ਸੱਤਪਾਲ ਸਿੰਘ ਦਿਓਲ
ਸਤਾਰਾਂ ਸਾਲਾਂ ਦੇ ਇਕਲੌਤੇ ਲੜਕੇ ਨੇ ਆਪਣੇ ਪਿਤਾ ਨੂੰ ਕੈਨੇਡਾ ਜਾਣ ਬਾਰੇ ਕਿਹਾ ਤਾਂ ਮੰਜੇ ਉਪਰ ਪਿਆ ਅਜਮੇਰ ਸਿੰਘ ਇੱਕ ਦਮ ਤ੍ਰਭਕਿਆ। ਉਹਨੇ ਹਉਕਾ ਜਿਹਾ ਭਰਿਆ, “ਨਾ ਮੇਰਾ ਪੁੱਤ, ਆਪਣੇ ਕੋਲ ਕਿਹੜਾ ਕਮੀ ਆ ਕਿਸੇ ਚੀਜ਼ ਦੀ, ਆਪਣਾ ਤਾਂ ਇੱਥੇ ਹੀ ਕਨੈਡਾ ਹੈ।” ਉਹਦੇ ਲੜਕੇ ਨੂੰ ਉਹਦੀ ਇਹ ਗੱਲ ਬਿਲਕੁਲ ਚੰਗੀ ਨਾ ਲੱਗੀ ਪਰ ਅਜਮੇਰ ਸਿੰਘ ਚਾਹੁੰਦਾ ਸੀ ਕਿ ਉਹ ਆਪਣੇ ਪੁੱਤਰ ਨੂੰ ਪੀੜ੍ਹੀ ਦਰ ਪੀੜ੍ਹੀ ਹੰਡਾਏ ਹਿਜਰਤ ਦੇ ਦੁੱਖ ਦੱਸੇ। ਅੱਜ ਉਸ ਦੇ ਪਿਤਾ ਅਤੇ ਦਾਦੇ ਦੇ ਹੰਡਾਏ ਹਿਜਰਤ ਦੇ ਦੁੱਖਾਂ ਵਾਲੇ ਜ਼ਖ਼ਮ ਫਿਰ ਉਚੜ ਗਏ ਸਨ।
ਅੱਜ ਫਿਰ ਉਹ ਚੀਕ ਚੀਕ ਕੇ ਰੋਣਾ ਚਾਹੁੰਦਾ ਸੀ। ਉਸ ਦਾ ਪਿਤਾ ਜਦੋਂ ਉਸ ਦੇ ਪਾਕਿਸਤਾਨ ਰਹਿ ਗਏ ਦਾਦੇ ਨੂੰ ਯਾਦ ਕਰਦਾ ਸੀ ਤਾਂ ਉਹ ਦੋਵੇਂ ਪਿਓ ਪੁੱਤ ਰੋ ਪੈਂਦੇ ਸੀ। ਉਸ ਦਾ ਪਿਤਾ ਸਾਰੀ ਜਿ਼ੰਦਗੀ ਉਸ ਦੇ ਦਾਦੇ ਨੂੰ ਉਡੀਕਦਾ ਜਹਾਨੋਂ ਕੂਚ ਕਰ ਗਿਆ। ਬਾਪੂ ਦੱਸਦਾ ਸੀ- ‘ਪੁੱਤ ਬੜੀ ਮਿਹਨਤ ਕਰਕੇ ਮੁਰੱਬਾ ਜ਼ਮੀਨ ਬਣਾਈ ਸੀ ਤੇਰੇ ਦਾਦੇ ਨੇ, ਇੱਧਰ ਆ ਕੇ ਮਸਾਂ ਸੱਤ ਕਿੱਲੇ ਰਹਿ ਗਏ।” ਉਹਦਾ ਬੋਲਦੇ ਦਾ ਗੱਚ ਭਰ ਆਉਂਦਾ ਅਤੇ ਸਭ ਕੁਝ ਅੱਖਾਂ ਸਾਹਮਣੇ ਘੁੰਮ ਜਾਂਦਾ। ਕੁਝ ਚਿਰ ਰੁਕ ਕੇ ਬਾਪੂ ਫਿਰ ਬੋਲਿਆ ਸੀ- “ਸਾਰਾ ਕੁਝ ਖੁਹਾ ਕੇ ਪੱਲਾ ਝਾੜ ਕੇ ਬਾਡਰੋਂ ਉਰੇ ਆ ਗੇ ਸੀ, ਤੇ ਤੇਰਾ ਦਾਦਾ ਕਹਿੰਦਾ- ਮੈਂ ਪਿੱਛੇ ਸਾਰਾ ਕੁਝ ਸਾਂਭਦਾਂ ਜਾ ਕੇ, ਚਹੁੰ ਦਿਨਾਂ ਨੂੰ ਜਦੋਂ ਠੰਢ-ਠੰਢਾਉਰਾ ਹੋ ਗਿਆ, ਤੁਸੀਂ ਮੁੜ ਆਇਓ।” ਬਾਪੂ ਦੀ ਭੁੱਬ ਨਿਕਲ ਗਈ, “ਮੈਂ ਤਾਂ ਪੁੱਤ ਤੇਰੇ ਦਾਦੇ ਨੂੰ ਚੱਜ ਨਾਲ ਮਿਲਿਆ ਵੀ ਨਹੀਂ। ਦਾਦੀ ਤੇਰੀ ਪਿੱਛੇ ਮੁੜਨ ਦੀ ਇੱਛਾ ਮਨ ਵਿਚ ਲੈ ਕੇ ਪੂਰੀ ਹੋ ਗਈ।” ਉਨ੍ਹਾਂ ਦੇ ਘਰ ਦਾ ਕੋਈ ਜੀਅ ਸ਼ਹਿਰ ਸੌਦਾ ਪੱਤਾ ਵੀ ਲੈਣ ਜਾਂਦਾ ਤਾਂ ਬਾਕੀ ਟੱਬਰ ਬੇਸਬਰੀ ਨਾਲ ਮੁੜ ਆਉਣ ਤੱਕ ਦਰਾਂ ਵਿਚ ਬੈਠਾ ਰਹਿੰਦਾ।
ਅੰਤਿਮ ਸਮੇਂ ਦੌਰਾਨ ਅਜਮੇਰ ਦਾ ਪਿਤਾ ਨੀਮ ਪਾਗਲਾਂ ਵਾਂਗ ਬਾਪੂ ਨੂੰ ਆਵਾਜ਼ਾਂ ਮਾਰਦਾ ਰਹਿੰਦਾ ਪਰ ਬਾਪੂ ਦਾ ਕੁਝ ਪਤਾ ਨਹੀਂ ਸੀ ਕਿ ਉਹ ਜਿਊਂਦਾ ਵੀ ਹੈ ਜਾਂ ਦੰਗਿਆਂ ਦੀ ਭੇਂਟ ਚੜ੍ਹ ਗਿਆ। ਅਜਮੇਰ ਦਾ ਪਿਤਾ ਬੜਾ ਚਿਰ ਆਪਣੇ ਪਿੰਡ ਨੂੰ ਚਿੱਠੀਆਂ ਲਿਖਦਾ ਰਿਹਾ ਪਰ ਕਦੇ ਕੋਈ ਜਵਾਬ ਨਾ ਆਇਆ। ਕਦੇ ਕਦੇ ਅਜਮੇਰ ਸਰਹੱਦ ’ਤੇ ਜਾ ਆਉਂਦਾ ਤੇ ਦੂਰੋਂ ਹੀ ਪਾਰਲੇ ਲੋਕਾਂ ਨੂੰ ਅਤੇ ਉਨ੍ਹਾਂ ਦਾ ਮੁਲਕ ਦੇਖ ਕੇ ਮੁੜ ਆਉਂਦਾ। ਅਸਲ ਵਿਚ ਉਹ ਮੁਲਕ ਤਾਂ ਉਹਦਾ ਆਪਣਾ ਸੀ ਪਰ ਸਰਹੱਦ ਨੇ ਬੇਗਾਨਾ ਕਰ ਦਿੱਤਾ ਸੀ। ਅੱਜ ਉਹਦਾ ਪੁੱਤਰ ਕਈ ਸਰਹੱਦਾਂ ਪਾਰ ਕਰਕੇ ਉਸ ਮੁਲਕ ਜਾਣਾ ਚਾਹੁੰਦਾ ਸੀ ਜਿੱਥੇ ਨਾ ਨਜ਼ਰ ਪਹੁੰਚਦੀ ਸੀ, ਨਾ ਸਰਹੱਦ ਪਾਰ ਦੇਖਿਆ ਜਾ ਸਕਦਾ ਸੀ।
ਅਗਲੇ ਹੀ ਪਲ ਗੁਆਂਢ ਵਿਚੋਂ ਨਸ਼ੇ ਦਾ ਸਿ਼ਕਾਰ ਲੜਕਾ ਝੂਲਦਾ ਹੋਇਆ ਨਜ਼ਰੀਂ ਪਿਆ। ਅਜਮੇਰ ਦੀਆਂ ਯਾਦਾਂ ਦੀ ਇਕਾਗਰਤਾ ਭੰਗ ਹੋ ਗਈ। ਇਸ ਲੜਕੇ ਦੇ ਪਿਤਾ ਨੇ ਬਹੁਤ ਵਾਰ ਲੋਕਾਂ ਦੇ ਪੈਰਾਂ ਵਿਚ ਪੱਗਾਂ ਧਰ ਧਰ ਕੇ ਇਹਦੀ ਜਾਨ ਬਚਾਈ ਸੀ। ਇਹ ਲੜਕਾ ਪਿੰਡ ਵਿਚ ਚੋਰੀਆਂ ਕਰ ਕਰ ਕੇ ਨਸ਼ਾ ਕਰਦਾ। ਪਤਾ ਨਹੀਂ ਕਿੰਨੀ ਵਾਰ ਇਹਦੇ ਪਿਤਾ ਨੂੰ ਜ਼ਲਾਲਤ ਸਹਿਣੀ ਪਈ ਸੀ। … ਤੇ ਅਜਮੇਰ ਸੋਚਣ ਲੱਗ ਪਿਆ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਤੋਂ ਪਹਿਲਾਂ ਪਹਿਲਾਂ ਉਹਦਾ ਲੜਕਾ ਹਿਜਰਤ ਕਰ ਜਾਵੇ…!
ਸੰਪਰਕ: 98781-70771