ਬੂਟਾ ਸਿੰਘ ਵਾਕਫ਼
ਵੀਹ ਕੁ ਸਾਲ ਪਹਿਲਾਂ ਉਸ ਨੂੰ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਇਹ ਗੱਲ ਉਸ ਨੂੰ ਕਿੰਨੀ ਹਾਸੋ-ਹੀਣੀ ਲਗਦੀ ਸੀ ਕਿ ਅਜੇ ਸਰੀਰਕ, ਬੌਧਿਕ ਤੇ ਮਾਨਸਿਕ ਪੱਖ ਤੋਂਂ ਰਿਸ਼ਟ-ਪੁਸ਼ਟ ਹੋਣ ਦੇ ਬਾਵਜੂਦ ਉਸ ਨੂੰ ਨਕਾਰਾ ਐਲਾਨ ਦਿੱਤਾ ਗਿਆ ਸੀ। ਹੁਣ ਉਸ ਤੋਂ ਸਿਰਫ਼ ਇਹੋ ਉਮੀਦ ਰੱਖੀ ਜਾ ਸਕਦੀ ਸੀ ਕਿ ਉਹ ਪੈਨਸ਼ਨਰ ਵਾਂਗ ਆਪਣਾ ਬਾਕੀ ਦਾ ਸਮਾਂ ਮੰਜੇ ’ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈ ਕੇ ਗੁਜ਼ਾਰੇਗਾ। ਇਹ ਉਸ ਨੂੰ ਮਨਜ਼ੂਰ ਨਹੀਂ ਸੀ। ਉਹ ਸੇਵਾ ਮੁਕਤੀ ਨੂੰ ਸੀਮਤ ਅਰਥਾਂ ਵਿਚ ਨਹੀਂ ਦੇਖਦਾ ਸੀ। ਉਹ ਖੁਦ ਨੂੰ ਰੋਜ਼ਾਨਾ ਦੇ ਕੰਮ ਕਾਜ ਤੋਂ ਸੇਵਾ ਮੁਕਤ ਹੋਇਆ ਨਹੀਂ ਸਮਝਦਾ ਸੀ। ਅਜੇ ਵੀ ਉਸ ਅੰਦਰ ਉਹੀ ਜ਼ਜ਼ਬਾ, ਚਿਣਗ ਸੀ ਜਿਹੜੀ ਸੇਵਾ ਮੁਕਤੀ ਵਾਲੇ ਦਿਨ ਤੋਂ ਪਹਿਲਾਂ ਹੁੰਦੀ ਸੀ।
ਜਵਾਨ ਉਮਰੇ ਪੋਸਟ ਗ੍ਰੈਜੂਏਸ਼ਨ ਪਿੱਛੋਂ ਉਸ ਨੇ ਜ਼ਿੰਦਗੀ ਦਾ ਇੱਕ ਪਲ ਵੀ ਬਰਬਾਦ ਕਰਨਾ ਠੀਕ ਨਹੀਂ ਸਮਝਿਆ। ਪਤਾ ਨਹੀਂ, ਇਹ ਉਸ ਦੇ ਮਨ-ਮਸਤਕ ਵਿਚ ਰੌਸ਼ਨ ਜਜ਼ਬਿਆਂ ਦੀ ਚਿਣਗ ਸੀ ਕਿ ਆਪਣੇ ਪਿੰਡ ਦੀ ਮਿੱਟੀ ਦਾ ਮੋਹ, ਉਹ ਅਧਿਆਪਕ ਬਣ ਆਪਣੇ ਪਿੰਡ ਵਾਪਸ ਆ ਗਿਆ। ਪਿੰਡ ਦੇ ਸਕੂਲ ਵਿਚ ਸਰਕਾਰੀ ਅਧਿਆਪਕ ਵਜੋਂ ਭਰਤੀ ਹੋਇਆ। ਸ਼ਹਿਰ ਵਿਚ ਵੱਧ ਤਨਖ਼ਾਹ ’ਤੇ ਨੌਕਰੀ ਮਿਲ ਰਹੀ ਸੀ, ਉਸ ਨੇ ਠੁਕਰਾ ਦਿੱਤੀ। ਉਸ ਅੰਦਰ ਇੱਕੋ ਭੁੱਖ ਸੀ: ਪਿੰਡ ਦੇ ਗਰੀਬ, ਅਨਪੜ੍ਹ ਤੇ ਸਮਾਜ ਦੇ ਲਤਾੜੇ ਵਰਗ ਦੇ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਹਨੇਰੇ ਜੀਵਨ ਵਿਚ ਚਾਨਣ ਦੀ ਲੀਕ ਭਰਨਾ। ਇਹ ਉਨ੍ਹਾਂ ਪਰਿਵਾਰਾਂ ਦੇ ਬੱਚੇ ਸਨ ਜਿਨ੍ਹਾਂ ਨੂੰ ਪਿੰਡ ਵਿਚ ਵਧੀਆ ਅਧਿਆਪਕ ਦੀ ਚਿਰੋਕੀ ਲੋੜ ਸੀ। ਇਹ ਉਹ ਸਮਾਂ ਸੀ ਜਦੋਂ ਹਰ ਕੋਈ ਨੌਕਰੀ ਦੀ ਤਲਾਸ਼ ਲਈ ਸ਼ਹਿਰ ਵੱਲ ਦੌੜ ਰਿਹਾ ਸੀ ਪਰ ਉਸ ਨੂੰ ਮਾਣ ਸੀ, ਉਸ ਨੇ ਆਪਣਾ ਪਿੰਡ ਚੁਣਿਆ। ਉਸ ਨੇ ਪਿੰਡ ਦੇ ਸਕੂਲ ਵਿਚ ਕਰੀਬ 40 ਸਾਲ ਪੜ੍ਹਾਇਆ। ਜ਼ਿੰਦਗੀ ਦਾ ਅਹਿਮ ਹਿੱਸਾ ਮਾਸੂਮਾਂ ਦੇ ਨਾਂ…। ਸੈਂਕੜੇ ਬੱਚਿਆਂ ਦਾ ਭਵਿੱਖ ਰੌਸ਼ਨ ਕੀਤਾ। ਉਨ੍ਹਾਂ ਨੂੰ ਕਿਤਾਬਾਂ ਦੇ ਵਿਸ਼ਾਲ ਸੰਸਾਰ ਵੱਲ ਉਡਾਰੀ ਮਾਰਨ ਦੇ ਯੋਗ ਬਣਾਇਆ। ਵੱਡੇ ਵੱਡੇ ਅਹੁਦਿਆਂ ’ਤੇ ਪਹੁੰਚਾਇਆ। ਇਹ ਗੱਲ ਕਿਸੇ ਮਾਣ ਸਨਮਾਨ ਤੋਂ ਘੱਟ ਨਹੀਂ ਸੀ। ਉਂਝ, ਜਿਸ ਦਿਨ ਤੋਂ ਉਹ ਸੇਵਾ ਮੁਕਤ ਹੋ ਚੁੱਕਾ ਸੀ, ਉਸ ਦੇ ਮਨ ਅੰਦਰ ਇਹ ਸਵਾਲ ਲਗਾਤਾਰ ਘੁੰਮ ਰਿਹਾ ਸੀ- ‘ਹੁਣ ਮੈਂ ਕੀ ਕਰਿਆ ਕਰਾਂਗਾ?’
