ਸੁੱਚਾ ਸਿੰਘ ਖੱਟੜਾ
ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸੇਵਾ ਲਈ ਚੁਣੇ ਜਾਣ ਉੱਤੇ ਮੈਨੂੰ 22-23 ਕਿਲੋਮੀਟਰ ਦੂਰ ਨਿਯੁਕਤੀ ਮਿਲੀ। ਆਉਣ ਜਾਣ ਦੇ ਸਮੇਂ ਨੂੰ ਵਿਦਿਆਰਥੀਆਂ ਲੇਖੇ ਲਾਉਣ ਬਾਰੇ ਸੋਚਦਾ ਰਹਿੰਦਾ। ਸਿੱਖਿਆ ਸ਼ਾਸਤਰੀ ਡਾ. ਰਜਨੀ ਕੋਠਾਰੀ ਦੀ ਅਧਿਆਪਕ ਨੂੰ ਉਸ ਦੇ ਘਰ ਨੇੜੇ ਨਿਯੁਕਤੀ ਕਰਨ ਦੀ ਵਕਾਲਤ ਦੇ ਮੈਂ ਇਹੀ ਅਰਥ ਕੱਢਦਾ ਸੀ। ਅਗਲੇ ਵਰ੍ਹੇ ਮੈਂ ਆਪਣੀ ਬਦਲੀ ਆਪਣੇ ਘਰ ਤੋਂ ਦੋ ਕਿਲੋਮੀਟਰ ਦੂਰ ਸਕੂਲ ਵਿਚ ਕਰਵਾ ਲਈ।
ਨਵੇਂ ਸਕੂਲ ਵਿਚ ਪੁਰਸ਼ ਅਤੇ ਇਸਤਰੀ ਅਧਿਆਪਕਾਂ ਲਈ ਵੱਖ ਵੱਖ ਸਟਾਫ ਰੂਮ ਮੈਨੂੰ ਚੰਗੀ ਗੱਲ ਨਾ ਲੱਗੀ। ਮੈਂ ਪੁਰਸ਼ਾਂ ਵਿਚ ਬੈਠਦਾ ਤਾਂ ਵਿੱਦਿਆ ਅਤੇ ਵਿਦਿਆਰਥੀਆਂ ਤੋਂ ਬਿਨਾਂ ਸਾਰੀਆਂ ਗੱਲਾਂ ਹੁੰਦੀਆਂ। ਸੀਨੀਅਰ ਅਧਿਆਪਕ ਗੰਭੀਰ ਤਬੀਅਤ ਦਾ ਸੀ ਪਰ ਉਹਦੇ ਵਿਹਲੇ ਪੀਰੀਅਡ ਦਫ਼ਤਰ ਅਤੇ ਮੁਖੀ ਦਾ ਹੱਥ ਵਟਾਉਣ ਦੇ ਲੇਖੇ ਲਗਦੇ ਸਨ। ਮੈਂ ਅਸਹਿਜ ਜਿਹਾ ਹੋ ਕੇ ਇੱਕ ਦਿਨ ਇਸਤਰੀ ਅਧਿਆਪਕਾਂ ਦੇ ਸਟਾਫ ਰੂਮ ਵਿਚ ਜਾ ਬੈਠਾ। ਜਿਨ੍ਹਾਂ ਦਾ ਵੀ ਵਿਹਲਾ ਪੀਰੀਅਡ ਸੀ, ਉਹ ਵੀ ਚੁੱਪ ਵੱਟ ਬੈਠੀਆਂ ਰਹੀਆਂ। ਮੈ ਮੁੜ ਪੁਰਸ਼ਾਂ ਵਾਲੇ ਪਾਸੇ ਆ ਗਿਆ।
