ਬਲਦੇਵ ਸਿੰਘ ਢਿੱਲੋਂ* ਰਾਜ ਕੁਮਾਰ**
ਪੰਜਾਬ ਨੇ 1960 ਦੇ ਦਹਾਕੇ ਦੇ ਅੱਧ ਤੋਂ ਬਾਅਦ ਤਕਨੀਕੀ ਵਿਕਾਸ ਅਤੇ ਸਰਕਾਰ ਦੀਆਂ ਨੀਤੀਆਂ ਸਦਕਾ ਖੇਤੀਬਾੜੀ ਵਿਚ ਬਹੁਤ ਤਰੱਕੀ ਕੀਤੀ ਅਤੇ ਕੌਮੀ ਖੁਰਾਕ ਸੁਰੱਖਿਆ ਵਿਚ ਬਹੁਤ ਹਿੱਸਾ ਪਾਇਆ ਹੈ। ਇਸ ਦੌਰਾਨ ਝੋਨੇ ਕਣਕ ਦਾ ਫ਼ਸਲੀ ਚੱਕਰ ਸਭ ਤੋਂ ਜਿ਼ਆਦਾ ਪ੍ਰਚੱਲਿਤ ਹੋਇਆ। ਇਸ ਨਾਲ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਨ੍ਹਾਂ ਵਿਚੋਂ ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦਾ ਘਟਣਾ ਸਭ ਤੋਂ ਗੰਭੀਰ ਹੈ। ਇਸ ਦਾ ਮੁੱਖ ਕਾਰਨ ਝੋਨੇ ਦੀ ਕਾਸ਼ਤ ਹੈ ਜਿਸ ਦਾ ਰਕਬਾ 1960-61 ਵਿਚ 2.27 ਲੱਖ ਹੈਕਟੇਅਰ ਤੋਂ ਵਧ ਕੇ 2021-22 ਵਿਚ 31.45 ਲੱਖ ਹੈਕਟੇਅਰ ਤੱਕ ਪਹੁੰਚ ਗਿਆ। ਇਹ ਸਮੱਸਿਆ ਨਜਿੱਠਣ, ਪਾਣੀ ਦੀ ਸੰਭਾਲ ਦੇ ਵੱਖ ਵੱਖ ਉਪਾਵਾਂ ਨੂੰ ਹੁਲਾਰਾ ਦੇਣ ਦੇ ਨਾਲ ਨਾਲ ਝੋਨੇ ਹੇਠਲਾ ਕੁਝ ਰਕਬਾ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਨਾਲ ਬਦਲ ਕੇ ਫ਼ਸਲੀ ਵੰਨ-ਸਵੰਨਤਾ ਲਿਆਉਣ ਦੀ ਫੌਰੀ ਲੋੜ ਹੈ। ਪੰਜਾਬ ਸਰਕਾਰ ਨੇ ਇਸ ਦਿਸ਼ਾ ਵਿਚ ਕੁਝ ਨੀਤੀਗਤ ਫੈਸਲੇ ਕੀਤੇ ਹਨ ਜਿਨ੍ਹਾਂ ਵਿਚੋਂ ਇੱਕ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਮੂੰਗੀ ਦੀ ਯਕੀਨੀ ਖਰੀਦ ਦਾ ਹੈ। ਸਰਕਾਰ ਦੇ ਇਸ ਹੰਭਲੇ ਨਾਲ ਮੂੰਗੀ, ਪਰਮਲ ਝੋਨੇ ਦੇ ਵਧੀਆ ਬਦਲ ਵਜੋਂ ਉੱਭਰ ਸਕਦੀ ਹੈ। ਇਸ ਨੂੰ ਪਰਮਲ ਝੋਨੇ ਨਾਲੋਂ ਕਾਫੀ ਘੱਟ ਪਾਣੀ ਦੀ ਲੋੜ ਹੋਣ ਦੇ ਨਾਲ ਨਾਲ ਇਸ ਦੀ ਘਰੇਲੂ ਮੰਗ ਵੀ ਹੈ। ਮੂੰਗੀ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮ੍ਹਾਂ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਸੁਧਾਰਦੀ ਹੈ।
ਮੂੰਗੀ ਦੀ ਕਾਸ਼ਤ ਸਾਉਣੀ ਰੁੱਤੇ (ਜੁਲਾਈ ਦੇ ਦੂਜੇ ਪੰਦਰਵਾੜੇ ਦੌਰਾਨ ਬਿਜਾਈ) ਕੀਤੀ ਜਾਂਦੀ ਹੈ। ਇਹ ਲੱਗਭੱਗ 72 ਦਿਨਾਂ ਵਿਚ ਪੱਕ ਜਾਂਦੀ ਹੈ। ਥੋੜ੍ਹੇ ਸਮੇਂ ਦੀਆਂ ਕਿਸਮਾਂ, ਜਿਵੇਂ ਪੀਏਯੂ ਜੀ-65 ਅਤੇ ਪੂਸਾ ਵਿਸਾਖੀ (ਜੋ ਲਗਭਗ 65 ਦਿਨਾਂ ਵਿਚ ਪੱਕ ਜਾਂਦੀਆਂ ਹਨ) ਆਉਣ ਨਾਲ 1970 ਤੋਂ ਮੂੰਗੀ ਦੀ ਕਾਸ਼ਤ ਗਰਮੀਆਂ ਦੇ ਮੌਸਮ ਵਿਚ (20 ਮਾਰਚ ਤੋਂ 10 ਅਪਰੈਲ ਤੱਕ ਬਿਜਾਈ) ਵਿਚ ਵੀ ਸ਼ੁਰੂ ਹੋ ਗਈ। ਸਮੇਂ ਨਾਲ ਇਸ ਦੀ ਬਿਜਾਈ ਦੀ ਮਿਆਦ ਵਧ ਗਈ; ਪੀਏਯੂ ਅਨੁਸਾਰ ਪਿਛੇਤੀ ਬਿਜਾਈ (ਗਰਮੀ ਰੁੱਤੀ ਪਿਛੇਤੀ ਮੂੰਗੀ) ਅਪਰੈਲ ਦੇ ਤੀਜੇ ਹਫ਼ਤੇ ਤੱਕ ਵੀ ਕੀਤੀ ਜਾ ਸਕਦੀ ਹੈ। ਕੁਝ ਕਿਸਾਨ ਕਣਕ ਵੱਢਣ ਤੋਂ ਬਾਅਦ ਵੀ ਬਿਜਾਈ ਕਰਦੇ ਹਨ। ਗਰਮੀ ਰੁੱਤੀ ਮੂੰਗੀ ਦੀਆਂ ਕਿਸਮਾਂ ਲਗਭਗ 61-62 ਦਿਨਾਂ ਵਿਚ ਪੱਕ ਜਾਂਦੀਆਂ ਹਨ। ਸਰਕਾਰ ਦੇ ਮੂੰਗੀ ਦੇ ਯਕੀਨੀ ਮੰਡੀਕਰਨ ਦੇ ਫੈਸਲੇ ਦੇ ਨਤੀਜੇ ਵਜੋਂ ਇਨ੍ਹਾਂ ਸਾਰੇ ਮੌਸਮਾਂ ਵਿਚ ਮੂੰਗੀ ਦੀ ਫ਼ਸਲ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ। ਇਸ ਦੇ ਯਕੀਨੀ ਮੰਡੀਕਰਨ ਨਾਲ ਗਰਮੀ ਰੁੱਤੀ ਮੂੰਗੀ ਦੀ ਕਾਸ਼ਤ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਤਿੰਨ-ਫ਼ਸਲੀ ਪ੍ਰਣਾਲੀ ਹੇਠ ਰਕਬਾ ਵਧ ਸਕਦਾ ਹੈ।
ਸਰਕਾਰ ਦੀ ਇਸ ਪਹਿਲਕਦਮੀ ਦਾ ਮੁੱਖ ਮਕਸਦ ਝੋਨੇ ਹੇਠਲਾ ਕੁਝ ਰਕਬਾ ਮੂੰਗੀ ਹੇਠ ਲਿਆ ਕੇ ਪਾਣੀ ਦੀ ਬੱਚਤ ਕਰਨਾ ਹੈੈ। ਮੂੰਗੀ ਦੀ ਖੇਤੀ ਸਾਉਣੀ ਦੀਆਂ ਹੋਰ ਫ਼ਸਲਾਂ ਜਿਵੇਂ ਮੱਕੀ, ਅਰਹਰ, ਮਾਂਹ ਤੇ ਮੂੰਗਫਲੀ ਹੇਠਲੇ ਕੁਝ ਰਕਬੇ ਵਿਚ ਵੀ ਸ਼ੁਰੂ ਹੋ ਸਕਦੀ ਹੈ। ਫ਼ਸਲ ਨੂੰ ਸਿੰਜਾਈਆਂ ਦੀ ਗਿਣਤੀ ਅਤੇ ਸਿੰਜਾਈ ਦੀ ਡੂੰਘਾਈ ਅਨੁਸਾਰ ਕੀਤੀ ਗਈ ਗਣਨਾ ਤੋਂ ਪਤਾ ਲੱਗਦਾ ਹੈ ਕਿ ਝੋਨੇ ਨੂੰ ਹੋਰ ਫ਼ਸਲਾਂ ਨਾਲੋਂ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਸਭ ਤੋਂ ਘੱਟ ਲੋੜ ਸਾਉਣੀ ਰੁੱਤੀ ਮੂੰਗੀ ਨੂੰ ਹੈ। ਮਟਰ, ਮੱਕੀ ਅਤੇ ਗਰਮੀ ਰੁੱਤੀ ਮੂੰਗੀ ਦੀ ਲੋੜ ਲੱਗਭੱਗ ਬਰਾਬਰ ਹੀ ਹੈ ਜਦੋਂ ਕਿ ਆਲੂ ਦੀ ਲੋੜ ਥੋੜ੍ਹੀ ਜ਼ਿਆਦਾ ਹੈ। ਪਾਣੀ ਦੀ ਲੋੜ ਅਤੇ ਮੁਨਾਫ਼ਾ ਦੋਵੇਂ, ਹੋਰਨਾਂ ਫ਼ਸਲੀ ਚੱਕਰਾਂ ਦੇ ਮੁਕਾਬਲੇ ਪਰਮਲ ਝੋਨੇ ਵਾਲੇ ਫ਼ਸਲੀ ਚੱਕਰਾਂ ਦੇ ਮਾਮਲੇ ਵਿਚ ਵੱਧ ਹਨ। ਇਹ ਵੀ ਸਪੱਸ਼ਟ ਹੈ ਕਿ:
(1) ਗੈਰ-ਝੋਨੇ ਵਾਲੇ ਫ਼ਸਲੀ ਚੱਕਰਾਂ ਵਿਚੋਂ ਕੋਈ ਵੀ, ਇੱਥੋਂ ਤੱਕ ਕਿ ਤਿੰਨ ਫ਼ਸਲਾਂ ਵਾਲੇ ਵੀ, ਆਮ ਪ੍ਰਚੱਲਿਤ ਝੋਨਾ-ਕਣਕ ਫ਼ਸਲੀ ਚੱਕਰ ਨਾਲੋਂ ਵੱਧ ਮੁਨਾਫਾ ਨਹੀਂ ਦਿੰਦੇ।
