ਕੁਲਵਿੰਦਰ ਸਿੰਘ ਮਲੋਟ
ਗੱਲ 1980 ਦੀ ਹੈ। ਜੇਬੀਟੀ ਕੋਰਸ ਦੌਰਾਨ ਸਾਡਾ ਵਿਦਿਅਕ ਟੂਰ ਜੈਪੁਰ-ਮੁੰਬਈ ਵੱਲ ਨੂੰ ਚਾਲੇ ਪਾ ਚੁੱਕਾ ਸੀ। ਮੈਂ ਕਿਤੇ ਪੜਿ੍ਹਆ ਸੀ ਕਿ ਸਫਰ ਸਿਆਣੇ ਆਦਮੀ ਹੀ ਕਰ ਸਕਦੇ ਹਨ, ਆਵਾਰਗੀ ਤਾਂ ਕੋਈ ਮੂਰਖ ਵੀ ਕਰ ਲਵੇਗਾ। ਅਜੇ ਸਫਰ ਦਾ ਦੂਜਾ ਦਿਨ ਹੀ ਸੀ ਕਿ ਜ਼ਿੰਦਗੀ ਦੇ ਅਸਲ ਸਬਕ ਰੂਬਰੂ ਹੋਣੇ ਸ਼ੁਰੂ ਹੋ ਗਏ ਸਨ। ਰੇਲ ਗੱਡੀ ਵਿੱਚ ਇੱਕ ਸੂਟਿਡ-ਬੂਟਿਡ ਜੈਂਟਲਮੈਨ ਸਵਾਰ ਹੋਇਆ। ਆਪਣੇ ਅੰਦਾਜ਼ ਵਿੱਚ ਆਪਣੀਆਂ ਵੇਚਣ ਵਾਲੀਆਂ ਚੀਜ਼ਾਂ ਦਾ ਗੁਣ-ਗਾਣ ਸ਼ੁਰੂ ਕੀਤਾ, “ਇਹ ਮਸ਼ਹੂਰ ਕੰਪਨੀ ਦਾ ਪੈੱਨ ਹੈ, ਜਿਸ ਦੀ ਕੀਮਤ ਵੀਹ ਰੁਪਏ ਰੱਖੀ ਗਈ ਹੈ, ਪਰ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਦੇ ਦਿੱਤਾ ਜਾਵੇਗਾ।’’
ਡੱਬੇ ਵਿੱਚ ਬੈਠੀਆਂ ਸਵਾਰੀਆਂ ਨੇ ਬੋਲੀ ਲਾਈ ਜੋ ਪੰਦਰਾਂ ਰੁਪਏ ਤੋਂ ਅੱਗੇ ਨਾ ਵਧ ਸਕੀ। ਜੈਂਟਲਮੈਨ ਨੇ ਬੋਲੀ ਲਾਉਣ ਵਾਲਿਆਂ ਦੇ ਹੱਥ ਖੜ੍ਹੇ ਕਰਵਾਏ ਤੇ ਸਾਰਿਆਂ ਨੂੰ ਇੱਕ ਇੱਕ ਹੋਰ ਕਿਸਮ ਦਾ ਪੈੱਨ ਇਹ ਕਹਿ ਕੇ ਇਨਾਮ ਵਿੱਚ ਮੁਫ਼ਤ ਦੇ ਦਿੱਤਾ ਕਿ ਇਸ ਪੈੱਨ ਨੂੰ ਕੰਪਨੀ ਆਪਣੇ ਨਿਰਧਾਰਿਤ ਨਫੇ ਤੋਂ ਘੱਟ ਨਹੀਂ ਦੇ ਸਕਦੀ। ਮੈਂ ਬੋਲੀ ਲਾਉਣ ਵਾਲਿਆਂ ਵਿੱਚ ਸ਼ਾਮਲ ਨਹੀਂ ਸੀ। ਬਚਪਨ ਵਿੱਚ ਇਹ ਸਮਝ ਬਣਾ ਦਿੱਤੀ ਗਈ ਸੀ ਕਿ ਤੁਰਦੇ- ਫਿਰਦੇ ਮਾਲ ਵੇਚਣ ਵਾਲਿਆਂ ਕੋਲ ਘਟੀਆ ਕਿਸਮ ਦਾ ਸਾਮਾਨ ਹੁੰਦਾ ਹੈ। ਪਰ ਬੋਲੀ ਵਾਲਿਆਂ ਨੂੰ ਮਿਲਿਆ ਮੁਫ਼ਤ-ਪੈੱਨ ਹੁਣ ਮੇਰੇ ਮਨ ਵਿੱਚ ਹਲਚਲ ਪੈਦਾ ਕਰ ਰਿਹਾ ਸੀ।