ਅਗਲੇ ਵਰ੍ਹੇ ਮੇਰੇ ਦੋਸਤ ਦੀ ਨਿਯੁਕਤੀ ਮੇਰੇ ਸਕੂਲ ਵਿਚ ਹੋ ਗਈ। ਮੇਰੇ ਵਾਂਗ ਉਹ ਵੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸੇਵਾ ਵਿਚ ਆਇਆ ਸੀ। ਡਿਊਟੀ ਬਾਰੇ ਉਹਦਾ ਦ੍ਰਿਸ਼ਟੀਕੋਣ ਵੀ ਮੇਰੇ ਵਾਲਾ ਸੀ। ਇਸਤਰੀ ਪੁਰਸ਼ਾਂ ਦਾ ਵੱਖ ਵੱਖ ਬੈਠਣਾ ਉਸ ਨੂੰ ਵੀ ਭਾਉਂਦਾ ਨਹੀਂ ਸੀ। ਥੋੜ੍ਹੇ ਯਤਨ ਬਾਅਦ ਹੀ ਪਤਾ ਲੱਗ ਗਿਆ ਕਿ ਦੋ ਕੁ ਪੁਰਸ਼ ਅਧਿਆਪਕਾਂ ਦੀ ਗੱਲਬਾਤ ਇਸਤਰੀ ਅਧਿਆਪਕਾਂ ਲਈ ਪੁਰਸ਼ਾਂ ਨਾਲ ਬੈਠਣ ਵਿਚ ਰੁਕਾਵਟ ਹੈ। ਸਾਡੇ ਦੋਹਾਂ ਦੀ ਮੌਜੂਦਗੀ ਨੇ ਇਸਤਰੀ ਅਧਿਆਪਕਾਂ ਨੂੰ ਪੁਰਸ਼ਾਂ ਵਾਲੇ ਪਾਸੇ, ਭਾਵ ਇਕ ਥਾਂ ਬੈਠਣ ਲਈ ਉਤਸ਼ਾਹਿਤ ਕੀਤਾ। ਸਾਡੀ ਛੋਟੀ ਜਿਹੀ ਬੇਨਤੀ ਉੱਤੇ ਸਟਾਫ ਰੂਮ ਸਾਂਝਾ ਬਣ ਗਿਆ। ਨਤੀਜੇ ਵਜੋਂ ਪੁਰਸ਼ ਅਧਿਆਪਕਾਂ ਦੀ ਬੋਲ ਬਾਣੀ ਵਿਚ ਸਲੀਕਾ ਜਿਹਾ ਆ ਗਿਆ। ਇਹ ਪਹਿਲਾ ਲਾਭ ਬਣ ਗਿਆ। ਪੜ੍ਹਾਉਣ ਦੇ ਮਸਲੇ ਵਿਚ ਨਾ ਹੀ ਕੋਈ ਕੰਮ ਚੋਰ ਸੀ ਅਤੇ ਨਾ ਹੀ ਨਿਕੰਮਾ। ਜਿਹੜਾ ਵੀ ਪੀਰੀਅਡ ਲਗਾ ਕੇ ਆਉਂਦਾ, ਉਹ ਹੁਸਿ਼ਆਰ ਅਤੇ ਕਮਜ਼ੋਰ ਵਿਦਿਆਰਥੀਆਂ ਦਾ ਜਿ਼ਕਰ ਕਰਦਾ ਜਾਂ ਆਪਣੇ ਵਿਸ਼ੇ ਦੇ ਸਿਲੇਬਸ ਦੀ ਗੱਲ ਕਰਦਾ। ਕਦੇ ਕਦੇ ਦੇਸ਼ ਨਾਲ ਜੁੜੇ ਸਮਾਜਿਕ, ਸਿਆਸੀ, ਆਰਥਿਕ ਅਤੇ ਧਾਰਮਿਕ ਵਿਸਿ਼ਆਂ ਉੱਪਰ ਵੀ ਗੱਲ ਚੱਲ ਪੈਂਦੀ। ਪੁਰਸ਼ਾਂ ਵਿਚੋਂ ਕੁਝ ਦੁਪਹਿਰ ਦਾ ਖਾਣਾ ਨਹੀਂ ਸੀ ਲਿਆਉਂਦੇ ਪਰ ਜਿਹੜੇ ਲਿਆਉਂਦੇ ਸਨ, ਉਨ੍ਹਾਂ ਦੀਆਂ ਸਬਜ਼ੀਆਂ ਇਕ ਦੂਜੇ ਨਾਲ ਸਾਂਝੀਆਂ ਕਰਨੀਆਂ ਅਤੇ ਜੇ ਮੇਰੇ ਵਰਗਾ ਘਰ ਦੀ ਥਾਂ ਬਾਹਰੋਂ ਆਇਆ ਹੋਵੇ, ਉਸ ਦੀ ਪਲੇਟ ਵਿਚ ਸਭ ਤੋਂ ਵੱਧ ਹਿੱਸਾ ਸਜ ਜਾਂਦਾ ਸੀ। ਸਟਾਫ ਸਮਝੋ ਪਰਿਵਾਰ ਬਣ ਗਿਆ। ਇਹ ਦੂਜਾ ਲਾਭ ਸੀ।
ਪਤਾ ਨਹੀਂ ਕਿਉਂ, ਮੁੱਖ ਅਧਿਆਪਕਾ ਨੂੰ ਇਹ ਇਕੱਠੇ ਬੈਠਣਾ ਪਸੰਦ ਨਹੀਂ ਸੀ। ਆਪ ਤਾਂ ਉਹ ਸਾਰਾ ਸਮਾਂ ਦਫ਼ਤਰ ਵਿਚ ਰਹਿੰਦੀ ਸੀ। ਨੌਵੀਂ ਦਸਵੀਂ ਦੀਆਂ ਪੰਜ ਪੰਜ ਸੱਤ ਸੱਤ ਕੁੜੀਆਂ ਦੇ ਘਰੇਲੂ ਗਣਿਤ ਵਿਸ਼ੇ ਦੇ ਪੀਰੀਅਡ ਵੀ ਉਹ ਕੁਰਸੀ ਉੱਤੇ ਬੈਠੀ ਬੈਠੀ ਹੀ ਲਗਾ ਲੈਂਦੀ ਸੀ। ਇੱਕ ਦਿਨ ਉਸ ਨੇ ਸੇਵਾਦਾਰ ਨੂੰ ਹੁਕਮ ਦਿੱਤਾ ਕਿ ਉਹ ਤੀਜੇ ਪੀਰੀਅਡ ਵਿਚ ਸਟਾਫ ਨੂੰ ਚਾਹ ਬਣਾ ਕੇ ਨਹੀਂ ਪਹੁੰਚਾਏਗਾ। ਮੇਰਾ ਤੀਜਾ ਪੀਰੀਅਡ ਖਾਲੀ ਸੀ। ਮੈਨੂੰ ਸ਼ਰਾਰਤੀ ਫੁਰਨਾ ਫੁਰਿਆ। ਮੈਂ ਚਾਹ ਬਣਾਈ ਤੇ ਵੱਡੀ ਟ੍ਰੇਅ ਵਿਚ ਰੱਖ ਕੇ ਸਭ ਤੱਕ ਖੁਦ ਪਹੁੰਚਾ ਦਿੱਤੀ। ਇਹ ਦੇਖ ਕੇ ਮੁੱਖ ਅਧਿਆਪਕਾ ਨੇ ਸੇਵਾਦਾਰ ਨੂੰ ਚਾਹ ਨਾ ਬਣਾਉਣ ਦਾ ਹੁਕਮ ਵਾਪਸ ਲੈ ਲਿਆ। ਇਕੱਠੇ ਬੈਠਣ ਨਾਲ ਉਸਾਰੂ ਇਕਜੁਟਤਾ ਦਾ ਲਾਭ ਮਿਲਣਾ ਹੀ ਸੀ।
