ਫ਼ਰੀਦਕੋਟ ਵਿਚ ਪ੍ਰੋਗਰੈਸਿਵ ਬੁੱਕ ਸੈਂਟਰ ਮਹਿਜ਼ ਸਕੂਲ ਕਾਲਜ ਦੀਆਂ ਪੁਸਤਕਾਂ ਅਤੇ ਸਟੇਸ਼ਨਰੀ ਲੈਣ ਵਾਸਤੇ ਵਿਦਿਆਰਥੀ ਦੇ ਆਉਣ-ਜਾਣ ਦੀ ਥਾਂ ਹੀ ਨਹੀਂ ਹੈ ਸਗੋਂ ਇੱਥੇ ਸਾਹਿਤਕ ਕਿਤਾਬਾਂ ਅਤੇ ਰਸਾਲੇ ਵੀ ਹੁੰਦੇ ਹਨ। ਇਸੇ ਕਰ ਕੇ ਸਾਹਿਤਕ ਮੱਸ ਰੱਖਣ ਵਾਲੇ ਅਤੇ ਸਾਹਿਤਕਾਰਾਂ ਵਾਸਤੇ ਵੀ ਇਹ ਦੁਕਾਨ ਮੱਕੇ ਵਾਂਗ ਹੈ। ਇੱਥੇ ਕੁੜੀਆਂ ਬੇਝਿਜਕ ਆ ਕੇ ਸਲਾਹ ਮਸ਼ਵਰਾ ਮੰਗਦੀਆਂ ਫ਼ਾਰਮ ਵੀ ਭਰਵਾ ਲੈਂਦੀਆਂ ਹਨ, ਲੋੜ ਅਨੁਸਾਰ ਸਮਾਨ ਵੀ ਲੈ ਜਾਂਦੀਆਂ ਹਨ। ਕਦੇ ਇਸ ਦੁਕਾਨ ਦਾ ਨਾਮ ਪੰਜਾਬ ਬੁੱਕ ਸੈਂਟਰ ਹੁੰਦਾ ਸੀ ਅਤੇ ਕਾਮਰੇਡ ਪ੍ਰੇਮ ਕੁਮਾਰ ਉਦੋਂ ਇੱਥੇ ਕਾਮੇ ਵਜੋਂ ਕੰਮ ਕਰਦਾ ਸੀ। ਇੱਥੇ ਕੇਵਲ ਰੂਸੀ ਸਾਹਿਤ ਮਿਲਦਾ ਸੀ। ਇਸ ਕਰ ਕੇ ਇੱਥੇ ਕਮਿਊਨਿਸਟ ਪਾਰਟੀ ਦੇ ਵਰਕਰ ਆ ਕੇ ਰੂਸੀ ਸਾਹਿਤ ਦੀ ਭਾਲ਼ ਕਰਦੇ।
ਸਾਡੇ ਵਰਗੇ ਗਭਰੀਟਾਂ ਨੂੰ ਲੱਗੀ ਚੇਟਕ ਵਾਸਤੇ ਇਹ ਸਥਾਨ ਵਿਸ਼ੇਸ਼ ਖਿੱਚ ਦਾ ਕੇਂਦਰ ਹੁੰਦੀ ਸੀ। ਆਮ ਥਾਵਾਂ ਤੇ ਚੱਲਦੇ ਬੁੱਕ ਸੈਂਟਰਾਂ ਵਾਂਗ ਇੱਥੋਂ ਦਾ ਬੁੱਕ ਸੈਂਟਰ ਵੀ ਚੁੱਕਿਆ ਗਿਆ ਪਰ ਪ੍ਰੇਮ ਕੁਮਾਰ ਫਿਰ ਵੀ ਡਟਿਆ ਰਿਹਾ। ਉਸ ਨੇ ਕੁਝ ਪੁਸਤਕਾਂ ਉਸੇ ਸਾਹਿਤ ਦੀਆਂ ਰੱਖ ਲਈਆਂ ਅਤੇ ਫਿਰ ਜਿੱਥੇ ਸਕੂਲਾਂ, ਕਾਲਜਾਂ ਵਾਸਤੇ ਵਿਦਿਆਰਥੀਆਂ ਲਈ ਪੁਸਤਕਾਂ, ਕਾਪੀਆਂ ਤੇ ਹੋਰ ਲੋੜੀਂਦਾ ਸਮਾਨ ਰੱਖਿਆ, ਉੱਥੇ ਸਾਹਿਤਕ ਕਿਤਾਬਾਂ, ਰਸਾਲੇ ਇੱਥੇ ਮੰਗਵਾਉਣੇ ਸ਼ੁਰੂ ਕਰ ਦਿੱਤੇ। ਇਉਂ ਸਾਹਿਤ ਦੀ ਮੱਸ ਰੱਖਣ ਵਾਲਿਆਂ ਦਾ ਇੱਥੇ ਆਉਣਾ ਆਮ ਹੀ ਹੈ। ਹੁਣ ਤਾਂ ਇਸ ਨੇ ਦੁਕਾਨ ਦੇ ਵਿਚਾਲੇ ਅਲਮਾਰੀਆਂ ਦੀ ਅਜਿਹੀ ਕੰਧ ਜਿਹੀ ਬਣਾ ਲਈ ਹੈ ਕਿ ਦੁਕਾਨ ਦੇ ਇਕ ਹਿੱਸੇ ਵਿਚ ਸਾਹਿਤਕ ਕਿਤਾਬਾਂ ਤੇ ਰਸਾਲੇ ਪਏ ਹਨ ਅਤੇ ਦੂਸਰੇ ਹਿੱਸੇ ਵਿਚ ਸਕੂਲਾਂ ਕਾਲਜਾਂ ਨਾਲ ਸਬੰਧਤ ਕਿਤਾਬਾਂ ਤੇ ਹੋਰ ਸਟੇਸ਼ਨਰੀ ਹੁੰਦੀ ਹੈ। ਹੁਣ ਇੱਥੇ ਪ੍ਰੇਮ ਕੁਮਾਰ ਦਾ ਭਰਾ ਅਤੇ ਪੁੱਤਰ ਵੀ ਕੰਮ ਕਰਦੇ ਹਨ। ਦੁਕਾਨ ਦੇ ਇਕ ਹਿੱਸੇ ਵਿਚ ਪ੍ਰੇਮ ਕੁਮਾਰ ਆਪ ਬੈਠਦਾ ਹੈ। ਇੱਥੇ ਉਹ ਜਿੱਥੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਾ ਹੈ, ਉੱਥੇ ਸਾਡੇ ਵਰਗੇ ਆਮ ਤੌਰ ਤੇ ਉਸ ਕੋਲ ਹੀ ਆ ਕੇ ਖੜ੍ਹਦੇ ਹਨ। ਉਹ ਉੱਥੇ ਬੈਠਾ ਕੋਈ ਅਖ਼ਬਾਰ, ਰਸਾਲਾ ਜਾਂ ਕਿਤਾਬ ਪੜ੍ਹਦਾ ਹੁੰਦਾ ਹੈ। ‘ਆਹ ਕੜਿਆਲਵੀ ਦੀ ਕਿਤਾਬ ਆਈ ਐ, ਕਹਾਣੀਆਂ ਦੀ।… ਕਹਾਣੀ ਪੜ੍ਹ ਕੇ ਮੈਥੋਂ ਤਾਂ ਰਿਹਾ ਨਹੀਂ ਗਿਆ। ਕੜਿਆਲਵੀ ਨੂੰ ਫ਼ੋਨ ਵੀ ਕੀਤਾ ਸੀ।’ ਇਉਂ ਹੋਰ ਕਿਸੇ ਕਿਤਾਬ ਜਾਂ ਰਸਾਲੇ ਦੀ ਗੱਲ ਕਰਦਿਆਂ ਉਹ ਕਿਤਾਬ ਖੋਲ੍ਹ ਵੀ ਲੈਂਦਾ ਹੈ ਅਤੇ ਉਸ ਦੀਆਂ ਸਿਫ਼ਤਾਂ ਦੇ ਪੁਲ਼ ਵੀ ਬੰਨ੍ਹ ਦਿੰਦਾ ਹੈ। ਕਈ ਵਾਰੀ ਤਾਂ ਉਹ ਕੋਈ ਕਿਤਾਬ ਜਾਂ ਰਸਾਲਾ ਮੜ੍ਹਨ ਵਾਲਿਆਂ ਵਾਂਗ ਅਗਲੇ ਦੇ ਅੱਗੇ ਹੀ ਸੁੱਟ ਦਿੰਦਾ ਹੈ। ਪ੍ਰੇਮ ਕੁਮਾਰ ਦੇ ਇਸ ਤਰ੍ਹਾਂ ਕਰਨ ਤੋਂ ਮੈਨੂੰ ਗੁਪਤਾ ਨਿਊਜ਼ ਏਜੰਸੀ ਦੇ ਮਾਲਕ ਚਰਨ ਦਾਸ ਗੁਪਤਾ ਅਤੇ ਰਮੇਸ਼ ਗੁਪਤਾ ਯਾਦ ਆ ਜਾਂਦੇ ਹਨ।
