ਭੋਲਾ ਸਿੰਘ ਸ਼ਮੀਰੀਆ
ਪੰਜਾਬ ਦੇ ਉਸ ਦੌਰ ਦੀ ਗੱਲ ਹੈ ਜਦੋਂ ਪੰਜਾਬ ਦੇ ਘਰਾਂ ਦੇ ਦਰਵਾਜ਼ੇ ਦਿਨ ਛਿਪਦਿਆਂ ਹੀ ਬੰਦ ਹੋ ਜਾਂਦੇ ਸਨ। ਪੰਜਾਬ ਵਿਰੋਧੀ ਹਵਾਵਾਂ ਪੂਰੀਆਂ ਸਰਗਰਮ ਸਨ। ਗਰਮੀ ਦੇ ਮਹੀਨੇ ਦੀ ਸਿਖਰ ਦੁਪਹਿਰ ਸੀ। ਦਿਨ ਦੇ ਤਕਰੀਬਨ ਗਿਆਰ੍ਹਾਂ ਵਜੇ ਦਾ ਵਕਤ ਹੋਵੇਗਾ। ਮੈਂ ਆਪਣੇ ਪਿੰਡ ਦੇ ਬੱਸ ਅੱਡੇ ਉਪਰ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੂੰ ਬੱਸ ਚੜ੍ਹਾਉਣ ਆਇਆ ਸਾਂ। ਮੇਰੇ ਖੜ੍ਹਿਆਂ-ਖੜ੍ਹਿਆਂ ਬੰਗਾਲ ਦੀ ਇਕ ਟੂਰਿਸਟ ਬੱਸ ਆ ਕੇ ਰੁਕੀ। ਉਨ੍ਹਾਂ ਦੀ ਬੱਸ ਦਾ ਟਾਇਰ ਪੰਚਰ ਹੋ ਗਿਆ ਸੀ। ਉਹ ਬੱਸ ਨੂੰ ਸਟਿਪਨੀ ਦੇ ਸਹਾਰੇ ਇੱਥੋਂ ਤੀਕ ਲੈ ਕੇ ਆਏ ਸਨ। ਬੱਸ ਦੇ ਨੰਬਰ ਤੋਂ ਮੈਂ ਭਾਂਪ ਲਿਆ ਸੀ ਕਿ ਇਹ ਲੋਕ ਬੰਗਾਲੀ ਹਨ। ਦੋ ਵਿਅਕਤੀਆਂ ਨੇ ਬੱਸ ਵਿੱਚੋਂ ਉਤਰਦਿਆਂ ਹੀ ਮੈਥੋਂ ਕਿਸੇ ਪੰਚਰ ਵਾਲੀ ਦੁਕਾਨ ਦਾ ਪਤਾ ਪੁੱਛਿਆ ਤਾਂ ਪੰਚਰ ਵਾਲੀ ਦੁਕਾਨ ਨੇੜੇ ਹੀ ਸੀ। ਮੈਂ 1981 ਵਿੱਚ ਮਹੀਨਾ-ਡੇਢ ਮਹੀਨਾ ਕਲਕੱਤੇ ਲਾ ਆਇਆ ਸਾਂ। ਇਸ ਕਰਕੇ ਮੈਨੂੰ ਥੋੜ੍ਹੇ ਬਹੁਤੇ ਸ਼ਬਦ ਬੰਗਾਲੀ ਦੇ ਵੀ ਆਉਂਦੇ ਸਨ। ਜਦੋਂ ਉਨ੍ਹਾਂ ਨੇ ਪੰਚਰ ਵਾਲੀ ਦੁਕਾਨ ਬਾਰੇ ਪੁੱਛਿਆ ਤਾਂ ਮੈਂ ਸੁਭਾਵਿਕ ਹੀ ਪੁੱਛ ਲਿਆ, ‘‘ਆਪਨੀ ਕੋਤਾ ਜਾਬੇ?’’ ਭਾਵ ਤੁਸੀਂ ਕਿੱਥੇ ਜਾਣਾ ਹੈ। ਉਹ ਮੇਰੇ ਮੂੰਹੋਂ ਬੰਗਾਲੀ ਸੁਣ ਕੇ ਹੈਰਾਨ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਕਲਕੱਤੇ ਦੇ ਖਿਦਰਪੁਰ ਤੋਂ ਆਏ ਹਨ ਅਤੇ ਨੈਣਾਂ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਹਨ। ਮੈਂ ਫਿਰ ਕਿਹਾ, ‘‘ਬਾਲੂ ਆਚੇ’’। ਭਾਵ ‘ਬਹੁਤ ਅੱਛਾ’। ਜਦੋਂ ਉਨ੍ਹਾਂ ਨੇ ਮੈਨੂੰ ਬੰਗਲਾ ਭਾਸ਼ਾ ਬਾਰੇ ਪੁੱਛਿਆ ਤਾਂ ਮੈਂ ਉਨ੍ਹਾਂ ਨੂੰ ਦੱਸ ਦਿੱਤਾ ਕਿ ਮੈਂ ਕੁਝ ਸਮਾਂ ਕਲਕੱਤੇ ਰਹਿ ਕੇ ਆਇਆ ਹਾਂ। ਫਿਰ ਉਨ੍ਹਾਂ ਨੂੰ ਮੈਂ ਇੱਕ ਪੰਚਰ ਵਾਲੀ ਦੁਕਾਨ ’ਤੇ ਲੈ ਗਿਆ। ਪੰਚਰ ਲਾਉਣ ਵਾਲਾ ਮੁੰਡਾ ਮੇਰੇ ਪਿੰਡ ਦਾ ਹੀ ਸੀ ਜਿਸ ਦਾ ਨਾਂ ਰੂੜਾ ਸਿੰਘ ਸੀ। ਮੈਂ ਰੂੜੇ ਨੂੰ ਕਿਹਾ ਕਿ ‘ਇਨ੍ਹਾਂ ਤੋਂ ਪੈਸੇ ਨਹੀਂ ਲੈਣੇ, ਪੈਸੇ ਮੈਂ ਦੇ ਦਿਆਂਗਾ। ਇਹ ਆਪਣੇ ਮਹਿਮਾਨ ਹਨ। ਇਨ੍ਹਾਂ ਨੇ ਅੱਗੇ ਜਾਣਾ ਹੈ, ਜਰਾ ਜ਼ਲਦੀ ਪੰਚਰ ਲਾ ਦੇਣਾ।’ ਉਹ ਪੰਚਰ ਲਾਉਣ ਲੱਗਿਆ। ਉਸ ਬੱਸ ਦੀਆਂ ਸਾਰੀਆਂ ਹੀ ਸਵਾਰੀਆਂ (ਜਿਨਾਂ ਵਿਚ ਤਕਰੀਬਨ 20 ਕੁ ਔਰਤਾਂ ਤੇ 30 ਕੁ ਪੁਰਸ਼ ਸਨ) ਬੱਸ ਵਿੱਚੋਂ ਥੱਲੇ ਉਤਰ ਆਈਆਂ ਸਨ। ਫਿਰ ਉਨ੍ਹਾਂ ਵਿੱਚੋਂ ਇਕ ਆਦਮੀ ਹਿੰਦੀ ਵਿੱਚ ਬੋਲਿਆ, ‘‘ਸਰਦਾਰ ਜੀ, ਯਹਾਂ ਕੋਈ ਹੋਟਲ ਮਿਲੇਗਾ, ਹਮਨੇ ਖਾਨਾ ਨਹੀਂ ਖਾਯਾ, ਭੂਖ ਬਹੁਤ ਲਗੀ ਹੈ।’’ ਉਸ ਦੀ ਗੱਲ ਸੁਣਦਿਆਂ ਸਾਰ ਮੇਰੇ ਮਨ ’ਚ ਪੰਜਾਬੀਆਂ ਵਾਲੀ ਮਹਿਮਾਨ ਨਿਵਾਜ਼ੀ ਜਾਗ ਉੱਠੀ। ਮੈਂ ਕਿਹਾ, ‘‘ਅਰੇ ਦਾਦਾ, ਯਹਾਂ ਹੋਟਲ ਤੋ ਨਹੀਂ ਹੈ, ਮਗਰ ਆਪ ਕੋ ਖਾਨਾ ਜ਼ਰੂਰ ਮਿਲ ਜਾਏਗਾ… ਆਈਏ ਸਭੀ ਲੋਗ ਮੇਰੇ ਸਾਥ।’’ ਉਹ ਇਕ ਦੂਜੇ ਦੇ ਮੂੰਹਾਂ ਵੱਲ ਡਰੇ-ਡਰੇ ਜਿਹੇ ਝਾਕ ਰਹੇ ਸਨ। ਮੈਂ ਉਨ੍ਹਾਂ ਨੂੰ ਫਿਰ ਕਿਹਾ, ‘‘ਅਰੇ ਦਾਦਾ, ਆਪ ਹਮਾਰੇ ਮਹਿਮਾਨ ਹੈਂ, ਘਬਰਾਉ ਮਤ… ਯੇ ਨਜ਼ਦੀਕ ਗੁਰਦੁਆਰਾ ਹੈਂ ਮੇਰੇ ਸਾਥ ਆਉ… ਆਪਕੀ ਬਹੂ-ਬੇਟੀਆਂ ਹਮਾਰੇ ਲੀਏ ਆਦਰਨੀਯ ਹੈਂ… ਆਪ ਕੋ ਖਾਨਾ ਖਿਲਾ ਕਰ, ਹਮ ਆਪਕੋ ਯੇਹੀਂ ਛੋਡ ਜਾਏਂਗੇ।’’ ਖ਼ੈਰ! ਘੁਸਰ-ਮੁਸਰ ਜਿਹੀ ਕਰਨ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਅਤੇ ਸਹਾਇਕ ਨੂੰ ਆਪਣੀ ਗੱਡੀ ਕੋਲ ਛੱਡਿਆ ਅਤੇ ਆਪ ਸਾਰੇ ਮੇਰੇ ਨਾਲ ਗੁਰਦੁਆਰੇ ਆ ਗਏ। ਗੁਰਦੁਆਰੇ ਉਹ ਸਾਰੇ ਦਰਬਾਰ ਸਾਹਿਬ ਵਾਲੇ ਵਰਾਂਡੇ ਵਿਚ ਬੈਠ ਗਏ। ਮੈਂ ਗੁਰਦੁਆਰੇ ਦੇ ਲਾਂਗਰੀ ਨੂੰ ਬੇਨਤੀ ਕੀਤੀ ਕਿ ਇਹ ਲੋਕ ਪਰਦੇਸੀ ਨੇ, ਬੰਗਾਲ ਤੋਂ ਆਏ ਹਨ ਯਾਤਰਾ ਕਰਨ ਲਈ, ਇਨ੍ਹਾਂ ਨੇ ਭੋਜਨ ਛਕਣਾ ਹੈ। ਮੈਂ ਲਾਂਗਰੀ ਨੂੰ ਇਹ ਵੀ ਦੱਸ ਦਿੱਤਾ ਕਿ ਇਹ ਲੋਕ ਰੋਟੀ ਦੀ ਬਜਾਏ ਚਾਵਲ ਛਕਣ ਦੇ ਜ਼ਿਆਦਾ ਸ਼ੌਕੀਨ ਹਨ। ਉਂਜ ਵੀ ਉਸ ਵਕਤ ਰੋਟੀ ਦੀ ਬਜਾਏ ਚੌਲ ਬਣਾਉਣੇ ਸੌਖੇ ਸਨ। ਮੈਂ ਲਾਂਗਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਜੇਕਰ ਕਿਸੇ ਸਾਮਾਨ ਦੀ ਲੋੜ ਹੈ ਤਾਂ ਮੈਂ ਦੁਕਾਨ ਤੋਂ ਲਿਆ ਦਿੰਦਾ ਹਾਂ ਜਾਂ ਮੈਂ ਤੁਹਾਨੂੰ ਖਰਚਾ ਵਗੈਰਾ ਦੇ ਦਿਆਂਗਾ। ਅੱਗੋਂ ਲਾਂਗਰੀ ਨੇ ਕਿਹਾ, ‘‘ਕਮਾਲ ਐ ਜੀ, ਤੁਸੀਂ ਕਿਹੜੀਆਂ ਗੱਲਾਂ ਕਰਦੇ ਓ… ਇਹ ਗੁਰੂਘਰ ਐ… ਏਥੇ ਸਭ ਕੁਝ ਹਾਜ਼ਰ ਐ… ਤੁਸੀਂ ਬਿਠਾਉ ਇਨ੍ਹਾਂ ਨੂੰ ਦਸ ਮਿੰਟ, ਕੜ੍ਹੀ ਤਿਆਰ ਪਈ ਐ, ਚਾਵਲ ਅਸੀਂ ਹੁਣੇ ਤਿਆਰ ਕਰ ਦਿੰਨੇ ਆਂ।’’ ਮੈਂ ਲਾਂਗਰੀ ਦਾ ਧੰਨਵਾਦ ਕਰ ਕੇ ਦੁਬਾਰਾ ਮਹਿਮਾਨਾਂ ਕੋਲ ਆ ਗਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਦਸਾਂ ਮਿੰਟਾਂ ਵਿਚ ਖਾਣਾ ਤਿਆਰ ਹੋ ਜਾਵੇਗਾ, ਜੇਕਰ ਤੁਹਾਡੇ ’ਚੋਂ ਕਿਸੇ ਨੇ ਇਸ਼ਨਾਨ ਵਗੈਰਾ ਕਰਨਾ ਹੈ ਤਾਂ ਇਨ੍ਹਾਂ ਬਾਥਰੂਮਾਂ ਵਿਚ ਕਰ ਸਕਦੇ ਹੋ। ਇਹ ਬਾਥਰੂਮ ਔਰਤਾਂ ਅਤੇ ਪੁਰਸ਼ਾਂ ਲਈ ਵੱਖੋ-ਵੱਖਰੇ ਬਣੇ ਹੋਏ ਹਨ। ਇਕ ਦੂਜੇ ਦੇ ਮੂੰਹਾਂ ਵੱਲ ਦੇਖਦੇ ਉਹ ਇਸ਼ਨਾਨ ਕਰਨ ਲਈ ਤਿਆਰ ਹੋ ਗਏ। ਜਦੋਂ ਉਹ ਇਸ਼ਨਾਨ ਕਰਕੇ ਆਏ ਤਾਂ ਖਾਣਾ ਤਿਆਰ ਹੋ ਗਿਆ ਸੀ। ਉਨ੍ਹਾਂ ਨੇ ਪ੍ਰੇਮ ਨਾਲ ਖਾਣਾ ਖਾਧਾ। ਜਾਣ ਲੱਗਿਆਂ ਉਨ੍ਹਾਂ ਨੇ ਆਪਸ ਵਿਚ ਫਿਰ ਘੁਸਰ-ਮੁਸਰ ਜਿਹੀ ਕੀਤੀ। ਫਿਰ ਉਨ੍ਹਾਂ ’ਚੋਂ ਇਕ ਜਣਾ ਬੋਲਿਆ, ‘‘ਸ਼ਰਦਾਰ ਜੀ, ਖਾਨੇ ਕਾ ਕਿਤਨਾ ਪੇਸਾ ਹੂਆ।’’ ਮੈਂ ਹੱਸਦਿਆਂ ਕਿਹਾ, ‘‘ਅਰੇ ਦਾਦਾ, ਕਿਆ ਜਬ ਹਮ ਆਪ ਕੇ ਘਰ ਜਾਏਂਗੇ ਤੋ ਤੁਮ ਮੁਝ ਸੇ ਪੈਸੇ ਲੇਂਗੇ? …ਤੁਮ ਹਮਾਰੇ ਮਹਿਮਾਨ ਹੋ …ਆਪਕੋ ਖਾਨਾ ਖਿਲਾ ਕਰ ਹਮੇਂ ਬਹੁਤ ਖੁਸ਼ੀ ਹੂਈ ਹੈ।’’ ਬੱਸ ਅੱਡੇ ’ਤੇ ਪੰਚਰਾਂ ਦੀ ਦੁਕਾਨ ’ਤੇ ਬੈਠੇ ਦੋ ਆਦਮੀਆਂ ਦਾ ਖਾਣਾ ਅਸੀਂ ਪੈਕ ਕਰ ਕੇ ਲੈ ਆਂਦਾ ਸੀ। ਪੰਚਰ ਲੱਗ ਚੁੱਕਾ ਸੀ। ਜਦੋਂ ਪੰਚਰ ਦੇ ਪੈਸੇ ਦੇਣ ਲੱਗੇ ਤਾਂ ਰੂੜੇ ਨੇ ਵੀ ਪੈਸੇ ਲੈਣ ਤੋਂ ਜੁਆਬ ਦੇ ਦਿੱਤਾ। ਉਸ ਨੇ ਵੀ ਮਹਿਮਾਨਾਂ ਵਾਲੀ ਗੱਲ ਦੁਹਰਾਈ। ਜਾਣ ਲੱਗੇ ਉਹ ਮੇਰੇ ਕੋਲੋਂ ਮੇਰਾ ਪਤਾ ਲੈ ਗਏ। ਮੈਂ ਵੀ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਨੂੰ ਫੋਨ ਕਰ ਲੈਣ। ਫਿਰ ਉਨ੍ਹਾਂ ਨੇ ਮੈਥੋਂ ਨੈਣਾਂ ਦੇਵੀ ਜਾਣ ਦਾ ਰਸਤਾ ਪੁੱਛਿਆ। ਮੈਂ ਇਕ ਕਾਗਜ਼ ਦੇ ਟੁਕੜੇ ਉਪਰ ਉਨ੍ਹਾਂ ਨੂੰ ਵਾਇਆ ਮਾਨਸਾ ਕੈਂਚੀਆਂ ਪੂਰਾ ਨਕਸ਼ਾ ਬਣਾ ਦਿੱਤਾ। ਨਾਲ ਇਹ ਵੀ ਦੱਸ ਦਿਤਾ ਕਿ ਰਸਤੇ ਵਿਚ ਪਟਿਆਲੇ ਦਾ ਗੁਰਦੁਆਰਾ ਦੂਖ ਨਿਵਾਰਨ ਆਵੇਗਾ। ਉਸ ਦੇ ਦਰਸ਼ਨ ਵੀ ਕਰਨੇ ਅਤੇ ਉੱਥੋਂ ਦੇ ਲੰਗਰ ’ਚੋਂ ਚਾਹ-ਪਾਣੀ ਜਾਂ ਰੋਟੀ ਵਗੈਰਾ ਵੀ ਛਕ ਸਕਦੇ ਹੋ। ਕਿਸੇ ਨੂੰ ਕੋਈ ਵੀ ਪੈਸਾ ਨਹੀਂ ਦੇਣਾ। ਨਾ ਹੀ ਤੁਹਾਡੇ ਕੋਲੋਂ ਕੋਈ ਪੈਸਾ ਮੰਗੇਗਾ। ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ। ਫਿਰ ਮੈਂ ਉਨ੍ਹਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਰਾਂ ਵਿਚ ਰਹਿਣ ਦੀ ਸਲਾਹ ਦਿੱਤੀ। ਜਿਸ ਤਰ੍ਹਾਂ ਮੈਂ ਲਿਖਿਆ ਸੀ ਉਹ ਉਸੇ ਤਰ੍ਹਾਂ ਕਰਦੇ ਰਹੇ। ਸ੍ਰੀ ਆਨੰਦਪੁਰ ਸਾਹਿਬ ਵਿਖੇ ਕਮਰਾ ਲੈ ਕੇ ਉਹ ਆਪਣਾ ਸਾਮਾਨ ਵਗੈਰਾ ਰੱਖ ਕੇ, ਨੈਣਾਂ ਦੇਵੀ ਦੇ ਦਰਸ਼ਨਾਂ ਨੂੰ ਚੱਲ ਪਏ। ਫਿਰ ਆ ਕੇ ਉਹ ਉਸੇ ਸਰਾਂ ਵਿਚ ਠਹਿਰੇ। ਪ੍ਰਸ਼ਾਦਾ ਪਾਣੀ ਗੁਰੂਘਰ ਤੋਂ ਛਕਦੇ ਰਹੇ। ਉਨ੍ਹਾਂ ਦਾ ਪੰਜਾਬ ’ਚ ਇਕ ਵੀ ਪੈਸਾ ਨਹੀਂ ਲੱਗਿਆ।
ਕੋਈ ਪੰਦਰ੍ਹਾਂ-ਵੀਹ ਦਿਨਾਂ ਬਾਅਦ ਮੈਨੂੰ ਇਕ ਚਿੱਠੀ ਮਿਲੀ ਜੋ ਕਿਸੇ ਐੱਸ.ਕੇ. ਚੈਟਰਜੀ ਨੇ ਲਿਖੀ ਸੀ। ਉਸ ਨੇ ਚਿੱਠੀ ਵਿਚ ਲਿਖਿਆ ਸੀ ਕਿ ਜਦੋਂ ਅਸੀਂ ਦਿੱਲੀ ਤੋਂ ਨੈਣਾਂ ਦੇਵੀ ਜਾਣ ਲਈ ਰਸਤਾ ਪੁੱਛਿਆ ਤਾਂ ਪੰਜਾਬ ਵਿਚਦੀ ਜਾਣ ਦੀ ਸਾਨੂੰ ਕਿਸੇ ਨੇ ਵੀ ਸਲਾਹ ਨਹੀਂ ਦਿੱਤੀ। ਕੋਈ ਕਹਿ ਰਿਹਾ ਸੀ ਕਿ ਪੰਜਾਬੀ ਲੋਕ ਮਾਰ ਦਿੰਦੇ ਹਨ। ਉੱਥੇ ਤਾਂ ਪਤਾ ਨਹੀਂ ਕਦੋਂ ਲੁੱਟ ਲੈਣ। ਜ਼ਿਆਦਾ ਲੋਕ ਵਾਇਆ ਅੰਬਾਲਾ ਜਾਣ ਦੀ ਸਲਾਹ ਦੇ ਰਹੇ ਸਨ। ਪਰ ਅਸੀਂ ਪੰਜਾਬ ਦੀ ਧਰਤੀ ਦੇਖਣ ਦੇ ਵੀ ਇੱਛੁਕ ਸਾਂ। ਅਸੀਂ ਸਭ ਕੁਝ ਦੇ ਬਾਵਜੂਦ ਪੰਜਾਬ ਵਿਚਦੀ ਲੰਘਣ ਨੂੰ ਪਹਿਲ ਦਿੱਤੀ। ਇਹ ਸੋਚ ਕੇ ਕਿ ਜੇਕਰ ਮੌਤ ਨੇ ਇਸ ਤਰ੍ਹਾਂ ਹੀ ਆਉਣਾ ਹੈ ਤਾਂ ਫਿਰ ਰੋਕਣ ਵਾਲਾ ਕੌਣ ਹੈ। ਸੋ ਅਸੀਂ ਫ਼ੈਸਲਾ ਕਰ ਲਿਆ ਕਿ ਪੰਜਾਬ ਦੀ ਧਰਤੀ ਦੇ ਦਰਸ਼ਨ ਵੀ ਕੀਤੇ ਜਾਣ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਿਖਿਆ ਸੀ ਕਿ ਜਦੋਂ ਅਸੀਂ ਇਕ ਹੋਰ ਸੂਬੇ ਵਿਚਦੀ ਲੰਘੇ ਤਾਂ ਸਾਡੇ ਕੋਲੋਂ ਬੈਰੀਅਰ ਲਗਾ ਕੇ ਜ਼ਬਰਦਸਤੀ ਚੰਦਾ ਵਸੂਲਿਆ ਜਾਂਦਾ ਰਿਹਾ। ਲੰਗਰ ਦੇ ਨਾਂ ’ਤੇ ਪੈਸੇ ਵੀ ਲਏ ਗਏ। ਇਸੇ ਤਰ੍ਹਾਂ ਅੱਗੇ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ। ਪਰ ਪੰਜਾਬ ਬਾਰੇ ਸਾਨੂੰ ਡਰਾਇਆ ਗਿਆ ਸੀ ਕਿ ਉੱਥੇ ਲੁੱਟ ਬਹੁਤ ਹੁੰਦੀ ਹੈ। ਪੰਜਾਬ ਦੇ ਲੋਕਾਂ ਨੇ ਸਾਡੀ ਮੱਦਦ ਹੀ ਨਹੀਂ ਕੀਤੀ ਸਗੋਂ ਸਾਥੋਂ ਇਕ ਵੀ ਪੈਸਾ ਨਹੀਂ ਲਿਆ। ਇੱਥੋਂ ਤੱਕ ਕਿ ਪੰਚਰ ਦੇ ਪੈਸੇ ਵੀ ਨਹੀਂ ਲਏ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਮਹਿਮਾਨ-ਨਿਵਾਜ਼ੀ ਵਾਲੀ ਭਾਵਨਾ ਦੀ ਰੱਜ ਕੇ ਪ੍ਰਸ਼ੰਸ਼ਾ ਕੀਤੀ। ਇਹ ਚਿੱਠੀ ਪੰਜ ਛੇ ਸਫ਼ਿਆਂ ਦੀ ਸੀ। ਮੈਂ ਇਹ ਚਿੱਠੀ ਕਿਸੇ ਵਿਰਾਸਤੀ ਦਸਤਾਵੇਜ਼ ਵਾਂਗ ਬਹੁਤ ਚਿਰ ਸਾਂਭ ਕੇ ਰੱਖੀ। ਪਿੰਡ ਤੋਂ ਸ਼ਹਿਰ ਵਿਚ ਨਿਵਾਸ ਕਰਨ ਵੇਲੇ ਮੇਰੀ ਗ਼ੈਰਹਾਜ਼ਰੀ ਵਿਚ ਮੇਰੇ ਘਰਦਿਆਂ ਨੇ ਰੱਦੀ ਅਖ਼ਬਾਰਾਂ ਵਿਚ ਭੁਲੇਖੇ ਨਾਲ ਇਹ ਚਿੱਠੀ ਵੀ ਰੱਦੀ ਵਾਲੇ ਨੂੰ ਨਾਲ ਹੀ ਵੇਚ ਦਿੱਤੀ। ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਨੂੰ ਸ਼ਹਿਰ ਆਉਣ ਦੇ ਚਾਅ ਨਾਲੋਂ ਇਸ ਚਿੱਠੀ ਦੇ ਗੁੰਮ ਹੋਣ ਦਾ ਦੁੱਖ ਵਧੇਰੇ ਹੋਇਆ।
ਸੰਪਰਕ: 95010-12199