ਉਸ ਨੇ ਫਿਰ ਇੱਕ ਡਾਇਰੀ ਕੱਢੀ ਤੇ ਆਪਣੀ ਗੱਲ ਨੂੰ ਦੁਹਰਾਉਂਦਿਆਂ ਇਸ ਉਤੇ ਬੋਲੀ ਲਾਉਣ ਲਈ ਕਿਹਾ। ਮੈਂ ਇਸ ਵਾਰ ਵੀ ਚੁੱਪ ਬੈਠਾ ਰਿਹਾ। ਫਿਰ ਸਾਰਿਆਂ ਨੂੰ ਇੱਕ ਇੱਕ ਡਾਇਰੀ ਮੁਫ਼ਤ ਵਿੱਚ ਮਿਲ ਗਈ। ਇਹ ਡਾਇਰੀ ਲੈਣ ਵਾਲਿਆਂ ਦੀ ਗਿਣਤੀ ਪੈੱਨ ਲੈਣ ਵਾਲਿਆਂ ਤੋਂ ਵਧ ਗਈ ਸੀ। ਮੁਫ਼ਤ ਮਿਲ ਰਹੀਆਂ ਚੀਜ਼ਾਂ ਨੇ ਸੋਚਣ ਲਾ ਦਿੱਤਾ ਕਿ ਬੋਲੀ ਲਾਉਣ ‘ਚ ਕੀ ਹਰਜ਼ ਹੈ? ਤੇ ਅਖ਼ੀਰ ਉਸ ਨੇ ਸਾਰੀਆਂ ਚੀਜ਼ਾਂ ਦੀ ਸਾਂਝੀ ਬੋਲੀ ਲਾਉਣ ਲਈ ਆਖਿਆ। ਇੱਕ ਪੋਲੀਥੀਨ-ਲਿਫਾਫੇ ਵਿੱਚ ਬੰਦ ਸਾਰੀਆਂ ਚੀਜ਼ਾਂ ਚਮਕ ਰਹੀਆਂ ਸਨ। ਬੋਲੀ ਲੱਗਣੀ ਸ਼ੁਰੂ ਹੋ ਗਈ। ਮੈਂ ਬੜੇ ਚਿਰ ਤੋਂ ਕੰਟਰੋਲ ਕਰੀ ਬੈਠਾ ਸਾਂ ਪਰ ਅੱਧ ਜਿਹੇ ਵਿੱਚ ਜਾ ਕੇ ਮੈਂ ਵੀ ਸਾਰਿਆਂ ਦੀ ਸਾਂਝੀ ਬੋਲੀ ਅਠਾਸੀ ਰੁਪਏ ਲਾ ਦਿੱਤੀ। ਜੈਂਟਲਮੈਨ ਸਾਰਿਆਂ ਨੂੰ ਸੰਬੋਧਿਤ ਹੁੰਦਾ ਬੋਲਿਆ, “ਬਈ ਜਿਸ ਕਿਸੇ ਨੇ ਜਿੰਨੇ ਦੀ ਬੋਲੀ ਲਗਾਈ ਹੈ, ਉਹ ਮੁਤਾਬਕ ਰੁਪਏ ਆਪਣੇ ਹੱਥ ਵਿੱਚ ਰੱਖ ਲਏ। ਕਈ ਲੋਕ ਐਵੇਂ ਬੋਲੀ ਲਗਾ ਦਿੰਦੇ ਹਨ।’’ ਅਸੀਂ ਸਾਰਿਆਂ ਨੇ ਆਪਣੇ ਪੈਸੇ ਆਪਣੇ ਹੱਥਾਂ ਵਿੱਚ ਫੜ ਲਏ ਤੇ ਉਸ ਨੇ ਬੜੀ ਫੁਰਤੀ ਨਾਲ ਸਾਰਿਆਂ ਤੋਂ ਉਨ੍ਹਾਂ ਦੀ ਲਾਈ ਬੋਲੀ ਅਨੁਸਾਰ ਪੈਸੇ ਲੈ ਕੇ ਇੱਕ ਇੱਕ ਪੈਕਟ ਉਨ੍ਹਾਂ ਨੂੰ ਫੜਾਇਆ ਤੇ ਮਿੰਟਾਂ-ਸਕਿੰਟਾਂ ਵਿੱਚ ਉਥੋਂ ਉਹ ਫੁਰਰ ਹੋ ਗਿਆ। ਪੋਲੀਥੀਨ ਵਿੱਚ ਪੈਕ-ਸਮਾਨ ਨੂੰ ਖੋਲ੍ਹਦਿਆਂ ਸਾਰੇ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਕਰ ਰਹੇ ਸਨ। ਇਹ ਮੇਰੀ ਚੜ੍ਹਦੀ ਉਮਰ ਵਿੱਚ ਬਣੇ ਸਿਆਣੇ ਹੋਣ ਦੇ ਭਰਮ ਵਿੱਚ ਪਹਿਲੀ ਸੱਟ ਸੀ।
ਟੂਰ ਦੀ ਵਾਪਸੀ ਵਿੱਚ ਅਜੇ ਦੋ ਕੁ ਦਿਨ ਪਏ ਸਨ। ਗੱਡੀ ਔਰੰਗਾਬਾਦ ਵੱਲ ਸਰਪਟ ਦੌੜਦੀ ਜਾ ਰਹੀ ਸੀ। ਸਟੇਸ਼ਨ ਆਉਣ ਵਾਲਾ ਸੀ। ਪਤਾ ਲੱਗਾ ਕਿ ਸਾਡੇ ਨਾਲ ਪੜ੍ਹਦੇ ਰਘਬੀਰ ਦੀ ਜੇਬ ਕੱਟੀ ਜਾ ਚੁੱਕੀ ਸੀ। ਫਿਰ ਕਿਸੇ ਹੋਰ ਦੀ ਜੇਬ ਕੱਟੀ ਜਾਣ ਦਾ ਰੌਲਾ ਪੈ ਗਿਆ। ਮੈਂ ਪੈਸਿਆਂ ਨੂੰ ਸਾਂਭਣ ਦੇ ਢੰਗ-ਤਰੀਕੇ ਉਨ੍ਹਾਂ ਨੂੰ ਸਮਝਾਉਣੇ ਸ਼ੁਰੂ ਕਰਦਿਆਂ ਆਪਣੀ ਜੇਬ ਟੋਹੀ। ਪਰਸ ਨੇ ਆਪਣੀ ਹਾਜ਼ਰੀ ਸਪਸ਼ਟ ਕਰਾਈ। ਥੋੜ੍ਹੇ ਸਮੇਂ ਬਾਅਦ ਖੁੱਲ੍ਹੇ ਕੁੜਤੇ ਦੀ ਅੰਦਰਲੀ ਜੇਬ ਵਿੱਚੋਂ ਪਰਸ ਗਾਇਬ ਸੀ। ਬਾਹਰੋਂ ਕੋਈ ਕੱਟ ਦਾ ਨਿਸ਼ਾਨ ਨਹੀਂ ਸੀ। ਅੰਦਰਲੇ ਪਾਸੇ ਜਿਵੇਂ ਕਿਸੇ ਤੇਜ਼ਾਬੀ ਪਦਾਰਥ ਲੱਗਣ ਨਾਲ ਸੁਰਾਖ ਹੋਣ ਕਾਰਨ ਜੇਬ ਵਿਚਲਾ ਸਾਮਾਨ ਖਿਸਕਾ ਲਿਆ ਗਿਆ ਸੀ। ਪਹਿਲੀ ਵਾਰ ਇਉਂ ਪੈਸਿਆਂ ਦੇ ਨੁਕਸਾਨ ਹੋਣ ਦਾ ਦੁੱਖ ਵੀ ਸੀ ਤੇ ਪਛਤਾਵਾ ਵੀ ਅੰਤਾਂ ਦਾ ਸੀ।
ਅਜੰਤਾ ਦੀਆਂ ਗੁਫਾਵਾਂ ਦੇਖ ਕੇ ਪਰਤ ਰਹੇ ਸਾਂ। ਰੇਹੜੀਆਂ ‘ਤੇ ਚਮਕਦਾਰ ਗਾਨੀਆਂ ਤੇ ਵੰਨ-ਸਵੰਨੀਆਂ ਮੁੰਦਰੀਆਂ ਦੇ ਢੇਰ ਲੱਗੇ ਹੋਏ ਸਨ। ਅਸੀਂ ਵੀ ਉਨ੍ਹਾਂ ਰੇਹੜੀਆਂ ਦੇ ਕੋਲ ਖੜ੍ਹ ਕੇ ਰੇਟ ਪੁੱਛਣ ਲੱਗੇ। ਜੇਬਾਂ ਤਾਂ ਅਸੀਂ ਪਹਿਲਾਂ ਹੀ ਕਟਾ ਆਏ ਸਾਂ। ਖਰੀਦਣਾ ਤਾਂ ਕੁਝ ਵੀ ਨਹੀਂ ਸੀ। ਜਦੋਂ ਕਿਸੇ ਚੀਜ਼ ਦਾ ਮੁੱਲ ਪੁੱਛਦੇ ਤਾਂ ਉਹ ਸਾਨੂੰ ਵੀ ਅੰਗਰੇਜ਼ੀ ਵਿੱਚ ਉੱਚ ਆਵਾਜ਼ ਵਿਚ ਕੇਵਲ ਰੇਟ ਬੋਲਦਾ ਆਖਦਾ, ‘ਤ੍ਰੀ ਫਿਫਟੀ’ (350 ਰੁਪਏ) ਜਾਂ ‘ਟੂ ਫਿਫਟੀ’ (250 ਰੁਪਏ) ਪਰ ਰੇਹੜੀ ਵਾਲਾ ਸਾਡੇ ਵਿੱਚ ਦਿਲਚਸਪੀ ਨਹੀਂ ਸੀ ਲੈ ਰਿਹਾ। ਕੋਲ ਦੋ ਅੰਗਰੇਜ਼ਨਾਂ ਚੀਜ਼ਾਂ ਨੂੰ ਪਸੰਦ ਕਰ ਰਹੀਆਂ ਸਨ, ਪਰ ਉਹ ਰੇਟ ਕਿਸੇ ਦਾ ਵੀ ਨਹੀਂ ਸੀ ਪੁੱਛ ਰਹੀਆਂ। ਸਾਨੂੰ ਲੱਗਦਾ ਕਿ ਸਾਨੂੰ ਅੰਗਰੇਜ਼ੀ ਵਿੱਚ ਰੇਟ ਦੱਸ ਕੇ ਉਹ ਸੁਣਾਉਂਦਾ ਅੰਗਰੇਜ਼ ਔਰਤਾਂ ਨੂੰ ਹੀ ਸੀ ਤਾਂ ਕਿ ਅਨੁਮਾਨ ਲਾ ਲੈਣ ਕਿ ਕਿੰਨੀ ਕੀਮਤੀ ਚੀਜ਼ ਉਹ ਲੈ ਜਾ ਰਹੀਆਂ ਹਨ। ਰੇਹੜੀ ਵਾਲਾ ਉਨ੍ਹਾਂ ਨਾਲ ਅੰਗਰੇਜ਼ੀ ਵਿੱਚ ਗੁਫਤਗੂ ਕਰ ਰਿਹਾ ਸੀ। ਉਸ ਨੇ ਬੜੀਆਂ ਸੁੰਦਰ ਗਾਨੀਆਂ ਉਨ੍ਹਾਂ ਨੂੰ ਦਿੱਤੀਆਂ। ਅੰਗਰੇਜ਼ਨਾਂ ਨੇ ਰੇਟ ਪੁੱਛਿਆ ਤਾਂ ਰੇਹੜੀ ਵਾਲੇ ਨੇ ਕਿਹਾ, “ਨੋ ਨੋ, ਗਿਫਟ ਫਾਰ ਯੂ।’’ (ਇਹ ਤੁਹਾਡੇ ਲਈ ਤੋਹਫ਼ਾ ਹੈ)। ਐਨਾ ਆਖਣ ਦੀ ਦੇਰ ਸੀ ਕਿ ਬਦਲੇ ਉਨ੍ਹਾਂ ਵਿਦੇਸ਼ੀ ਔਰਤਾਂ ਨੇ ਉਸ ਨੂੰ ਘੜੀਆਂ ਤੋਹਫੇ ਵਜੋਂ ਦੇ ਦਿੱਤੀਆਂ। ਸਾਡੇ ਵੱਲ ਮੂੰਹ ਕਰਕੇ ਆਖਣ ਲੱਗਾ, ‘ਐਸੇ ਰਗੜਾ ਲਗਾਇਆ ਜਾਤਾ ਹੈ।’ ਉਸ ਦਾ ਜਵਾਬ ਸੁਣ ਕੇ ਮੇਰੀ ਮੱਥੇ ਵਾਲੀ ਨਾੜ ਸਵਾਲ ਬਣ ਕੇ ਉੱਭਰੀ, ‘ਹੈਂ, ਜੇਬ ਇਉਂ ਵੀ ਕੱਟੀ ਜਾਂਦੀ ਹੈ?’