ਦਸਵੀਂ ਜਮਾਤ ਪਾਸ ਕਰ ਕੇ ਜਦੋਂ ਸ਼ਹਿਰ ਦਾ ਸਬੱਬ ਬਣਿਆ ਤਾਂ ਪਹਿਲੀਆਂ ਵਿਚ ਗੁਪਤਾ ਨਿਊਜ਼ ਏਜੰਸੀ ਨਾਲ ਹੀ ਵਾਹ ਪਿਆ। ਚਰਨ ਦਾਸ ਗੁਪਤਾ ਅਤੇ ਉਨ੍ਹਾਂ ਦਾ ਪੁੱਤਰ ਰਮੇਸ਼ ਗੁਪਤਾ ਇੱਥੇ ਕਰਮਸ਼ੀਲ ਸਨ। ‘ਤੂੰ ਆਹ ਫੜ, ਪੜ੍ਹ ਕੇ ਦੇਖੀਂਂ’ ਆਖਦਿਆਂ ਚਰਨ ਦਾਸ ਗੁਪਤਾ ਕਿਤਾਬ ਦਿੰਦੇ ਇਉਂ ਬੋਲਦੇ ਜਿਵੇਂ ਦਬਕੇ ਮਾਰਦੇ ਹੋਣ। ਉਨ੍ਹਾਂ ਦੇ ਇਸ ਲਹਿਜੇ ਤੋਂ ਤਾਂ ਮੈਂ ਘਬਰਾ ਹੀ ਗਿਆ ਸੀ। ਮੇਰੀ ਉਮਰ ਉਦੋਂ ਮਸਾਂ ਹੀ ਸੋਲਾਂ ਸਤਾਰਾਂ ਸਾਲ ਸੀ ਅਤੇ ਪਿੰਡੋਂ ਸ਼ਹਿਰ ਆਉਣਾ ਸ਼ੁਰੂ ਹੀ ਕੀਤਾ ਸੀ। ਫਿਰ ਇੱਥੇ ਆਉਣ ਦਾ ਸਿਲਸਿਲਾ ਆਮ ਹੀ ਹੋ ਗਿਆ। ਪੰਜਾਬ ਵਿਚ ਚੱਲੀ ਖਾੜਕੂਵਾਦ ਦੀ ਹਨ੍ਹੇਰੀ ਸਮੇਂ ਆਪਣੇ ਘਰ ਦੇ ਕੋਲ ਹੀ ਚਰਨਦਾਸ ਗੁਪਤਾ ਦੀ ਹੱਤਿਆ ਹੋ ਗਈ। ਉਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਰਮੇਸ਼ ਗੁਪਤਾ ਜਿੱਥੇ ਇਕ ਅਖ਼ਬਾਰ ਦਾ ਕਾਮਾ ਵੀ ਸੀ, ਉੱਥੇ ਗੁਪਤਾ ਨਿਊਜ਼ ਏਜੰਸੀ ਦਾ ਮਾਲਕ ਵੀ ਬਣ ਗਿਆ ਸੀ। ਉਸ ਦੇ ਬੋਲਾਂ ਵਿਚ ਆਪਣੇ ਪਿਤਾ ਵਰਗੀ ਸ਼ਕਤੀ ਤਾਂ ਨਹੀਂ ਸੀ ਪਰ ਪੜ੍ਹਨ ਵਾਲਿਆਂ ਨੂੰ ਪੁਸਤਕਾਂ ਅਤੇ ਰਸਾਲੇ ਚੁਣ ਚੁਣ ਕੇ ਦੇਣ ਵਿਚ ਉਸ ਨੂੰ ਵੀ ਮੁਹਾਰਤ ਸੀ। ਦੁਕਾਨ ਤੇ ਬੈਠਾ ਉਹ ਆਪ ਵੀ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਸੀ।
