ਸੁੱਚਾ ਸਿੰਘ ਖੱਟੜਾ
ਗੱਲ ਪੁਰਾਣੀ ਹੈ। ਗੱਲ ਇੰਝ ਵਾਪਰੀ ਕਿ ਜਿ਼ਲ੍ਹਾ ਸਿੱਖਿਆ ਅਫਸਰ ਗੰਭੀਰ ਮਿਜ਼ਾਜ, ਪੜ੍ਹਾਈ ਵਿਚ ਆਪਣੇ ਵਿਸ਼ੇ ਦੀ ਪੀਐੱਚਡੀ, ਘੱਟ ਪਰ ਸਲੀਕੇ ਨਾਲ ਬੋਲਣ ਵਾਲੇ ਸਨ। ਕਿਸੇ ਸਕੂਲ ਵਿਚ ਗਏ ਤਾਂ ਅੱਠਵੀਂ ਦੇ ਵਿਦਿਆਰਥੀ ਦੀ ਅੰਗਰੇਜ਼ੀ ਵਿਸ਼ੇ ਦੀ ਕਾਪੀ ਚੈੱਕ ਕਰਨ ਲੱਗ ਪਏ। ਅੰਗਰੇਜ਼ੀ ਵਿਚ ਜ਼ਰੂਰੀ ਕੰਮ ਲਈ ਛੁੱਟੀ ਦੀ ਅਰਜ਼ੀ ਪੜ੍ਹਦਿਆਂ ਦੇਖਿਆ ਕਿ ਵਾਕ ਬਣਤਰ ਅਤੇ ਕੁਝ ਸ਼ਬਦ-ਜੋੜ ਗ਼ਲਤ ਸਨ। ਦੂਜੇ, ਤੀਜੇ, ਚੌਥੇ; ਹਰ ਵਿਦਿਆਰਥੀ ਦੀ ਕਾਪੀ ਵਿਚ ਇੱਕ ਹੀ ਤਰ੍ਹਾਂ ਦੀਆਂ ਗ਼ਲਤੀਆਂ ਸਨ। ਜਮਾਤ ਛੱਡ ਦਫਤਰ ਵਿਚ ਆਣ ਬੈਠੇ। ਸਬੰਧਿਤ ਅਧਿਆਪਕ ਨੂੰ ਬੁਲਾਇਆ। ਉਹੀ ਅਰਜ਼ੀ ਲਿਖਣ ਨੂੰ ਕੋਰਾ ਕਾਗਜ਼ ਫੜਾ ਦਿੱਤਾ। ਅਧਿਆਪਕ ਨੇ ਅਰਜ਼ੀ ਲਿਖ ਕੇ ਕਾਗਜ਼ ਵਾਪਸ ਮੋੜ ਦਿੱਤਾ। ਜਿ਼ਲ੍ਹਾ ਸਿੱਖਿਆ ਅਫਸਰ ਨੇ ਕਾਗਜ਼ ਉੱਤੇ ਨਜ਼ਰ ਮਾਰੀ ਅਤੇ ਜੇਬ ਵਿਚ ਪਾਉਂਦੇ ਹੋਏ ਉੱਠ ਕੇ ਦਫਤਰੋਂ ਬਾਹਰ ਜਾਂਦੇ ਕਹਿ ਗਏ ਕਿ ਜਦੋਂ ਕਦੇ ਮੈਂ ਵਾਪਸ ਆਵਾਂ ਤਾਂ ਅੰਗਰੇਜ਼ੀ ਵਿਚ ਜ਼ਰੂਰੀ ਕੰਮ ਲਈ ਛੁੱਟੀ ਦੀ ਅਰਜ਼ੀ ਵਿਚ ਗ਼ਲਤੀਆਂ ਨਹੀਂ ਹੋਣੀਆਂ ਚਾਹੀਦੀਆਂ।
ਕੁਝ ਦਿਨਾਂ ਬਾਅਦ ਮੇਰਾ ਜਿ਼ਲ੍ਹਾ ਸਿੱਖਿਆ ਦਫਤਰ ਜਾਣ ਦਾ ਸਬਬ ਬਣਿਆ। ਕਿਸੇ ਬ੍ਰਾਂਚ ਵਿਚ ਕੰਮ ਸੀ। ਦਰਜਾ ਚਾਰ ਮੁਲਾਜ਼ਮ ਨੇ ਕੰਨ ਵਿਚ ਸੁਨੇਹਾ ਦਿੱਤਾ ਕਿ ਸਾਹਿਬ ਨੂੰ ਮਿਲ ਕੇ ਜਾਣਾ; ਸੋ, ਕੰਮ ਨਬਿੇੜ ਕੇ ਸਾਹਿਬ ਕੋਲ ਜਾ ਫਤਹਿ ਬੁਲਾਈ। ਉਨ੍ਹਾਂ ਮੈਨੂੰ ਅਧਿਆਪਕ ਦੀ ਅੰਗਰੇਜ਼ੀ ਵਿਚ ਲਿਖੀ ਅਰਜ਼ੀ ਵਾਲਾ ਕਾਗਜ਼ ਸੌਂਪਦਿਆਂ ਕਿਹਾ, “ਇਹ ਤੁਹਾਡੇ ਲਈ ਸਾਂਭ ਕੇ ਰੱਖਿਆ ਸੀ।” ਮੈਂ ਕਾਗਜ਼ ਲਿਆਂਦਾ, ਕਾਗਜ਼ ਨੇ ਸਿਰ ਦਰਦ ਪੈਦਾ ਕਰ ਦਿੱਤਾ। ਸਮੱਸਿਆ ਨੂੰ ਦੇਖਣਾ, ਸੋਚਣਾ ਅਤੇ ਕਿਸੇ ਕਿਸੇ ਨਾਲ ਵਿਚਾਰਨਾ ਸ਼ੁਰੂ ਕੀਤਾ। ਵਿਦਿਆਰਥੀ ਅਤੇ ਅਧਿਆਪਕ ਦੋਨੋਂ ਬੇਕਸੂਰ ਸਨ। ਜੇ ਅੰਗਰੇਜ਼ੀ ਵੱਖਰਾ ਵਿਸ਼ਾ ਹੈ ਤਾਂ ਇਸ ਵਿਸ਼ੇ ਦਾ ਅਧਿਆਪਕ ਵੱਖਰਾ ਕਿਉਂ ਨਹੀ?
ਸਮੱਸਿਆ ਦਾ ਹੱਲ ਲੱਭ ਲਿਆ ਗਿਆ। ਡੀਪੀਆਈ ਦੀ ਅਗਲੀ ਮਾਸਿਕ ਮੀਟਿੰਗ ਵਿਚ ਅੰਗਰੇਜ਼ੀ ਵਿਸ਼ੇ ਲਈ ਵੱਖਰੇ ਅਧਿਆਪਕਾਂ ਦੀ ਮੰਗ ਏਜੰਡੇ ਵਿਚ ਪਾਈ। ਅੰਗਰੇਜ਼ੀ ਅਧਿਆਪਕ ਦੀ ਯੋਗਤਾ, ਐੱਸਐੱਸ ਮਾਸਟਰ ਕਾਡਰ ਕੁਲ ਅਸਾਮੀਆਂ ਵਿਚੋਂ ਅੰਗਰੇਜ਼ੀ ਲਈ ਬਣਦੀਆਂ ਅਸਾਮੀਆਂ ਦੀ ਗਿਣਤੀ, ਮੌਜੂਦਾ ਐੱਸਐੱਸ ਮਾਸਟਰਾਂ ਤੋਂ ਅੰਗਰੇਜ਼ੀ ਲਈ ਚੋਣ (ਆਪਸ਼ਨ), ਤਰੱਕੀ ਅਤੇ ਸਿੱਧੀ ਭਰਤੀ ਰਾਹੀਂ ਲੋੜੀਂਦੀ ਗਿਣਤੀ ਪੂਰੀ ਕਰਨ ਦੀ ਯੋਜਨਾ ਸਾਡੇ ਏਜੰਡੇ ਵਿਚ ਸੀ। ਡੀਪੀਆਈ (ਸ) ਡਾ. ਜਗਤਾਰ ਸਿੰਘ ਖੱਟੜਾ ਨੇ ਸਾਡੇ ਸੁਝਾਅ ਉੱਤੇ ਦਫਤਰ ਵੱਲੋਂ ਫਾਇਲ ਤਿਆਰ ਕਰਕੇ ਸਰਕਾਰ ਦੀ ਮਨਜ਼ੂਰੀ ਲਈ ਭੇਜ ਦਿੱਤੀ।
