ਪ੍ਰੇਰਨਾਦਾਇਕ ਲਿਖਤ
ਐਤਵਾਰ, 20 ਨਵੰਬਰ ਨੂੰ ਨਜ਼ਰੀਆ ਪੰਨੇ ‘ਤੇ ਅਵਨੀਤ ਕੌਰ ਦਾ ਮਿਡਲ ‘ਅਨੂਠਾ ਰੰਗ’ ਪ੍ਰੇਰਨਾ ਅਤੇ ਸਿੱਖਿਆ ਦੇਣ ਵਾਲਾ ਸੀ। ਅਧਿਆਪਕ ਅਤੇ ਪੁਸਤਕਾਂ ਸਾਡੀ ਜ਼ਿੰਦਗੀ ਵਿੱਚ ਸੱਚੇ ਦੋਸਤ ਹੁੰਦੇ ਹਨ। ਸਮਾਜ ਵਿੱਚ ਮਾਮੀ ਵਾਂਗ ਅਨਪੜ੍ਹ ਅਤੇ ਰੁੱਖੇ ਵਿਤਕਰੇ ਵਰਤਣ ਵਾਲੇ ਲੋਕਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਨਹੀਂ ਹੁੰਦੀ। ਲਿਖਤ ਦੀ ਅਸਲੀ ਪਾਤਰ ਸਿੱਖਿਆ ਦੇ ਖੇਤਰ ਵਿੱਚ ਮਿਹਨਤ ਲਗਨ ਸਦਕਾ ਮੰਜ਼ਿਲ ਹਾਸਲ ਕਰਨ ਲਈ ਸਿੱਖਿਆ ਦੇ ਸੱਚੀ-ਮੁੱਚੀਂ ਅਨੂਠੇ ਰੰਗਾਂ ਦੀ ਮਿਸਾਲ ਬਣੀ ਹੈ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਸੇਵਾ ਦਾ ਪੁੰਜ
ਐਤਵਾਰ, 20 ਨਵੰਬਰ ਦੇ ‘ਦਸਤਕ’ ਅੰਕ ਵਿੱਚ ਛਪੇ ਲੇਖ ‘ਅੰਡੇਮਾਨ ‘ਚ ਪੰਜਾਬ ਦੀ ਮੋਹੜੀ’ ਰਾਹੀਂ ਲੇਖਕ ਬਲਦੇਵ ਸਿੰਘ ਧਾਲੀਵਾਲ ਨੇ ਡਾ. ਦੀਵਾਨ ਸਿੰਘ ਕਾਲੇਪਾਣੀ ਵੱਲੋਂ ਆਜ਼ਾਦੀ ਵਿੱਚ ਪਾਏ ਯੋਗਦਾਨ ਅਤੇ ਕੀਤੀ ਨਿਰਪੱਖ ਸੇਵਾ ਵਜੋਂ ਪੰਜਾਬ ਦੇ ਨਾਲ-ਨਾਲ ਦੇਸ਼ ਅੰਦਰ ਇੰਨੇ ਦੂਰ-ਦੁਰਾਡੇ ਖਿੱਤੇ ਮਿਲੇ ਪਿਆਰ ਅਤੇ ਸਤਿਕਾਰ ਨੂੰ ਉਜਾਗਰ ਕੀਤਾ ਹੈ। ਲੇਖਕ ਨੇ ਇਹ ਅਫ਼ਸੋਸ ਵੀ ਪ੍ਰਗਟਾਇਆ ਹੈ ਕਿ ਅਸੀਂ ਦੀਵਾਨ ਸਿੰਘ ਕਾਲੇਪਾਣੀ ਨਾਲ ਸਬੰਧਤ ਲਿਖਤਾਂ ਅਤੇ ਇਤਿਹਾਸ ਨੂੰ ਸੰਭਾਲਣ ਤੇ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਸਫ਼ਲ ਰਹੇ ਹਾਂ। ਉਨ੍ਹਾਂ ਵੱਲੋਂ ਕੀਤੀ ਸੇਵਾ ਅਤੇ ਪੰਜਾਬੀ ਸਾਹਿਤ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਰਜਵਿੰਦਰ ਪਾਲ ਸ਼ਰਮਾ, ਈ-ਮੇਲ
ਪਿਛੋਕੜ ਚੇਤੇ ਕਰਵਾਇਆ
