ਹਰਿੰਦਰ ਸਿੰਘ ਗੋਗਨਾ
ਉਦੋਂ ਮੈਂ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਵੱਡਾ ਭਰਾ ਜੋ ਮੈਥੋਂ ਦੋ ਸਾਲ ਵੱਡਾ ਹੈ, ਲਗਾਤਾਰ ਦੋ ਸਾਲ ਫੇਲ੍ਹ ਹੋਣ ਕਾਰਨ ਮੇਰੇ ਸੈਕਸ਼ਨ ’ਚ ਆ ਗਿਆ ਸੀ। ਕਦੇ ਕਦੇ ਹੀਣ ਭਾਵਨਾ ਹੁੰਦੀ, ਜਦੋਂ ਕਿਸੇ ਨੂੰ ਗੱਲ ਕਰਦੇ ਸੁਣਦਾ ਕਿ ਮੇਰਾ ਭਰਾ ਪੜ੍ਹਾਈ ਵਿਚ ਨਾਲਾਇਕ ਹੈ।
ਸਾਡੇ ਡਰਾਇੰਗ ਦੇ ਅਧਿਆਪਕ ਕਾਫੀ ਸਖ਼ਤ ਸੁਭਾਅ ਦੇ ਮਾਲਕ ਸਨ। ਇਕ ਦਿਨ ਉਨ੍ਹਾਂ ਕਲਾਸ ਵਿਚ ਆਉਂਦਿਆਂ ਹੀ ਮਾਨੀਟਰ ਤੋਂ ਛੜੀ ਮੰਗਵਾਈ ਤੇ ਸਭ ਵਿਦਿਆਰਥੀਆਂ ਨੂੰ ਆਪੋ-ਆਪਣੀ ਡਰਾਇੰਗ ਫਾਈਲ ਬਸਤਿਆਂ ਵਿਚੋਂ ਕੱਢਣ ਲਈ ਕਿਹਾ। ਇਕ ਦਿਨ ਪਹਿਲਾਂ ਹੀ ਉਨ੍ਹਾਂ ਹਦਾਇਤੀ ਕੀਤੀ ਸੀ ਕਿ ਕੱਲ੍ਹ ਨੂੰ ਜਿਹੜਾ ਬੱਚਾ ਬਿਨਾ ਡਰਾਇੰਗ ਫਾਈਲ ਕਲਾਸ ਵਿਚ ਆਵੇਗਾ, ਉਸ ਦੀ ਖ਼ੈਰ ਨਹੀਂ। ਉਹ ਰੋਲ ਨੰਬਰ ਬੋਲਦੇ ਅਤੇ ਹਰ ਬੱਚੇ ਦੀ ਡਰਾਇੰਗ ਚੈੱਕ ਕਰਦੇ। ਮੇਰਾ ਭਰਾ ਆਪਣੀ ਡਰਾਇੰਗ ਕੱਢ ਕੇ ਵਾਰ ਵਾਰ ਉਸ ਵਿਚ ਉਸ ਦੁਆਰਾ ਵਾਹੇ ਚਿੱਤਰ ਨੂੰ ਦੇਖ ਕੇ ਮੁਸਕਰਾ ਰਿਹਾ ਸੀ ਕਿਉਂਕਿ ਉਹ ਜੇ ਹੁਸ਼ਿਆਰ ਸੀ ਤਾਂ ਡਰਾਇੰਗ ਵਿਚ। ਫਿਰ ਅਚਾਨਕ ਉਸ ਨੇ ਮੇਰੇ ਵੱਲ ਦੇਖਿਆ ਤਾਂ ਉਸ ਦੇ ਚਿਹਰੇ ਦੀ ਮੁਸਰਕਾਹਟ ਜਿਵੇਂ ਮੱਧਮ ਪੈ ਗਈ।
ਮੇਰੇ ਮੱਥੇ ’ਤੇ ਸ਼ਿਕਨ ਤੇ ਪਸੀਨਾ ਉੱਭਰਿਆ ਦੇਖ ਉਸ ਪੁੱਛਿਆ, “ਕੀ ਹੋਇਐ…?” ਫਿਰ ਉਸ ਨੇ ਆਪ ਹੀ ਅੰਦਾਜ਼ਾ ਲਗਾਉਂਦੇ ਕਿਹਾ, “ਡਰਾਇੰਗ ਫਾਈਲ ਕਿੱਥੇ ਐ ਤੇਰੀ?” ਮੈਂ ਦੱਸਿਆ ਕਿ ਉਹ ਤਾਂ ਘਰ ਭੁੱਲ ਆਇਆ ਹਾਂ। ਮੈਨੂੰ ਮਾਰ ਤੋਂ ਬਹੁਤ ਡਰ ਲਗਦਾ ਸੀ। ਇਹ ਗੱਲ ਭਰਾ ਵੀ ਜਾਣਦਾ ਸੀ।
