵਾਲੀ ਸੀ। ਉਸ ਦੀ ਪਲੇਠੀ ਕਾਵਿ ਪੁਸਤਕ ਤੋਂ ਬਾਅਦ ‘ਰੱਬੀ ਪ੍ਰੀਤ ਪਿਆਲਾ’ ਵੱਡ ਆਕਾਰੀ ਬੈਂਤ ਕਾਵਿ ਸੰਗ੍ਰਹਿ ਛਪਿਆ ਜਿਸ ਵਿਚ ਵੰਨ-ਸਵੰਨੇ ਵਿਸ਼ਿਆਂ ਤੇ ਬੈਂਤਾਂ ਲਿਖੀਆਂ ਗਈਆਂ ਹਨ। ਬੈਂਤ-ਛੰਦ ਦੀਆਂ ਚਾਰ ਤੁਕਾਂ ਤੋਂ ਲੈ ਕੇ 20-22 ਤੁਕਾਂ ਤੱਕ ਬੈਂਤ ਦੀ ਲੰਬਾਈ ਮੰਨੀ ਜਾਂਦੀ ਹੈ। ਛੰਦ-ਪ੍ਰਬੰਧ ਪੱਖੋਂ ਰੱਬੀ ਬੈਰੋਂਪੁਰੀ ਦਾ ਸਾਰਾ ਕਲਾਮ ਠੁੱਕਦਾਰ ਅਤੇ ਨਿਯਮਾਂ ਤੇ ਪੂਰਾ ਉਤਰਦਾ ਹੈ। ਇਸ ਪੁਸਤਕ ਵਿਚ ਉਸ ਨੇ ਲਗਭਗ ਅੱਠ ਸਤਰਾਂ ਵਿਚ ਬੈਂਤ ਸੰਜੋਣ ਦੀ ਕੋਸ਼ਿਸ਼ ਕੀਤੀ ਹੈ।
ਰੱਬੀ ਦੀ ਸ਼ਖਸੀਅਤ ਬੜੀ ਮਿਲਾਪੜੀ ਸੀ। ਪੁਆਧ ਦੀ ਮਿੱਟੀ ਦਾ ਜੰਮਿਆ ਜਾਇਆ, ਆਪਣੇ ਗੁਰੂ ਸਾਈਂ ਫ਼ਕੀਰ ਅਤੇ ਭਗਤ ਆਸਾ ਰਾਮ ਦੀ ਮਹਿਮਾ ਆਪਣੀਆਂ ਬੈਂਤਾਂ ਵਿਚ ਹੁੱਬ ਕੇ ਕਰਦਾ ਸੀ। ਜਿੱਥੇ ਰੱਬੀ ਨੇ ਹੁਸਨ, ਇਸ਼ਕ, ਮੁਹੱਬਤ, ਪਿਆਰ, ਸੁੰਦਰਤਾ, ਪ੍ਰੇਮ, ਗੁਰੂ, ਸ਼ਗਿਰਦ, ਲੋਭ, ਲਾਲਚ, ਵੈਰ-ਵਿਰੋਧ, ਦੁਸ਼ਮਣੀਆਂ, ਰਿਸ਼ਤੇ ਨਾਤਿਆਂ ਤੇ ਹੋਰ ਅਨੇਕਾਂ ਵਿਸ਼ਿਆਂ ਨੂੰ ਆਪਣੀਆਂ ਬੈਂਤਾਂ ਦਾ ਸ਼ਿੰਗਾਰ ਬਣਾਇਆ, ਉੱਥੇ ਗੀਤਾਂ ਵਿਚ ਵਧ ਰਹੀ ਹਿੰਸਾ, ਅਸ਼ਲੀਲਤਾ, ਭ੍ਰਿਸ਼ਟਾਚਾਰ ਤੇ ਸਮਾਜਿਕ ਕੁਰੀਤੀਆਂ ਨੂੰ ਭੰਡਣ ਤੇ ਵੀ ਜ਼ੋਰ ਦਿੱਤਾ। ਉਸ ਦੀ ਇਹ ਬੋਲੀ ਬੜੀ ਮਕਬੂਲ ਹੋਈ:
ਐ ਖ਼ੁਦਾ, ਈਸ਼ਵਰ ਦੇ ਬੰਦਿਓ
ਇਹ ਧੀਆਂ, ਇਹ ਬਹੂ ਬੇਟੀਆਂ
ਇਹ ਭਾਈਆਂ ਦੀਆਂ ਭੈਣਾਂ ਨੂੰ
ਬੈਰੋਂਪੁਰੀ, ਲਾਲਚ ਵਸ ਹੋ ਕੇ
ਦਾਜ ਦੀ ਬਲੀ ਚੜ੍ਹਾਇਓ ਨਾ।
ਰੱਬੀ ਦਾ ਗਾਇਨ ਉਸ ਦੀ ਰੂਹ ਵਿਚੋਂ ਨਿਕਲੀ ਹੂਕ ਵਾਂਗ ਹੈ। ਉਹ ਬਹੁਤ ਸਹਿਜ ਸੁਭਾਅ ਬੈਂਤ ਘੜਨ ਜਾਣਦਾ ਸੀ। ਬੈਂਤ ਜਿਵੇਂ ਉਸ ਦੇ ਜੀਵਨ ਦਾ ਪ੍ਰਛਾਵਾਂ ਸੀ। ਆਪ-ਬੀਤੀ ਤੇ ਜੱਗ-ਬੀਤੀ ਦੇ ਦਰਦ ਨੂੰ ਉਹ ਬਹੁਤ ਸਰਲ ਬੋਲਾਂ ਰਾਹੀਂ ਕਹਿਣਾ ਜਾਣਦਾ ਸੀ। ਉਸ ਨੂੰ ਆਪਣੇ ਸਭਿਆਚਾਰ, ਇਤਿਹਾਸ ਤੇ ਮਿਥਿਹਾਸ ਦੀ ਬੜੀ ਸੋਝੀ ਸੀ। ਹੀਰ-ਰਾਂਝਾ, ਸੋਹਣੀ-ਮਹੀਂਵਾਲ, ਪੂਰਨ ਭਗਤ, ਰਾਣੀ ਸੁੰਦਰਾਂ ਆਦਿ ਦੇ ਪ੍ਰਸੰਗ ਉਸ ਦੀ ਕਾਵਿ ਕਲਾ ਵਿਚੋਂ ਮਾਣੇ ਜਾ ਸਕਦੇ ਹਨ। ਉਸ ਦੀ ਲੇਖਣੀ ਸਮੇਂ ਦੀ ਨਬਜ਼ ਨੂੰ ਪਛਾਣਨਾ ਜਾਣਦੀ ਸੀ। ਕਿਸਾਨ ਅੰਦੋਲਨ ਵਿਚ ਸਿੰਘੂ ਬਾਰਡਰ ਤੇ ਵੀ ਉਸ ਨੇ ਹਾਜ਼ਰੀ ਭਰੀ ਹਾਲਾਂਕਿ ਇਸ ਉਮਰੇ ਉਸ ਦੀ ਸਿਹਤ ਆਗਿਆ ਨਹੀਂ ਸੀ ਦਿੰਦੀ।
ਰੱਬੀ ਬੈਰੋਂਪੁਰੀ ਦੀ ਪੁਆਧੀ ਅਖਾੜਾ ਸ਼ੈਲੀ ਤੇ ਡਾ. ਨਾਹਰ ਸਿੰਘ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਦੀ ਨਿਗਰਾਨੀ ਥੱਲੇ ਮਨਮੋਹਨ ਕੌਰ (ਮੋਣੀ) ਨੇ ਐੱਮ ਫਿਲ ਖੋਜ ਕਾਰਜ ਕੀਤਾ। ਪੁਆਧੀ ਪੰਜਾਬੀ ਸੱਥ ਮੁਹਾਲੀ ਨੇ ਭਗਤ ਆਸਾ ਰਾਮ ਯਾਦਗਾਰੀ ਪੁਰਸਕਾਰ 2005 ਦੇ ਕੇ ਸਨਮਾਨਿਤ ਕੀਤਾ ਤੇ ਕਈ ਹੋਰ ਸੰਸਥਾਵਾਂ ਨੇ ਵੀ ਰੱਬੀ ਨੂੰ ਨਿਵਾਜਿਆ। ਉਨ੍ਹਾਂ ਦੀਆਂ ਦੋ ਕਿਤਾਬਾਂ ‘ਯਾਦਾਂ ਤੇਰੀਆਂ ਦਾ ਦਰਦ’ ਤੇ ‘ਰੱਬੀ ਪ੍ਰੀਤ ਦਾ ਪਿਆਲਾ’ ਛਪ ਚੁੱਕੀਆਂ ਹਨ ਅਤੇ ਪੰਜ ਕਿਤਾਬਾਂ ‘ਭੰਗੜਾ ਜਿੱਥੇ ਢੋਲ ਵੱਜਦਾ’, ‘ਗੱਡੀਆਂ ਦੇ ਜੰਗ (ਟੱਲ) ਵੱਜਦੇ’, ‘ਫੱਕਰਾਂ ਦਾ ਕਜਲਾ’, ‘ਰੱਬੀ ਪ੍ਰੀਤ ਦਾ ਪਰਾਗਾ’ ਅਤੇ ਭਗਤ ਆਸਾ ਰਾਮ ਬਾਰੇ ਇੱਕ ਹੋਰ ਕਾਵਿ ਰਚਨਾ ਪ੍ਰਕਾਸ਼ਨਾ ਅਧੀਨ ਹਨ ਪਰ ਅਫਸੋਸ, ਪੁਆਧ ਦਾ ਇਹ ਲੋਕ ਗਾਇਕ 5 ਜੂਨ ਨੂੰ ਸਾਡੇ ਕੋਲੋਂ ਵਿਛੜ ਗਿਆ। ਕੁਦਰਤ ਦੀ ਹੋਣੀ 6 ਜੂਨ ਨੂੰ ਉਸ ਦਾ 84ਵਾਂ ਜਨਮ ਦਿਨ ਸੀ।
ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਬੈਰੋਂਪੁਰ (ਨੇੜੇ ਲਾਂਡਰਾਂ) ਦੇ ਗੁਰਦੁਆਰੇ ਵਿਖੇ 14 ਜੂਨ ਨੂੰ ਹੋਵੇਗਾ।
ਸੰਪਰਕ: 98151-23900