ਅਮਰਜੀਤ ਸਿੰਘ ਹੇਅਰ
ਕਈ ਵਾਰ ਜਿ਼ੰਦਗੀ ਵਿਚ ਕਈ ਸ਼ਖ਼ਸ ਸਿਰਫ਼ ਇੱਕ ਵਾਰ ਹੀ ਮਿਲਦੇ ਹਨ ਪਰ ਸਦੀਵੀ ਅਸਰ ਛੱਡ ਜਾਂਦੇ ਹਨ… ਦਸੰਬਰ 1953 ਦੀ ਗੱਲ ਹੈ, ਮੈਂ ਗੌਰਮਿੰਟ ਕਾਲਜ ਲੁਧਿਆਣਾ ’ਚ ਪੜ੍ਹਦਾ ਸੀ। ਕਾਲਜ ’ਚ ਛੁੱਟੀਆਂ ਸਨ। ਮੇਰੇ ਦੋ ਦੋਸਤ ਤੇ ਮੈਂ ਸ਼ਾਮ ਨੂੰ ਚੌੜੇ ਬਾਜ਼ਾਰ ’ਚ ਮਟਰਗਸ਼ਤ ਲਈ ਚਲੇ ਗਏ। ਦੋ ਕੁ ਗੇੜੇ ਮਾਰਨ ਪਿੱਛੋਂ ਅਸੀਂ ਸੋਚਿਆ, ਸ਼ਹਿਰ ਦੇ ਉਸ ਹਿੱਸੇ ਵੱਲ ਚੱਲਦੇ ਹਾਂ ਜਿਥੇ ਪਹਿਲਾਂ ਕਦੇ ਨਹੀਂ ਗਏ। ਅਸੀਂ ਸੀਐੱਮਸੀ ਵੱਲ ਹੋ ਤੁਰੇ, ਉੱਥੇ ਅਸੀਂ ਈਸਾਈਆਂ ਦੇ ਕਬਰਸਤਾਨ ਵਿਚ ਵੜ ਗਏ ਤੇ ਕਬਰਾਂ ਤੇ ਖੁਤਬੇ ਪੜ੍ਹਨ ਲੱਗੇ। ਸਾਡੇ ਕੋਲ ਦੀ ਕੋਈ ਗੋਰਾ ਲੰਘ ਰਿਹਾ ਸੀ, ਉਸ ਨੇ ਸਾਨੂੰ ਪਹਿਲਾਂ ‘ਗੁਡ ਈਵਨਿੰਗ’ ਬੁਲਾਈ, ਅਸੀਂ ‘ਐਕਸਿਊਜ਼ ਅੱਸ’ ਕਹਿ ਕੇ ਉਸ ਨੂੰ ਸਵਾਲ ਪੁੱਛਣ ਲੱਗ ਗਏ। ਉਹ ਬੜੇ ਠਰੰਮੇ ਨਾਲ ਸਾਡੇ ਸਵਾਲਾਂ ਦੇ ਜਵਾਬ ਦਿੰਦਾ ਰਿਹਾ। ਇਕ ਘੰਟੇ ਤੋਂ ਵੱਧ ਸਾਡੇ ਕੋਲ ਖੜ੍ਹਾ ਰਿਹਾ। ਦਿਨ ਛਿਪਣ ਲਗਿਆ ਤਾਂ ਅਸੀਂ ਵਾਪਸ ਮੁੜਨਾ ਚਾਹਿਆ। ਵਿਛੜਨ ਲੱਗਿਆਂ ਉਹਨੇ ਸਾਨੂੰ ਦੱਸਿਆ ਕਿ ਉਹ ਡਾਕਟਰ ਵਰਜਿਅਨ ਸੀ ਅਤੇ ਉਹ ਉਥੇ ਹਸਪਤਾਲ ਵਿਚ ਸਰਜਨ ਸੀ। ਉਹ ਸ਼ਹਿਰ ਵਿਚ ਬਹੁਤ ਮਸ਼ੂਹਰ ਸੀ, ਅਸੀਂ ਉਸ ਦਾ ਨਾਂ ਸੁਣਿਆ ਹੋਇਆ ਸੀ। ਉਸ ਦਿਨ ਕ੍ਰਿਸਮਸ ਸੀ ਅਤੇ ਉਹ ਸ਼ਾਮ ਦੀ ਪ੍ਰਾਰਥਨਾ ਲਈ ਜਾ ਰਿਹਾ ਸੀ ਪਰ ਸਾਡੇ ਕੋਲ ਖੜ੍ਹਾ ਇਕ ਘੰਟਾ ਸਾਡੀਆਂ ਯੱਭਲੀਆਂ ਸੁਣਦਾ ਰਿਹਾ। ਸਾਨੂੰ ਬੜਾ ਪਛਤਾਵਾ ਹੋਇਆ ਕਿ ਅਸੀਂ ਉਸ ਨੂੰ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਰੋਕੀ ਰੱਖਿਆ ਪਰ ਉਸ ਦੇ ਖ਼ਲੂਸ, ਸਬਰ ਅਤੇ ਸਿਆਣਪ ਨੇ ਮੇਰੇ ਮਨ ਅੰਦਰ ਸਦੀਵੀ ਯਾਦ ਛੱਡ ਦਿੱਤੀ।
1955 ਵਿਚ ਮਿਡਲ ਸਕੂਲ ਮੁਬਾਰਕਪੁਰ (ਜਿ਼ਲ੍ਹਾ ਸੰਗਰੂਰ) ਵਿਚ ਅਧਿਆਪਕ ਸੀ। ਕੁਝ ਸਮਾਂ ਮੇਰੇ ਨਾਲ ਸੰਗਰੂਰ ਦਾ ਅਟਲ ਚੰਦਰ ਦੱਤ ਪੜ੍ਹਾਉਂਦਾ ਰਿਹਾ ਸੀ, ਫਿਰ ਉਹ ਉਥੋਂ ਬਦਲ ਗਿਆ ਸੀ। ਇਕ ਬਾਰੀ ਮੈਨੂੰ ਸੰਗਰੂਰ ਸਕੂਲ ਇੰਸਪੈਕਟਰ ਦੇ ਦਫ਼ਤਰ ਕੰਮ ਪੈ ਗਿਆ। ਇੰਸਪੈਕਟਰ ਉਸ ਦਿਨ ਮੈਨੂੰ ਮਿਲ ਨਾ ਸਕਿਆ। ਗਰਮੀ ਪੂਰੀ ਜ਼ੋਰ ਤੇ ਸੀ। ਮੈਨੂੰ ਤੇਜ਼ ਬੁਖਾਰ ਚੜ੍ਹ ਗਿਆ। ਸੋਚਿਆ, ਅਟਲ ਪਾਸ ਰਾਤ ਕੱਟ ਲਵਾਂ। ਮੈਂ ਪੁੱਛ ਕੇ ਜਦ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਦਰਵਾਜ਼ਾ ਉਸ ਦੇ ਪਿਤਾ ਜੀ ਨੇ ਖੋਲ੍ਹਿਆ। ਉਹ ਸੇਵਾ ਮੁਕਤ ਉਚ ਪੁਲੀਸ ਅਫ਼ਸਰ ਸਨ। ਉਨ੍ਹਾਂ ਨੂੰ ਮੈਂ ਅਟਲ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਾ ਦਿੱਤਾ ਪਰ ਮੇਰਾ ਹੱਥ ਫੜ ਕੇ ਕਿਹਾ, “ਤੁਹਾਡੇ ਹੱਥ ਤਾਂ ਬਹੁਤ ਗਰਮ ਹਨ, ਜਿਵੇਂ ਬੁਖਾਰ ਹੁੰਦਾ।” ਮੈਨੂੰ ਫੜ ਕੇ ਉਹ ਅੰਦਰ ਕਮਰੇ ਵਿਚ ਲੈ ਗਏ ਅਤੇ ਮੰਜੇ ਤੇ ਅਰਾਮ ਕਰਨ ਲਈ ਕਿਹਾ। ਮੈਂ ਲੇਟ ਗਿਆ ਤਾਂ ਉਹ ਮੇਰੇ ਮੱਥੇ ਉੱਤੇ ਪਾਣੀ ਨਾਲ ਪੱਟੀਆਂ ਕਰਨ ਲੱਗ ਪਏ ਤੇ ਮੈਨੂੰ ਇਕ ਗੋਲੀ ਵੀ ਖੁਆ ਦਿੱਤੀ। ਮੈਨੂੰ ਘੂਕ ਨੀਂਦ ਆ ਗਈ। ਜਦ ਅੱਖ ਖੁੱਲ੍ਹੀ ਤਾਂ ਦਿਨ ਛਿਪ ਚੁੱਕਾ ਸੀ। ਮੈਂ ਫਿਰ ਜਦ ਪੁੱਛਿਆ ਕਿ ਅਟਲ ਕਿੱਥੇ ਹੈ ਤਾਂ ਉਨ੍ਹਾਂ ਫਿਰ ਕੋਈ ਜਵਾਬ ਨਾ ਦਿੱਤਾ ਪਰ ਮੇਰੇ ਲਈ ਖਿਚੜੀ ਮੰਗਵਾ ਦਿੱਤੀ ਅਤੇ ਕਿਹਾ ਕਿ ਖਾ ਕੇ ਅਰਾਮ ਕਰੋ। ਰਾਤ ਨੂੰ ਬੁਖਾਰ ਉਤਰ ਗਿਆ ਅਤੇ ਨੀਂਦ ਆ ਗਈ। ਸਵੇਰੇ ਜਦ ਮੈਂ ਉੱਠਿਆ ਤਾਂ ਉਨ੍ਹਾਂ ਮੈਨੂੰ ਪੁੱਛਿਆ ਕਿ ਮੈਂ ਸੰਗਰੂਰ ਕੋਈ ਕੰਮ ਆਇਆ ਸੀ? ਜਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਸਕੂਲ ਇੰਸਪੈਕਟਰ ਦੇ ਦਫ਼ਤਰ ਵਿਚ ਕੰਮ ਸੀ ਤਾਂ ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ, ਉਹ ਇੰਸਪੈਕਟਰ ਨੂੰ ਟੈਲੀਫੋਨ ਕਰ ਦੇਣਗੇ। ਜਦ ਮੈਂ ਫਿਰ ਅਟਲ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਦੋ ਦਿਨਾਂ ਦਾ ਦਿੱਲੀ ਗਿਆ ਹੋਇਆ ਹੈ। ਮੈਂ ਹੈਰਾਨ, ਉਨ੍ਹਾਂ ਪਹਿਲਾਂ ਕਿਉਂ ਨਾ ਦੱਸਿਆ? ਜੇ ਉਹ ਦੱਸ ਦਿੰਦੇ ਤਾਂ ਸ਼ਾਇਦ ਮੈਂ ਬਾਹਰੋਂ ਹੀ ਮੁੜ ਜਾਂਦਾ। ਉਨ੍ਹਾਂ ਵੱਲੋਂ ਮੇਰੇ ਲਈ ਦਿਖਾਈ ਹਮਦਰਦੀ ਅਤੇ ਪਿਆਰ ਮੈਂ ਕਦੇ ਭੁੱਲ ਨਹੀਂ ਸਕਿਆ।