ਐਤਵਾਰ, 13 ਨਵੰਬਰ ਨੂੰ ‘ਦਸਤਕ’ ਅੰਕ ਵਿੱਚ ਗੁਰਬਚਨ ਜਗਤ ਦੀ ਰਚਨਾ ‘ਪੁਰਾਣਾ ਅੰਮ੍ਰਿਤਸਰ ਫਿਰ ਯਾਦ ਆਇਆ’ ਪੜ੍ਹ ਕੇ ਰੂਹ ਖ਼ੁਸ਼ ਹੋ ਗਈ ਅਤੇ ਇਸ ਨੇ ਮੈਨੂੰ ਮੇਰਾ ਪਿਛੋਕੜ ਚੇਤੇ ਕਰਵਾ ਦਿੱਤਾ। ਲੇਖ ਨਾਲ ਛਾਪੀਆਂ ਦਰਬਾਰ ਸਾਹਿਬ, ਹਾਲ ਬਾਜ਼ਾਰ, ਕੇਸਰ ਦਾ ਢਾਬਾ, ਟ੍ਰਿਬਿਊਨ ਦੇ ਕੌਰਸਪੌਂਡੈਂਟ ਜੀ.ਆਰ. ਸੇਠੀ ਅਤੇ ਫੈਜ਼ ਅਹਿਮਦ ਫੈਜ਼ ਦੀਆਂ ਤਸਵੀਰਾਂ ਨੇ ਮਨ ਮੋਹ ਲਿਆ। ਟੈਮੀ ਭੰਡਾਰੀ ਦਾ ਲੇਖਕ ਨੇ ਬੜਾ ਸੋਹਣਾ ਜ਼ਿਕਰ ਕੀਤਾ ਹੈ। ਅੰਮ੍ਰਿਤਸਰੀਆਂ ਦੇ ਖੁੱਲ੍ਹੇ ਖਾਣ-ਪੀਣ ਅਤੇ ਨਿੱਘੇ ਸੁਭਾਅ ਦੀ ਚਰਚਾ ਖੁੱਲ੍ਹ ਕੇ ਕੀਤੀ ਗਈ ਹੈ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਸਰਮਾਏਦਾਰੀ ਨਿਜ਼ਾਮ
ਐਤਵਾਰ, 13 ਨਵੰਬਰ ਦੀ ਸੰਪਾਦਕੀ ‘ਨੌਜਵਾਨ ਪੀੜ੍ਹੀ ਦਾ ਭਵਿੱਖ’ ਪੜ੍ਹਨ ਤੋਂ ਇੱਕ ਗੱਲ ਸਾਫ਼ ਤੌਰ ‘ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਅੱਜ ਇੱਕਾ ਦੁੱਕਾ ਦੇਸ਼ਾਂ ਨੂੰ ਛੱਡ ਕੇ ਦੁਨੀਆਂ ਦੇ ਬਹੁਤੇ ਦੇਸ਼ਾਂ ‘ਚ ਸਰਮਾਏਦਾਰੀ ਨਿਜ਼ਾਮ ਭਾਰੂ ਹੈ ਜੋ ਸ਼ਰ੍ਹੇਆਮ ਨੌਜਵਾਨ ਪੀੜ੍ਹੀ ਦਾ ਸੋਸ਼ਣ ਕਰ ਰਿਹਾ ਹੈ ਅਤੇ ਆਪਣਾ ਸਿਆਸੀ ਦਬਦਬਾ ਤੇ ਰਾਜਤੰਤਰ ਮਜ਼ਬੂਤ ਰੱਖਣ ਲਈ ਨੌਜਵਾਨਾਂ ਨੂੰ ਵਿਚਾਰਧਾਰਕ ਅਤੇ ਧਾਰਮਿਕ ਤੌਰ ‘ਤੇ ਇੱਕ ਦੂਜੇ ਨਾਲ ਲੜਾ ਕੇ ਆਪਣਾ ਉੱਲੂ ਸਿੱਧਾ ਕਰਨ ‘ਚ ਕਾਮਯਾਬ ਹੋ ਰਿਹਾ ਹੈ।
ਅਜੋਕੇ ਦੌਰ ‘ਚ ਬਾਕੀ ਦੁਨੀਆਂ ਵਾਂਗ ਪੰਜਾਬ ਦਾ ਨੌਜਵਾਨ ਵੀ ਸਰਮਾਏਦਾਰੀ ਰਾਜਤੰਤਰ ਦਾ ਸ਼ਿਕਾਰ ਹੋਇਆ ਨਜ਼ਰ ਆ ਰਿਹਾ ਹੈ। ਬੇਰੁਜ਼ਗਾਰੀ ਦਾ ਲਾਹਾ ਲੈਂਦਿਆਂ ਸਰਮਾਏਦਾਰ ਤਬਕਾ ਨੌਜਵਾਨਾਂ ਨੂੰ ਮਿਹਨਤ ਦਾ ਪੂਰਾ ਮੁੱਲ ਦੇਣ ਦੀ ਬਜਾਏ ਘੱਟ ਉਜਰਤਾਂ ‘ਤੇ ਉਨ੍ਹਾਂ ਪਾਸੋਂ ਵਧੇਰੇ ਮੁਸ਼ੱਕਤ ਵਾਲੇ ਕੰਮ ਕਰਵਾ ਕੇ ਖ਼ੁਦ ਅਮੀਰ ਬਣ ਰਿਹਾ ਹੈ ਅਤੇ ਮਾਇਆ ਦੇ ਜ਼ੋਰ ਉੱਤੇ ਸੱਤਾ ‘ਤੇ ਕਾਬਜ਼ ਲੋਕਾਂ ਪਾਸੋਂ ਆਪਣੀ ਮਰਜ਼ੀ ਦੇ ਕਾਨੂੰਨ ਪਾਸ ਕਰਵਾ ਰਿਹਾ ਹੈ। ਇਹ ਆਪਣੇ ਮਨਸੂਬਿਆਂ ‘ਚ ਸਫ਼ਲ ਹੋਣ ਲਈ ਨੌਜਵਾਨ ਪੀੜ੍ਹੀ ਨੂੰ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਸਰਗਰਮੀਆਂ ਅਤੇ ਸਮਾਜਿਕ ਕੁਰੀਤੀਆਂ ‘ਚ ਉਲਝਾ ਰਿਹਾ ਹੈ। ਅਜਿਹੇ ਹਾਲਾਤ ‘ਚ ਮਾਂ ਬਾਪ ਆਪਣੀ ਔਲਾਦ ਨੂੰ ਬਚਾਉਣ ਲਈ ਉਨ੍ਹਾਂ ਨੂੰ ਵਿਦੇਸ਼ ਭੇਜਣਾ ਬਿਹਤਰ ਸਮਝ ਰਹੇ ਹਨ। ਪਰਵਾਸ ਕਿਸੇ ਸਮੱਸਿਆ ਦਾ ਹੱਲ ਨਹੀਂ। ਇਸ ਰੁਝਾਨ ਨੂੰ ਰੋਕਣ ਵਾਸਤੇ ਪੰਜਾਬ ਦੀਆਂ ਸਮੁੱਚੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਮਤਭੇਦ ਭੁਲਾ ਕੇ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰਨ ਲਈ ਰਾਹ ਦਸੇਰੇ ਬਣਨ ਦੀ ਲੋੜ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਮਹੱਤਵਪੂਰਨ ਜਾਣਕਾਰੀ
ਐਤਵਾਰ, ਛੇ ਨਵੰਬਰ 2022 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਦੀ ਰਚਨਾ ‘ਮਨੁੱਖ ਦਾ ਆਪਣੇ ਜਿਹੇ ਹੋਰ ਜੀਵਾਂ ਨਾਲ ਰਿਸ਼ਤਾ’ ਬੜੀ ਮਹੱਤਵਪੂਰਨ ਜਾਣਕਾਰੀ ਦੇਣ ਵਾਲੀ ਹੈ। ਸਾਡੇ ਵਿੱਚੋਂ ਬਹੁਤਿਆਂ ਦੇ ਮਨ ਵਿੱਚ ਮਨੁੱਖ ਦੇ ਮੂਲ ਸਰੋਤ ਬਾਰੇ ਜਾਣਨ ਦੀ ਸਹਿਜ ਇੱਛਾ ਹੁੰਦੀ ਹੈ। ਪ੍ਰੋਫੈਸਰ ਅਰਵਿੰਦ ਨੇ ਵਿਗਿਆਨਕ ਨਜ਼ਰੀਏ ਨਾਲ ਇਸ ਬਾਰੇ ਸਪਸ਼ਟੀਕਰਨ ਦਿੱਤਾ ਹੈ। ਵਿਗਿਆਨ ਬਾਰੇ ਘੱਟ ਸਮਝ ਵਾਲੇ ਪਾਠਕਾਂ ਨੂੰ ਵੀ ਇਹ ਜਾਣਨਾ ਵਧੀਆ ਅਤੇ ਰੋਮਾਂਚਿਤ ਕਰ ਦੇਣ ਵਾਲਾ ਲੱਗਾ ਕਿ ਅਫਰੀਕਾ ਵਿੱਚ ਮਨੁੱਖਾਂ ਵਰਗੇ ਕਈ ਜੀਵ-ਸਮੂਹ ਰਹਿੰਦੇ ਸਨ; ਮਨੁੱਖ ਦਾ ਮੂਲ ਨਿਵਾਸ ਅਫ਼ਰੀਕਾ ਸੀ; ਮਨੁੱਖ ਦੀ ਉਤਪਤੀ ਸਭ ਤੋਂ ਪਹਿਲਾਂ ਅਫ਼ਰੀਕਾ ਵਿੱਚ ਹੋਈ; ਸਾਰੇ ਮਨੁੱਖਾਂ ਦੀ ਮਾਂ ਇੱਕੋ ਹੈ, ਉਹ ਅਫ਼ਰੀਕਾ ਵਿੱਚ ਰਹਿੰਦੀ ਸੀ ਅਤੇ ਉੱਥੋਂ ਹੀ ