ਪ੍ਰੋ. ਮੋਹਣ ਸਿੰਘ
1950ਵਿਆਂ ਵਿਚ ਪਿੰਡਾਂ ਵਿਚ ਜਾਣ ਵਾਲੀਆਂ ਬਰਾਤਾਂ ਦਾ ਜ਼ਰੂਰੀ ਭਾਗ ਹੁੰਦਾ ਸੀ, ਲਾਊਡ ਸਪੀਕਰ। ਲੜਕੀ ਵਾਲੇ ਬੜੇ ਚਾਅ ਨਾਲ ਸਪੀਕਰ ਕਿਸੇ ਉੱਚੀ ਥਾਂ ’ਤੇ ਫਿੱਟ ਕਰਨ ਦਾ ਪ੍ਰਬੰਧ ਕਰਦੇ। ਜੇ ਹੋਰ ਕੋਈ ਟਿਕਾਣਾ ਨਾ ਮਿਲਦਾ ਤਾਂ ਦੋ ਮੰਜੀਆਂ ਪੁੱਠੀਆਂ ਕਰਕੇ ਪਾਵੇ ਬਾਹਰ ਨੂੰ ਕਰਕੇ, ਇੱਕ ਦੂਜੇ ਨਾਲ ਅੰਗਰੇਜ਼ੀ ਦੇ ਅੱਖਰ ਏ ਵਾਂਗ ਜੋੜ ਦਿੱਤਾ ਜਾਂਦਾ ਸੀ ਅਤੇ ਸਪੀਕਰ ਸਿਰੇ ’ਤੇ ਲਾ ਦਿੱਤਾ ਜਾਂਦਾ ਸੀ। ਮਕਸਦ ਹੁੰਦਾ ਸੀ ਕਿ ਆਵਾਜ਼ ਸਾਰੇ ਪਿੰਡ ਨੂੰ ਸੁਣਨੀ ਚਾਹੀਦੀ ਹੈ ਅਤੇ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਵਿਆਹ ਕਿਹੜੇ ਘਰ ਹੈ। ਸਪੀਕਰ ਵਾਲੇ ਲੜਕੇ ਨੂੰ ਖ਼ਾਸ ਨੁੱਕਰ ਵਿਚ ਮੇਜ਼ ਕੁਰਸੀ ਮਿਲ ਜਾਂਦੀ ਸੀ ਜਿਸ ’ਤੇ ਉਹ ਆਪਣਾ ਗ੍ਰਾਮੋਫੋਨ, ਐਂਪਲੀਫਾਇਰ ਅਤੇ ਹੋਰ ਨਿੱਕ-ਸੁੱਕ ਟਿਕਾ ਕੇ ਬਹੁਤ ਭਾਰੀ ਬੈਟਰੀ ਨੂੰ ਕਿਸੇ ਖੂੰਜੇ ਰੱਖ ਕੇ ਆਪਣਾ ਰਿਕਾਰਡ ਵਜਾਉਣ ਦਾ ਕੰਮ ਸ਼ੁਰੂ ਕਰਦਾ ਸੀ। ਇਹ ਕਾਰਜ ਦੇਰ ਰਾਤ ਤੱਕ ਵੀ ਚੱਲਦਾ ਰਹਿੰਦਾ ਸੀ। ਜੇ ਕਦੇ ਗ੍ਰਾਮੋਫੋਨ ਦੀ ਚਾਬੀ ਘਟ ਜਾਣੀ ਤਾਂ ਗਾਉਣ ਵਾਲੇ ਦੀ ਆਵਾਜ਼ ਇੱਕ ਦਮ ਜ਼ਨਾਨਾ ਤੋਂ ਮਰਦਾਨਾ ਤੇ ਫੇਰ ਘਊਂਊਂ ਕਰਕੇ ਖ਼ਤਮ ਹੋ ਜਾਣੀ। ਹਾਸਾ ਪੈਣਾ ਤੇ ਸਪੀਕਰ ਵਾਲੇ ਨੇ ਨੱਸ ਕੇ ਚਾਬੀ ਫ਼ੇਰਨੀ।
