ਸਤਬਿੀਰ ਸਿੰਘ ਗੋਸਲ
ਪੰਜਾਬ ਵਿਚ ਹਰੀ ਕ੍ਰਾਂਤੀ ਦੀ ਆਮਦ ਨੇ ਭਾਰਤ ਨੂੰ ਭੋਜਨ ਉਤਪਾਦਨ ਵਿਚ ਆਤਮ-ਨਿਰਭਰਤਾ ਮੁਹੱਈਆ ਕੀਤੀ ਅਤੇ ਅਨਾਜ ਬਰਾਮਦ ਕਰਨ ਦੇ ਕਾਬਲ ਬਣਾਇਆ। ਅੱਜ ਤਕਰੀਬਨ 80% ਰਕਬੇ ਵਿਚ ਕਣਕ-ਝੋਨੇ ਫ਼ਸਲੀ ਚੱਕਰ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਹੋਰ ਫ਼ਸਲਾਂ ਜਿਵੇਂ ਦਾਲਾਂ, ਤੇਲ ਬੀਜ, ਕਮਾਦ, ਕਪਾਹ, ਜੌਂਅ, ਬਾਜਰਾ ਆਦਿ ਦੇ ਰਕਬੇ ਵਿਚ ਵੱਡੀ ਪੱਧਰ ’ਤੇ ਕਮੀ ਦੇਖਣ ਨੂੰ ਮਿਲੀ ਹੈ। ਇਸ ਸਮੇਂ ਪੰਜਾਬ ਵਿਚ ਫ਼ਸਲੀ ਘਣਤਾ ਦੀ ਦਰ 200% ਤੋਂ ਉੱਪਰ, ਰਸਾਇਣਕ ਖਾਦਾਂ ਦੀ ਖਪਤ 240 ਕਿਲੋ ਪ੍ਰਤੀ ਹੈਕਟੇਅਰ ਅਤੇ ਸਿੰਜਾਈ ਹੇਠ ਤਕਰੀਬਨ 100% ਰਕਬਾ ਹੈ। ਕਣਕ-ਝੋਨੇ ਫ਼ਸਲੀ ਚੱਕਰ ਦੀਆਂ ਪਾਣੀ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਵਿਚ ਹੁਣ 14.8 ਲੱਖ ਟਿਊਬਵੈੱਲ ਚੱਲ ਰਹੇ ਹਨ, 4.7 ਲੱਖ ਟਰੈਕਟਰ ਅਤੇ ਵੱਡੀ ਪੱਧਰ ’ਤੇ ਖੇਤੀ ਮਸ਼ੀਨਰੀ ਦੀ ਵਰਤੋਂ ਹੋ ਰਹੀ ਹੈ। ਸਾਲ 2021-22 ਵਿਚ ਮੌਸਮੀ ਤਬਦੀਲੀ ਕਾਰਨ ਖੇਤੀ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਗਰਮੀ ਦੀ ਮਾਰ ਕਾਰਨ ਹਾੜ੍ਹੀ (2021-22) ਵਿਚ ਕਣਕ ਅਤੇ ਹੋਰ ਫ਼ਸਲਾਂ ਦੇ ਝਾੜ ਵਿਚ ਕਮੀ ਆਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਖੇਤੀ ਨੂੰ ਦਰਪੇਸ਼ ਮੁਸ਼ਕਿਲਾਂ ਜਿਵੇਂ ਜ਼ਮੀਨੀ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ, ਮਿੱਟੀ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧ ਕਰਨ ਲਈ ਕਈ ਤਕਨੀਕਾਂ ਦੀ ਸਿਫਾਰਸ਼ ਕੀਤੀ ਹੈ।
ਕੁਦਰਤੀ ਸੋਮਿਆਂ, ਖਾਸਕਰ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਸਭ ਤੋਂ ਵੱਧ ਗੰਭੀਰ ਮਸਲਾ ਹੈ। ਰਵਾਇਤੀ ਖੇਤੀ ਵਿਚ ਪਾਣੀ ਦੀ ਸਭ ਤੋਂ ਜ਼ਿਆਦਾ ਖਪਤ ਝੋਨੇ ਵਿਚ ਹੀ ਹੈ। ਪੀਏਯੂ ਨੇ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀਆਰ 126, ਪੀਆਰ 