ਭਾਈ ਅਸ਼ੋਕ ਸਿੰਘ ਬਾਗੜੀਆਂ
ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਫੈਸਲਾ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਹਾਲਾਂਕਿ ਇਹ ਫੈਸਲੇ ਕਰਨ ਵਿਚ ਕਾਫੀ ਦੇਰ ਕੀਤੀ ਗਈ ਪਰ ‘ਦੇਰ ਆਇਦ ਦਰੁਸਤ ਆਇਦ’। ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਪੈਪਸੂ ਰਿਆਸਤਾਂ ਪੰਜਾਬ ਵਿਚ ਮਿਲੀਆਂ, ਉਨ੍ਹਾਂ ਨੂੰ ਹੌਲੀ ਹੌਲੀ ਕਰ ਕੇ ਇਕ ਤੋਂ ਬਾਅਦ ਇਕ ਜ਼ਿਲ੍ਹਾ ਬਣਾ ਦਿੱਤਾ ਗਿਆ; ਜਿਵੇਂ ਪਟਿਆਲਾ, ਕਪੂਰਥਲਾ, ਫਰੀਦਕੋਟ, ਸੰਗਰੂਰ, ਬਰਨਾਲਾ ਆਦਿ ਪਰ ਮਲੇਰਕੋਟਲਾ ਨਾਲ ਇਹ ਨਿਆਂ ਨਹੀਂ ਸੀ ਹੋ ਸਕਿਆ।
ਪੰਜਾਬ ਦੇ ਇਤਿਹਾਸ ਵਿਚ ਮਾਲੇਰਕੋਟਲਾ ਦਾ ਬੜਾ ਅਹਿਮ ਸਥਾਨ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਰੋਕਣ ਲਈ ਨਵਾਬ ਮਾਲੇਰਕੋਟਲਾ ਸ਼ੇਰ ਖਾਨ ਨੇ ਸੂਬਾ ਸਰਹੰਦ ਵਜ਼ੀਰ ਖਾਂ ਕੋਲ ‘ਹਾਅ ਦਾ ਨਾਅਰਾ’ ਮਾਰਿਆ ਅਤੇ ਉਸ ਨੂੰ ਇਹ ਘਿਨਾਉਣਾ ਕਾਰਾ ਕਰਨ ਤੋਂ ਰੋਕਣ ਦੀ ਭਰਪੂਰ ਕੋਸ਼ਿਸ਼ ਕੀਤੀ। ਜਿੱਥੇ ਮਾਤਾ ਗੁਜਰੀ ਨਾਲ ਧ੍ਰੋਹ ਕਮਾ ਕੇ ਬੱਚਿਆਂ ਨੂੰ ਗੰਗੂ ਨੇ ਬੱਚਿਆਂ ਨੂੰ ਵਜ਼ੀਰ ਖਾਨ ਦੇ ਹਵਾਲੇ ਕਰ ਦਿੱਤਾ, ਉੱਥੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਵਜ਼ੀਰ ਖਾਨ ਨੂੰ ਇਸਲਾਮ ਦਾ ਵਾਸਤਾ ਦਿੰਦਿਆਂ ਕਿਹਾ ਕਿ ਧਰਮ ਵਿਚ ਸ਼ੀਰਖੋਰ (ਦੁੱਧ ਪੀਂਦੇ ਬੱਚਿਆਂ) ਨੂੰ ਮਾਰਨਾ ਪਾਪ ਹੈ। ਨਵਾਬ ਮਲੇਰਕੋਟਲਾ ਦੀਆਂ ਇਨ੍ਹਾਂ ਗੱਲਾਂ ਨਾਲ ਵਜ਼ੀਰ ਖਾਨ ਉਤੇ ਕੁਝ ਪ੍ਰਭਾਵ ਵੀ ਪਿਆ ਪਰ ਉਸ ਦੇ ਮੰਤਰੀ ਸੁੱਚਾ ਨੰਦ ਨੇ ਬੱਚਿਆਂ ਨੂੰ ‘ਸੱਪ ਦੇ ਬੱਚੇ’ ਦੱਸ ਕੇ ਵਜ਼ੀਰ ਖਾਨ ਨੂੰ ਭੜਕਾਇਆ ਅਤੇ ਦੁਨੀਆ ਦਾ ਸਭ ਤੋਂ ਨੀਚ ਦਰਜੇ ਦਾ ਪਾਪ ਕਰਨ ਲਈ ਰਾਜ਼ੀ ਕਰ ਲਿਆ।
