ਦਰਸ਼ਨ ਸਿੰਘ ਪ੍ਰੀਤੀਮਾਨ
1966 ਵਿਚ ਮੈਨੂੰ ਪਹਿਲੀ ਜਮਾਤ ਵਿਚ ਦਾਖਲ ਕਰਵਾਇਆ ਗਿਆ। ਪਹਿਲੀ, ਦੂਜੀ ਤੇ ਤੀਜੀ ਕਦੋਂ ਕੀਤੀ, ਕੋਈ ਪਤਾ ਨਾ ਲੱਗਿਆ; ਪਤਾ ਉਦੋਂ ਹੀ ਲੱਗਿਆ ਜਦੋਂ ਤੀਜੀ ਜਮਾਤ ਵਿਚੋਂ ਫੇਲ੍ਹ ਹੋ ਗਿਆ। ਸਕੂਲ ਵਿਚ ਨਤੀਜਾ ਸੁਣ ਕੇ ਪਾਸ ਹੋਏ ਹਾਣੀ ਬੱਚੇ ਘਰਾਂ ਨੂੰ ਖੁਸ਼ੀ ਵਿਚ ਝੂਮਦੇ ਜਾ ਰਹੇ ਸਨ ਤੇ ਫੇਲ੍ਹ ਹੋਏ ਬੱਚੇ ਚੁੱਪ ਧਾਰੀ, ਉਦਾਸੇ ਚਿਹਰੇ ਲੈ ਕੇ ਨੀਵੀਂ ਪਾਈ ਜਾ ਰਹੇ ਸਨ। ਮੈਂ ਵੀ ਰੋਂਦਾ ਘਰ ਵੱਲ ਜਾ ਰਿਹਾ ਸੀ।
ਮੇਰਾ ਵੱਡਾ ਭਰਾ ਗੁਰਦੇਵ ਸਿੰਘ ਪਾਸ ਹੋ ਗਿਆ ਸੀ, ਉਹ ਰਸਤੇ ਵਿਚ ਮੈਨੂੰ ਵਾਰ ਵਾਰ ਚੁੱਪ ਕਰਵਾਉਣ ਦਾ ਯਤਨ ਕਰ ਰਿਹਾ ਸੀ। ਮੇਰੇ ਮਨ ਅੰਦਰ ‘ਬੇਬੇ ਬਾਪੂ ਕੁੱਟਣਗੇ’ ਦਾ ਡਰ ਭਾਰੂ ਪੈ ਰਿਹਾ ਸੀ। ਘਰ ਗਏ ਨੂੰ ਮਾਂ ਨੇ ਮੇਰਾ ਰੋਂਦੇ ਦਾ ਬੁਰਾ ਹਾਲ ਦੇਖ ਕੇ ਝਿੜਕਣ ਦੀ ਬਜਾਇ ਬੁੱਕਲ ਵਿਚ ਲੈ ਕੇ ਦਿਲਾਸਾ ਦਿੱਤਾ, “ਦੱਬ ਕੇ ਪੜ੍ਹ, ਅਗਲੀ ਵਾਰ ਪਾਸ ਹੋ ਜਾਵੇਂਗਾ।” ਖੇਤੋਂ ਆਏ ਬਾਪੂ ਨੂੰ ਪਤਾ ਲੱਗਣ ’ਤੇ ਉਹ ਅਜੇ ਬੋਲਣ ਹੀ ਲੱਗਿਆ ਸੀ ਕਿ ਮਾਂ ਨੇ ਇਹ ਆਖ ਕੇ ਚੁੱਪ ਕਰਵਾ ਦਿੱਤਾ, “ਹੁਣ ਹੁਸ਼ਿਆਰ ਹੋ ਕੇ ਪੜ੍ਹਿਆ ਕਰੂਗਾ ਤੇ ਚੰਗੇ ਨੰਬਰ ਲੈ ਕੇ ਪਾਸ ਹੋਵੇਗਾ।”
ਬੇਬੇ ਦੀ ਗੱਲ ਸੁਣ ਕੇ ਬਾਪੂ ਚੁੱਪ ਹੋ ਗਿਆ ਸੀ।
ਉਂਝ, ਮੈਨੂੰ ਅੱਗੇ ਪੜ੍ਹਨ ਨਹੀਂ ਲਾਇਆ, ਮਾਲ ਚਾਰਨ ਲਾ ਦਿੱਤਾ। ਮੈਂ ਪਿੰਡ ਦਾ ਵੱਗ ਚਾਰਨ ਵਾਲੇ ਕੱਛੂ ਸਿੰਘ ਬਾਬੇ ਨਾਲ ਸਾਲ ਭਰ ਗਊਆਂ ਚਾਰਦਾ ਰਿਹਾ, ਫਿਰ ਤਿੰਨ ਸਾਲ ਬੱਕਰੀਆਂ ਲੈ ਕੇ ਜਾਂਦਾ ਰਿਹਾ। ਸਾਡੀਆਂ ਭੇਡਾਂ ਸਵੇਰੇ ਸਵੇਰੇ ਪਿੜਾਂ ਵਿਚ ਬੈਠੀਆਂ ਹੁੰਦੀਆਂ ਤਾਂ ਸਾਡੇ ਕੋਲ ਦੀ ਸਕੂਲ ਪੜ੍ਹਨ ਮੁੰਡੇ-ਕੁੜੀਆਂ ਜਾਂਦੇ ਸਨ। ਮੈਨੂੰ ਬਹੁਤ ਚੰਗਾ ਲੱਗਦਾ। ਮੇਰਾ ਮਨ ਵੀ ਪੜ੍ਹਨ ਨੂੰ ਕਰਦਾ। ਜਦੋਂ ਕਦੀ ਕਿਤਾਬ ਦਾ ਕੋਈ ਪੰਨਾ ਜਾਂ ਕਾਪੀ ’ਤੇ ਪੈੱਨ ਨਾਲ ਲਿਖਿਆ ਕੋਈ ਵਰਕਾ ਮਿਲ ਜਾਂਦਾ ਤਾਂ ਮੈਂ ਚੁੱਕ ਕੇ ਅੱਖਰ ਜੋੜ ਜੋੜ ਕੇ ਪੜ੍ਹਦਾ ਰਹਿੰਦਾ। ਇਹ ਰੋਜ਼ ਦੀ ਆਦਤ ਬਣ ਗਈ ਸੀ।
ਇੱਕ ਦਿਨ ਪਿੜ ਵਿਚ ਭੇਡਾਂ ਕੋਲ ਫਿਰਦੇ ਨੂੰ ਕਿਤਾਬ ਦਾ ਫਟਿਆ ਹੋਇਆ ਵਰਕਾ ਲੱਭ ਗਿਆ। ਉਸ ਵਰਕੇ ’ਤੇ ਭਾਈ ਵੀਰ ਸਿੰਘ ਦੀ ਕਵਿਤਾ ‘ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ’ ਛਪੀ ਹੋਈ ਸੀ। ਮੈਂ ਖੜ੍ਹਾ ਖੜ੍ਹਾ ਕਵਿਤਾ ਦੇ ਅੱਖਰ ਜੋੜ ਜੋੜ ਪੜ੍ਹ ਰਿਹਾ ਸੀ। ਕਵਿਤਾ ਪੜ੍ਹਨ ਵਿਚ ਇੰਨਾ ਖੁੱਭ ਗਿਆ ਕਿ ਆਸ-ਪਾਸ ਦਾ ਕੋਈ ਧਿਆਨ ਨਾ ਰਿਹਾ। ਜਦ ਕਵਿਤਾ ਪੜ੍ਹ ਕੇ ਹਟਿਆ ਤਾਂ ਮੇਰੇ ਪਿਛਲੇ ਪਾਸੇ ਸੈਰ ਕਰਕੇ ਵਾਪਸ ਮੁੜੇ ਆਉਂਦੇ ਸੁਤੰਤਰਤਾ ਸੰਗਰਾਮੀ, ਗੁਰਦੁਆਰੇ ਵਾਲੇ ਬਾਬਾ ਜੀ, ਜਥੇਦਾਰ ਸੰਤਾ ਸਿੰਘ ਖੜ੍ਹੇ ਸਨ। ਉਹ ਘਰਾਂ ਵਿਚੋਂ ਮੇਰੇ ਤਾਇਆ ਜੀ ਲੱਗਦੇ ਸਨ।
ਸਾਰਾ ਪਿੰਡ ਹੀ ਉਨ੍ਹਾਂ ਨੂੰ ਸਤਿਕਾਰ ਨਾਲ ਬਾਬਾ ਜੀ ਆਖ ਕੇ ਬੁਲਾਉਂਦਾ ਸੀ। ਅਸੀਂ ਬੱਚੇ ਉਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਅਤੇ ਫਤਿਹ ਬੁਲਾਉਂਦੇ। ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।
ਬਾਬਾ ਜੀ ਨੇ ਪੁੱਛਿਆ, “ਬੱਚਾ ਕਿਹੜੀ ਜਮਾਤ ’ਚ ਪੜ੍ਹਦੈਂ?”
“ਬਾਬਾ ਜੀ, ਮੈਂ ਤਾਂ ਪੜ੍ਹਨੋਂ ਹਟਿਆ ਹੋਇਆਂ, ਹੁਣ ਭੇਡਾਂ ਬੱਕਰੀਆਂ ਚਾਰਦਾ ਜੀ।”
“ਬੱਚਾ ਪੜ੍ਹਿਆ ਕਰ, ਸਮੇਂ ਦਾ ਹਾਣੀ ਬਣ। ਸਮੇਂ ਨੂੰ ਸੰਭਾਲ, ਅਜੇ ਮੌਕਾ ਏ। ਉਸ ਨੂੰ ਭੁੱਲਿਆ ਨਹੀਂ ਕਹਿੰਦੇ ਜੋ ਮੁੜ ਕੇ ਘਰ ਆ ਜਾਵੇ। ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਬਿਗੜਦਾ ਜੇ ਚੁੱਕ ਕੇ ਝੋਲੀ ਵਿਚ ਪਾ ਲਈਏ। ਤੂੰ ਸਕੂਲ ਜਾਇਆ ਕਰ, ਦੱਬ ਕੇ ਮਨ ਚਿੱਤ ਲਾ ਕੇ ਪੜ੍ਹ। ਪੜ੍ਹਾਈ ਬੰਦੇ ਦੀ ਸਭ ਤੋਂ ਵੱਡੀ ਜਾਇਦਾਦ ਹੁੰਦੀ ਹੈ। ਜ਼ਮੀਨ-ਜਾਇਦਾਦ, ਘਰ-ਬਾਰ ਤਾਂ ਸਭ ਵੰਡੇ ਜਾਂਦੇ ਆ, ਸੋਨਾ ਖੋਹਿਆ ਜਾਂਦਾ, ਚੋਰੀ ਹੋ ਜਾਂਦਾ ਪਰ ਪੜ੍ਹਾਈ ਅਜਿਹੀ ਚੀਜ਼ ਹੈ, ਨਾ ਕੋਈ ਖੋਹ ਸਕਦਾ, ਨਾ ਚੋਰੀ ਕਰ ਸਕਦਾ। ਵਿੱਦਿਆ ਤਾਂ ਗਹਿਣਾ ਹੈ, ਕੀਮਤੀ ਗਹਿਣਾ। ਤੇਰੇ ਘਰ ਵੀ ਮੈਂ ਤੈਨੂੰ ਪੜ੍ਹਨ ਲਾਉਣ ਦੀ ਗੱਲ ਕਰਾਾਂਗਾ।” ਇੰਨੀ ਗੱਲ ਆਖ ਬਾਬਾ ਜੀ ਅੱਗੇ ਵਧ ਗਏ।
ਬਾਬਾ ਜੀ ਦੀਆਂ ਗੱਲਾਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ। ਬੱਸ, ਉਸ ਦਿਨ ਤੋਂ ਪੱਕਾ ਮਨ ਬਣਾ ਲਿਆ ਦੁਬਾਰਾ ਸਕੂਲ ਲੱਗਣ ਦਾ, ਤੇ ਪੜ੍ਹਨ ਦਾ। ਬਾਬਾ ਸੰਤਾ ਸਿੰਘ ਜੀ ਦੇ ਕਹਿਣ ’ਤੇ ਸਾਡੇ ਪਰਿਵਾਰ ਵਾਲੇ ਵੀ ਮੇਰੀ ਪੜ੍ਹਾਈ ਵੱਲ ਰੁਚੀ ਦੇਖ ਕੇ ਮੈਨੂੰ ਪੜ੍ਹਾਉਣ ਲਈ ਮੰਨ ਗਏ। ਚਾਰ ਸਾਲ ਪੜ੍ਹਾਈ ਛੱਡ ਕੇ ਦੁਬਾਰਾ ਮੈਨੂੰ ਮਾਸਟਰ ਸਰਦਾਰਾ ਸਿੰਘ ਢਿੱਲੋਂ ਨੇ ਤੀਜੀ ਜਮਾਤ ਵਿਚ ਦਾਖਲ ਕਰ ਲਿਆ। ਮੇਰੀਆਂ ਹਾਜ਼ਰੀਆਂ ਪੂਰੀਆਂ ਕੀਤੀਆਂ ਗਈਆਂ। ਜਦ ਦੁਬਾਰਾ ਪੜ੍ਹਨ ਲੱਗਿਆ ਤਾਂ ਇਮਤਿਹਾਨ ਨੂੰ ਸਿਰਫ਼ 12 ਦਿਨ ਰਹਿੰਦੇ ਸਨ। ਇਹ ਜਮਾਤ 12 ਦਿਨਾਂ ਵਿਚ ਹੀ ਚੰਗੇ ਨੰਬਰਾਂ ਵਿਚ ਪਾਸ ਕਰ ਗਿਆ। ਫਿਰ ਮੇਰਾ ਨਾਂ ਹੁਸ਼ਿਆਰ ਵਿਦਿਆਰਥੀਆਂ ਵਿਚ ਬੋਲਣ ਲੱਗਿਆ। ਹੋਰ ਤਾਂ ਮੈਂ ਭਾਵੇਂ ਕੁਝ ਬਣ ਸਕਿਆ ਜਾਂ ਨਹੀਂ, ਵੱਖਰੀ ਗੱਲ ਹੈ ਪਰ ਸਾਹਿਤਕਾਰ ਬਣ ਕੇ ਜੱਥੇਦਾਰ ਸੰਤਾ ਸਿੰਘ ਜੀ ਦੇ ਬੋਲ ਪੁਗਾ ਦਿੱਤੇ।
ਸੰਪਰਕ: 98786-06963