1959 ਵਿਚ ਮੈਂ ਉਧੇਪੁਰ ਐੱਮਐੱਡ ਵਿਚ ਪੜ੍ਹਦਾ ਸੀ। ਮੈਂ ਦਿੱਲੀ ਤੋਂ ਰਾਤ ਦੀ ਗੱਡੀ ਫੜੀ ਜਿਸ ਵਿਚ ਇੱਕ ਡੱਬਾ ਉਧੇਪੁਰ ਦਾ ਹੁੰਦਾ ਸੀ। ਮੈਂ ਸੈਕਿੰਡ ਕਲਾਸ ਡੱਬੇ ਵਿਚ ਹੇਠਲੀ ਬਰਥ ਉੱਤੇ ਬੈਠਾ ਸੀ। ਇਹ ਮੇਰੇ ਲਈ ਰਿਜ਼ਰਵ ਸੀ। ਇੰਨੇ ਨੂੰ ਇਕ ਬਿਰਧ ਜੋੜੀ ਆਈ ਜਿਨ੍ਹਾਂ ਲਈ ਉਸ ਕੂਪੇ ਵਿਚ ਇੱਕ ਹੇਠਲੀ ਤੇ ਇੱਕ ਉਪਰਲੀ ਸੀਟ ਰਾਖਵੀਂ ਸੀ। ਮੈਂ ਉਨ੍ਹਾਂ ਦੀ ਉਮਰ ਦੇਖਦਿਆਂ ਕਿਹਾ ਕਿ ਤੁਸੀਂ ਹੇਠਲੀ ਬਰਥ ਲੈ ਲਵੋ, ਮੈਂ ਉੱਪਰ ਪੈ ਜਾਵਾਂਗਾ। ਗੱਡੀ ਸਵੇਰੇ ਜੈਪੁਰ ਪਹੁੰਚੀ ਤਾਂ ਮੈਂ ਜਦ ਨਾਸ਼ਤੇ ਦਾ ਆਰਡਰ ਦੇਣ ਲੱਗਿਆ ਤਾਂ ਉਨ੍ਹਾਂ ਮੈਨੂੰ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਹ ਘਰੋਂ ਨਾਸ਼ਤਾ ਲੈ ਕੇ ਆਏ ਹਨ, ਮੈਂ ਉਨ੍ਹਾਂ ਨਾਲ ਹੀ ਨਾਸ਼ਤਾ ਕਰਾਂ। ਉਨ੍ਹਾਂ ਆਪਣੀ ਜਾਣ-ਪਛਾਣ ਕਰਵਾਈ ਕਿ ਉਹ ਲਖਨਊ ਤੋਂ ਆਏ ਹਨ, ਉਧੇਪੁਰ ਜਾ ਰਹੇ ਹਨ ਜਿੱਥੇ ਉਨ੍ਹਾਂ ਦਾ ਪੁੱਤਰ ਐੱਸਪੀ ਹੈ। ਸਾਰਾ ਦਿਨ ਉਨ੍ਹਾਂ ਮੇਰੇ ਨਾਲ ਸਾਹਿਤ, ਸਿਆਸਤ, ਸਿੱਖ ਧਰਮ (ਉਸ ਵੇਲੇ ਪੰਜਾਬੀ ਸੂਬੇ ਲਈ ਮੋਰਚਾ ਲੱਗਿਆ ਹੋਇਆ ਸੀ) ਬਾਰੇ ਗੱਲਾਂ ਕੀਤੀਆਂ। ਉਨ੍ਹਾਂ ਸੱਦਾ ਦਿੱਤਾ ਕਿ ਮੈਂ ਉਨ੍ਹਾਂ ਦੇ ਪੁੱਤਰ ਆਜ਼ਮ ਖਾਂ ਦੀ ਕੋਠੀ ਤੇ ਉਨ੍ਹਾਂ ਨੂੰ ਮਿਲਣ ਆਵਾਂ। ਉਸ ਬਜ਼ੁਰਗ ਨੇ ਆਪਣਾ ਨਾਂ ਸਈਦ ਅਸਲਮ ਖਾਂ ਦੱਸਿਆ। ਉਹ ਯੂਪੀ ਸਰਾਕਰ ਵਿਚ ਸੈਕਟਰੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਸਫ਼ਰ ਵਿਚ ਹੋਈ ਇਸ ਅਚਾਨਕ ਮੁਲਾਕਾਤ ਵਿਚ ਮਿਲੇ ਇਹ ਜੋੜੀ ਅੱਜ ਤੱਕ ਯਾਦ ਹੈ।
ਸੰਪਰਕ: 94170-06625