ਸਾਂਝੇ ਸਟਾਫ ਰੂਮ ਦਾ ਸਭ ਤੋਂ ਵੱਡਾ ਲਾਭ ਪੜ੍ਹਾਈ ਵਿਚ ਇੱਕ ਦੂਜੇ ਲਈ ਸਹਾਇਕ ਹੋਣ ਵਿਚ ਮਿਲਿਆ। ਅੰਗਰੇਜ਼ੀ ਦੀ ਗਰਾਮਰ ਦਾ ਕੋਈ ਵੀ ਅੰਗ ਜਾਂ ਖੰਡ ਪੜ੍ਹਾਉਣ ਤੋ ਪਹਿਲਾਂ ਮੈ ਉਸੇ ਅੰਗ ਜਾਂ ਖੰਡ ਨੂੰ ਪੰਜਾਬੀ ਅਤੇ ਹਿੰਦੀ ਦੀਆਂ ਅਧਿਆਪਕਾਵਾਂ ਨੂੰ ਪੜ੍ਹਾਉਣ ਲਈ ਬੇਨਤੀ ਕਰ ਲੈਂਦਾ ਸੀ। ਮੈਂ ਅੱਜ ਵੀ ਇੰਦਰਜੀਤ ਕੌਰ ਅਤੇ ਕਿਰਨ ਬਾਲਾ ਦਾ ਰਿਣੀ ਹਾਂ ਕਿ ਉਹ ਆਪਣਾ ਰੁਟੀਨ ਤੋੜ ਕੇ ਮੇਰੀ ਆਈਟਮ ਪੜ੍ਹਾ ਕੇ ਮੈਨੂੰ ਸੂਚਿਤ ਵੀ ਕਰ ਦਿੰਦੀਆਂ ਸਨ। ਭਾਸ਼ਾ ਦੇ ਸਾਰੇ ਅਧਿਆਪਕਾਂ ਨੂੰ ਇਹ ਵਿਧੀ ਅਪਣਾਉਣੀ ਚਾਹੀਦੀ ਹੈ। ਵੀਹ ਸਾਲ ਪਹਿਲਾਂ ਅੱਠਵੀਂ ਦਸਵੀਂ ਦੀਆਂ ਫਸਟ ਡਿਵੀਜ਼ਨਾਂ ਗਿਣਵੀਆਂ ਚੁਣਵੀਆਂ ਹੁੰਦੀਆਂ ਸਨ ਪਰ ਕਿਰਨ ਬਾਲਾ ਜੀ ਦੇ ਹਿੰਦੀ ਅਤੇ ਮੇਰੇ ਅੰਗਰੇਜ਼ੀ ਵਿਸ਼ੇ ਦੇ ਨਤੀਜੇ ਦਾ ਮੁਕਾਬਲਾ 90% ਅੰਕਾਂ ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੋਂ ਹੁੰਦਾ ਸੀ ਜਿਸ ਵਿਚ ਅਕਸਰ ਕਿਰਨ ਜੀ ਹੀ ਅੱਗੇ ਰਹਿੰਦੇ ਸਨ ਪਰ 100 ਵਿਚੋਂ 100, 99, 98 ਵਾਲਾ ਬੱਚਾ ਅੰਗਰੇਜ਼ੀ ਵਾਲਾ ਹੀ ਹੁੰਦਾ ਸੀ। ਵੀਹ ਵਰ੍ਹੇ ਇਕੱਠੇ ਪੜ੍ਹਾਇਆ। ਕਿਰਨ ਜੀ ਨੂੰ ਮੈਂ ਜਮਾਤ ਵਿਚ ਪਈ ਕੁਰਸੀ ਉੱਤੇ ਬੈਠਿਆਂ ਕਦੇ ਨਹੀਂ ਦੇਖਿਆ।