ਹੌਲੀ ਹੌਲੀ ਸਪੀਕਰ ਬਹੁਤ ਪ੍ਰਚੱਲਤ ਹੋ ਗਏ। ਇਹਨਾਂ ਦਾ ਕੱਦ ਅਤੇ ਆਵਾਜ਼ ਸੈਂਕੜੇ ਗੁਣਾਂ ਵਧ ਗਈ। ਪਹਿਲਾਂ ਕੇਵਲ ਬੈਟਰੀ ਨਾਲ ਚੱਲਦੇ ਸਨ, ਹੁਣ ਬਿਜਲੀ ਵੀ ਮਿਲਣ ਲੱਗ ਪਈ। ਪਤਾ ਨਹੀਂ ਕਿਹੜੇ ਵੇਲੇ ਇਹ ਸਪੀਕਰ ਸਵੇਰੇ ਸਵੇਰੇ ਨਿਕਲਦੀਆਂ ਪ੍ਰਭਾਤ ਫ਼ੇਰੀਆਂ ਦਾ ਜ਼ਰੂਰੀ ਭਾਗ ਬਣ ਗਏ। ਢੋਲਕੀ ਛੈਣਿਆਂ ਦੀ ਲੈਅ ਵਿਚ ਮਧੁਰ ਸ਼ਬਦ ਗਾਇਨ ਕਰਨ ਵਾਲੀਆਂ ਟੋਲੀਆਂ ਗੁੰਮ ਹੋ ਗਈਆਂ। ਨਿੱਕੀਆਂ ਨਿੱਕੀਆਂ ਗਲੀਆਂ ਵਿਚੋਂ ਕੰਨ ਪਾੜਵੀਂ ਆਵਾਜ਼ ਵਿਚ ਹੌਲੀ ਹੌਲੀ ਲੰਘਣ ਵਾਲੇ ਜਲੂਸ ਕੋਈ ਵੀ ਕੰਨਾਂ ਵਿਚ ਉਂਗਲੀਆਂ ਦੇਣ ਤੋਂ ਬਗੈਰ ਜ਼ਿਆਦਾ ਦੇਰ ਨਹੀਂ ਸੁਣ ਸਕਦਾ। ਇਹੀ ਸਪੀਕਰ ਫਿਰ ਪਿੰਡਾਂ ਦੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ’ਤੇ ਜਾ ਲੱਗੇ। ਮੰਦਰ ਮਸਜਿਦ ਕਿਹੜਾ ਘੱਟ ਨੇ? ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਹਸਪਤਾਲਾਂ ਵਿਚ ਜ਼ੇਰੇ-ਇਲਾਜ ਮਰੀਜ਼, ਬਿਰਧ ਮਰਦ ਔਰਤਾਂ, ਚਾਰੇ ਪਾਸਿਓਂ ਸਪੀਕਰਾਂ ਦੀ ਉੱਚੀ ਆਵਾਜ਼ ਖਿਲਾਫ਼ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਅਖ਼ਬਾਰਾਂ ਵਿਚ ਕੋਈ ਨਾ ਕੋਈ ਸ਼ਿਕਾਇਤ ਰੋਜ਼ ਹੁੰਦੀ ਕਿ ਬੱਚਿਆਂ ਦੀ ਪੜ੍ਹਾਈ ਦਾ ਸਮਾਂ ਬਰਬਾਦ ਹੁੰਦਾ ਹੈ ਪਰ ਸਪੀਕਰ ਤਬਕਾ ਤਾਂ ਸਿਆਸੀ ਧਿਰ ਬਣ ਚੁਕਿਆ ਸੀ!
