ਪ੍ਰਿੰਸੀਪਲ ਵਿਜੈ ਕੁਮਾਰ
ਸਿੱਖਿਆ ਦੇ ਖੇਤਰ ਦਾ ਪੈਂਡਾ ਤੈਅ ਕਰਦਿਆਂ ਅਧਿਆਪਕ ਅਤੇ ਸਕੂਲ ਮੁਖੀ ਵਜੋਂ ਆਦਤ ਹੀ ਬਣ ਗਈ ਕਿ ਨਤੀਜੇ ਤੋਂ ਅਗਲੇ ਹੀ ਦਿਨ ਮੇਰੀ ਜਮਾਤ ਦਾ ਪਾਸ ਹੋਣ ਵਾਲਾ ਹਰ ਬੱਚਾ ਅਗਲੀ ਜਮਾਤ ਵਿਚ ਪੜ੍ਹਨ ਲਈ ਸਾਹਮਣੇ ਬੈਠਾ ਹੋਵੇ। ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਖ਼ਤਮ ਹੋਣ ਦੇ ਨਾਲ ਹੀ ਕਹਿ ਦਿੰਦਾ ਸਾਂ ਕਿ ਅਗਲੀ ਜਮਾਤ ਵਿਚ ਪਹੁੰਚਣ ਵਾਲਾ ਹਰ ਬੱਚਾ ਅਗਲੇ ਦਿਨ ਮੇਰੀ ਜਮਾਤ ਵਿਚ ਹਾਜ਼ਰ ਹੋਵੇਗਾ। ਉਂਝ ਤਾਂ ਜਮਾਤ ਦੇ ਸਾਰੇ ਬੱਚੇ ਹਾਜ਼ਰ ਹੀ ਹੁੰਦੇ ਸਨ ਪਰ ਜਿਹੜਾ ਕੋਈ ਕਿਸੇ ਕਾਰਨ ਗੈਰ-ਹਾਜ਼ਰ ਹੁੰਦਾ, ਉਸ ਤੋਂ ਪੁੱਛ-ਗਿੱਛ ਜ਼ਰੂਰ ਕਰਦਾ ਸਾਂ।
ਨਤੀਜੇ ਤੋਂ ਬਾਅਦ ਸਕੂਲ ਦਾ ਦਾਖ਼ਲਾ ਸ਼ੁਰੂ ਹੋ ਗਿਆ ਸੀ ਤੇ ਮੈਂ ਦਸਵੀਂ ਜਮਾਤ ਨੂੰ ਪੜ੍ਹਾ ਕੇ ਚਾਕ ਨਾਲ ਲਿੱਬੜੇ ਹੱਥ ਧੋ ਰਿਹਾ ਸੀ। ਸਕੂਲ ਦੀ ਸੇਵਾਦਾਰ ਨੇ ਆਣ ਕੇ ਕਿਹਾ, “ਸਰ, ਅਗਲੀ ਜਮਾਤ ਵਿਚ ਬਾਅਦ ਵਿਚ ਜਾਇਓ, ਪਹਿਲਾਂ ਦਫ਼ਤਰ ਵਿਚ ਬੈਠੀ ਆਪਣੀ ਬੱਚੀ ਦੇ ਦਾਖ਼ਲੇ ਬਾਰੇ ਗੱਲਬਾਤ ਕਰਨ ਆਈ ਪਿੰਡ ਦੀ ਇੱਕ ਜ਼ਨਾਨੀ ਦੀ ਗੱਲ ਜ਼ਰੂਰ ਸੁਣ ਲਓ, ਉਹ ਕਾਫੀ ਦੇਰ ਤੋਂ ਤੁਹਾਡੀ ਉਡੀਕ ਕਰ ਰਹੀ ਹੈ।” ਮੈਂ ਜਮਾਤ ਵਿਚ ਜਾਣ ਤੋਂ ਪਹਿਲਾਂ ਦਫ਼ਤਰ ਜਾ ਬੈਠਾ। ਉੱਤੇ ਬੈਠੀ ਇੱਕ ਬੱਚੀ ਦੀ ਮਾਂ ਨੇ ਮੈਨੂੰ ਮੁਖ਼ਾਤਬਿ ਹੋਕੇ ਕਿਹਾ, “ਸਰ, ਮੈਂ ਗਗਨ ਦੀ ਮੰਮੀ ਆਂ।” ਬੱਚੀ ਦਾ ਨਾਂ ਸੁਣ ਕੇ ਸਵਾਲ ਜ਼ਬਾਨ ’ਤੇ ਆ ਗਿਆ, “ਬੱਚੀ ਸਕੂਲ ਕਿਉਂ ਨਹੀਂ ਆ ਰਹੀ? ਪੜ੍ਹਾਈ ਸ਼ੁਰੂ ਹੋ ਚੁੱਕੀ ਐ। ਸਕੂਲ ਦੀਆਂ ਅਧਿਆਪਕਾਵਾਂ ਨੇ ਆਪੋ-ਆਪਣੇ ਵਿਸ਼ੇ ਦੇ ਦੋ ਦੋ ਪਾਠ ਵੀ ਪੜ੍ਹਾ ਦਿੱਤੇ… ਤੁਸੀਂ ਬੱਚੀ ਨੂੰ ਘਰ ਬਿਠਾਇਆ ਹੋਇਆ, ਉਹਨੂੰ ਸਕੂਲ ਕਿਉਂ ਨਹੀਂ ਭੇਜਦੇ?”
ਬੱਚੀ ਦੀ ਮਾਂ ਬਹੁਤ ਉਦਾਸ ਜਿਹੀ ਆਵਾਜ਼ ਵਿਚ ਬੋਲੀ, “ਸਰ, ਅਸੀਂ ਬੱਚਿਆਂ ਨੂੰ ਮਾਡਲ ਸਕੂਲਾਂ ਵਿਚ ਨਹੀਂ ਪੜ੍ਹਾ ਸਕਦੇ। ਮੈਂ ਤਾਂ ਬੱਚੀ ਨੂੰ ਇਸ ਵਾਰ ਸਰਕਾਰੀ ਸਕੂਲ ਵਿਚ ਦਾਖ਼ਲ ਕਰਾ ਦੇਣਾ ਸੀ। ਹਰ ਮਹੀਨੇ ਉਹ ਜਦੋਂ ਫੀਸ ਲਈ ਕਹਿੰਦੀ ਆ, ਮੇਰੀ ਲਈ ਸਮੱਸਿਆ ਖੜ੍ਹੀ ਹੋ ਜਾਂਦੀ।”
“ਫਿਰ ਤੁਸੀਂ ਬੱਚੀ ਨੂੰ ਸਰਕਾਰੀ ਸਕੂਲ ਵਿਚ
ਪਾਇਆ ਕਿਉਂ ਨਹੀਂ?”
“ਸਰ, ਮੇਰੀ ਧੀ ਸਰਕਾਰੀ ਸਕੂਲ ਵਿਚ ਪੜ੍ਹਨ ਨੂੰ ਤਿਆਰ ਨਹੀਂ, ਕਹਿੰਦੀ ਆ ਕਿ ਡਾਕਟਰ ਬਣਨਾ। ਜੇ ਸਰਕਾਰੀ ਸਕੂਲ ਵਿਚ ਪੜ੍ਹਾਉਣਾ ਤਾਂ ਮੈਂ ਸਕੂਲ ਜਾਣਾ ਈ ਨਹੀਂ।”
ਡਾਕਟਰ ਬਣਨ ਵਾਲੀ ਗੱਲ ਸੁਣ ਕੇ ਉਸ ਕੁੜੀ ਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਗਿਆ। ਉਸ ਕੁੜੀ ਨੂੰ ਤਾਂ ਕੋਈ ਵੀ ਸਕੂਲ ਛੱਡਣਾ ਨਹੀਂ ਚਾਹੇਗਾ। ਪੜ੍ਹਾਈ ਵਿਚ ਹੀ ਨਹੀਂ ਸਗੋਂ ਹਰ ਗਤੀਵਿਧੀ ਵਿਚ ਉਹ ਸਦਾ ਮੋਹਰੀ ਬੱਚਿਆਂ ਵਿਚ ਹੁੰਦੀ ਹੈ। ਮੈਂ ਉਸ ਔਰਤ ਨੂੰ ਕਿਹਾ, “ਤੁਸੀਂ ਕੁੜੀ ਨੂੰ ਦਾਖ਼ਲ ਕਰਕੇ ਦਾਖ਼ਲੇ ਦੇ ਪੈਸੇ ਜਮ੍ਹਾ ਕਰਾਓ, ਰਹੀ ਗੱਲ ਫੀਸ ਦੀ, ਉਹ ਮੇਰੇ ’ਤੇ ਛੱਡ ਦਿਓ। ਤੁਸੀਂ ਕੁੜੀ ਨੂੰ ਸਕੂਲ ਭੇਜੋ।”
ਔਰਤ ਨੇ ਅੱਗਿਓਂ ਜੋ ਜਵਾਬ ਦਿੱਤਾ, ਉਸ ਨੇ ਤ੍ਰਾਹ ਕੱਢ ਕੇ ਰੱਖ ਦਿੱਤਾ। “ਸਰ, ਅਜੇ ਮੇਰੇ ਕੋਲ ਦਾਖ਼ਲੇ ਜੋਗੇ ਪੈਸੇ ਨਹੀਂ। ਜਿਹੜੇ ਸਾਡੇ ਕੋਲੋਂ ਦੁੱਧ ਲੈਂਦੇ ਆ, ਉਨ੍ਹਾਂ ਦੇ ਪੈਸੇ ਅਜੇ ਆਏ ਨਹੀਂ। ਜਿਸ ਦਿਨ ਉਨ੍ਹਾਂ ਦੇ ਪੈਸੇ ਆ ਗਏ, ਮੈਂ ਤੁਹਾਡੇ ਪੈਸੇ ਦੇ ਜਾਵਾਂਗੀ।”
ਮੈਂ ਫਿਰ ਹੌਸਲਾ ਦਿੱਤਾ, “ਤੁਸੀਂ ਬੱਚੀ ਨੂੰ ਸਕੂਲ ਭੇਜੋ, ਦਾਖ਼ਲੇ ਦੇ ਪੈਸਿਆਂ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।”
ਉਸ ਨੂੰ ਮੇਰੀ ਇਹ ਗੱਲ ਸ਼ਾਇਦ ਠੀਕ ਨਹੀਂ ਲੱਗੀ; ਬੋਲੀ, “ਸਰ, ਥੋੜ੍ਹਾ ਬਹੁਤ ਤਾਂ ਜ਼ਰੂਰ ਦੇਵਾਂਗੀ, ਬੱਚੇ ਨੂੰ ਐਨਾ ਤਾਂ ਫਿ਼ਕਰ ਹੋਣਾ ਚਾਹੀਦਾ ਕਿ ਮਾਪੇ ਪੜ੍ਹਾਈ ’ਤੇ ਖਰਚਾ ਕਰ ਰਹੇ ਆ, ਨਹੀਂ ਤਾਂ ਉਹ ਪੜ੍ਹਾਈ ਵਿਚ ਦਿਲ ਨਹੀਂ ਲਾਵੇਗੀ।”