ਇਸ ਸਵਾਲ ਦਾ ਜਵਾਬ ਉਸ ਨੂੰ ਅਗਲੇ ਕੁਝ ਦਿਨਾਂ ਵਿਚ ਹੀ ਮਿਲ ਗਿਆ। ਇੱਕ ਦਿਨ ਸੁਵਖਤੇ ਤਿੰਨ ਕਬਾਇਲੀ ਲੜਕੀਆਂ ਉਸ ਦੇ ਘਰ ਪਹੁੰਚੀਆਂ। ਲੜਕੀਆਂ ਨੇ ਦੱਸਿਆ ਕਿ ਉਹ 20-22 ਕਿਲੋਮੀਟਰ ਦੂਰੋਂ ਸਾਇਕਲ ’ਤੇ ਇੱਥੇ ਪਹੁੰਚੀਆਂ ਹਨ। ਲੜਕੀਆਂ ਸਿੱਖਣ ਲਈ ਬੇਤਾਬ ਸਨ। ਉਨ੍ਹਾਂ ਮਾਸਟਰ ਜੀ ਨੂੰ ਪੁੱਛਿਆ, “ਤੁਸੀਂ ਸਾਨੂੰ ਪੜ੍ਹਾਓਗੇ?” ਉਹਦੇ ਮਨ ਵਿਚ ਇੱਕ ਵਾਰ ਫਿਰ ਉਤਸ਼ਾਹ ਜਾਗ ਪਿਆ। ਉਸ ਨੇ ਲੜਕੀਆਂ ਨੂੰ ਕਿਹਾ, “ਮੈਂ ਤਾਂ ਹੀ ਪੜ੍ਹਾਵਾਂਗਾ ਜੇ ਤੁਸੀਂ ਮੈਨੂੰ ਸਾਲ ਭਰ ਦੀ ਫੀਸ ਇਕੱਠੀ ਦੇਵੋਗੀਆਂ।” ਲੜਕੀਆਂ ਪਹਿਲਾਂ ਤਾਂ ਹੈਰਾਨ ਹੋਈਆਂ, ਫਿਰ ਝੱਟ ਸਹਿਮਤ ਹੋ ਗਈਆਂ। ਲੜਕੀਆਂ ਨੇ ਕਿਹਾ, “ਅਸੀਂ ਕੁਝ ਦਿਨਾਂ ਤੱਕ ਪੈਸੇ ਦਾ ਪ੍ਰਬੰਧ ਕਰ ਲਵਾਂਗੀਆਂ।” ਅਧਿਆਪਕ ਨੇ ਕਿਹਾ, “ਮੇਰੀ ਸਾਲ ਭਰ ਦੀ ਫੀਸ ਇੱਕ ਰੁਪਇਆ ਹੋਵੇਗੀ।” ਲੜਕੀਆਂ ਖੁਸ਼ ਹੋ ਗਈਆਂ। ਉਨ੍ਹਾਂ ਅਧਿਆਪਕ ਨੂੰ ਇੱਕ ਰੁਪਇਆ ਦੇਣ ਦੇ ਨਾਲ ਨਾਲ ਚਾਕਲੇਟ ਦੇਣ ਦਾ ਵਾਅਦਾ ਵੀ ਕੀਤਾ।
ਅਗਲੇ ਦਿਨ ਅਧਿਆਪਕ ਆਪਣੇ ਪੁਰਾਣੇ ਸਕੂਲ ਗਿਆ। ਪੜ੍ਹਾਉਣ ਲਈ ਕਮਰੇ ਦੀ ਮੰਗ ਕੀਤੀ। ਉਸ ਨੂੰ ਜਵਾਬ ਮਿਲ ਗਿਆ। ਜਿੱਥੇ ਉਸ ਨੇ ਉਮਰ ਦੇ ਬਿਹਤਰੀਨ ਵਰ੍ਹੇ ਗੁਜ਼ਾਰੇ, ਉਸ ਸਕੂਲ ਦੇ ਇੱਕ ਕਮਰੇ ’ਤੇ ਵੀ ਉਸ ਦਾ ਹੱਕ ਨਹੀਂ ਰਿਹਾ। ਉਹ ਘਰ ਵਾਪਸ ਆ ਗਿਆ। ਵਰਾਂਡਾ ਸਾਫ਼ ਕੀਤਾ। ਕਲਾਸ ਰੂਮ ਤਿਆਰ ਸੀ। ਇੱਕ ਰਸਤਾ ਬੰਦ ਹੋਇਆ ਪਰ ਨਵਾਂ ਖੁੱਲ੍ਹ ਗਿਆ ਸੀ।