ਜ਼ਫਰਨਾਮੇ ਮੁਤਾਬਿਕ ਚਮਕੌਰ ਦੀ ਲੜਾਈ ਵਿਚ ਨਵਾਬ ਮਾਲੇਰਕੋਟਲਾ ਦਾ ਭਰਾ ਨਾਹਰ ਖਾਨ ਗੁਰੂ ਸਾਹਿਬ ਦੇ ਤੀਰ ਨਾਲ ਮਾਰਿਆ ਗਿਆ। ਇਸ ਘਟਨਾ ਦਾ ਜ਼ਿਕਰ ਗੁਰੂ ਸਾਹਿਬ ਆਪਣੇ ਜ਼ਫਰਨਾਮੇ ਵਿਚ ਕਰਦੇ ਹਨ ਅਤੇ ਸੂਬਾ ਸਰਹੰਦ ਦੇ ਅਹੁਦੇਦਾਰਾਂ ਨੇ ਸ਼ੇਰ ਖਾਨ ਨੂੰ ਗੁਰੂ ਸਾਹਿਬ ਦੇ ਬੱਚਿਆਂ ਨੂੰ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕਿਹਾ ਪਰ ਨਵਾਬ ਮਲੇਰਕੋਟਲਾ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਅਜਿਹਾ ਘਟੀਆ ਕਾਰਾ ਨਹੀਂ ਕਰ ਸਕਦਾ, ਛੋਟੇ ਛੋਟੇ ਬੱਚਿਆਂ ਕੋਲੋਂ ਬਦਲਾ ਨਹੀਂ ਲਿਆ ਜਾਂਦਾ; ਇਨ੍ਹਾਂ ਨੂੰ ਮਾਰਨਾ ਕਾਇਰਤਾ ਵਾਲਾ ਕਾਰਾ, ਇਕ ਬਲਵਾਨ ਦੀ ਸ਼ਾਨ ਦੇ ਖਿਲਾਫ ਹੋਵੇਗਾ। ਨਵਾਬ ਮਾਲੇਰਕੋਟਲਾ ਵਲੋਂ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਸੂਬਾ ਸਰਹਿੰਦ ਸਾਹਮਣੇ ਦਿਖਾਈ ਦਲੇਰੀ ਨੂੰ ਪੰਜਾਬੀ ਭਾਈਚਾਰਾ ‘ਹਾਅ ਦੇ ਨਾਅਰੇ’ ਰੂਪ ਵਿਚ ਯਾਦ ਕਰਦਾ ਹੈ।
ਜਿਸ ਤਰ੍ਹਾਂ ਪੰਜਾਬ ਦੀਆਂ ਦੂਜੀਆਂ ਰਿਆਸਤਾਂ ਕੋਲ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਮੌਜੂਦ ਹਨ, ਕਿਹਾ ਜਾਂਦਾ ਹੈ ਕਿ ਮਾਲੇਰਕੋਟਲਾ ਰਿਆਸਤ ਕੋਲ ਵੀ ਗੁਰੂ ਸਾਹਿਬ ਦਾ ਬਖਸ਼ਿਆ ‘ਸ੍ਰੀ ਸਾਹਿਬ’ ਹੈ।
1947 ਵਿਚ ਪੰਜਾਬ ਦੀ ਵੰਡ ਵੇਲੇ ਪੰਜਾਬ ਦਾ ਉਹ ਮੁਸਲਮਾਨ ਜੋ ਮਾਲੇਰਕੋਟਲਾ ਦੀ ਸਹਰੱਦ ਵਿਚ ਆ ਗਿਆ, ਉਸ ਦਾ ਕੋਈ ਵੀ ਨੁਕਸਾਨ ਨਹੀਂ ਕੀਤਾ ਗਿਆ ਜਾਂ ਹੋਣ ਦਿੱਤਾ ਗਿਆ। 1947 ਦੀ ਵੰਡ ਵਿਚ ਭਾਵੇਂ ਪੰਜਾਬ ਦੇ ਹਿੰਦੂ/ਸਿੱਖ ਬਹੁਤਾਤ ਇਲਾਕਿਆਂ ਵਿਚ ਮੁਸਲਮਾਨਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰ ਮਾਲੇਰਕੋਟਲੇ ਵਿਖੇ ਜੋ ਵੀ ਮੁਸਲਮਾਨ ਸਨ, ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਮਲੇਰਕੋਟਲਾ ਦੇ ਨਜ਼ਦੀਕ ਪਿੰਡ ਬਾਗੜੀਆਂ ਵਿਚ ਬਣਾਏ ਰਿਫਊਜੀ ਕੈਂਪ ਵਿਚ ਸਾਰੇ ਮੁਸਲਾਮਾਨਾਂ ਨੂੰ ਪਨਾਹ ਦੇ ਕੇ ਹਿਫ਼ਾਜ਼ਤ ਨਾਲ ਉਨ੍ਹਾਂ ਨੂੰ ਪਾਕਿਸਤਾਨ (ਜੋ ਜਾਣਾ ਚਾਹੁੰਦੇ ਸਨ) ਪਹੁੰਚਾਇਆ ਗਿਆ। ਆਜ਼ਾਦੀ ਦੇ ਸਾਢੇ ਸੱਤ ਦਹਾਕਿਆਂ ਬਾਅਦ ਵੀ ਮਾਲੇਰਕੋਟਲਾ ਵਿਚ ਨਾਲ ਹਿੰਦੂਆਂ/ਸਿੱਖਾਂ/ਮੁਸਲਮਾਨਾਂ ਦੀ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਆਪਣੇ ਆਪ ਵਿਚ ਮਿਸਾਲ ਹੈ।
ਪੰਜਾਬ ਸਰਕਾਰ ਦੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਕਦਮ ਨੂੰ ਕੁਝ ਬਾਹਰੀ ਸਿਆਸੀ ਨੇਤਾਵਾਂ ਦਾ ਇਸ ਨੂੰ ਗ਼ਲਤ ਦੱਸਣਾ ਉਨ੍ਹਾਂ ਦੀ ਘੱਟ ਗਿਣਤੀਆਂ ਪ੍ਰਤੀ ਭੈੜੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਨ੍ਹਾਂ ਨੇਤਾਵਾਂ ਨੂੰ ਆਪਣੇ ਸੂਬਿਆਂ ਵਿਚ ਕਰੋਨਾ ਨਾਲ ਮਰ ਰਹੇ ਬੇਕਸੂਰ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਪੰਜਾਬ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲ ਦੇਣਾ ਚਾਹੀਦਾ ਹੈ। ਮਾਲੇਰਕੋਟਲਾ ਸਿੱਖ ਮਾਨਸਿਕਤਾ ਨਾਲ ਕਾਫੀ ਗੂੜ੍ਹੀ ਤਰ੍ਹਾਂ ਜੁੜਿਆ ਹੋਇਆ ਹੈ।
ਇਸੇ ਲਈ ਦੇਰੀ ਨਾਲ ਹੀ ਸਹੀ, ਪੰਜਾਬ ਸਰਕਾਰ ਦਾ ਮਾਲੇਰਕੋਟਲਾ ਨੂੰ ਜਿ਼ਲ੍ਹਾ ਐਲਾਨਣਾ ਇਕ ਸਹੀ ਦਿਸ਼ਾ ਵਿਚ ਕਦਮ ਹੈ। ਇਸ ਲਈ ਪੰਜਾਬ ਸਰਕਾਰ ਪ੍ਰਸ਼ੰਸਾ ਦੀ ਹੱਕਦਾਰ ਹੈ।
ਸੰਪਰਕ: 98140-95308