ਇਹੋ ਜਿਹਾ ਵਿਹਾਰ ਮੈਂ ਉੱਘੇ ਲੇਖਕ ਅਤੇ ਅਨੁਵਾਦਕ ਸ਼ਾਹ ਚਮਨ (ਚੇਤਨਾ ਪ੍ਰਕਾਸ਼ਨ) ਦਾ ਵੀ ਦੇਖਿਆ ਸੀ। ਚੇਤਨਾ ਪ੍ਰਕਾਸ਼ਨ ਦਾ ਘੇਰਾ ਵਧਾਉਂਦਿਆਂ ਉਨ੍ਹਾਂ ਨੇ ਇਸ ਨੂੰ ਲੁਧਿਆਣਿਓਂ ਆਪਣੇ ਜੱਦੀ ਸ਼ਹਿਰ ਕੋਟਕਪੂਰੇ ਵੀ ਲੈ ਆਂਦਾ। ਕੋਟਕਪੂਰਾ ਅਤੇ ਇਸ ਦੀਆਂ ਨੇੜਲੀਆਂ ਥਾਵਾਂ ਤੇ ਹੁੰਦੀਆਂ ਸਾਹਿਤਕ ਇਕੱਤਰਤਾਵਾਂ ਸਮੇਂ ਸ਼ਾਹ ਚਮਨ ਪੁਸਤਕ ਪ੍ਰਦਰਸ਼ਨੀ ਵੀ ਲਾ ਲੈਂਦੇ। ਉਨ੍ਹਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਪੁਸਤਕਾਂ ਦੇਖਣ ਅਤੇ ਖਰੀਦਣ ਵਾਲਿਆਂ ਨੂੰ ਪੁਸਤਕਾਂ ਬਾਰੇ ਆਪਣੀ ਸਲਾਹ ਵੀ ਦੇ ਦਿਆ ਕਰਦੇ ਸਨ। ਪੁਸਤਕਾਂ ਦੇਖਣ, ਖ਼ਰੀਦਣ ਵਾਲਿਆਂ ਨਾਲ ਉਨ੍ਹਾਂ ਦਾ ਵਿਹਾਰ ਵਪਾਰਕ ਨਾ ਹੋ ਕੇ ਸਲਾਹਕਾਰ ਵਾਲਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਉਹ ਧੀਮੀ ਸੁਰ ਵਿਚ ਅਤੇ ਸਹਿਜ ਨਾਲ ਬੋਲਦੇ ਸਨ।
ਇਹ ਲੋਕ ਸੱਚੇ-ਸੁੱਚੇ ਅਧਿਆਪਕ ਵਾਂਗ ਜਿੱਥੇ ਆਪਣੇ ਗਿਆਨ ਨੂੰ ਰੁਸ਼ਨਾਉਂਦੇ ਹਨ, ਉੱਥੇ ਉਹ ਇਸ ਦੁਨੀਆ ਵਿਚ ਚਾਨਣ ਵੀ ਵੰਡਦੇ ਹਨ। ਚਾਨਣ ਦੇ ਇਹ ਵਣਜਾਰੇ ਆਪਣੇ ਵਣਜ ਨੂੰ ਵਪਾਰਕ ਸੀਮਾਵਾਂ ਤੋਂ ਅੱਗੇ ਲਿਜਾਂਦੇ ਹੋਏ ਚਾਨਣ ਦੇ ਬੀਜ ਬੀਜਦੇ ਅਤੇ ਇਸ ਦਾ ਪਾਸਾਰ ਕਰਦੇ ਹਨ। ਅਜਿਹੇ ਲੋਕ ਸਾਨੂੰ ਜ਼ਿੰਦਗੀ ਵਿਚ ਆਮ ਨਹੀਂ ਮਿਲਦੇ ਸਗੋਂ ਇਹ ਵਿਰਲੇ-ਟਾਵੇਂ ਹੀ ਹੁੰਦੇ ਹਨ।
ਸੰਪਰਕ: 95010-20731