ਉਸ ਨੇ ਮੇਰੇ ਕੰਨ ’ਚ ਕੁਝ ਆਖਿਆ, ਫਿਰ ਆਪਣੀ ਡਰਾਇੰਗ ਫਾਈਲ ਮੈਨੂੰ ਫੜਾ ਦਿੱਤੀ। ਜਿਉਂ ਹੀ ਮੇਰਾ ਰੋਲ ਨੰਬਰ ਬੋਲਿਆ, ਮੈਂ ਭਰਾ ਦੀ ਡਰਾਇੰਗ ਅਧਿਆਪਕ ਅੱਗੇ ਕਰ ਦਿੱਤੀ ਤੇ ਚੁੱਪਚਾਪ ਖੜ੍ਹਾ ਰਿਹਾ। ਅਧਿਆਪਕ ਨੇ ਕਾਹਲੀ ਵਿਚ ਡਰਾਇੰਗ ਚੈੱਕ ਕੀਤੀ ਤੇ ਮੈਨੂੰ ਮੇਰੀ ਸੀਟ ਤੇ ਬੈਠਣ ਲਈ ਕਿਹਾ। ਫਿਰ ਨਾਲ ਹੀ ਭਰਾ ਦਾ ਰੋਲ ਨੰਬਰ ਬੋਲ ਦਿੱਤਾ।
ਉਹ ਅਧਿਆਪਕ ਕੋਲ ਗਿਆ ਤੇ ਕਹਿ ਦਿੱਤਾ ਕਿ ਉਹ ਡਰਾਇੰਗ ਘਰ ਭੁੱਲ ਆਇਆ ਹੈ। ਇੰਨਾ ਕਹਿਣ ਦੀ ਦੇਰ ਸੀ ਕਿ ਅਧਿਆਪਕ ਨੇ ਕੋਲ ਪਈ ਛੜੀ ਨਾਲ ਵੱਡੇ ਭਰਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰਾ ਦਿਲ ਕੀਤਾ ਕਿ ਹੁਣੇ ਖੜ੍ਹਾ ਹੋ ਕੇ ਅਧਿਆਪਕ ਨੂੰ ਸਚਾਈ ਦੱਸ ਦੇਵਾਂ ਪਰ ਹਿੰਮਤ ਨਹੀਂ ਹੋਈ।
ਵੱਡਾ ਭਰਾ ਕੁੱਟ ਖਾਣ ਮਗਰੋਂ ਮੇਰੇ ਨਾਲ ਆ ਕੇ ਬਹਿ ਗਿਆ ਤੇ ਆਪਣੇ ਲਾਲ ਹੋਏ ਹੱਥ ਦੇਖ ਕੇ ਪਹਿਲਾਂ ਤਾਂ ਰੋਣ ਲੱਗਾ, ਫਿਰ ਮੈਨੂੰ ਵੀ ਰੋਂਦਾ ਦੇਖ ਕੇ ਮੁਸਕਰਾਉਣ ਲੱਗ ਪਿਆ ਤੇ ਬੋਲਿਆ, “ਮੈਨੂੰ ਤਾਂ ਜ਼ਰਾ ਵੀ ਦਰਦ ਨਹੀਂ ਹੋਇਆ… ਤੂੰ ਕਿਉਂ ਐਵੇਂ ਰੋ ਰਿਹੈਂ?” ਉਸ ਦਿਨ ਮੈਨੂੰ ਲੱਗ ਰਿਹਾ ਸੀ ਕਿ ਕੌਣ ਕਹਿੰਦਾ ਹੈ ਕਿ ਮੇਰਾ ਭਰਾ ਨਾਲਾਇਕ ਹੈ ਤੇ ਫੇਲ੍ਹ ਹੋ ਜਾਂਦਾ ਹੈ। ਪਿਆਰ ਤੇ ਫ਼ਰਜ਼ ਦੇ ਇਮਤਿਹਾਨ ਵਿਚ ਉਹ ਪਾਸ ਸੀ।
ਅੱਜ ਵੀ ਉਹ ਘਟਨਾ ਯਾਦ ਕਰਕੇ ਭਾਵੁਕ ਹੋ ਜਾਂਦਾ ਹਾਂ। ਵੱਡੇ ਭਰਾ ਨੂੰ ਦੂਰ ਰਹਿਣ ਕਰਕੇ ਕਦੇ ਕਦਾਈਂ ਹੀ ਮਿਲਣਾ ਹੁੰਦਾ ਹੈ ਪਰ ਜਦ ਵੀ ਉਸ ਨੂੰ ਗਲੇ ਮਿਲਦਾ ਹਾਂ, ਉਸ ਦੇ ਨਿੱਘ ਤੇ ਪਿਆਰ ਨਾਲ ਸਰਸ਼ਾਰ ਹੋ ਜਾਂਦਾ ਹਾਂ।
ਸੰਪਰਕ: 98723-25960