ਨੰਦ ਸਿੰਘ ਮਹਿਤਾ
ਚਾਚੇ ਦੇ ਤੁਰ ਜਾਣ ਦੀ ਖ਼ਬਰ ਸੁਣ ਕੇ ਮਨ ਉਦਾਸ ਹੋ ਗਿਆ। ਉਹ ਖ਼ੂਬਸੂਰਤ ਰੂਹ ਵਾਲਾ ਇਨਸਾਨ ਸੀ। ਮੋਹ-ਮਮਤਾ ਨਾਲ ਭਰੀ ਅਪਣੱਤ ਦਿਖਾਉਂਦਿਆਂ ਉਹ ਸਭ ਨੂੰ ਆਪਣਾ ਬਣਾ ਲੈਣ ਦਾ ਹੁਨਰ ਰੱਖਦਾ ਸੀ। ਚਾਚਾ ਤਾਂ ਭਾਵੇਂ ਉਹ ਸਾਡੇ ਵਿਚੋਂ ਇੱਕ ਦਾ ਸੀ ਪਰ ਇਨਸਾਨੀ ਕਦਰਾਂ-ਕੀਮਤਾਂ, ਨਿੱਘੇ ਰਿਸ਼ਤਿਆਂ, ਭਾਈਚਾਰਕ ਸਾਂਝਾਂ ਨੂੰ ਪ੍ਰਨਾਇਆ ਅਤੇ ਹੱਕ ਸੱਚ ਲਈ ਖੜ੍ਹਨ ਵਾਲਾ ਉਹ ਇਨਸਾਨ ਸਾਡਾ ਸਾਰਿਆਂ ਦਾ ਚਾਚਾ ਬਣ ਗਿਆ ਸੀ। ਉਹ ਸਾਰੇ ਜਿਨ੍ਹਾਂ ਨੂੰ ਹਰ ਲੋੜ ਸਮੇਂ ਉਸ ਦਾ ਸਨੇਹ, ਸਹਾਰਾ ਅਤੇ ਸਾਥ ਮਿਲਿਆ ਸੀ, ਅੱਜ ਉਦਾਸ ਬੈਠੇ ਹਨ।
ਯਾਦਾਂ ਦੇ ਵਰਕੇ ਫਰੋਲਦਿਆਂ ਉਹ ਵਕਤ ਅੱਖਾਂ ਸਾਹਮਣੇ ਆ ਖੜ੍ਹਦਾ ਹੈ ਜਦੋਂ ਪਹਿਲੀ ਵਾਰ ਸਾਧਾਰਨ ਜਿਹੇ ਲੱਗਦੇ ਚਾਚੇ ਦਾ ਅਨਿਆਂ ਖ਼ਿਲਾਫ਼ ਖੜ੍ਹਨ ਦਾ ਜਜ਼ਬਾ ਦੇਖਿਆ ਸੀ। ਗੱਲ ਯੂਨੀਵਰਸਿਟੀ ਵਿਚ ਪੜ੍ਹਨ ਸਮੇਂ ਦੀ ਹੈ ਜਦੋਂ ਉੱਥੇ ਗੁੰਡਾਗਰਦੀ ਸਿਖਰਾਂ ਉੱਤੇ ਸੀ; ਉਦੋਂ ਜਾਗਦੀ ਜ਼ਮੀਰ ਵਾਲੇ ਵਿਦਿਆਰਥੀਆਂ ਨੇ ਗੁੰਡਾਗਰਦੀ ਦਾ ਵਿਰੋਧ ਕੀਤਾ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਹੀ ਯੂਨੀਵਰਸਿਟੀ ਵਿਚੋਂ ਕੱਢਣ ਦੇ ਨੋਟਿਸ ਜਾਰੀ ਕਰ ਦਿੱਤੇ। ਪਤਾ ਲੱਗਣ ਤੇ ਚਾਚਾ ਪੀੜਤ ਵਿਦਿਆਰਥੀਆਂ ਦੇ ਵਾਰਸਾਂ ਨੂੰ ਇਕੱਠੇ ਕਰਕੇ, ਉਨ੍ਹਾਂ ਨੂੰ ਨਾਲ ਲੈ ਕੇ ਯੂਨਿਵਰਸਿਟੀ ਦੇ ਅਧਿਕਾਰੀਆਂ ਨੂੰ ਮਿਲਿਆ। ਉਸ ਨੇ ਬੜੇ ਤਹੱਲਮ ਨਾਲ ਅਧਿਕਾਰੀਆਂ ਤੋਂ ਪੁੱਛਿਆ, “ਦੱਸੋ ਸਾਡੇ ਬੱਚਿਆਂ ਦਾ ਕਸੂਰ ਕੀ ਐ? ਜੇ ਆਪਣੇ ਨਾਲ ਹੁੰਦੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਣ ਦੀ ਹਿੰਮਤ ਨੂੰ ਤੁਸੀਂ ਉਨ੍ਹਾਂ ਦਾ ਕਸੂਰ ਮੰਨਦੇ ਹੋ ਤਾਂ ਤੁਸੀਂ ਗਲਤ ਹੋ। ਰਹੀ ਗੱਲ ਯੂਨੀਵਰਸਿਟੀ ਵਿਚੋਂ ਕੱਢਣ ਦੀ, ਐਂ ਤੁਸੀਂ ਉਨ੍ਹਾਂ ਨੂੰ ਕਿਵੇਂ ਕੱਢ ਦੇਵੋਂਗੇ? ਚਾਚੇ ਨੂੰ ਅਧਿਕਾਰੀਆਂ ਨਾਲ ਬਹਿਸ ਕਰਦਿਆਂ ਅਤੇ ਸਾਡਾ ਵਿਦਿਆਰਥੀਆਂ ਦਾ ਪੱਖ ਲੈਂਦਿਆਂ ਤੱਕ ਕੇ ਪਹਿਲੀ ਵਾਰ ਸਭ ਨੂੰ ਚਾਚਾ ਆਪਣਾ ਆਪਣਾ ਲੱਗਿਆ ਸੀ।
ਉਸ ਨੂੰ ਨਰੋਆ ਸਹਿਤ ਪੜ੍ਹਨ ਦੀ ਲਗਨ ਸੀ। ਉਹ ਚੰਗੀਆਂ ਕਿਤਾਬਾਂ ਖਰੀਦ ਕੇ ਘਰੇ ਲਿਆਉਂਦਾ ਤਾਂ ਜੋ ਉਨ੍ਹਾਂ ਨੂੰ ਪੜ੍ਹ ਕੇ ਪਰਿਵਾਰ ਦੇ ਜੀਅ ਵੀ ਸੁਚੇਤ ਅਤੇ ਅਗਾਂਹਵਧੂ ਸੋਚ ਦੇ ਹਾਣੀ ਬਣ ਜਾਣ। ਚੰਗੀਆਂ ਕਿਤਾਬਾਂ ਪੜ੍ਹ ਕੇ ਹੀ ਉਹ ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸ਼ਾਂ ਤੋਂ ਦੂਰ ਸੀ।
ਹੁਣ ਉਹ ਸਾਡੀ ਵਿਦਿਆਰਥੀ ਜਥੇਬੰਦੀ ਦਾ ਪੱਕਾ ਸਮਰਥਕ ਬਣ ਗਿਆ ਸੀ। ਲੋੜ ਪੈਣ ਤੇ ਉਹ ਜਥੇਬੰਦੀ ਦੀ ਹਰ ਤਰ੍ਹਾਂ ਦੀ ਹਮਾਇਤ ਕਰਦਾ। ਵਿਦਿਆਰਥੀ ਜਥੇਬੰਦੀਆਂ ਜਦੋਂ ਹੱਕ ਸੱਚ ਤੇ ਨਿਆਂ ਵਾਸਤੇ ਜਦੋ-ਜਹਿਦ ਕਰਦੀਆਂ ਤਾਂ ਉਨ੍ਹਾਂ ਵਿਚੋਂ ਕਈਆਂ ਨੂੰ ਝੂਠੇ ਮੁਕੱਦਿਮਿਆਂ ਵਿਚ ਉਲਝਾ ਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਜਾਂਦਾ। ਚਾਚਾ ਉਨ੍ਹਾਂ ਨੂੰ ਛੁਡਾਉਣ ਲਈ ਪੂਰੀ ਭੱਜ ਨੱਠ ਕਰਦਾ। ਜਦੋਂ ਤੱਕ ਉਹ ਜੇਲ੍ਹ ਵਿਚੋਂ ਬਾਹਰ ਨਾ ਆ ਜਾਂਦੇ, ਉਹ ਟਿਕ ਕੇ ਨਹੀਂ ਸੀ ਬੈਠਦਾ। ਉਹ ਹਮੇਸ਼ਾ ਵਿਦਿਆਰਥੀਆਂ ਦੀ ਜਿੱਤ ਦੀ ਕਾਮਨਾ ਕਰਦਾ। ਜਦੋਂ 1984 ਵਿਚ ਅਸਾਮ ਦੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਥੋਂ ਦੀ ਵਿਦਿਆਰਥੀ ਯੂਨੀਅਨ ਨੇ ਚੋਣਾਂ ਵਿਚ ਹਿੱਸਾ ਲੈ ਕੇ ਜਿੱਤ ਪ੍ਰਾਪਤ ਕੀਤੀ ਤਾਂ ਉਹ ਬੜਾ ਖੁਸ਼ ਹੋਇਆ। ਉਸ ਨੇ ਆਪਣੇ ਦਿਲ ਦੀ ਇੱਛਾ ਜ਼ਾਹਿਰ ਕੀਤੀ, “ਮੈਂ ਚਾਹੁੰਦਾਂ, ਤੁਸੀਂ ਵੀ ਕਿਸੇ ਦਿਨ ਇਸੇ ਤਰ੍ਹਾਂ ਜਿੱਤ ਪ੍ਰਾਪਤ ਕਰੋਂ।”
ਯੂਨੀਵਰਸਿਟੀ ਅਤੇ ਕਾਲਜਾਂ ਵਿਚੋਂ ਪੜ੍ਹ ਕੇ ਉਨ੍ਹਾਂ ਵਿਚੋਂ ਬਹੁਤ ਸਾਰੇ ਉੱਚ ਅਹੁਦਿਆਂ ਤੇ ਚਲੇ ਗਏ ਅਤੇ ਕਈ ਵਿਦੇਸ਼ਾਂ ਵਿਚ ਵਸ ਗਏ ਪਰ ਉਹ ਚਾਚੇ ਨੂੰ ਜ਼ਰੂਰ ਮਿਲਦੇ ਰਹੇ ਅਤੇ ਉਸ ਦੇ ਮੋਹ ਦਾ ਨਿੱਘ ਮਾਣਦੇ ਰਹੇ।
ਚਾਚੇ ਦਾ ਹੱਕ ਸੱਚ ਲਈ ਲੜਨ ਵਾਲਿਆਂ ਨਾਲ ਖੜ੍ਹਨ ਵਾਲੀ ਸੋਚ ਦਾ ਕਾਰਨ ਉਸ ਦੇ ਬਚਪਨ ਸਮੇਂ ਵਾਪਰੀ ਘਟਨਾ ਸੀ। ਉਸ ਨੇ ਖ਼ੁਦ ਹੀ ਦੱਸਿਆ ਸੀ ਕਿ ਉਹ ਆਪਣੇ ਹਾਣੀ ਬੱਚਿਆਂ ਨਾਲ ਪਿੜ ਵਿਚ ਖੇਡ ਰਿਹਾ ਸੀ ਜਿੱਥੇ ਦਾਣਿਆਂ ਦਾ ਬੋਹਲ ਲੱਗਾ ਹੋਇਆ ਸੀ। ਮਜ਼ਾਰਾ ਯੁੱਗ ਸੀ। ਕੋਈ ਸਰਦਾਰ ਆਪਣੀ ਵੰਡਾਈ ਲੈਣ ਉੱਥੇ ਆਇਆ। ਉਹ ਸਾਰੇ ਆਪਣੀ ਖੇਡ ਵਿਚ ਮਸਤ ਰਹੇ। ਸਰਦਾਰ ਨੂੰ ਇਸ ਗੱਲ ਤੋਂ ਵੱਟ ਚੜ੍ਹ ਗਿਆ ਕਿ ਬੱਚਿਆਂ ਨੇ ਉਸ ਨੂੰ ਨਮਸਕਾਰ ਕਿਉਂ ਨਹੀਂ ਕੀਤੀ। ਗੁੱਸੇ ਵਿਚ ਆ ਕੇ ਉਸ ਨੇ ਦਾਣਿਆਂ ਦੇ ਬੋਹਲ ਨੂੰ ਅੱਗ ਲਾਉਣ ਲਈ ਕਹਿ ਦਿੱਤਾ। ਉਸ ਦੇ ਬਾਪੂ ਨੇ ਨੱਕ ਨਾਲ ਲਕੀਰਾਂ ਕੱਢ ਕੇ ਸਰਦਾਰ ਤੋਂ ਮੁਆਫੀ ਮੰਗੀ। ਫਿਰ ਕਿਤੇ ਜਾ ਕੇ ਸਰਦਾਰ ਢੈਲ਼ਾ ਪਿਆ। ਇਸ ਘਟਨਾ ਦਾ ਉਸ ਦੇ ਬਾਲ ਮਨ ਉੱਤੇ ਅਜਿਹਾ ਅਸਰ ਹੋਇਆ ਕਿ ਉਸ ਨੂੰ ਧੱਕੇਸ਼ਾਹੀ ਕਰਨ ਵਾਲਿਆਂ ਨਾਲ ਨਫ਼ਰਤ ਹੋ ਗਈ।
ਪਿੰਡ ਦੇ ਸਾਂਝੇ ਕੰਮਾਂ ਵਿਚ ਚਾਚਾ ਹਮੇਸ਼ਾ ਮੋਹਰੀ ਰਹਿੰਦਾ। ਜਦੋਂ ਵੀ ਕਿਸੇ ਕਾਰਨ ਪਿੰਡ ਦੇ ਲੋਕਾਂ ਦਾ ਇਕੱਠ ਹੁੰਦਾ ਤਾਂ ਉਸ ਦੀ ਰਾਇ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ। ਉਹ ਹਮੇਸ਼ਾ ਸੱਚੀ ਅਤੇ ਸਹੀ ਗੱਲ ਕਰਨ ਦੀ ਜੁਰਅਤ ਰੱਖਦਾ ਸੀ। ਅਜਿਹੇ ਸਮੇਂ ਉਹ ਕਿਸੇ ਦੀ ਲਿਹਾਜ਼ ਨਹੀਂ ਕਰਦਾ ਸੀ।
ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਵੀ ਉਸ ਦਾ ਚੰਗਾ ਤਾਲਮੇਲ ਸੀ। ਜਿਹੜੀ ਵੀ ਜਿ਼ੰਮੇਵਾਰੀ ਉਸ ਨੂੰ ਦਿੱਤੀ ਜਾਂਦੀ, ਉਹ ਜੀਅ ਜਾਨ ਲਾ ਕੇ ਪੂਰੀ ਕਰਦਾ। ਉਹ ਸਾਰੀਆਂ ਜਥੇਬੰਦੀਆਂ ਨਾਲ ਹੀ ਆਪਣਾ ਮੇਲ-ਮਿਲਾਪ ਰੱਖਦਾ ਸੀ। ਉਸ ਦਾ ਖਿਆਲ ਸੀ ਕਿ ਸਾਰੇ ਹੀ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ। ਕਿਸੇ ਵੀ ਜਥੇਬੰਦੀ ਜਾਂ ਪਾਰਟੀ ਵਾਲੇ ਉਸ ਦੇ ਘਰ ਵਿਚ ਜਦੋਂ ਮਰਜ਼ੀ ਜਾ ਕੇ ਅੰਨ ਪਾਣੀ ਛਕ ਸਕਦੇ ਸਨ। ਪਰਿਵਾਰ ਦੇ ਜੀਅ ਸਾਰਿਆਂ ਨੂੰ ਸਤਿਕਾਰ ਦਿੰਦੇ ਸਨ।
ਜਿਵੇਂ ਹਰ ਬਹਾਰ ਤੋਂ ਬਾਅਦ ਪਤਝੜ ਆਉਂਦੀ ਹੈ, ਇਸ ਤਰ੍ਹਾਂ ਮਨੁੱਖੀ ਜੀਵਨ ਵਿਚ ਵੀ ਇੱਕ ਦਿਨ ਪਤਝੜ ਆਉਂਦੀ ਹੈ। ਇਸ ਰੁੱਤ ਵਿਚ ਬਹੁਤਿਆਂ ਦੇ ਹਿੱਸੇ ਦਰਦ, ਹੰਝੂਆਂ ਅਤੇ ਆਪਣਿਆਂ ਦੀ ਬੇਰੁਖ਼ੀ ਦਾ ਸੰਤਾਪ ਹੀ ਆਉਂਦਾ ਹੈ। ਚਾਚੇ ਦੀ ਜ਼ਿੰਦਗੀ ਵਿਚ ਆਈ ਪਤਝੜ ਨੇ ਜਦੋਂ ਉਸ ਨੂੰ ਮੰਜੇ ਉੱਤੇ ਪਾ ਦਿੱਤਾ ਤਾਂ ਉਸ ਦੇ ਪਰਿਵਾਰ ਨੇ ਉਸ ਦੀ ਬਹੁਤ ਸੇਵਾ ਕੀਤੀ। ਪਤਨੀ, ਨੂੰਹ, ਪੋਤਾ, ਪੋਤ ਨੂੰਹ ਸਭ ਨੇ ਪੂਰੀ ਸ਼ਿੱਦਤ ਨਾਲ ਉਸ ਦੀ ਸਾਂਭ-ਸੰਭਾਲ ਕੀਤੀ। ਉਹ ਤਾਂ ਉਸ ਦਾ ਪਰਿਵਾਰ ਸੀ ਪਰ ਉਸ ਦੇ ਨਗਰ ਖੇੜੇ ਨੇ ਵੀ ਲੋੜ ਪੈਣ ਤੇ ਘਰ, ਹਸਪਤਾਲ ਅਤੇ ਖੇਤਾਂ ਵਿਚ ਜਿੱਥੇ ਵੀ ਉਨ੍ਹਾਂ ਦੀ ਮਦਦ ਦੀ ਲੋੜ ਹੁੰਦੀ, ਅੱਗੇ ਹੋ ਕੇ ਮਦਦ ਲਈ ਹੱਥ ਵਧਾਇਆ। ਆਖਿ਼ਰ ਨਿਸ਼ਕਾਮ ਸੇਵਕ, ਲੋਕ ਪੱਖੀ ਕਦਰਾਂ-ਕੀਮਤਾਂ ਦਾ ਮੁਦਈ, ਸਰਬੱਤ ਦੇ ਭਲੇ ਵਿਚੋਂ ਆਪਣਾ ਭਲਾ ਚਾਹੁਣ ਵਾਲਾ ਨਛੱਤਰ ਸਿੰਘ ਆਪਣੇ ਪਿੰਡ ਮੰਡੀ ਕਲਾਂ, ਪਰਿਵਾਰ ਅਤੇ ਸਾਰੇ ਸਨੇਹੀਆਂ ਨੂੰ ਅਲਵਿਦਾ ਆਖ ਨਾ ਮੁੜਨ ਵਾਲੇ ਰਾਹਾਂ ਦਾ ਪਾਂਧੀ ਬਣ ਤੁਰ ਗਿਆ। ਉਸ ਦੀ ਕਰਨੀ ਨੂੰ ਸਲਾਮ।
ਸੰਪਰਕ: 94170-35744