ਸਤਿੰਦਰ ਸਿੰਘ (ਡਾ.)
ਬਚਪਨ ਵਿਚ ਦੀਵਾਲੀ ਦੇ ਰੰਗ ਅਤੇ ਢੰਗ ਬਹੁਤ ਵੱਖਰੇ ਸਨ। ਜ਼ਿਆਦਾ ਧਿਆਨ ਸੁੰਨੀਆਂ ਤੇ ਵੀਰਾਨ ਕੰਦਰਾਂ ਵੱਲ ਦਿੱਤਾ ਜਾਂਦਾ। ਇਸ ਦਿਨ ਇਹ ਥਾਵਾਂ ਵੀ ਰੁਸ਼ਨਾਅ ਜਾਂਦੀਆਂ। ਹਰ ਕੋਈ ਇਨ੍ਹਾਂ ਥਾਵਾਂ ’ਤੇ ਸਭ ਤੋਂ ਪਹਿਲਾਂ ਦੀਵਾ ਜਾਂ ਮੋਮਬੱਤੀ ਜਗਾ ਕੇ ਫਖ਼ਰ ਮਹਿਸੂਸ ਕਰਦਾ। ਇਸ ਸਭ ਦੇ ਦਰਮਿਆਨ ਸਾਡੇ ਬਾਲਾਂ ਲਈ ਦੀਵਾਲੀ ਤੋਂ ਅਗਲਾ ਦਿਨ ਵਧੇਰੇ ਅਹਿਮ ਹੁੰਦਾ।
ਅਸੀਂ ਸਾਂਝੀ ਥਾਂ ਇਕੱਠੇ ਹੁੰਦੇ। ਖੂਹ ਦੀ ਕੰਧ ਤੋਂ, ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੇ ਥੜ੍ਹੇ ਤੋਂ ਅਤੇ ਖੇੜੇ ਦੀ ਕੰਧ ਤੋਂ ਰਾਤ ਬਾਲੀਆਂ ਮੋਮਬੱਤੀਆਂ ਤੇ ਉਨ੍ਹਾਂ ਦੀ ਮੋਮ ਇਕੱਠੀ ਕਰਨ ਦਾ ਕਾਰਜ ਆਰੰਭਦੇ। ਖੋਲਿ਼ਆਂ, ਰੂੜੀਆਂ ’ਤੇ ਪਏ ਖਾਲੀ ਦੀਵੇ ਵੀ ਇਕੱਠੇ ਕੀਤੇ ਜਾਂਦੇ। ਬਹੁਤ ਸਾਰੀਆਂ ਸਮਾਜਿਕ ਰਵਾਇਤਾਂ ਦਾ ਸਾਨੂੰ ਪਤਾ ਨਹੀਂ ਕਿ ਇਹ ਕਿਵੇਂ ਸ਼ੁਰੂ ਹੋਈਆਂ, ਜਾਂ ਇਹ ਕਿਸ ਨੇ ਸ਼ੁਰੂ ਕੀਤੀਆਂ। ਇਸ ਰਵਾਇਤ ਦਾ ਜਨਮਦਾਤਾ ਕੌਣ ਸੀ, ਪਤਾ ਨਹੀਂ ਪਰ ਇਹ ਪ੍ਰਚਲਿਤ ਸੀ।
ਅਸੀਂ ਟੋਲੀਆਂ ਵਿਚ ਵੰਡੇ ਜਾਂਦੇ ਜਿਵੇਂ ਕਿਸਾਨ ਵਾਢੀ ਅਤੇ ਬਿਜਾਈ ਵਕਤ ਇਕ ਦੂਜੇ ਨਾਲੋਂ ਅੱਗੇ ਵਧ ਕੇ ਕੰਮ ਕਰਦੇ ਨੇ, ਅਸੀਂ ਵੀ ਉਤਸ਼ਾਹ ਵਿਚ ਇਹ ਕੰਮ ਕਰਦੇ। ਕੋਈ ਘਰ ਤੋਂ ਪੁਰਾਣਾ ਚਮਚਾ ਚੁੱਕ ਲਿਆਂਦਾ, ਕੋਈ ਖੁੰਢੀ ਕਰਦ, ਕੋਈ ਦਾਤੀ ਤੇ ਕੋਈ ਚਿਮਟਾ ਜਿਸ ਲਈ ਘਰੋਂ ਆਵਾਜ਼ਾਂ ਪੈਂਦੀਆਂ ਤਾਂ ਫੇਰ ਮੋੜ ਕੇ ਆਉਣਾ ਪੈਂਦਾ। ਕੋਈ ਥਾਲੀ ਵਿਚ, ਕੋਈ ਕੁੜਤੇ ਦੀ ਝੋਲੀ ਵਿਚ, ਕੋਈ ਚੁੰਨੀ ਦੇ ਪੱਲੇ ਵਿਚ ਤੇ ਕੋਈ ਬੁੱਕ ਵਿਚ ਆਪੋ-ਆਪਣੀ ਸਮਰਥਾ ਅਨੁਸਾਰ ਮੋਮ ਤੇ ਮੋਮਬੱਤੀਆਂ ਇਕੱਠਾ ਕਰਦਾ। ਕਿਸੇ ਅੰਦਰ ਖਿਝ ਨਹੀਂ ਸੀ। ਹਰ ਕੋਈ ਮਿਸ਼ਨ ਨੂੰ ਪੂਰਾ ਕਰਨ ਲਈ ਰੁੱਝਿਆ ਰਹਿੰਦਾ ਤੇ ਸਾਥੀਆਂ ਨੂੰ ਹੱਲਾਸ਼ੇਰੀ ਦਿੰਦਾ।
ਇਹ ਕਾਰਜ ਕਰਦਿਆਂ ਕਈ ਵਾਰ ਮਧੂਮੱਖੀਆਂ ਦਾ ਅਹਿਸਾਸ ਆਉਂਦਾ ਕਿ ਕਿਵੇਂ ਉਹ ਆਪਣੇ ਛੱਤੇ ਲਈ ਦੂਰੋਂ ਦੂਰੋਂ ਅਲਗ ਅਲਗ ਫੁੱਲਾਂ ਦਾ ਰਸ ਚੂਸ ਕੇ ਮੂੰਹ ਵਿਚ ਭਰ ਲਿਆਉਂਦੀਆਂ ਹਨ; ਫਿਰ ਵੱਖ ਵੱਖ ਫੁੱਲਾਂ ਦਾ ਰਸ ਇਕ-ਰਸ ਹੋ ਕੇ ਸ਼ਹਿਦ ਅਖਵਾਉਂਦਾ ਹੈ। ਅਸੀਂ ਵੀ ਮਧੂ ਮੱਖੀਆਂ ਵਾਂਗ ਅਲਗ ਅਲਗ ਘਰਾਂ ਅਤੇ ਰੰਗਾਂ ਦੀ ਮੋਮ ਇਕੱਠੀ ਕਰਦੇ। ਫਿਰ ਸਾਰੇ ਸਰਕਾਰੀ ਸਕੂਲ ਵਿਚ ਇਕੱਠੇ ਹੁੰਦੇ ਜਿੱਥੇ ਉਮਰ ਵਿਚ ਵੱਡੇ ਮੁੰਡੇ ਅਤੇ ਕੁੜੀਆਂ ਨੇ ਨਾ ਵਰਤਣ ਵਾਲੇ ਪਤੀਲੇ ਥੱਲੇ ਮੱਠੀ ਅੱਗ ਬਾਲੀ ਹੁੰਦੀ। ਯੋਜਨਾ ਅਨੁਸਾਰ ਅਸੀਂ ਵਾਰੀ ਵਾਰੀ ਪਤੀਲੇ ਵਿਚ ਆਪਣੇ ਹਿੱਸੇ ਦੀ ਮੋਮ ਪਾਉਂਦੇ ਅਤੇ ਡੰਡੇ ਨਾਲ ਘੁਮਾਈ ਜਾਂਦੇ। ਮੋਮ ਦੇ ਅਲਗ ਅਲਗ ਰੰਗ ਇਕ ਦੂਜੇ ਵਿਚ ਜਜ਼ਬ ਹੁੰਦੇ ਜਾਂਦੇ ਜਿਵੇਂ ਜਿਵੇਂ ਨਦੀਆਂ ਆਪਾ ਮਿਟਾ ਕੇ ਸਮੁੰਦਰ ਵਿਚ ਇਕ ਮਿਕ ਹੋ ਜਾਂਦੀਆਂ ਹਨ, ਜਿਵੇਂ ਮੀਂਹ ਦੀਆਂ ਕਣੀਆਂ ਧਰਤੀ ਵਿਚ ਜਜ਼ਬ ਹੋ ਜਾਂਦੀਆਂ ਹਨ। ਹਜ਼ਰਤ ਮੁਹੰਮਦ ਦਾ ਆਖਿ਼ਰੀ ਸੰਦੇਸ਼ ਸੀ- “ਮੋਮਨੋ! ਅਰਬੀ ਨੂੰ ਗੈਰ-ਅਰਬੀ ’ਤੇ, ਗ਼ੈਰ-ਅਰਬੀ ਨੂੰ ਅਰਬੀ ’ਤੇ, ਕਾਲੇ ਨੂੰ ਗੋਰੇ ’ਤੇ, ਗੋਰੇ ਨੂੰ ਕਾਲੇ ’ਤੇ ਕੋਈ ਗਿਲਾ ਨਹੀਂ ਕਰਨਾ ਚਾਹੀਦਾ; ਤੁਸੀਂ ਆਦਮ ਦੀ ਸੰਤਾਨ ਹੋ ਤੇ ਆਦਮ ਮਿੱਟੀ ਦੇ ਬਣੇ ਹੋਏ ਸਨ।”
ਸਾਡੀ ਇਕ ਟੋਲੀ ਦੀਵਿਆਂ ਨੂੰ ਇਕੱਠੇ ਕਰ ਲਿਆਉਂਦੀ। ਗਲੀ ਗੁਆਂਢ ਦੇ ਲੋਕ ਵੀ ਬੱਚਿਆਂ ਦੀ ਇਸ ਖੇਡ ਵਿਚ ਹਿੱਸਾ ਪਾਉਣ ਲਈ ਕੁਝ ਦੀਵੇ ਭੇਟ ਕਰਦਿਆਂ ਆਖਦੇ, “ਕਾਕਾ! ਇਹ ਵੀ ਲੈ ਜਾਓ।” ਸਾਰਾ ਸਮਾਜ ਇਸ ਖੇਡ ਵਿਚ ਸ਼ਾਮਿਲ ਸੀ। ਇਕ ਜਣਾ ਬੇਬੇ ਨਿਹਾਲ ਕੌਰ ਦੇ ਘਰੋਂ ਸੂਤ ਦੇ ਧਾਗੇ ਚੁੱਕ ਲਿਆਉਂਦਾ। ਦੀਵਿਆਂ ਨੂੰ ਕਤਾਰ ’ਚ ਟਿਕਾ ਦਿੱਤਾ ਜਾਂਦਾ, ਧਾਂਗੇ ਕੱਟ ਕੇ ਦੀਵਿਆਂ ਵਿਚ ਰੱਖ ਦਿੱਤੇ ਜਾਂਦੇ। ਮੋਮ ਪਿਘਲ ਜਾਂਦੀ, ਫਿਰ ਇਹ ਦੀਵਿਆਂ ਵਿਚ ਪਾਈ ਜਾਂਦੀ।
ਕੁਝ ਦੇਰ ਬਾਅਦ ਉਹ ਦੀਵੇ ਸੁੱਕ ਜਾਂਦੇ। ਅਸੀਂ ਆਪੋ-ਆਪਣੇ ਹਿੱਸੇ ਦੇ ਦੀਵੇ ਚੁੱਕ ਦੁਪਹਿਰ ਦੀ ਰੋਟੀ ਛਕਣ ਵਾਸਤੇ ਘਰਾਂ ਨੂੰ ਚਲੇ ਜਾਂਦੇ। ਦਿਨ ਢਲਣ ਦੀ ਉਡੀਕ ਕੀਤੀ ਜਾਂਦੀ। ਹਨੇਰੇ ਦਾ ਪਰਛਾਵਾਂ ਦਸਤਕ ਦਿੰਦਾ। ਸਾਰੇ ਜਣੇ ਆਪੋ-ਆਪਣੇ ਦੀਵਿਆਂ ਨੂੰ ਦਿਹਲੀਆਂ, ਬਾਹਰਲੀਆਂ ਕੰਧਾਂ, ਖਿੜਕੀਆਂ ਦੇ ਬੰਨਿਆਂ ’ਤੇ ਟਿਕਾ ਦਿੰਦੇ। ਸਾਰਾ ਆਲਮ ਚਾਨਣ ਨਾਲ ਭਰਪੂਰ ਹੋ ਜਾਂਦਾ। ਅਲਗ ਅਲਗ ਘਰਾਂ, ਰੰਗਾਂ ਦੀਆਂ ਤੇ ਲੋਕਾਂ ਦੀਆਂ ਮੋਮਬੱਤੀਆਂ ਸਾਂਝਾ ਚਾਨਣ ਵੰਡਦੀਆਂ। ਵੱਖਰੇ ਰੰਗ ਸਰਬ ਸਾਂਝੇ ਰੰਗ ਬਣ ਜਾਂਦੇ। ਖ਼ਲੀਲ ਜਬਿਰਾਨ ਦਾ ਕਥਨ ਚੇਤੇ ਆਉਂਦਾ- “ਤੁਸੀਂ ਦੀਵਿਆਂ ਦੇ ਆਕਾਰ ਉੱਪਰ ਨਹੀਂ, ਉਨ੍ਹਾਂ ਦੇ ਚਾਨਣ ਉਪਰ ਧਿਆਨ ਕੇਂਦਰਿਤ ਕਰੋ।”
ਬਚਪਨ ਬੀਤਣ ਨਾਲ ਇਹ ਰੀਤ ਵੀ ਸਦਾ ਲਈ ਬੀਤ ਚੁੱਕੀ ਹੈ। ਇਹ ਸਵੈ-ਅਨੁਸ਼ਾਸਿਤ ਖੇਡ ਸੀ ਜਿਸ ਵਿਚੋਂ ਬਹੁਤ ਆਨੰਦ ਮਿਲਦਾ ਸੀ। ਇਸ ਨਾਲ ਜਿੱਥੇ ਆਪਸੀ ਇਤਫਾਕ ਤੇ ਭਾਈਚਾਰਾ ਫੈਲਦਾ ਸੀ, ਉਥੇ ਸਾਂਝੀਆਂ ਥਾਵਾਂ ’ਤੇ ਸਫ਼ਾਈ ਵੀ ਆਪਣੇ ਆਪ ਹੋ ਜਾਂਦੀ ਸੀ।
ਸਾਡੇ ਸਮਾਜ ਨੂੰ ਸਾਂਝੀਵਾਲਤਾ ਦੀ ਬਹੁਤ ਜ਼ਰੂਰਤ ਹੈ। ਸਾਡੀ ਸੋਚ ਫੈਲਣੀ ਚਾਹੀਦੀ ਹੈ। ਦਿਲਾਂ ਦੇ ਰਾਹ ਵਿਸ਼ਾਲ ਹੋਣੇ ਚਾਹੀਦੇ ਹਨ। ਮੁੜ ਸ਼ੁਰੂਆਤ ਕਰਨੀ ਪਵੇਗੀ। ਪਾਣੀ ਵਿਚ ਅਠਖੇਲੀਆਂ ਕਰਦੀਆਂ ਮੱਛੀਆਂ ਦੇ ਮਨ ਵਿਚ ਸਵਾਲ ਪੈਦਾ ਹੋਇਆ ਕਿ ਅਸੀਂ ਪਾਣੀ ਵਿਚ ਜਨਮ ਲੈਂਦੀਆਂ ਹਾਂ, ਜਿਊਂਦੀਆਂ ਹਾਂ ਤੇ ਮਰ ਜਾਂਦੀਆਂ ਹਾਂ ਪਰ ਅਸੀਂ ਪਾਣੀ ਨੂੰ ਜਾਣਿਆ ਨਹੀਂ। ਮੱਛੀਆਂ ਨੇ ਸੋਚਿਆ ਕਿ ਵੱਡੀ ਮੱਛੀ ਵ੍ਹੇਲ ਜੋ ਸਮੁੰਦਰ ਵਿਚ ਵਾਸਾ ਕਰਦੀ ਹੈ, ਉਸ ਨੂੰ ਜਾ ਕੇ ਪੁੱਛਦੇ ਹਾਂ। ਸਾਰੀਆਂ ਇਕੱਠੀਆਂ ਹੋ ਕੇ ਵ੍ਹੇਲ ਮੱਛੀ ਕੋਲ ਗਈਆਂ। ਵ੍ਹੇਲ ਦਾ ਜਵਾਬ ਸੀ, “ਤੁਹਾਨੂੰ ਕਿਸ ਨੇ ਇਸ ਫਿ਼ਕਰ ਵਿਚ ਪਾ ਦਿੱਤਾ? ਪਾਣੀ ਜਾਣਨ ਦੀ ਨਹੀਂ, ਮਾਣਨ ਦੀ ਚੀਜ਼ ਹੈ।”
ਕਾਸ਼! ਇਹ ਗੁਣ ਸੰਸਾਰ ਦੀ ਉਤਮ ਮਾਨਵ ਜਾਤੀ ਵਿਚ ਆ ਜਾਣ।
ਸੰਪਰਕ: 84377-00852