(2) ਝੋਨੇ ਕਣਕ ਤੋਂ 57995 ਰੁਪਏ ਪ੍ਰਤੀ ਏਕੜ ਤੱਕ ਮੁਨਾਫਾ ਹੁੰਦਾ ਹੈ। ਇਸ ਤੋਂ ਬਾਅਦ ਵਧੀਆ ਮੁਨਾਫ਼ੇ ਵਾਲੇ ਗੈਰ-ਝੋਨਾ ਫ਼ਸਲੀ ਚੱਕਰਾਂ ਵਿਚੋਂ ਸਾਉਣੀ ਰੁੱਤੀ ਮੂੰਗੀ-ਕਣਕ-ਗਰਮੀ ਰੁੱਤੀ ਲੇਟ ਮੂੰਗੀ (49873 ਰੁਪਏ/ਏਕੜ); ਮੱਕੀ-ਕਣਕ- ਗਰਮੀ ਰੁੱਤੀ ਲੇਟ ਮੂੰਗੀ (46680 ਰੁਪਏ/ਏਕੜ); ਸਾਉਣੀ ਰੁੱਤੀ ਮੂੰਗੀ-ਆਲੂ-ਗਰਮੀ ਰੁੱਤੀ ਮੂੰਗੀ (44401 ਰੁਪਏ/ਏਕੜ) ਅਤੇ ਸਾਉਣੀ ਰੁੱਤੀ ਮੂੰਗੀ-ਮਟਰ-ਗਰਮੀ ਰੁੱਤੀ ਮੂੰਗੀ (43496 ਰੁਪਏ/ਏਕੜ) ਫ਼ਸਲੀ ਚੱਕਰ ਹਨ। ਆਲੂ ਅਤੇ ਮਟਰ ਦੋਹਾਂ ਦੀ ਪਾਣੀ ਦੀ ਲੋੜ ਅਤੇ ਮੁਨਾਫਾ ਨੇੜੇ ਤੇੜੇ ਹੀ ਹਨ।
(3) ਗਰਮੀ ਰੁੱਤੀ ਲੇਟ ਮੂੰਗੀ ਆਧਾਰਿਤ ਦੋ ਫ਼ਸਲੀ ਚੱਕਰ (ਸਾਉਣੀ ਰੁੱਤੀ ਮੂੰਗੀ-ਕਣਕ-ਗਰਮੀ ਰੁੱਤੀ ਲੇਟ ਮੂੰਗੀ ਅਤੇ ਮੱਕੀ-ਕਣਕ-ਗਰਮੀ ਰੁੱਤੀ ਲੇਟ ਮੂੰਗੀ) ਮੌਜੂਦਾ ਅਧਿਐਨ ਅਨੁਸਾਰ ਵੱਧ ਲਾਭਕਾਰੀ ਜਾਪਦੇ ਹਨ ਪਰ ਇਹਨਾਂ ਦੇ ਪ੍ਰਚੱਲਿਤ ਹੋਣ ਦੀ ਸੰਭਾਵਨਾ ਜਿ਼ਆਦਾ ਨਹੀਂ। ਕਾਰਨ, ਗਰਮੀ ਰੁੱਤੀ ਲੇਟ ਮੂੰਗੀ ਨੂੰ ਫੁੱਲ ਆਉਣ ਵੇਲੇ ਉੱਚ ਤਾਪਮਾਨ ਅਤੇ ਮੌਨਸੂਨ/ਮੌਨਸੂਨ ਤੋਂ ਪਹਿਲਾਂ ਦੇ ਮੀਂਹ ਦੌਰਾਨ ਕੀੜਿਆਂ ਦੇ ਹਮਲੇ ਕਾਰਨ ਇਸ ਦੀ ਪੈਦਾਵਾਰ ਅਤੇ ਗੁਣਵੱਤਾ ਨੂੰ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਗਰਮੀ ਰੁੱਤੀ ਲੇਟ ਬਿਜਾਈ ਵਾਲੀ ਮੂੰਗੀ ਦੇ ਮੁਕਾਬਲੇ ਗਰਮੀ ਰੁੱਤੀ ਮੂੰਗੀ ਦੀ ਕਾਰਗੁਜ਼ਾਰੀ ਵਧੇਰੇ ਸਥਿਰ ਹੈ। ਸਾਉਣੀ ਰੁੱਤੀ ਮੂੰਗੀ ਵਾਲੇ ਫ਼ਸਲ ਚੱਕਰਾਂ ਨੂੰ ਪਾਣੀ ਦੀ ਘੱਟ ਲੋੜ ਹੈ ਅਤੇ ਇਹ ਮੱਕੀ ਆਧਾਰਿਤ ਫ਼ਸਲੀ ਚੱਕਰਾਂ ਨਾਲੋਂ ਮੁਨਾਫ਼ਾ ਵੀ ਵੱਧ ਦਿੰਦੇ ਹਨ। ਇਉਂ, ਸਾਉਣੀ ਰੁੱਤੀ ਮੂੰਗੀ ਨੂੰ ਮੱਕੀ ਨਾਲੋਂ ਤਰਜੀਹ ਦੇਣੀ ਚਾਹੀਦੀ ਹੈ ਪਰ ਜ਼ਿਆਦਾ ਮੀਂਹ ਪੈਣ ’ਤੇ ਮੂੰਗੀ ਦੇ ਬੂਟੇ ਵਧਦੇ ਰਹਿੰਦੇ ਹਨ ਜਿਸ ਕਰਕੇ ਪੱਕਣ ਵਿਚ ਦੇਰੀ ਹੋ ਜਾਂਦੀ ਹੈ ਅਤੇ ਝਾੜ ’ਤੇ ਮਾੜਾ ਅਸਰ ਪੈਂਦਾ ਹੈ। ਮੀਂਹ ਘੱਟ ਪਵੇ ਤਾਂ ਕੀੜੇ-ਮਕੌੜਿਆਂ ਦਾ ਬਹੁਤ ਜ਼ਿਆਦਾ ਹਮਲਾ ਹੋ ਜਾਂਦਾ ਹੈ। ਇਸ ਦੇ ਮੁਕਾਬਲੇ ਮੱਕੀ ਸਥਿਰ ਫ਼ਸਲ ਹੈ।
(4) ਝੋਨੇ ਕਣਕ ਦੇ ਮੁਕਾਬਲੇ ਸਾਰੇ ਗੈਰ-ਝੋਨਾ ਫ਼ਸਲੀ ਚੱਕਰਾਂ ਨੂੰ ਪਾਣੀ ਦੀ ਕਾਫ਼ੀ ਘੱਟ ਲੋੜ ਹੁੰਦੀ ਹੈ।
(5) ਸਰਕਾਰ ਦੀ ਮੂੰਗੀ ਨੂੰ ਐੱਮਐੱਸਪੀ ’ਤੇ ਖਰੀਦਣ ਦੀ ਇਸ ਪਹਿਲ ਦੇ ਸਿੱਟੇ ਵਜੋਂ ਗਰਮੀ ਰੁੱਤੀ ਮੂੰਗੀ ਦਾ ਰਕਬਾ ਵਧਣ ਨਾਲ ਆਲੂ ਅਤੇ ਮਟਰਾਂ ਦਾ ਰਕਬਾ ਵਧਣ ਦੀ ਜ਼ਿਆਦਾ ਸੰਭਾਵਨਾ ਹੈ। ਪੰਜਾਬ ਵਾਲਾ ਆਲੂ ਦਾ ਬੀਜ ਚੰਗੀ ਗੁਣਵੱਤਾ ਲਈ ਜਾਣਿਆ ਜਾਂਦਾ ਹੈ ਅਤੇ ਦੂਜੇ ਰਾਜਾਂ ਵਿਚ ਇਸ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਮੂੰਗੀ ਦਾ ਐੱਮਐੱਸਪੀ ’ਤੇ ਯਕੀਨੀ ਮੰਡੀਕਰਨ ਗਰਮੀ ਰੁੱਤੀ ਮੂੰਗੀ ਦੇ ਰਕਬੇ ਵਿਚ ਵਾਧਾ ਲਿਆ ਸਕਦਾ ਹੈ ਪਰ ਝੋਨੇ ਹੇਠਲੇ ਰਕਬੇ ਵਿਚ ਸਾਉਣੀ ਰੁੱਤੀ ਮੂੰਗੀ ਦੀ ਖੇਤੀ ਕਰਨ ਦੀ ਜ਼ਿਆਦਾ ਸੰਭਾਵਨਾ ਨਹੀਂ। ਇਸ ਸਾਲ ਅਜਿਹਾ ਹੀ ਵਾਪਰਿਆ ਹੈ। ਗਰਮੀ ਰੁੱਤੀ ਮੂੰਗੀ ਦਾ ਰਕਬਾ 2020-21 ਵਿਚ 54.5 ਹਜ਼ਾਰ ਏਕੜ ਸੀ ਜੋ 2021-22 ਦੌਰਾਨ 129.1 ਹਜ਼ਾਰ ਏਕੜ ਹੋ ਗਿਆ ਅਤੇ ਇਸ ਦਾ ਉਤਪਾਦਨ 21.3 ਹਜ਼ਾਰ ਟਨ ਤੋਂ ਵਧ ਕੇ 65.0 ਹਜ਼ਾਰ ਟਨ ਹੋ ਗਿਆ। ਝੋਨੇ ਹੇਠਲੇ ਰਕਬੇ ਵਿਚ ਕੋਈ ਕਮੀ ਨਹੀਂ ਆਈ। ਝੋਨੇ ਦਾ ਰਕਬਾ 2020-21 ਦੌਰਾਨ 7781 ਹਜ਼ਾਰ ਏਕੜ ਅਤੇ 2021-22 ਵਿਚ 7770 ਹਜ਼ਾਰ ਏਕੜ ਰਿਹਾ। ਇਸ ਲਈ ਸਾਉਣੀ ਰੁੱਤੀ ਮੂੰਗੀ ਨੂੰ ਝੋਨੇ ਦੀ ਥਾਂ ਲੈਣ ਦੇ ਯੋਗ ਬਣਾਉਣ ਲਈ ਐੱਮਐੱਸਪੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ, ਇਸ ਦਾ ਝਾੜ ਵਧਾਉਣ ਦੀ ਲੋੜ ਹੈ। ਇਸ ਦੀਆਂ ਲੰਮੇ ਸਮੇਂ ਵਾਲੀਆਂ ਕਿਸਮਾਂ ਉੱਪਰ ਖੋਜ ਦੀ ਜ਼ਰੂਰਤ ਹੈ, ਫ਼ਸਲ ਦੀ ਮਿਆਦ ਵਧਣ ਨਾਲ ਅਕਸਰ ਝਾੜ ਵਧਦਾ ਹੈ।
ਇਨ੍ਹਾਂ ਹਾਲਾਤ ਵਿਚ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਕਿ ਮੂੰਗੀ ਦੀ ਐੱਮਐੱਸਪੀ ’ਤੇ ਯਕੀਨੀ ਖਰੀਦ ਦਾ ਪਹਿਲਾ ਮਕਸਦ ਪਾਣੀ ਦੀ ਬੱਚਤ ਹੈ। ਇਸ ਮਕਸਦ ਦੀ ਪ੍ਰਾਪਤੀ ਗੈਰ-ਝੋਨੇ ਵਾਲੇ ਫ਼ਸਲੀ ਚੱਕਰ ਅਪਣਾ ਕੇ ਹੀ ਹੋ ਸਕਦੀ ਹੈ। ਇਸ ਨਾਲ ਬਿਜਲੀ ਦੀ ਖਪਤ ਵੀ ਘਟੇਗੀ। ਸਰਕਾਰ ਨੂੰ ਗਰਮੀ ਰੁੱਤੀ ਮੂੰਗੀ ਦੀ ਐੱਮਐੱਸਪੀ ’ਤੇ ਯਕੀਨੀ ਖਰੀਦ ਦੀ ਵਿਵਸਥਾ ਨੂੰ ਝੋਨੇ ਦੀ ਥਾਂ ਸਾਉਣੀ ਰੁੱਤੀ ਮੂੰਗੀ (ਜਾਂ ਕੋਈ ਹੋਰ ਸਾਉਣੀ ਦੀ ਫ਼ਸਲ ਜਿਵੇਂ ਮੱਕੀ) ਦੀ ਖੇਤੀ ਨਾਲ ਜੋੜਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਝੋਨੇ ਦੀ ਕਾਸ਼ਤ ਹੇਠ ਰਕਬਾ ਘਟਾਇਆ ਜਾਵੇ।
*ਸਾਬਕਾ ਵਾਈਸ ਚਾਂਸਲਰ, ਪੀਏਯੂ, ਲੁਧਿਆਣਾ।
ਸੰਪਰਕ: 98728-71033
**ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ), ਪੀਏਯੂ, ਲੁਧਿਆਣਾ।
ਸੰਪਰਕ: 81460-96600