ਉਸ ਦਾ ਪੂਰਾ ਨਾਂ ਤਾਂ ਭਾਵੇਂ ਦੀਨ ਮੁਹੰਮਦ ਸੀ ਪਰ ਜਿ਼ਆਦਾਤਰ ਲੋਕ ਉਹਨੂੰ ਦੀਨਾ ਕਰ ਕੇ ਹੀ ਜਾਣਦੇ ਸਨ। ਦੀਨ ਮੁਹੰਮਦ ਦੇ ਨਾਂ ਤੋਂ ਸ਼ਾਇਦ ਹੀ ਕੋਈ ਜਾਣੂ ਹੋਵੇ। ਕੱਟਵੀਂ ਦਾੜ੍ਹੀ, ਚਿੱਟੇ ਕੁੜਤੇ-ਚਾਦਰੇ ਨਾਲ਼ ਚਿੱਟੀ ਪੱਗ ਪਹਿਨਣ ਵਾਲਾ ਦੀਨਾ ਸਾਰੇ ਪਿੰਡ ਦਾ ਚਹੇਤਾ ਸੀ। ਸਾਡੇ ਲਾਗਲੇ ਪਿੰਡ ਜੱਟਾਂ ਦੇ ਮੁਹੱਲੇ ਵਿਚਕਾਰ ਇੱਕ ਕੋਠਾ ਉਹਦਾ ਰੈਣ-ਬਸੇਰਾ ਸੀ। ਸਰੀਰ ਤੇ ਹੋਈ ਫੁਲਵਹਿਰੀ ਕਾਰਨ ਚਿਹਰੇ ਤੇ ਕਿਤੇ ਕਿਤੇ ਹੀ ਮਾਸ ਕਾਲਾ ਦਿਖਾਈ ਦਿੰਦਾ ਸੀ।
ਦੀਨਾ ਸਾਡੇ ਪਿੰਡਾਂ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਸੀ। ਘਰ ਘਰ ਦਾ ਭੇਤੀ ਦੀਨਾ ਜਿੱਥੇ ਮਰਜ਼ੀ ਖਾਵੇ-ਪੀਵੇ, ਜਿੱਥੇ ਮਰਜ਼ੀ ਆਰਾਮ ਕਰੇ, ਰਾਤ ਠਹਿਰੇ; ਕੋਈ ਬੰਦਿਸ਼ ਨਹੀਂ ਸੀ। ਉਹ ਅਕਸਰ ਸਾਡੇ ਪਿੰਡ ਵਿਆਹ ਦੀਆਂ ਭਾਜੀਆਂ ਲੈ ਕੇ ਆਉਂਦਾ ਸੀ। ਸਿਰ ਉੱਤੇ ਗੁੜ ਦਾ ਬੋਰੂ ਲੈ ਕੇ ਉਹ ਸ਼ਾਮ ਵੇਲੇ ਪਿੰਡ ਪਹੁੰਚਦਾ। ਚੋਅ ਟੱਪ ਕੇ ਹਾਸੇ ਬਖੇਰਦਾ ਆਉਂਦਾ ਦੀਨਾ ਦੂਰੋਂ ਹੀ ਦਿਸ ਪੈਂਦਾ। ਉਨ੍ਹਾਂ ਦਿਨਾਂ ਵਿਚ ਵਿਆਹ ਦੇ ਛਪੇ ਹੋਏ ਕਾਰਡਾਂ ਦਾ ਹਾਲੇ ਰਿਵਾਜ਼ ਨਹੀਂ ਸੀ ਪਿਆ। ਕੋਈ ਵਿਰਲਾ-ਟਾਵਾਂ ਪਰਿਵਾਰ ਹੀ ਸ਼ਾਇਦ ਛਪਾਉਂਦਾ ਹੋਵੇਗਾ। ਦੋ ਸੇਰ ਗੁੜ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ ਅਲੱਗ ਕਰ ਦੀਨਾ ਘਰੋ-ਘਰੀ ਭਾਜੀਆਂ ਵੰਡਦਾ।
