ਕਵੀ ਦਾ ਬੁੱਤ
ਸੁਰਜੀਤ ਪਾਤਰ
ਸ਼ਹਿਰ ਵਿਚ ਜੇ ਕਵੀ ਦਾ ਬੁੱਤ ਹੋਵੇ
ਲੰਘਦੀ ਭੀੜ ਨੂੰ ਕੁਝ ਕੁਝ ਅਹਿਸਾਸ ਰਹਿੰਦਾ
ਸਾਡੇ ਕੋਲ ਕੋਈ ਸੁਹਣੀ ਮੌਜੂਦਗੀ ਹੈ
ਸਾਡੇ ਕੋਲ ਹੈ ਕੋਈ ਇਤਿਹਾਸ ਰਹਿੰਦਾ
ਸਭ ਕੁਝ ਦੇਖਦਾ ਹੈ ਸਭ ਕੁਝ ਜਾਣਦਾ ਹੈ
ਪਤਾ ਨਹੀਂ ਕਿਉਂ ਐਵੇਂ ਵਿਸ਼ਵਾਸ ਰਹਿੰਦਾ
ਹੈ ਤਾਂ ਬੁੱਤ ਪਰ ਕਵੀ ਦਾ ਬੁੱਤ ਹੈ ਇਹ
ਸਤਰ ਸਤਰ ਅੰਦਰ ਜਿਸਦਾ ਸੁਆਸ ਰਹਿੰਦਾ
ਮੇਰੇ ਸ਼ਹਿਰ ਦੇ ਲੋਕੋ ਖਿਆਲ ਰੱਖਣਾ
ਬੁੱਤ ਤੀਕ ਨਾ ਦੁੱਖਾਂ ਦੀ ਬਿੜਕ ਜਾਵੇ
ਹਿਰਦੇ ਸ਼ਾਇਰਾਂ ਦੇ ਬੜੇ ਮਲੂਕ ਹੁੰਦੇ
ਕਿਧਰੇ ਸ਼ਾਇਰ ਦਾ ਬੁੱਤ ਨਾ ਤਿੜਕ ਜਾਵੇ।
ਖਨਗਾਹੀਂ ਦੀਵਾ ਬਾਲਦੀਏ
ਪ੍ਰੋ. ਮੋਹਨ ਸਿੰਘ
ਖਨਗਾਹੀਂ ਦੀਵਾ ਬਾਲਦੀਏ,
ਕੀ ਲੋਚਦੀਏ? ਕੀ ਭਾਲਦੀਏ?
ਕੀ ਰੁਸ ਗਿਆ ਤੇਰਾ ਢੋਲ ਕੁੜੇ?
ਯਾ ਸੱਖਣੀ ਤੇਰੀ ਝੋਲ ਕੁੜੇ?
ਯਾ ਸਰਘੀ ਵੇਲੇ ਤੱਕਿਆ ਈ
ਕੋਈ ਡਾਢਾ ਭੈੜਾ ਸੁਫਨਾ ਨੀ?
ਜੋ ਕਰਦੀ ਮਾਰੋ ਮਾਰ ਕੁੜੇ
ਤੂੰ ਪਹੁੰਚੀ ਵਿਚ ਉਜਾੜ ਕੁੜੇ
ਸਿਰ ਉੱਤੇ ਤੇਰੇ ਉਲਰ ਰਹੀ
ਇਕ ਬੁੱਢ-ਪੁਰਾਣੀ ਬੇਰ ਜਹੀ,
ਜਿਸ ਦੇ ਕੰਡਿਆਂ ਵਿਚ ਫਸ ਰਹੀਆਂ
ਕੁਝ ਲੀਰਾਂ ਵੱਛੇ-ਚਾਪ ਜਹੀਆਂ;
ਤੇ ਪੈਰਾਂ ਦੇ ਵਿਚ ਸ਼ਾਂਤ ਪਿਆ
ਇਕ ਢੇਰ ਗੀਟਿਆਂ ਪੱਥਰਾਂ ਦਾ।
ਤੂੰ ਅਚਲ, ਅਡੋਲ, ਅਬੋਲ ਖੜੀ,
ਹਿਕ ਤੇਰੀ ਨਾਲ ਯਕੀਨ ਭਰੀ;
ਖ਼ਨਗਾਹ ਦੇ ਉੱਤੇ ਆਣ ਨਾਲ,
ਇਕ ਦੀਵੇ ਦੇ ਟਿਮਕਾਣ ਨਾਲ,
ਸਭ ਸੰਸੇ ਤੇਰੇ ਦੂਰ ਹੋਏ,
ਹਿਕ-ਖੂੰਜੇ ਨੂਰੋ ਨੂਰ ਹੋਏ,
ਪਰ ਪੜ੍ਹ ਪੜ੍ਹ ਪੁਸਤਕ ਢੇਰ ਕੁੜੇ
ਮੇਰਾ ਵਧਦਾ ਜਾਏ ਹਨੇਰ ਕੁੜੇ।
ਕੁਝ ਅਜਬ ਇਲਮ ਇਲਮ ਦੀਆਂ ਜਿ਼ੱਦਾਂ ਨੇ,
ਮੈਨੂੰ ਮਾਰਿਆ ਕਿਉਂ, ਕੀ, ਕਿੱਦਾਂ ਨੇ।
ਮੈਂ ਨਿਸਚੇ ਬਾਝੋਂ ਭਟਕ ਰਿਹਾ,
ਜੰਨਤ ਦੋਜ਼ਖ ਵਿਚ ਲਟਕ ਰਿਹਾ।
ਗੱਲ ਸੁਣ ਜਾ ਭਟਕੇ ਰਾਹੀ ਦੀ।
ਇਕ ਚਿਣਗ ਮੈਨੂੰ ਵੀ ਚਾਹੀਦੀ।
(ਅੱਜ ਪੰਜਾਬੀ ਦੇ ਉੱਚ ਦੁਮਾਲੜੇ ਸ਼ਾਇਰ ਪ੍ਰੋ. ਮੋਹਨ ਸਿੰਘ (20 ਅਕਤੂਬਰ 1905-3 ਮਈ 1978) ਦਾ ਜਨਮ ਦਿਨ ਹੈ। ਉਨ੍ਹਾਂ ਪੰਜਾਬ ਦੀ ਰਹਿਤਲ ਤੋਂ ਲੈ ਕੇ ਅਵਾਮੀ ਸਰੋਕਾਰਾਂ ਨੂੰ ਆਪਣੀਆਂ ਰਚਨਾਵਾਂ ਦਾ ਹਿੱਸਾ ਬਣਾਇਆ। ਉਨ੍ਹਾਂ ਦੇ ਲਿਖੇ ‘ਦੋ ਧੜਿਆਂ ਵਿਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ’ ਵਰਗੇ ਕਾਵਿ-ਟੋਟੇ ਲੋਕ ਸਾਹਿਤ ਦਾ ਰੂਪ ਧਾਰ ਗਏ ਹਨ।)