ਸਪੀਕਰ ਦੀ ਆਵਾਜ਼ ਨੂੰ ਲੈ ਕੇ ਥਾਣਿਆਂ ਵਿਚ ਕੇਸ ਆਉਣੇ ਸ਼ੁਰੂ ਹੋ ਗਏ। ਨਵੀਂ ਰੀਤ ਚੱਲੀ ਕਿ ਜਿੱਥੇ ਕਿਤੇ ਲੰਗਰ ਲਾਉਣਾ ਹੁੰਦਾ ਹੈ, ਸਪੀਕਰ ਦਾ ਪ੍ਰਬੰਧ ਜ਼ਰੂਰੀ ਸਮਝਿਆ ਜਾਣ ਲੱਗਾ। ਲੰਗਰ ਅਜੇ ਬਣਾਉਣਾ ਸ਼ੁਰੂ ਹੀ ਕੀਤਾ ਹੁੰਦਾ, ਸਪੀਕਰ ਵੱਜਣਾ ਸ਼ੁਰੂ ਹੋ ਜਾਂਦਾ ਤੇ ਲੰਗਰ ਦੀ ਸਮਾਪਤੀ ਤੋਂ ਕਈ ਘੰਟੇ ਬਾਅਦ ਤੱਕ ਚੱਲਦਾ ਰਹਿੰਦਾ। ਅਜੇ ਵੀ ਇਵੇਂ ਹੀ ਹੈ, ਹਾਲਾਂਕਿ ਸਪੀਕਰ ਦੀ ਵਰਤੋਂ ਨੂੰ ਲੈ ਕੇ ਕਾਨੂੰਨ ਵਿਚ ਪ੍ਰਬੰਧ ਹੈ ਕਿ ਇਸ ਬਾਰੇ ਡੀਸੀ ਜਾਂ ਐੱਸਡੀਐੱਮ ਪਾਸੋਂ ਅਗਾਊਂ ਆਗਿਆ ਲੈਣੀ ਜ਼ਰੂਰੀ ਹੈ। ਕਾਨੂੰਨ ਦੀ ਪਾਲਣਾ ਕਰਵਾਉਣ ਦੀ ਜ਼ਿੰਮੇਵਾਰੀ ਸਬੰਧਿਤ ਥਾਣੇ ਦੀ ਹੈ।
ਇੱਕ ਵਾਰੀ ਲੋਹੜੀ ਵਾਲੇ ਦਿਨ ਸਾਡੇ ਗੁਆਂਢ ਵਿਚ ਕਿਸੇ ਨੇ ਆਪਣੀ ਤੀਜੀ ਮੰਜ਼ਿਲ ਦੀ ਛੱਤ ਉੱਤੇ ਬਹੁਤ ਵੱਡੇ ਸਪੀਕਰ ਲਾ ਦਿੱਤੇ ਤੇ ਅਸ਼ਲੀਲ ਗਾਣਿਆਂ ਨਾਲ ਸਿਰ ਖਾ ਛੱਡਿਆ। ਅਸੀਂ, ਮੈਂ ਤੇ ਮੇਰੀ ਪਤਨੀ, ਦੋਵੇਂ ਹੀ ਘਰ ਸਾਂ। ਸ਼ੋਰ ਇੰਨਾ ਜਿ਼ਆਦਾ ਹੋ ਗਿਆ ਕਿ ਅਸੀਂ ਆਪਣੇ ਘਰ ਅੰਦਰੋਂ ਨਿਕਲਣ ਲਈ ਮਜਬੂਰ ਹੋ ਗਏ। ਸੋਚਿਆ, ਕਿਸੇ ਰਿਸ਼ਤੇਦਾਰ ਦੇ ਘਰ ਮੁਸੀਬਤ ਦਾ ਸਮਾਂ ਕੱਟ ਆਉਂਦੇ ਹਾਂ ਪਰ ਬੀ-ਡਿਵੀਜ਼ਨ ਥਾਣੇ ਸਾਹਮਣਿਓਂ ਲੰਘਦਿਆਂ ਅਚਾਨਕ ਖਿਆਲ ਆਇਆ ਕਿ ਪੁਲੀਸ ਦੇ ਧਿਆਨ ਵਿਚ ਇਹ ਮਸਲਾ ਲਿਆਉਣਾ ਚਾਹੀਦਾ ਹੈ। ਥਾਣੇਦਾਰ ਨੇ ਗੱਲ ਬੜੇ ਠਰੰਮੇ ਨਾਲ ਸੁਣੀ ਅਤੇ ਦੋ ਸਿਪਾਹੀ ਮੇਰੇ ਨਾਲ ਭੇਜ ਦਿੱਤੇ। ਸਿਪਾਹੀਆਂ ਨੇ ਸਾਡੀ ਛੱਤ ਤੇ ਚੜ੍ਹ ਕੇ ਇਸ਼ਾਰਿਆਂ ਨਾਲ ਸਪੀਕਰ ਵਾਲਿਆਂ ਨਾਲ ਗੱਲ ਕੀਤੀ। ਸਪੀਕਰ ਇੱਕ ਦਮ ਬੰਦ ਹੋ ਗਿਆ ਅਤੇ ਮਾਲਕ ਨੂੰ ਹੁਕਮ ਹੋਇਆ ਕਿ ਸਾਰਾ ਸਮਾਨ ਲੈ ਕੇ ਪੰਦਰਾਂ ਮਿੰਟਾਂ ਦੇ ਅੰਦਰ ਅੰਦਰ ਥਾਣੇ ਪੇਸ਼ ਹੋਵੇ। ਕਾਨੂੰਨ ਨੇ ਆਪਣੀ ਤਾਕਤ ਦਿਖਾ ਦਿੱਤੀ ਸੀ। ਇਸ ਦਿਨ ਤੋਂ ਬਾਅਦ ਸਾਡੇ ਇਲਾਕੇ ਵਿਚ ਵੱਡੇ ਸਪੀਕਰ ਨਹੀਂ ਲੱਗੇ।
ਇੱਕ ਹੋਰ ਘਟਨਾ ਇਸ ਤਰ੍ਹਾਂ ਸ਼ੁਰੂ ਹੋਈ। ਕਿਸੇ ਡੇਰੇ ਵਾਲਿਆਂ ਦਾ ਮੌਸਮੀ ਪ੍ਰੋਗਰਾਮ ਸੀ। ਬਾਜ਼ਾਰ ਦੇ ਹਰ ਖੰਭੇ ਨਾਲ ਸਪੀਕਰ ਫਿੱਟ ਹੋ ਰਿਹਾ ਸੀ। ਮੈਂ ਮਕੈਨਿਕ ਨੂੰ ਬੇਨਤੀ ਕੀਤੀ ਕਿ ਮੇਰੇ ਗੁਆਂਢ ਵਾਲਾ ਖੰਭਾ ਖਾਲੀ ਛੱਡ ਦਈਂ, ਮੈਂ ਲਿਖਣਾ ਪੜ੍ਹਨਾ ਹੁੰਦਾ। ਉਹਨੇ ਹਾਂ ਵੀ ਕਰ ਦਿੱਤੀ ਪਰ ਸ਼ਾਮ ਨੂੰ ਜਦੋਂ ਕੀਰਤਨ ਦੀਆਂ ਕੈਸਟਾਂ ਲੱਗਣ ਲੱਗੀਆਂ, ਮੈਂ ਪ੍ਰੇਸ਼ਾਨ ਹੋ ਗਿਆ। ਘਰ ਵਿਚ ਬੈਠਣਾ ਮੁਸ਼ਕਿਲ ਹੋ ਗਿਆ। ਅਸਲੀ ਕੀਰਤਨ ਰਾਤ ਨੂੰ ਸ਼ੁਰੂ ਹੋਣਾ ਸੀ। ਮੈਂ ਥਾਣੇ ਫੋਨ ਕੀਤਾ। ਦੋ ਸਿਪਾਹੀ ਆ ਗਏ ਤੇ ਸਿੱਧੇ ਸਪੀਕਰ ਲਾਉਣ ਵਾਲੇ ਦੇ ਘਰ ਚਲੇ ਗਏ। ਉਹਨਾਂ ਪੁੱਛਿਆ ਤੇ ਕਹਿਣ ਲੱਗੇ ਕਿ ਤੁਹਾਡੀ ਸ਼ਿਕਾਇਤ ਆਈ ਹੈ। ਸਾਰੇ ਜਣੇ ਮੇਰੇ ਘਰ ਆ ਗਏ। ਦੱਸਿਆ। ਕੁਝ ਬਹਿਸ ਵੀ ਹੋਈ ਕਿ ਇਹ ਧਾਰਮਿਕ ਕੰਮ ਹੈ, ਇਸ ਵਿਚ ਵਿਘਨ ਨਾ ਪਾਓ। ਮੈਂ ਸਿਪਾਹੀਆਂ ਨੂੰ ਕਿਹਾ ਕਿ ਜੇ ਇਹਨਾਂ ਨੇ ਸਰਕਾਰੀ ਮਨਜ਼ੂਰੀ ਲਈ ਹੋਈ ਹੈ ਤਾਂ ਚੈੱਕ ਕਰ ਲਓ। ਮਨਜ਼ੂਰੀ ਹੈ ਨਹੀਂ ਸੀ। ਮੇਰੀ ਮੰਗ ਕੇਵਲ ਇੱਕ ਸਪੀਕਰ ਬੰਦ ਕਰਨ ਦੀ ਸੀ। ਮਾਮਲਾ ਵਿਗੜਦਾ ਦੇਖ ਕੇ ਇੱਕ ਸਪੀਕਰ ਬੰਦ ਕਰਵਾ ਦਿੱਤਾ। ਮੇਰੀ ਤਸੱਲੀ ਹੋ ਗਈ। ਸਿਪਾਹੀ ਚਲੇ ਗਏ ਪਰ ਉਸ ਦੂਰ ਰਹਿੰਦੇ ਗੁਆਂਢੀ ਦੀ ਬੁੜ ਬੁੜ ਜਾਰੀ ਰਹੀ। ਦੋ ਚਾਰ ਸੱਜਣ ਹੋਰ ਵੀ ਜੁੜ ਗਏ। ਜਾਂਦੇ ਜਾਂਦੇ ਮੈਨੂੰ ਕੋਈ ਗਾਲ੍ਹ ਮੰਦਾ ਤਾਂ ਨਹੀਂ ਕਿਹਾ ਪਰ ਇਹੋ ਹੀ ਕਿਹਾ ਕਿ ਪ੍ਰੋਫੈਸਰ ਸਾਹਿਬ, ਤੁਸੀਂ ਧਾਰਮਿਕ ਪ੍ਰੋਗਰਾਮ ਵਿਚ ਵਿਘਨ ਪਾਇਆ ਹੈ। ਦੇਖਿਓ, ਜਦੋਂ ਤੁਸੀਂ ਚੜ੍ਹਾਈ ਕਰ ਗਏ, ਤੁਹਾਡੇ ਮਗਰ ਕਿਸੇ ਨੇ ਨਹੀਂ ਜੇ ਜਾਣਾ! ਮੈਨੂੰ ਹੋਰ ਕੋਈ ਵਾਜਬਿ ਉਤਰ ਨਾ ਸੁਝਿਆ। ਮੈਂ ਹੱਸਦੇ ਹੱਸਦੇ ਉਸ ਨੂੰ ਨੇੜੇ ਬੁਲਾ ਕੇ ਕਿਹਾ ਕਿ ਤੂੰ ਮੇਰੇ ਮਗਰ ਆਵੀਂ ਜਾਂ ਨਾ ਆਵੀਂ, ਮੈਂ ਤੇਰੇ ਮਗਰ ਜ਼ਰੂਰ ਆਵਾਂਗਾ। ਮੈਨੂੰ ਨਹੀਂ ਪਤਾ ਕਿ ਮੇਰੇ ਉੱਤਰ ਦਾ ਉਸ ’ਤੇ ਕੀ ਪ੍ਰਭਾਵ ਪਿਆ…।
ਸੰਪਰਕ: prof.mohansingh@yahoo.co.in