ਉਨ੍ਹਾਂ ਦਿਨਾਂ ਵਿਚ ਗੁੜ ਦੀ ਕੋਈ ਕਮੀ ਨਹੀਂ ਸੀ ਹੁੰਦੀ, ਵੰਡਿਆਂ ਨਹੀਂ ਸੀ ਮੁੱਕਦਾ। ਧਾਰਮਿਕ ਸਥਾਨਾਂ ਤੇ ਦਿਨ-ਤਿਹਾਰ ਵੇਲੇ ਲੋਕ ਆਟੇ ਨਾਲ ਮਿੱਠਾ, ਭਾਵ ਗੁੜ ਦੀਆਂ ਰੋੜੀਆਂ ਦੇਣਾ ਨਾ ਭੁੱਲਦੇ। ਘਰ ਦੇ ਬਣਾਏ ਗੁੜ ਨਾਲ ਭੜੋਲੇ ਨੱਕੋ-ਨੱਕ ਭਰੇ ਰਹਿੰਦੇ। ਜਦੋਂ ਚੋਅ ਟੱਪ ਕੇ ਖੇਤੋ-ਖੇਤੀ ਆਉਂਦੇ ਦੀਨੇ ਨੂੰ ਦੇਖਦੇ ਤਾਂ ਸਭ ਨੂੰ ਪਤਾ ਲੱਗ ਜਾਂਦਾ ਕਿ ਦੀਨਾ ਕਿਸੇ ਵਿਆਹ ਦੀ ਭਾਜੀ ਲੈ ਕੇ ਆਇਆ ਹੈ। ਉਹ ਆਪਣਾ ਕੰਮ ਨਬਿੇੜ ਕੇ ਦੂਜੇ ਦਿਨ ਮੋੜੀ ਪਾਉਂਦਾ। ਜਦੋਂ ਵੀ ਕਿਸੇ ਘਰ ਵਿਆਹ ਹੁੰਦਾ ਜਾਂ ਨਾਨਕੀ-ਸ਼ੱਕ ਜਾਂਦਾ ਤਾਂ ਦੀਨਾ ਮੋਹਰੀ ਹੁੰਦਾ। ਦੀਨੇ ਦੀ ਸਲਾਹ ਤੋਂ ਬਿਨਾਂ ਕੋਈ ਕਾਰ-ਵਿਹਾਰ ਪੂਰਾ ਨਾ ਹੁੰਦਾ। ਰੀਤੀ-ਰਿਵਾਜ਼ਾਂ ਅਤੇ ਮੌਕੇ ਦੀਆਂ ਰਸਮਾਂ ਦਾ ਉਹ ਪੂਰੀ ਭੇਤੀ ਸੀ। ਘਰ ਦੀਆਂ ਤ੍ਰੀਮਤਾਂ ਉਹਨੂੰ ਪੁੱਛ ਕੇ ਪੈਰ ਪੁੱਟਦੀਆਂ।
ਦੀਨੇ ਨੂੰ ਪਿੰਡ ਵਿਚ ਕੋਈ ਦਿੱਕਤ ਨਹੀਂ ਸੀ। ਢਿੱਲਾ-ਮੱਠਾ ਹੋਣ ਤੇ ਆਂਢੀ-ਗੁਆਂਢੀ ਉਹਦਾ ਖਿਆਲ ਰੱਖਦੇ। ਲੋੜ ਅਨੁਸਾਰ ਦੁਆ-ਦਾਰੂ ਕਰਦੇ। ਬਚਪਨ ਵੇਲੇ ਸਾਡੇ ਦਿਮਾਗ ਵਿਚ ਕਦੇ ਵੀ ਨਹੀਂ ਸੀ ਆਇਆ ਕਿ ਦੀਨਾ ਕਿਸ ਧਰਮ ਨਾਲ ਸੰਬੰਧ ਰੱਖਦਾ ਹੈ। ਭਾਈ ਵੀਰ ਸਿੰਘ ਜੀ ਕਵਿਤਾ ‘ਕੁਤਬ ਦੀ ਲਾਠ’ ਸ਼ਾਇਦ ਦੀਨੇ ਵਰਗੇ ਲੋਕਾਂ ਤੇ ਪੂਰੀ ਤਰ੍ਹਾਂ ਢੁੱਕਦੀ ਹੈ: ‘ਜਾਤ ਜਨਮ ਤੇ ਅਸਲ ਨਸਲ ਨੂੰ, ਕੋਈ ਕਦੇ ਨਾ ਛਾਣੇ। ਜਦੋਂ ਸੁੰਦਰਤਾ ਦਰਸ਼ਨ ਦੇਵੇ, ਸਭ ਕੋਈ ਆਪਣੀ ਜਾਣੇ’। ਦੀਨਾ ਆਪਣੇ ਸੁਭਾਅ ਕਰ ਕੇ ਕਿਸੇ ਲਈ ਪਰਾਇਆ ਨਹੀਂ ਸੀ, ਸਾਰਿਆ ਦਾ ਆਪਣਾ। ਭਾਈ ਵੀਰ ਸਿੰਘ ਜੀ ਦੀ ਕਵਿਤਾ ਦੀਆਂ ਸਤਰਾਂ ਵਰਗਾ।
ਇਹ ਅਕਸਰ ਹੁੰਦਾ ਹੈ ਕਿ ਜਦੋਂ ਬੰਦਾ ਉਮਰ ਦੇ ਦੂਜੇ ਪੜਾਅ ਵਿਚ ਦਾਖ਼ਲ ਹੁੰਦਾ ਹੈ ਤਾਂ ਉਹ ਭਵਿੱਖ ਦੀ ਸੁਰੱਖਿਆ ਬਾਰੇ ਫਿ਼ਕਰਮੰਦ ਹੋਣ ਲਗਦਾ ਹੈ। ਜ਼ਿੰਦਗੀ ਦੇ ਇਸ ਪੜਾਅ ਤੇ ਪਹੁੰਚੇ ਦੀਨੇ ਦੇ ਦਿਮਾਗ ਵਿਚ ਵੀ ਸ਼ਾਇਦ ਇਹੀ ਗੱਲ ਆਈ ਹੋਵੇ। ਜ਼ਿੰਦਗੀ ਦੀ ਸ਼ਾਮ ਉਹ ਆਪਣਿਆਂ ਵਿਚ ਬੈਠ ਕੇ ਗੁਜ਼ਾਰਨ ਦਾ ਇੱਛੁਕ ਸੀ। ਹਰ ਵਕਤ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਦੀਨਾ ਇਕ ਦਿਨ ਜਦੋਂ ਘਰ ਆਇਆ ਤਾਂ ਪਹਿਲਾਂ ਵਾਲੀ ਗੱਲ ਨਹੀਂ ਸੀ। ਬੋਲਾਂ ਵਿਚ ਉਹ ਗੜ੍ਹਕਾ ਵੀ ਨਹੀਂ ਸੀ। ਬੱਖੀ ਵਾਲੇ ਖੀਸੇ ਵਿਚੋਂ ਪਾਸਪੋਰਟ ਕੱਢ ਕੇ ਬੋਲਿਆ, “ਭਾਊ, ਤੇਰੀ ਤਾਂ ਚੰਗੀ ਬਾਕਮੀ ਐ, ਮੈਨੂੰ ਭੇਜਣ ਦਾ ਕੋਈ ਹੀਲਾ-ਵਸੀਲਾ ਕਰ ਦੇ।” ਉਸ ਦਾ ਭਾਵ ਪਾਕਿਸਤਾਨ ਵਸਦੇ ਭਰਾਵਾਂ ਕੋਲ ਪਹੁੰਚਣ ਲਈ ਵੀਜ਼ਾ ਲਗਵਾਉਣ ਤੋਂ ਸੀ। ਉਸ ਨੂੰ ਦੇਖ ਕੇ ਲਗਦਾ ਸੀ, ਜਿਵੇਂ ਉਹ ਲਹਿੰਦੇ ਪੰਜਾਬ ਵੱਲ ਪੰਛੀਆਂ ਵਾਂਗ ਉਡਾਰੀ ਮਾਰਨੀ ਲੋਚਦਾ ਹੋਵੇ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ। ਉਸ ਦਿਨ ਤੋਂ ਬਾਅਦ ਦੀਨੇ ਨਾਲ ਕਦੇ ਮੇਲ਼ ਨਹੀਂ ਹੋਇਆ।
ਬਜ਼ੁਰਗਾਂ ਦੇ ਦੱਸਣ ਅਨੁਸਾਰ ਵੰਡ ਵੇਲੇ ਦੀਨੇ ਦਾ ਪਰਿਵਾਰ ਲਹਿੰਦੇ ਪੰਜਾਬ ਚਲਾ ਗਿਆ ਸੀ। ਕਾਫੀ ਸਮੇਂ ਬਾਅਦ ਪਤਾ ਲੱਗਾ ਕਿ ਦੀਨਾ ਆਪਣੇ ਭਰਾਵਾਂ ਕੋਲ ਪਹੁੰਚ ਗਿਆ ਸੀ। ਫਿਰ ਉਡਦੀ ਉਡਦੀ ਖਬਰ ਮਿਲੀ ਸੀ ਕਿ ਦੀਨਾ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਹੁਣ ਜਦੋਂ ਵੀ ਕਦੇ ਯਾਦਾਂ ਫੇਰੇ ਪਾਉਂਦੀਆਂ ਹਨ ਤਾਂ ਦੁੱਧ-ਚਿੱਟੇ ਕੱਪੜਿਆਂ ਵਿਚ ਸਿਰ ਤੇ ਬੋਰੂ ਚੁੱਕੀ ਆਉਂਦੇ ਅਤੇ ਹਾਸੇ ਬਖੇਰਦੇ ਦੀਨੇ ਦਾ ਝਾਉਲਾ ਪੈਂਦਾ ਹੈ। ਦੀਨੇ ਵਰਗੇ ਲੋਕ ਅਜੇ ਵੀ ਸਭ ਦੇ ਸਾਂਝੇ ਹਨ, ਭਾਵੇਂ ਉਹ ਕਿਸੇ ਵੀ ਮਜ਼੍ਹਬ ਜਾਂ ਜਾਤ ਨਾਲ ਸੰਬੰਧ ਰੱਖਦੇ ਹੋਣ।
ਸੰਪਰਕ: 94638-51568