121, ਪੀਆਰ 127, ਪੀਆਰ 129, ਪੀਆਰ 130, ਪੀਆਰ 131 ਆਦਿ ਵਿਕਸਿਤ ਕੀਤੀਆਂ ਹਨ। ਇਸ ਤੋਂ ਇਲਾਵਾ ਝੋਨੇ ਹੇਠ ਰਕਬਾ ਘਟਾਉਣ ਦੇ ਨਾਲ ਨਾਲ ਮੌਨਸੂਨ ਦੀ ਆਮਦ ਅਨੁਸਾਰ ਝੋਨੇ ਦੀ ਲੁਆਈ, ਸਿੱਧੀ ਬਿਜਾਈ, ਲੇਜ਼ਰ ਲੈਵਲਿੰਗ, ਵੱਟਾਂ/ਬੈੱਡਾਂ ’ਤੇ ਬਿਜਾਈ, ਪਾਣੀ ਜ਼ੀਰ ਜਾਣ ਤੋਂ ਦੋ ਦਿਨ ਬਾਅਦ ਅਗਲਾ ਪਾਣੀ ਲਾਉਣਾ ਆਦਿ ਵਰਗੇ ਢੰਗ-ਤਰੀਕੇ ਅਪਣਾਉਣ ਦੀ ਲੋੜ ਹੈ। ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਕੇਵਲ ਪਾਣੀ ਨਹੀਂ ਬਚਾਉਂਦੀਆਂ ਬਲਕਿ ਘੱਟ ਪਰਾਲੀ ਪੈਦਾ ਕਰਕੇ ਇਸ ਨੂੰ ਨਜਿੱਠਣ ਵਿਚ ਵੀ ਸਹਾਈ ਹੁੰਦੀਆਂ ਹਨ।
ਸੂਬੇ ਦਾ ਲਗਭਗ 100% ਰਕਬਾ ਲੇਜ਼ਰ ਲੈਂਡ ਲੈਵਲਰ ਨਾਲ ਪੱਧਰਾ ਕੀਤਾ ਜਾ ਚੁੱਕਾ ਹੈ ਅਤੇ ਖੇਤੀ ਪਸਾਰ ਉਦਮਾਂ ਸਦਕਾ ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਰਹੀ ਹੈ। ਬਾਸਮਤੀ ਅਧੀਨ ਰਕਬਾ ਵਧਾ ਕੇ ਇਸ ਦੀ ਬਰਾਮਦ ਵਧਾਉਣ ਵੱਲ ਧਿਆਨ ਦੇਣ ਦੀ ਲੋੜ ਹੈ। ਕਈ ਫ਼ਸਲਾਂ ਜਿਵੇਂ ਮੱਕੀ, ਕਣਕ, ਝੋਨਾ, ਗੋਭੀ ਸਰੋਂ, ਗਰਮੀ ਰੱਤੀ ਮੂੰਗੀ, ਕਈ ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਬੈੱਡ ਜਾਂ ਵੱਟਾਂ ਬਣਾ ਕੇ ਬਿਜਾਈ ਕਰਨ ਦੀਆਂ ਵਿਧੀਆਂ ਪਾਣੀ ਦੀ ਬੱਚਤ ਕਰਨ ਵਿਚ ਬਹੁਤ ਮਦਦਗਾਰ ਹਨ। ਪਾਣੀ ਦੀ ਸੰਭਾਲ ਲਈ ਬਹਾਰ ਰੁੱਤ ਦੀ ਮੱਕੀ ’ਚ ਤੁਪਕਾ ਸਿੰਜਾਈ ਦੀ ਸਿਫਾਰਸ਼ ਕੀਤੀ ਗਈ ਹੈ। ਤੁਪਕਾ ਪ੍ਰਣਾਲੀ ਰਾਹੀਂ ਪਾਣੀ ਦੇ ਨਾਲ ਨਾਲ ਖਾਦਾਂ ਦੀ ਵਰਤੋਂ ਨਾਲ ਵੱਖ ਵੱਖ ਫ਼ਸਲਾਂ ’ਚ 20-50% ਪਾਣੀ ਤੇ 20-25% ਤੱਕ ਖਾਦ ਦੀ ਬੱਚਤ ਹੁੰਦੀ ਹੈ।
ਖੇਤ ਵਿਚ ਹੀ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਵਾਲੀਆਂ ਮਸ਼ੀਨਾਂ ਜਿਵੇਂ ਹੈਪੀ ਸੀਡਰ, ਸੁਪਰ ਸੀਡਰ, ਸੁਪਰ ਐੱਸਐੱਮਐੱਸ, ਸਮਾਰਟ ਸੀਡਰ, ਜ਼ੀਰੋ ਟਿੱਲ ਡਰਿੱਲ, ਸ਼ਰੈਡਰ, ਮਲਚਰ ਆਦਿ ਵਿਕਸਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਰਾਲੀ ਇਕੱਠੀ ਕਰਕੇ ਇਸ ਦੀ ਵਰਤੋਂ ਖੇਤੀ ਅਤੇ ਬਾਗਬਾਨੀ ਫ਼ਸਲਾਂ ਵਿਚ ਮਲਚਿੰਗ ਲਈ ਕੀਤੀ ਜਾ ਸਕਦੀ ਹੈ। ਇਸ ਦੀ ਠੀਕ ਵਰਤੋਂ ਸਬੰਧੀ ਢੁਕਵੀਆਂ ਸਿਫ਼ਾਰਿਸ਼ਾਂ ਹਨ। ਪਰਾਲੀ ਦੀ ਖੁੰਬਾਂ ਦੇ ਉਤਪਾਦਨ ਲਈ ਵੀ ਵਰਤੋਂ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਵਰਤੋਂ ਉਦਯੋਗਿਕ ਖੇਤਰ ਲਈ ਵੀ ਕੀਤੀ ਜਾ ਸਕਦੀ ਹੈ। ਪਰਾਲੀ ਦੇ ਪ੍ਰਬੰਧ ਲਈ ਘੱਟ ਸਮੇਂ ਵਾਲੀਆਂ ਕਿਸਮਾਂ ਦੀ ਕਾਸ਼ਤ, ਮਸ਼ੀਨਰੀ ਤੇ ਜੈਵਿਕ ਊਰਜਾ ਉਦਯੋਗ ਹੋਰ ਪ੍ਰਫੁਲਤ ਹੋ ਰਹੇ ਹਨ। ਝੋਨੇ ਦੀ ਪਰਾਲੀ ਦੇ ਸਬੰਧ ਵਿਚ ਕਿਸਮਾਂ ਦੇ ਪੱਖ ਤੋਂ ਯੂਨੀਵਰਸਿਟੀ ਨੇ ਹੈਪੀ ਸੀਡਰ/ਸੁਪਰ ਸੀਡਰ ਲਈ ਕਣਕ ਦੀ ਵਿਸ਼ੇਸ਼ ਕਿਸਮ ਪੀਬੀਡਬਲਿਊ 869 ਵੀ ਵਿਕਸਿਤ ਕੀਤੀ ਹੈ।
ਇਸ ਹਾੜ੍ਹੀ ਸੀਜ਼ਨ ਦੌਰਾਨ ਸੇਂਜੂ ਹਾਲਤਾਂ ਵਿਚ ਸਮੇਂ ਸਿਰ ਕਣਕ ਦੀ ਬਿਜਾਈ ਲਈ ਪੀਬੀਡਬਲਿਊ 826 ਕਿਸਮ ਅਤੇ ਜਵੀ ਦੀ ਚਾਰੇ ਤੇ ਬੀਜ ਲਈ 16 ਕਿਸਮ ਵਿਕਸਿਤ ਕੀਤੀ ਗਈ ਹੈ। ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਵਿਚ ਗਰਮ ਰੁੱਤ ਦੀ ਮੂੰਗੀ ਤੀਜੀ ਫਸਲ ਵਜੋਂ ਫਿੱਟ ਹੋ ਸਕਦੀ ਹੈ। ਨਰਮੇ ਦੀ ਮੰਡੀ ਵਿਚ ਆਈ ਰਿਕਾਰਡ ਤੋੜ ਤੇਜ਼ੀ ਤੋਂ ਜਾਪਦਾ ਹੈ ਕਿ ਦੱਖਣ-ਪੱਛਮੀ ਇਲਾਕਿਆਂ ਵਿਚ ਨਰਮੇ ਹੇਠ ਰਕਬੇ ਨੂੰ ਚੰਗਾ ਹੁਲਾਰਾ ਮਿਲੇਗਾ। ਜਿਹੜੇ ਕਿਸਾਨ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਨੂੰ ਨਜਿੱਠਣ ਵਿਚ ਕਾਮਯਾਬ ਰਹੇ, ਉਹ ਵਧੀਆਂ ਕੀਮਤਾਂ ਕਾਰਨ ਆਪਣੇ ਨੁਕਸਾਨ ਦੀ ਪੂਰਤੀ ਕਰਨ ਵਿਚ ਕਾਫੀ ਹੱਦ ਤੱਕ ਕਾਮਯਾਬ ਹੋ ਜਾਣਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਾਤਾਵਰਨ ਹਿਤੈਸ਼ੀ ਤਕਨੀਕ ਦੀ ਸਿਫਾਰਿਸ਼ ਕੀਤੀ ਹੈ। ਇਸ ਤਕਨੀਕ ਨੂੰ ਹੋਰ ਪ੍ਰਚਲਤ ਕਰਨ ਲਈ ਸਾਉਣੀ (2022) ਦੌਰਾਨ ਕਿਸਾਨਾਂ ਦੇ ਖੇਤਾਂ ਵਿਚ ਪ੍ਰਦਰਸ਼ਨੀ ਪਲਾਟ ਲਾਏ ਗਏ ਹਨ। ਇਸ ਤੋਂ ਇਲਾਵਾ ਪਿੰਜਣਾਂ, ਰੂੰ/ਖਲ਼ ਦੇ ਕਾਰਖਾਨਿਆਂ, ਫਾਰਮਾਂ ਤੇ ਘਰਾਂ ਵਿਚ ਛਟੀਆਂ ਆਦਿ ਦੀ ਸੁਚੱਜੀ ਸਾਂਭ-ਸੰਭਾਲ ਕਰਦੇ ਹੋਏ ਸਫਾਈ ਰੱਖਣ ਬਾਰੇ ਵੀ ਸਿਫਾਰਸ਼ ਕੀਤੀ ਗਈ ਹੈ।
ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ, ਫ਼ਸਲਾਂ ਦੇ ਚੰਗੇਰੇ ਝਾੜ ਅਤੇ ਸਾਫ਼ ਸੁਥਰੇ ਵਾਤਾਵਰਨ ਲਈ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਲੋੜ ਮੁਤਾਬਿਕ ਹੀ ਕਰਨੀ ਚਾਹੀਦੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਦੇ ਨਾਲ ਨਾਲ, ਦੇਸੀ ਤੇ ਜੈਵਿਕ ਖਾਦਾਂ, ਹਰੀ ਖਾਦ ਆਦਿ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਲੋੜ ਮੁਤਾਬਿਕ ਨਾਈਟ੍ਰੋਜਨ ਤੱਤ ਦੀ ਵਰਤੋਂ ਲਈ ਕਣਕ, ਝੋਨੇ ਤੇ ਮੱਕੀ ਵਿਚ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੌਜੂਦਾ ਜੰਗਲ-ਬੇਲਿਆਂ, ਚਾਰਗਾਹਾਂ ਆਦਿ ਦੀ ਸੰਭਾਲ ਦੇ ਨਾਲ ਨਾਲ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਅਤੇ ਖੇਤਾਂ ਵਿਚ ਟਿਊਬਵੈੱਲਾਂ ਉੱਪਰ, ਘਰਾਂ ਵਿਚ, ਸੜਕਾਂ ਤੇ ਰਾਹਾਂ ਉਪਰ ਜਿਥੇ ਵੀ ਸੰਭਵ ਹੋਵੇ, ਵੱਧ ਤੋਂ ਵੱਧ ਦਰੱਖ਼ਤ ਲਗਾਉਣ ਦੀ ਜ਼ਰੂਰਤ ਹੈ।
ਮੈਂ ਆਪਣੇ ਅਤੇ ਸਮੁੱਚੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਖੇਤੀ ਨੂੰ ਲੰਮੇ ਸਮੇਂ ਤੱਕ ਸਥਿਰ ਰੱਖਣ, ਖੇਤੀ ਖਰਚੇ ਘਟਾਉਣ, ਕੁਦਰਤੀ ਸਰੋਤਾਂ ਦੀ ਸਹੀ ਵਰਤੋਂ ਕਰਨ ਅਤੇ ਵਧੇਰੇ ਝਾੜ ਤੇ ਚੰਗੀ ਗੁਣਵੱਤਾ ਵਾਲੀਆਂ ਫ਼ਸਲਾਂ ਲੈਣ ਲਈ ਯੂਨਵਿਰਸਿਟੀ ਦੀਆਂ ਵਿਕਸਿਤ ਕੀਤੀਆਂ ਤਕਨੀਕਾਂ ਅਪਣਾਉਣ ਲਈ ਬੇਨਤੀ ਕਰਦਾ ਹਾਂ। ਆਉਣ ਵਾਲੇ ਸਮੇਂ ਵਿਚ ਝੋਨੇ ਦੀ ਫ਼ਸਲ ਦੀ ਵਾਢੀ ਕੀਤੀ ਜਾਣੀ ਹੈ, ਸਭ ਨੂੰ ਪੁਰਜ਼ੋਰ ਅਪੀਲ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉ, ਖੇਤ ਵਿਚ ਹੀ ਇਸ ਦੀ ਸੁਚੱਜੀ ਸੰਭਾਲ ਕਰੋ। ਆਉ, ਅਸੀਂ ਸਾਰੇ ਰਲ ਕੇ ਖੇਤੀ ਤੇ ਵਾਤਾਵਰਨ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰੀਏ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਕਰੀਏ।
*ਵਾਈਸ ਚਾਂਸਲਰ, ਪੀਏਯੂ, ਲੁਧਿਆਣਾ।