ਹੁਣ ਸਾਡੀ ਸੀਨੀਅਰ ਅਧਿਆਪਕਾ ਤ੍ਰਿਪਤਾ ਕਾਲੜਾ ਸਾਡੀ ਸਕੂਲ ਇੰਚਾਰਜ ਬਣ ਗਈ ਸੀ। ਮੇਰੀ ਗ਼ੈਰ-ਹਾਜ਼ਰੀ ਵਿਚ ਮੇਰੀਆਂ ਜਮਾਤਾਂ ਦੀ ਅੰਗਰੇਜ਼ੀ ਦਾ ਪੀਰੀਅਡ ਲੈਣਾ ਉਹੀ ਪਸੰਦ ਕਰਦੇ ਸਨ। ਉਹ ਜੋ ਵੀ ਪੜ੍ਹਾਉਂਦੇ ਸਨ, ਮੈਨੂੰ ਫੋਨ ਉੱਤੇ ਜਾਣਕਾਰੀ ਦੇ ਦਿੰਦੇ ਸਨ। ਕਿਸੇ ਗੱਲੋਂ ਗੁੱਸੇ ਵਿਚ ਜੇ ਕੋਈ ਵਾਰਸ ਆ ਜਾਂਦਾ ਤਾਂ ਸਾਡੇ ਸਟਾਫ਼ ਰੂਮ ਤੋਂ ਉਹ ਸ਼ਾਂਤ, ਸੰਤੁਸ਼ਟ ਅਤੇ ਪ੍ਰਸੰਨ ਹੋ ਕੇ ਹੀ ਬਾਹਰ ਨਿਕਲਦਾ ਸੀ।
ਇੰਝ ਸਾਡਾ ਸਾਂਝਾ ਸਟਾਫ ਰੂਮ ਹੁਣ ਸਾਡਾ ਘਰ ਅਤੇ ਵਰਕਸ਼ਾਪ ਸੀ ਜਿੱਥੇ ਸਾਡੀਆਂ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦੀ ਸਿੱਖਿਆ ਦੇ ਮਿਆਰ ਵਿਚ ਬਰਾਬਰ ਅਜਿਹਾ ਵਿਕਾਸ ਹੋਇਆ ਕਿ ਸਟਾਫ ਦੇ ਲੋਕਲ ਅਧਿਆਪਕਾਂ ਨੇ ਆਪਣੇ ਬੱਚੇ ਇੱਥੇ ਹੀ ਪੜ੍ਹਾਏ। ਮੁਲਕ ਨੂੰ ਲੈਫਟੀਨੈਂਟ ਕਰਨਲ, ਆਈਆਈਟੀ, ਡਾਕਟਰ, ਖੇਤੀਬਾੜੀ ਅਫਸਰ ਤੇ ਖੇਤੀਬਾੜੀ ਪੀਐੱਚਡੀ, ਸਰਕਾਰੀ ਪ੍ਰਾਇਮਰੀ-ਸੈਕੰਡਰੀ ਸਕੂਲਾਂ ਲਈ ਵਧੀਆ ਅਧਿਆਪਕ, ਡੀਪੀਆਈ ਤੋਂ ਸਕੂਲ ਲਈ ਪ੍ਰਸੰਸਾ ਪੱਤਰ ਅਤੇ ਵਿਭਾਗ ਨੂੰ ਦੋ ਸਟੇਟ ਐਵਾਰਡੀ- ਫੋਰਨ ਚੰਦ ਤੇ ਹਰੀਸ਼ ਚੰਦਰ, ਵੀ ਮਿਲੇ। ਵੱਖ ਵੱਖ ਸਟਾਫ ਰੂਮ ਰਹਿੰਦੇ ਤਾਂ ਇਹ ਕ੍ਰਿਸ਼ਮਾ ਕਦੇ ਨਾ ਵਾਪਰਦਾ।
ਸੰਪਰਕ: 94176-52947