ਪਹਿਲੇ ਦਿਨ ਉਸ ਦੀ ਕਲਾਸ ਵਿਚ ਸਿਰਫ਼ ਉਹੀ ਤਿੰਨ ਲੜਕੀਆਂ ਸਨ, ਹੁਣ ਹਰ ਸਾਲ 350 ਤੋਂ ਵੱਧ ਵਿਦਿਆਰਥੀ ਹਨ। ਉਸ ਅਧਿਆਪਕ ਦਾ ਦਿਨ ਅੱਜ ਵੀ ਸਵੇਰੇ ਸੈਰ ਨਾਲ ਸ਼ੁਰੂ ਹੁੰਦਾ ਹੈ। ਬਾਕੀ ਸਾਰਾ ਦਿਨ ਉਹ ਪੂਰੇ ਉਤਸ਼ਾਹ ਤੇ ਖੁਸ਼ੀ ਨਾਲ ਵਿਦਿਆਰਥੀਆਂ ਨੂੰ ਚੰਗੇਰਾ ਭਵਿੱਖ ਤੇ ਨਰੋਆ ਸਮਾਜ ਸਿਰਜਣ ਦੇ ਸੁਪਨੇ ਵੰਡਦਾ ਹੈ। ਸੁਪਨਿਆਂ ਨੂੰ ਹਕੀਕਤ ਤੱਕ ਪਹੁੰਚਾਉਂਦਾ ਹੈ। ਉਸ ਕੋਲ ਬਹੁਤ ਸਾਰੇ ਵਿਦਿਆਰਥੀ 20 ਕਿਲੋਮੀਟਰ ਤੋਂ ਵੀ ਵੱਧ ਦੂਰੀ ਤੈਅ ਕਰਕੇ ਆਉਂਦੇ ਹਨ। ਹੁਣ ਤੱਕ ਸੈਂਕੜੇ ਘਰਾਂ ਦੇ ਹਨੇਰੇ ਵਿਹੜਿਆਂ ਅੰਦਰ ਚਾਨਣ ਦੀ ਜੋਤ ਜਗਾ ਚੁੱਕਾ ਹੈ। ਉਸ ਦਾ ਇਹ ਕਰਮ ਅੱਜ ਵੀ ਨਦੀ ਵਾਂਗ ਲਗਾਤਾਰ ਵਹਿ ਰਿਹਾ ਹੈ। ਉਸ ਦੇ ਵਿਦਿਆਰਥੀ ਪ੍ਰੋਫੈਸਰ, ਵਿਭਾਗਾਂ ਦੇ ਮੁਖੀ ਤੇ ਆਈਟੀ ਪੇਸ਼ੇਵਰ ਬਣ ਚੁੱਕੇ ਹਨ। ਉਹ ਵਿਦਿਆਰਥੀਆਂ ਤੋਂ ਫੀਸ ਦੀ ਥਾਂ ਸਿਰਫ਼ ਚਾਕਲੇਟ ਦੀ ਮੰਗ ਕਰਦਾ ਹੈ।
2021 ਵਿਚ ਜਿਸ ਦਿਨ ਉਸ ਅਧਿਆਪਕ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਖੁਸ਼ੀ ਦਾ ਇਹ ਦਿਨ ਪੂਰੇ ਪਿੰਡ ਨੇ ਉਸ ਨਾਲ ਮਿਲ ਕੇ ਮਨਾਇਆ। ਇਸ ਦਿਨ ਵੀ ਉਸ ਨੇ ਆਪਣੀ ਕਲਾਸ ਨਹੀਂ ਛੱਡੀ। ਪੜ੍ਹਨ-ਪੜ੍ਹਾਉਣ ਦਾ ਅਮਲ ਲਗਾਤਾਰ ਵਹਿੰਦਾ ਰਿਹਾ ਤੇ ਅੱਜ ਵੀ ਵਹਿ ਰਿਹਾ ਹੈ। ਪੱਛਮੀ ਬੰਗਾਲ ਦੇ 77 ਸਾਲਾ ਇਸ ਸੇਵਾ ਮੁਕਤ ਅਧਿਆਪਕ ਸੁਜੀਤ ਚਟੋਪਾਧਿਆਏ ਨੂੰ ਪਿੰਡ ਦੇ ਲੋਕ ਸਨਮਾਨ ਵਜੋਂ ‘ਮਾਸਟਰ ਮੋਸ਼ਾਏ’ ਦੇ ਨਾਂ ਨਾਲ ਪੁਕਾਰਦੇ ਹਨ। ਵਰਾਂਡੇ ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਸਕੂਲ ‘ਸਦਾਈ ਫਕੀਰਰ ਪਾਠਸ਼ਾਲਾ’ ਮੁਫ਼ਤ ਕੋਚਿੰਗ ਲਈ ਮਾਨਤਾ ਪ੍ਰਾਪਤ ਸੰਸਥਾ ਹੈ।
ਸੰਪਰਕ: 98762-24461