ਮੈਂ ਉਸੇ ਵਕਤ ਦਾਖ਼ਲੇ ਵਾਲੀ ਅਧਿਆਪਕਾ ਨੂੰ ਬੁਲਾ ਕੇ ਬੱਚੀ ਦੀ ਸਾਰੀ ਫੀਸ ਮੁਆਫ਼ ਕਰਨ ਲਈ ਕਹਿ ਦਿੱਤਾ। ਅਧਿਆਪਕਾ ਨੇ ਸਗੋਂ ਦੱਸਿਆ, “ਸਰ, ਇਸ ਬੱਚੀ ਦੀ ਫੀਸ ਹੁਸਿ਼ਆਰ ਅਤੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਲਈ ਦਾਨਿਸ਼ਮੰਦ ਲੋਕਾਂ ਵਾਲੀ ਰਾਸ਼ੀ ਵਿਚੋਂ ਪਹਿਲਾਂ ਹੀ ਮੁਆਫ਼ ਕਰ ਦਿੱਤੀ ਹੈ।” ਅਧਿਆਪਕਾ ਦੀ ਗੱਲ ਸੁਣ ਕੇ ਸਕੂਨ ਮਿਲਿਆ ਕਿ ਕਿਸੇ ਬੱਚੇ ਨੂੰ ਮੇਰੇ ਸਕੂਲ ਦੀ ਪੜ੍ਹਾਈ ’ਤੇ ਵਿਸ਼ਵਾਸ ਤਾਂ ਹੈ।
ਅਸਲ ਵਿਚ ਹਰ ਵਿਦਿਅਕ ਵਰ੍ਹੇ ਦੇ ਸ਼ੁਰੂ ਵਿਚ ਹੀ ਕੁਝ ਦਾਨਵੀਰ ਲੋਕਾਂ ਨੂੰ ਹਾਕ ਮਾਰ ਕੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਲਈ ਬੇਨਤੀ ਕਰ ਦੇਈਦੀ ਹੈ। ਇਹ ਲੋਕ ਹਰ ਵਰ੍ਹੇ ਇਨ੍ਹਾਂ ਬੱਚਿਆਂ ਦੀ ਬਾਂਹ ਫੜਦੇ ਹਨ। ਪੈਸਾ ਕਿਸੇ ਕੋਲ ਵੀ ਹੋ ਸਕਦਾ ਪਰ ਦਾਨ ਕਰਨ ਦਾ ਜਜ਼ਬਾ ਹਰ ਕਿਸੇ ਕੋਲ ਨਹੀਂ ਹੁੰਦਾ।
ਇੱਕ ਦਿਨ ਉਹ ਬੱਚੀ ਆਪਣੇ ਦਾਖ਼ਲੇ ਦੇ ਪੈਸੇ ਦੇਣ ਆ ਗਈ, “ਸਰ, ਇਹ ਪੈਸੇ ਮੇਰੀ ਮੰਮੀ ਨੇ ਭੇਜੇ, ਉਨ੍ਹਾਂ ਕਿਹਾ… ਦੁੱਧ ਵਾਲਿਆਂ ਦੇ ਪੈਸੇ ਆ ਗਏ।” ਬੱਚੀ ਦੇ ਇਨ੍ਹਾਂ ਸ਼ਬਦਾਂ ਨੇ ਮੇਰੀਆਂ ਅੱਖਾਂ ਦੇ ਹੰਝੂਆਂ ਨੂੰ ਹਾਕ ਮਾਰ ਲਈ ਤੇ ਭਾਵੁਕ ਹੋ ਗਿਆ। ਬੱਚੀ ਦੇ ਚਿਹਰੇ ਵਿਚ ਮੈਨੂੰ ਆਪਣਾ ਚਿਹਰਾ ਸਿਖਾਈ ਦੇ ਰਿਹਾ ਸੀ। ਮੈਨੂੰ ਆਪਣੀ ਜਿ਼ੰਦਗੀ ਦਾ ਉਹ ਦਿਨ ਯਾਦ ਆ ਗਿਆ ਜਦੋਂ ਪਿਤਾ ਜੀ ਦੀ ਮੌਤ ਮਗਰੋਂ ਪਰਿਵਾਰ ਦੀ ਗਰੀਬੀ ਕਾਰਨ ਮਾਂ ਨੇ ਮੈਨੂੰ ਕਾਲਜ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ।…
ਸੰਪਰਕ: 98726-27136