ਡੀਪੀਆਈ (ਸ) ਦੀ ਸਰਕਾਰ ਨੂੰ ਭੇਜੀ ਫਾਇਲ ਕਿਸੇ ਨੇ ਦੇਖਣੀ ਨਹੀਂ ਸੀ, ਜੇ ਨਵੇਂ ਨਵੇਂ ਡੀਜੀਐੱਸਈ ਬਣੇ ਕ੍ਰਿਸ਼ਨ ਕੁਮਾਰ ਐੱਸਐੱਸ ਮਾਸਟਰਾਂ ਦੀ ਅੰਗਰੇਜ਼ੀ ਸੁਧਾਰਨ ਲਈ ਉਨ੍ਹਾਂ ਨੂੰ ਇਗਨੋ ਯੂਨੀਵਰਸਿਟੀ ਕੋਲ ਕੋਰਸ ਲਈ ਪੜ੍ਹਨੇ ਨਾ ਪਾਉਂਦੇ ਅਤੇ ਅਧਿਆਪਕਾਂ ਦੇ ਬਾਈਕਾਟ ਤੇ ਧਰਨਿਆਂ ਪਿੱਛੋਂ ਜਥੇਬੰਦੀਆਂ ਨਾਲ ਗੱਲਬਾਤ ਨਾ ਹੁੰਦੀ। ਗੱਲਬਾਤ ਦੌਰਾਨ 2005 ਦੇ ‘ਮੁਲਾਜ਼ਮ ਲਹਿਰ’ ਰਸਾਲੇ ਵਿਚ ਡੀਪੀਆਈ (ਸ) ਨਾਲ ਮੀਟਿੰਗ ਵਿਚ ਅੰਗਰੇਜ਼ੀ ਮਾਸਟਰਾਂ ਦੀ ਵੱਖਰੀ ਯੋਗਤਾ ਸਹਿਤ ਵੱਖਰੇ ਕਾਡਰ ਦੀ ਮੰਗ ਦੀ ਰਿਪੋਰਟ ਛਪੀ ਸੀ। ਡੀਜੀਐੱਸਈ ਨੇ ਰਿਪੋਰਟ ਉੱਤੇ ਨਜ਼ਰ ਮਾਰਦਿਆਂ ਸਾਰ ਬਾਈਕਾਟ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਤੁਰੰਤ ਵਾਪਸ ਲੈ ਲਈ। ਇਸ ਘਟਨਾਕ੍ਰਮ ਦਾ ਸਿੱਟਾ ਸੀ ਕਿ 2008 ਵਿਚ ਵੱਖਰੀ ਯੋਗਤਾ ਅਤੇ ਵੱਖਰੇ ਕਾਡਰ ਅਧੀਨ 1000 ਅੰਗਰੇਜ਼ੀ ਮਾਸਟਰਾਂ ਦੀ ਭਰਤੀ ਹੋ ਗਈ।
ਦਿੱਲੀ ਅਤੇ ਹਿਮਾਚਲ ਵਿਚ ਅੱਜ ਤੱਕ ਸਮਾਜਿਕ ਅੰਗਰੇਜ਼ੀ, ਦੋ ਵਿਸ਼ਿਆਂ ਲਈ ਇੱਕ ਅਧਿਆਪਕ ਹੈ। ਚੰਡੀਗੜ੍ਹ (ਯੂਟੀ) ਨੇ ਵੀ 2015 ਵਿਚ ਤਰੱਕੀ ਲਈ ਅੰਗਰੇਜ਼ੀ ਲਈ ਵੱਖਰਾ ਕਾਡਰ ਪ੍ਰਵਾਨ ਕੀਤਾ। ਇਸੇ ਤਰ੍ਹਾਂ ਹਰਿਆਣਾ ਨੇ ਹੁਣ 2022 ਵਿਚ ਅੰਗਰੇਜ਼ੀ ਦੇ ਵੱਖਰੇ ਅਧਿਆਪਕਾਂ ਦੀ ਭਰਤੀ ਸ਼ੁਰੂ ਕੀਤੀ ਹੈ। ਪੰਜਾਬ ਮੁਲਕ ਦਾ ਪਹਿਲਾ ਸੂਬਾ ਹੈ ਜਿਸ ਨੇ 2008 ਵਿਚ 1000 ਭਰਤੀ ਕਰਕੇ ਇਤਿਹਾਸਕ ਸੁਧਾਰ ਕੀਤਾ। ਜਿੱਥੇ ਕਾਗਜ਼ ਦੇ ਇੱਕ ਟੁਕੜੇ ਨੂੰ ਇਤਿਹਾਸਕ ਹੋ ਨਬਿੜਨ ਦਾ ਨਸੀਬ ਹਾਸਲ ਹੋਇਆ ਉੱਥੇ ਮੈਨੂੰ ਇਹ ਸ਼ਿਅਰ ਵਾਰ ਵਾਰ ਯਾਦ ਆਉਂਦਾ ਹੈ: ਅਰੇ ਕੰਬਖਤ ਸਰ ਦਰਦ ਤੋ ਪੈਦਾ ਕਰ, ਖੁਦਾ ਸੰਦਲ ਭੀ ਦੇਗਾ।
ਸਕੂਲੀ ਬੱਚੇ ਦੀ ਕਾਪੀ ਦਾ ਅਜਿਹਾ ਹੀ ਇਕ ਕਾਗਜ਼ ਡੀਪੀਆਈ ਪ੍ਰਾਇਮਰੀ ਹੁੰਦਿਆਂ ਡਾ. ਜਗਤਾਰ ਸਿੰਘ ਖੱਟੜਾ ਨੇ ਮੈਨੂੰ ਦਿਖਾਇਆ ਸੀ। ਇਹ ਕਾਗਜ਼ ਉਨ੍ਹਾਂ ਲੁਧਿਆਣਾ ਜਿ਼ਲ੍ਹੇ ਦੇ ਕਿਸੇ ਪ੍ਰਾਇਮਰੀ ਸਕੂਲ ਤੋਂ ਲਿਆਂਦਾ ਸੀ। ਇਸ ਕਾਗਜ਼ ਵਿਚ ਪੰਜਾਬੀ ਦੀਆਂ ਗਿਆਰਾਂ ਪੰਕਤੀਆਂ ਵਿਚ 23 ਗ਼ਲਤੀਆਂ ਸਨ। ਦੋ ਕਾਗਜ਼ ਦੇ ਟੁਕੜੇ, ਇੱਕ ਟੁਕੜੇ ਨੇ ਸਿੱਖਿਆ ਵਿਭਾਗ ਵਿਚ ਕ੍ਰਾਂਤੀ ਵਰਗਾ ਕੰਮ ਕੀਤਾ; ਦੂਜਾ ਟੁਕੜਾ ਸਾਡੇ ਅਤੇ ਕਿਸੇ ਅਫਸਰ ਰਾਹੀਂ ਕ੍ਰਾਂਤੀ ਨਹੀਂ ਲਿਆ ਸਕਦਾ ਸੀ ਕਿਉਂਕਿ ਦੂਜਾ ਟੁਕੜਾ ਜਾਅਲੀ ਡਿਗਰੀਆਂ ਵਾਲਿਆਂ ਦੀਆਂ ਜਾਅਲੀ ਭਰਤੀਆਂ ਵਿਚੋਂ ਆਇਆ ਸੀ। ਇਸ ਦਾ ਸਬੰਧ ਸਿਆਸਤਦਾਨਾਂ ਨਾਲ ਸੀ। ਪਹਿਲੇ ਟੁਕੜੇ ਵਿਚ ਸਮੱਸਿਆ ਕੇਵਲ ਕੰਮ ਵੰਡ ਦੀ ਸੀ, ਤਕਨੀਕੀ ਸੀ। ਸਮਝ ਜਾਣ ਪਿੱਛੋਂ ਇੱਛਾ ਸ਼ਕਤੀ ਵਾਲਾ ਸਿੱਖਿਆ
ਹਿਤੈਸ਼ੀ ਕੋਈ ਵੀ ਅਫਸਰ ਕਰ ਸਕਦਾ ਸੀ। ਮੌਜੂਦਾ ਅਤੇ ਆਉਣ ਵਾਲੇ ਅੰਗਰੇਜ਼ੀ ਅਧਿਆਪਕਾਂ ਦੀ ਖੁਸ਼ਕਿਸਮਤੀ ਸੀ ਕਿ ਇਹ ਹੋ ਗਿਆ। ਹੁਣ ਅੰਗਰੇਜ਼ੀ ਅਧਿਆਪਕਾਂ ਨੇ ਸੋਚਣਾ ਹੈ ਕਿ ਇਸ ਫੈਸਲੇ ਨਾਲ ਸਕੂਲੀ ਬੱਚੇ ਕਿੰਨੇ ਕੁ ਖੁਸ਼ਕਿਸਮਤ ਬਣਦੇ ਹਨ।
ਸੰਪਰਕ: 94176-52947