ਸੁਖਦੇਵ ਸਿੰਘ ਸੰਤੇ ਮਾਜਰਾ
ਜਾਮਣ ਦੇ ਰੁੱਖ ਦੀ ਮਹਿਮਾ ਕੋਈ ਨਵੀਂ ਨਹੀਂ, ਸਭ ਇਸ ਤੋਂ ਜਾਣੂ ਹਨ। ਜਾਮਣ ਦਾ ਫਲ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਪੇਟ ਵਿਚ ਜੇ ਬਦਹਜ਼ਮੀ ਹੋ ਜਾਵੇ, ਗੈਸ ਜਾਂ ਦਰਦ ਹੋ ਜਾਵੇ ਤਾਂ ਜਾਮਣ ਦੇ ਥੋੜ੍ਹੇ ਜਿਹੇ ਸਿਰਕੇ ਵਿਚ ਪਾਣੀ ਮਿਲਾ ਕੇ ਲੈਣ ਨਾਲ ਆਰਾਮ ਆ ਜਾਂਦਾ ਹੈ। ਕੋਈ ਸਮਾਂ ਸੀ, ਸਾਡੇ ਪਿੰਡ ਦੇ ਅੰਬਾਂ ਦੇ ਬਾਗ਼ਾਂ ਵਿਚ ਜਾਮਣਾਂ ਦੇ ਰੁੱਖ ਵੀ ਹੁੰਦੇ ਸਨ। ਅੰਬਾਂ ਦੀ ਰੁੱਤ ਵਿਚ ਬੱਚੇ ਬਜ਼ੁਰਗ ਸਾਰੇ ਖੱਟੀਆਂ-ਮਿੱਠੀਆਂ ਤੇ ਰਸੀਆ ਜਾਮਣਾਂ ਦਾ ਆਨੰਦ ਵੀ ਮਾਣਦੇ ਸਨ ਪਰ ਅੱਜ ਕੱਲ੍ਹ ਅੰਬਾਂ ਦੇ ਬਾਗ ਹੀ ਨਹੀਂ ਰਹੇ, ਜਾਮਣਾਂ ਦੇ ਰੁੱਖ ਵੀ ਟਾਵੇਂ ਟਾਵੇਂ ਹੀ ਕਿਧਰੇ ਦੇਖਣ ਨੂੰ ਮਿਲਦੇ ਹਨ। ਸਾਡੇ ਪਿੰਡ ਨਾਲ ਲੰਘਦੀ ਖਰੜ-ਬਨੂੜ ਸੜਕ ’ਤੇ ਕਿਸੇ ਸਮੇਂ ਜਾਮਣਾਂ ਤੇ ਜਮੋਏ ਦੇ ਰੁੱਖ ਹੁੰਦੇ ਸਨ। ਬਚਪਨ ਵਿਚ ਅਸੀਂ ਸਕੂਲ ਪੜ੍ਹਨ ਜਾਂਦੇ ਆਉਂਦੇ ਜਾਮਣਾਂ ਦਾ ਆਨੰਦ ਮਾਣਦੇ ਸਾਂ। ਸਮੇਂ ਦੇ ਬੀਤਣ ਨਾਲ ਵਰਤਮਾਨ ਸਮੇਂ ਸੜਕ ਨੂੰ ਚਹੁੰ-ਮਾਰਗੀ ਬਣਾਉਣ ਲਈ ਸਰਕਾਰ ਨੇ ਸੜਕ ਦੁਆਲਿਓਂ ਪੁਰਾਣੇ ਸਾਰੇ ਰੁੱਖ ਪੁੱਟ ਸੁੱਟੇ, ਮੁੜ ਕੇ ਅਜੇ ਤੱਕ ਕੋਈ ਰੁੱਖ ਨਹੀਂ ਲੱਗਿਆ, ਇਹੀ ਹਾਲ ਖਰੜ-ਚੰਡੀਗੜ੍ਹ ਕੌਮੀ ਸੜਕ ਦਾ ਹੋਇਆ। ਇਸ ਸੜਕ ’ਤੇ ਵੀ ਜਾਮਣਾਂ ਦੇ ਬਹੁਤ ਰੁੱਖ ਹੁੰਦੇ ਸਨ। ਉਦੋਂ ਇਹ ਸੜਕ ਵੀ ਇਕ ਮਾਰਗੀ ਹੁੰਦੀ ਸੀ। ਸਾਡਾ ਪਿੰਡ ਖਰੜ ਤੇ ਮੁਹਾਲੀ ਦੀ ਜੂਹ ਵਿਚ ਪੈਂਦਾ ਹੈ, ਅੱਜ ਤੋਂ 15 ਕੁ ਸਾਲ ਪਹਿਲਾ ਮੁਹਾਲੀ ਸ਼ਹਿਰ ਦੇ ਵਿਸਤਾਰ ਲਈ ਜਦੋਂ ਸਾਡੀਆਂ ਜ਼ਮੀਨਾਂ ਦੇ ਭਾਅ ਵਧੇ ਤਾਂ ਲੋਕਾਂ ਨੇ ਜ਼ਮੀਨਾਂ ਵੱਡੀਆਂ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨੂੰ ਵੇਚ ਦਿੱਤੀਆਂ ਤੇ ਆਪ ਦੂਜੇ ਜਿ਼ਲ੍ਹਿਆਂ ਵਿਚ ਸਸਤੇ ਭਾਅ ’ਤੇ ਜ਼ਮੀਨਾਂ ਖਰੀਦ ਕੇ ਚੰਗੇ ਟੱਕ ਬਣਾ ਲਏ। ਪਿੰਡਾਂ ਵਿਚ ਜਿਨ੍ਹਾਂ ਦਰਖ਼ਤਾਂ ’ਤੇ ਪੰਛੀ ਚਹਿ-ਚਹਾਉਂਦੇ ਤੇ ਕਲੋਲਾਂ ਕਰਦੇ ਸਨ, ਉਹ ਨਹੀਂ ਰਹੇ। ਖੇਤ ਨਹੀਂ ਰਹੇ, ਖਾਲੀ ਪਲਾਟ ਨਹੀਂ ਰਹੇ ਤੇ ਰੁੱਖ ਵੀ ਨਹੀਂ ਰਹੇ।
ਸਾਡਾ ਘਰ ਖਰੜ-ਲਾਂਡਰਾਂ ਸੜਕ ’ਤੇ ਕਾਫੀ ਖੁੱਲ੍ਹਾ-ਡੁੱਲ੍ਹਾ ਹੈ, ਕਰੀਬ ਇਕ ਕਨਾਲ ਰਕਬਾ ਹੈ ਜਿਹਦੇ ਖੁੱਲ੍ਹੇ ਵਿਹੜੇ ਵਿਚ ਇਕ ਪਾਸੇ ਪਸ਼ੂਆਂ ਦਾ ਸ਼ੈੱਡ ਹੁੰਦਾ ਸੀ- ਅਸੀਂ ਗਾਵਾਂ ਰੱਖੀਆਂ ਹੁੰਦੀਆਂ ਸਨ ਜ੍ਹਿਨਾਂ ਦਾ ਦੁੱਧ ਮਿਲਕ ਪਲਾਂਟ ਮੁਹਾਲੀ ਭੇਜਿਆ ਜਾਂਦਾ ਸੀ। ਜਦੋਂ ਅਸੀਂ ਵੀ ਆਪਣੀ ਜ਼ਮੀਨ ਵੇਚ ਕੇ ਮਲੇਰ ਕੋਟਲੇ ਨੇੜੇ ਖਰੀਦ ਲਈ ਤਾਂ ਅਸੀਂ ਵੀ ਪਸ਼ੂ ਵੇਚ ਕੇ ਦੁੱਧ ਦਾ ਕੰਮ ਬੰਦ ਕਰ ਦਿੱਤਾ। ਪਸ਼ੂਆਂ ਦੇ ਸ਼ੈੱਡ ਦੀ ਥਾਂ ਕਮਰੇ ਬਣਾ ਦਿਤੇ ਤੇ ਕੱਚੇ ਸਾਰੇ ਫ਼ਰਸ਼ ਪੱਕੇ ਕਰ ਦਿੱਤੇ ਪਰ ਕੁਝ ਥਾਂ ਕੱਚੇ ਰੱਖ ਕੇ ਉਸ ਵਿਚ ਘਾਹ ਲਾ ਦਿੱਤਾ ਤੇ ਆਲੇ-ਦੁਆਲੇ ਗਮਲੇ ਰੱਖ ਕੇ ਫੁੱਲ-ਬੂਟੇ ਲਾ ਦਿੱਤੇ। ਮੇਰੀ ਵੱਡੀ ਧੀ ਨੂੰ ਪਹਿਲਾਂ ਤੋਂ ਹੀ ਫੁੱਲ-ਬੂਟੇ ਲਾਉਣ ਦਾ ਸ਼ੌਂਕ ਹੈ। ਇੱਕ ਦਿਨ ਉਹ ਕਹਿੰਦੀ- “ਡੈਡੀ, ਆਪਾਂ ਵਿਹੜੇ ਵਿਚ ਕੋਈ ਰੁੱਖ ਵੀ ਲਾਈਏ।” ਮੈਂ ਕਿਹਾ, “ਹੁਣ ਤਾਂ ਚਾਰੇ ਪਾਸੇ ਪੱਕੇ ਫ਼ਰਸ਼ ਹਨ, ਰੁੱਖ ਨਹੀਂ ਲਗਾ ਸਕਦੇ” ਪਰ ਇੱਕ ਦਿਨ ਅਚਾਨਕ ਬਿਨਾ ਦੱਸੇ ਗਮਲੇ ਵਿਚ ਤਿਆਰ ਕੀਤਾ ਜਾਮਣ ਦਾ ਪੌਦਾ ਲੈ ਆਈ ਤੇ ਉਸ ਨੇ ਫ਼ਰਸ਼ ਤੋੜ ਕੇ ਉਹ ਪੌਦਾ ਲਾ ਦਿੱਤਾ। ਧਰਤੀ ਉਪਜਾਊ ਸੀ, ਉਹ ਇੰਨੀ ਜਲਦੀ ਵਧਿਆ ਕਿ ਅਸੀਂ ਹੈਰਾਨ ਹੋ ਗਏ। ਅਜੇ ਤਿੰਨ ਸਾਲ ਹੀ ਹੋਏ ਹਨ, ਉਹ ਪੂਰਾ ਰੁੱਖ ਬਣ ਗਿਆ। ਤਪਦੀ ਗਰਮੀ ਵਿਚ ਇਸ ਦੀ ਠੰਢੀ-ਮਿੱਠੀ ਛਾਂ ਦੁਪਹਿਰ ਨੂੰ ਲੱਗਦੇ ਬਿਜਲੀ ਕੱਟਾਂ ਵਿਚ ਸਾਨੂੰ ਠੰਢਕ ਤੇ ਆਕਸੀਜਨ ਦਿੰਦੀ ਹੈ। ਅਸੀਂ ਸੋਚਦੇ ਸਾਂ ਕਿ ਇਹ ਰੁੱਖ ਕਾਫੀ ਸਾਲਾਂ ਦਾ ਹੋ ਕੇ ਫ਼ਲ ਦੇਵੇਗਾ ਪਰ ਇਕ ਦਿਨ ਜਦੋਂ ਸਾਡੇ ਘਰ ਸਫਾਈ ਕਰਨ ਵਾਲੀ ਕੁੜੀ ਆਈ ਤਾਂ ਉਸ ਨੇ ਪੰਜ-ਦਸ ਜਾਮਣਾਂ ਚੁੱਕ ਕੇ ਸਾਨੂੰ ਦਿੱਤੀਆਂ। ਅਸੀਂ ਸਾਰਾ ਪਰਿਵਾਰ ਬਹੁਤ ਖੁਸ਼ ਹੋਏ। ਜਾਮਣ ’ਤੇ ਕਰੀਬ ਅੱਠ-ਦਸ ਗੁੱਛੇ ਪੱਕ ਰਹੇ ਸਨ। ਸਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਰਿਹਾ ਕਿ ਸਾਡੀ ਜਾਮਣ ਨੇ ਇੰਨੀ ਛੇਤੀ ਸਾਨੂੰ ਫ਼ਲ ਦੇ ਦਿੱਤੇ, ਅਸੀਂ ਦੂਜੀਆਂ ਧੀਆਂ ਨੂੰ ਵੀ ਫੋਨ ਕਰਕੇ ਖੁਸ਼ੀ ਸਾਂਝੀ ਕੀਤੀ।
ਚਿਤ ਵਿਚ ਆਇਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰ ਵਿਚ ਫਲਦਾਰ ਰੁੱਖ ਜ਼ਰੂਰ ਲਾਉਣੇ ਚਾਹੀਦੇ ਹਨ। ਉਂਝ ਵੀ ਸਾਡੇ ਪੰਜਾਬ ਵਿਚ ਰੁੱਖਾਂ ਦੀ ਬਹੁਤ ਘਾਟ ਹੋ ਗਈ ਹੈ। ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਨੂੰ ਸਭ ਨੂੰ ਆਪਣੇ ਘਰਾਂ, ਖੇਤਾਂ ਜਾਂ ਜਿੱਥੇ ਵੀ ਥਾਂ ਲੱਭਦੀ ਹੈ, ਰੁੱਖ ਜ਼ਰੂਰ ਲਾਉਣੇ ਚਾਹੀਦੇ ਹਨ।
ਅੰਤ ਵਿਚ ਆਪਣੀ ਜਾਮਣ ਦੇ ਰੁੱਖ ਨੂੰ ਦੇਖ ਕੇ ਮੈਨੂੰ ਮੈਨੂੰ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਅੰਬੀ ਦਾ ਬੂਟਾ’ ਦੀਆਂ ਸਤਰਾਂ ਚੇਤੇ ਆ ਗਈਆਂ:
ਇੱਕ ਬੂਟਾ ਅੰਬੀ ਦਾ,
ਘਰ ਸਾਡੇ ਲੱਗਾ ਨੀ।
ਜਿਸ ਥੱਲੇ ਬਹਿਣਾ ਨੀ,
ਸੁਰਗਾਂ ਵਿਚ ਰਹਿਣਾ ਨੀ।
ਸੰਪਰਕ: 99151-29064