ਟੂਰ ਤੋਂ ਵਾਪਸ ਆ ਕੇ ਦਿੱਲੀ ਤੋਂ ਖਰੀਦਿਆ ਪੈਂਟ-ਸ਼ਰਟ ਦਾ ਕੱਪੜਾ ਦੱਸੀ ਕੀਮਤ ਤੋਂ ਜੋ ਅੱਧ ਮੁੱਲ ‘ਚ ਖਰੀਦਿਆ ਸੀ, ਮੈਂ ਆਪਣੇ ਰਿਸ਼ਤੇਦਾਰ ਨੂੰ ਜੋ ਕੱਪੜੇ ਦਾ ਲੰਮੇ ਸਮੇਂ ਤੋਂ ਕੰਮ ਕਰਦਾ ਸੀ, ਦਿਖਾਇਆ ਤਾਂ ਉਹ ਬੋਲਿਆ, ‘‘ਇਸ ਨੂੰ ਸਵਾ ਕੇ ਸਵਾਈ ਦੇ ਪੈਸੇ ਖਰਾਬ ਨਾ ਕਰੀਂ, ਇਹ ਪਹਿਲੇ ਧੋ ਹੀ ਸਿੱਝ ਕੇ ਦੁੱਗਣਾ ਹੋ ਜਾਵੇਗਾ। ਫਿਰ ਭਾਵੇਂ ਇਸ ਦੀਆਂ ਦੋ ਪੈਂਟਾਂ ਬਣਾ ਲਵੀਂ।’’ ਗੱਲ ਕਰਕੇ ਉਹ ਹੱਸ ਪਿਆ।
ਇੰਝ ਮੈਨੂੰ ਟੂਰ ਦੌਰਾਨ ਦੇਖੀਆਂ ਥਾਵਾਂ ਤਾਂ ਬਹੁਤੀਆਂ ਯਾਦ ਨਹੀਂ, ਪਰ ਹਾਲੇ ਤੱਕ ਵੀ ਉਸ ਤੋਂ ਮਿਲੇ ਸਬਕ ਮਨ ‘ਤੇ ਦਸਤਕ ਜ਼ਰੂਰ ਦਿੰਦੇ ਰਹਿੰਦੇ ਹਨ, ਜਿਸ ਕਰਕੇ ਅਜੇ ਤੱਕ ਉਨ੍ਹਾਂ ਗਲਤੀਆਂ ਨੂੰ ਦੁਹਰਾਉਣ ਤੋਂ ਮੈਂ ਬਚਦਾ ਹੀ ਰਿਹਾ ਹਾਂ। ਨਿੱਜੀ ਅਨੁਭਵਾਂ ਵਿੱਚੋਂ ਗੁਜ਼ਰਦਿਆਂ ਖਾਧੀਆਂ ਠੋਕਰਾਂ ਹੀ ਭਵਿੱਖ ਲਈ ਚੰਗੇ ਸਬਕ ਬਣਦੀਆਂ ਹਨ।
ਸੰਪਰਕ: 98760-64576