ਚੋਰਾਂ ਨੂੰ ਮੋਰ : The Tribune India

ਚੋਰਾਂ ਨੂੰ ਮੋਰ

ਚੋਰਾਂ ਨੂੰ ਮੋਰ

ਮੋਹਨ ਸ਼ਰਮਾ

ਮੋਹਨ ਸ਼ਰਮਾ

ਸ਼ੱਈਆਂ ਨਸ਼ੇ ਦੀ ਪੂਰਤੀ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਨਸ਼ਾ ਮਿਲ ਗਿਆ ਤਾਂ ‘ਕਾਟੋ ਫੁੱਲਾਂ ’ਤੇ ਖੇਡਦੀ ਐ’ ਸ਼ਬਦ ਇਨ੍ਹਾਂ ਦੇ ਮੂੰਹਾਂ ਵਿਚੋਂ ਬਬੋ-ਬਦੀ ਨਿਕਲਦੇ ਨੇ; ਨਾ ਮਿਲੇ ਤਾਂ ‘ਚਿੱਤ ਨ੍ਹੀਂ ਲੋਟ’ ਕਹਿ ਕੇ ਮਰੀਅਲ ਜਿਹੀ ਚੁੱਪ ਇਨ੍ਹਾਂ ਦੇ ਚਿਹਰੇ ’ਤੇ ਪਸਰ ਜਾਂਦੀ ਹੈ।

ਨਸ਼ਿਆਂ ਦੀ ਪੂਰਤੀ ਲਈ ਪੈਸਿਆਂ ਦਾ ਜੁਗਾੜ ਇਹ ਕਿਵੇਂ ਨਾ ਕਿਵੇਂ ਕਰ ਲੈਂਦੇ ਨੇ: ਬੁੜ੍ਹਾ ਬਿਮਾਰ ਐ, ਦਵਾਈ ਲਿਆਉਣੀ ਐ; ਬਟੂਆ ਡਿੱਗ ਪਿਆ, ਦਈਂ ਪੰਜ ਕੁ ਸੌ ਰੁਪਈਆ, ਆਥਣ ਨੂੰ ਮੋੜ ਦਊਂ; ਜਵਾਕ ਦੀ ਫੀਸ ਭਰਨੀ ਐ, ਕਿਤਾਬਾਂ ਵੀ ਲੈ ਕੇ ਦੇਣੀਆਂ ਨੇ... ਵਰਗੇ ਬਹਾਨਿਆਂ ਦੇ ਜਾਲ ਵਿਚ ਕਈ ਭਲੇਮਾਣਸ ਫਸ ਵੀ ਜਾਂਦੇ ਹਨ। ਨਹੀਂ ਫਿਰ ਚੋਰੀਆਂ, ਠੱਗੀਆਂ, ਲੁੱਟ-ਖੋਹ ਤਾਂ ਇਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਹੀ ਹੋਇਆ ਹੈ। ਰਿਸ਼ਤੇਦਾਰ, ਮਿਲਣ-ਗਿਲਣ ਵਾਲੇ ਇਨ੍ਹਾਂ ਤੋਂ ਪਾਸਾ ਵੱਟ ਕੇ ਹੀ ਲੰਘਦੇ।

ਇਕ ਦਿਨ ਹੋਰ ਤਰ੍ਹਾਂ ਦਾ ਭਾਣਾ ਵਰਤ ਗਿਆ। ਹੋਇਆ ਇੰਝ ਕਿ ਪਿੰਡ ਵਿਚ ਕੋਈ ਅਜਨਬੀ ਆਇਆ। ਰੇਕੀ ਕਰਨ ਮਗਰੋਂ ਉਸ ਨੇ ਇੱਕ-ਦੋ ਅਮਲੀਆਂ ਨਾਲ ਸੰਪਰਕ ਕੀਤਾ; ਉਨ੍ਹਾਂ ਨੂੰ ਦੱਸਿਆ ਕਿ ਪਰਸੋਂ ਨੂੰ ਉਸ ਦਾ ਦੋਸਤ ਰਾਜਸਥਾਨ ਤੋਂ ‘ਅਸਲੀ ਭੁੱਕੀ’ ਲੈ ਕੇ ਆਵੇਗਾ, ਜਿਹਨੇ ਜਿਹਨੇ ਲੈਣੀ ਐ, ਆਪਣੇ ਪੈਸੇ ਇਕੱਠੇ ਕਰ ਲਵੋ। ਮਾਲ ਇੱਕ ਨੰਬਰ ਦਾ ਹੋਵੇਗਾ। 5000 ਰੁਪਏ ਕਿੱਲੋ ਦੇ ਹਿਸਾਬ ਨਾਲ ਪੈਸੇ ਲੱਗਣਗੇ। ਕਿੱਲੋ ਕੁ ਭੁੱਕੀ ਉਹ ਆਪਣੇ ਨਾਲ ਵੀ ਲਿਆਇਆ ਸੀ। ਅਮਲੀਆਂ ਨੂੰ ਨਮੂਨੇ ਵਜੋਂ ਥੋੜ੍ਹੀ ਥੋੜ੍ਹੀ ਭੁੱਕੀ ਦਿੰਦਿਆਂ ਕਿਹਾ, “ਬੱਸ, ਇਹਦੇ ਨਾਲ ਦਾ ਮਾਲ ਐ।” ਅਮਲੀਆਂ ਦੀ ਪਰਖ਼ ਕਸਵੱਟੀ ’ਤੇ ਮਾਲ ਖਰਾ ਉੱਤਰਿਆ ਅਤੇ ਉਨ੍ਹਾਂ ਨੇ ‘ਖਰਾ ਮਾਲ’ ਹੋਣ ਦਾ ਪ੍ਰਚਾਰ ਕਰਨ ਵਿਚ ਕੋਈ ਕਸਰ ਨਾ ਛੱਡੀ। ਉਨ੍ਹਾਂ ਸਿਰਫ ਪਿੰਡ ਦੇ ਅਮਲੀਆਂ ਨੂੰ ਹੀ ਸੂਚਨਾ ਨਹੀਂ ਦਿੱਤੀ ਸਗੋਂ ਨੇੜੇ ਲੱਗਦੇ ਦੋ-ਤਿੰਨ ਪਿੰਡਾਂ ਦੇ ਅਮਲੀਆਂ ਨੂੰ ਵੀ ਸੁਨੇਹੇ ਲਾ ਦਿੱਤੇ।

ਆਏ ਬੰਦੇ ਨਾਲ ਤੈਅ ਹੋ ਗਿਆ ਕਿ ਪੁਲੀਸ ਦੇ ਡਰ ਕਾਰਨ ਪਿੰਡ ਵਿਚ ਨਹੀਂ, ਪਿੰਡ ਦੇ ਇੱਕ ਪਾਸੇ ਭੱਠੇ ’ਤੇ ਸਾਰੇ ਅਮਲੀ ਆਪੋ-ਆਪਣੇ ਪੈਸੇ ਲੈ ਕੇ ਪੁੱਜ ਜਾਣਗੇ। ਉਧਾਰ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਅਮਲੀਆਂ ਨੇ ਆਪਣੀ ਭਾਸ਼ਾ ਵਿਚ ‘ਪਰਸੋਂ ਨੂੰ ਜਹਾਜ਼ ਉੱਤਰੇਗਾ’ ਦਾ ਸੁਨੇਹਾ ਮੋਬਾਈਲ ਫੋਨਾਂ ਰਾਹੀਂ ਪਹੁੰਚਾ ਦਿੱਤਾ। ਅਮਲੀ ਪੈਸਿਆਂ ਦਾ ਜੁਗਾੜ ਫਿੱਟ ਕਰਕੇ ਵਿਆਹ ਵਾਲੇ ਦਿਨ ਵਾਂਗ ਨਿਸ਼ਚਿਤ ਸਮੇਂ ਦੀ ਉਡੀਕ ਕਰਨ ਲੱਗੇ। ਮਿੱਥੇ ਸਮੇਂ ਤੋਂ ਘੰਟਾ ਕੁ ਪਹਿਲਾਂ ਹੀ ਬੰਨ੍ਹ-ਸੁੱਬ ਕਰਕੇ ਅਮਲੀ ਪਹੁੰਚ ਗਏ। ਵਿਚੋਲਾ ਵੀ ਉਨ੍ਹਾਂ ਦੇ ਨਾਲ ਹੀ ਸੀ।

ਮਿੱਥੇ ਸਮੇਂ ’ਤੇ ਭੁੱਕੀ ਵਾਲਾ ਮੋਟਰਸਾਈਕਲ ’ਤੇ ਪਹੁੰਚ ਗਿਆ। ਮੋਟਰਸਾਈਕਲ ਦੇ ਦੋਨੋਂ ਪਾਸੀਂ ਦੁੱਧ ਦੇ ਢੋਲਾਂ ਵਾਂਗ ਬੋਰੀਆਂ ਲਟਕ ਰਹੀਆਂ ਸਨ। ਉਸ ਨੇ ਆਉਂਦਿਆਂ ਹੀ ਦੋ ਟੁੱਕ ਗੱਲ ਕੀਤੀ, “ਰਾਜਸਥਾਨ ਤੋਂ ਸਿੱਧਾ ਇੱਥੇ ਪਹੁੰਚਿਆਂ, ਖਰਾ ਮਾਲ ਐ, ਕਿੱਲੋ ਤੇ ਦੋ ਕਿੱਲੋ ਦੇ ਪੈਕੇਟ ਨੇ। ਪੈਸੇ ਕੱਢੋ ਤੇ ਮਾਲ ਲੈ ਕੇ ਤੁਰਦੇ ਬਣੋ। ਮੇਰੇ ਮਗਰ ਪੁਲੀਸ ਲੱਗੀ ਐ, ਕਿਤੇ ਤੁਸੀਂ ਵੀ ਨਾ ਨਾਲ ਰਗੜੇ ਜਾਇਓ।” ਵਿਚੋਲਾ ਅਮਲੀਆਂ ਤੋਂ ਪੈਸੇ ਇਕੱਠੇ ਕਰਦਾ ਰਿਹਾ ਅਤੇ ਉਹ ਲਏ ਪੈਸਿਆਂ ਅਨੁਸਾਰ ਕਿੱਲੋ, ਦੋ ਕਿੱਲੋ ਦੇ ਪੈਕੇਟ ਵੰਡਦਾ ਰਿਹਾ। ਕਈਆਂ ਨੇ ਤਾਂ ਲਿਹਾਜ਼ਦਾਰੀ ਪੂਰਨ ਲਈ ਦੂਰ ਬੈਠੇ ਰਿਸ਼ਤੇਦਾਰਾਂ ਲਈ ਵੀ ਦੋ ਦੋ ਪੈਕੇਟ ਖਰੀਦ ਲਏ। ਗਰਮ ਜਲੇਬੀਆਂ ਵਾਂਗ ਮਾਲ ਹੱਥੋ-ਹੱਥ ਵਿਕ ਗਿਆ। ਅੰਦਾਜ਼ਨ ਪੰਜ ਕੁ ਲੱਖ ਵੱਟ ਕੇ ਭੁੱਕੀ ਵਾਲਾ ਵਿਚੋਲੇ ਨੂੰ ਮੋਟਰਸਾਈਕਲ ’ਤੇ ਨਾਲ ਬਿਠਾ ਕੇ ਪੱਤਰਾ ਵਾਚ ਗਿਆ। ਅਮਲੀ ਬੜੇ ਚਾਅ ਨਾਲ ਚੱਕਵੇਂ ਪੈਰੀਂ ਘਰਾਂ ਨੂੰ ਇੰਝ ਜਾ ਰਹੇ ਸਨ ਜਿਵੇਂ ਉਨ੍ਹਾਂ ਨੂੰ ਕਾਰੂੰ ਦਾ ਖ਼ਜ਼ਾਨਾ ਮਿਲ ਗਿਆ ਹੋਵੇ। ਘਰ ਜਾ ਕੇ ਜਦੋਂ ਉਨ੍ਹਾਂ ਪੈਕੇਟ ਖੋਲ੍ਹੇ ਤਾਂ ਉਨ੍ਹਾਂ ਦੀ ਹਾਲਤ ਰੋਣ ਵਾਲੀ ਹੋ ਗਈ। ਪੈਕੇਟਾਂ ਵਿਚ ਲੱਕੜ ਦਾ ਬੂਰਾ, ਮੁੰਗਫਲੀ ਦੇ ਛਿਲਕੇ, ਊਂਠ ਦੇ ਲੇਡਿਆਂ ਦੀ ਲਿੱਦ, ਪਸ਼ੂਆਂ ਵਾਲੀ ਫੀਡ, ਪੀਸਿਆ ਹੋਇਆ ਸੁੱਕਾ ਕੱਦੂ, ਮੁੰਗਫਲੀ ਦੇ ਪੀਸੇ ਹੋਏ ਛਿਲਕੇ, ਆਟੇ ਦਾ ਛਾਣ ਅਤੇ ਉੱਪਰ ਇੰਝ ਭੁੱਕੀ ਦੇ ਛਿਲਕੇ ਖਿੰਡਾਏ ਹੋਏ ਸਨ, ਜਿਵੇਂ ਹਲਵਾਈ ਗਾਹਕ ਖਿੱਚਣ ਲਈ ਮਿਠਾਈ ’ਤੇ ਕਾਜੂ-ਬਦਾਮ ਲਾ ਦਿੰਦਾ ਹੈ। ਹੁਣ ਸਾਰੇ ਇੱਕ-ਦੂਜੇ ਨੂੰ ਮੂੰਹ ਲਟਕਾਈਂ ਇੰਝ ਮਿਲ ਰਹੇ ਸਨ, ਜਿਵੇਂ ਭਰੇ ਮੇਲੇ ਵਿਚ ਜੇਬ ਕੱਟੀ ਗਈ ਹੋਵੇ! ਅੰਤਾਂ ਦੀ ਮਾਯੂਸੀ ਵਿਚ ਉਹ ਇੱਕ-ਦੂਜੇ ਨੂੰ ਕਹਿ ਰਹੇ ਸਨ, “ਜਿਹੋ-ਜਿਹੀ ਆਪਣੇ ਨਾਲ ਬਣੀ ਐ, ਇਹੋ-ਜਿਹੀ ਤਾਂ ਖੇਤ ਪਏ ਗਧੇ ਨਾਲ ਨਾ ਹੋਵੇ। ਇਹ ਤਾਂ ਸਾਡੇ ਨਾਲ ਜੱਗੋਂ ਤੇਰਵੀਂ ਹੋ ਗਈ।”

ਉਨ੍ਹਾਂ ਦੇ ਗਮਗੀਨ ਚਿਹਰੇ ਰੋਣਹਾਕੇ ਹੋਏ ਪਏ ਸਨ।

ਸੰਪਰਕ: 94171-48866

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All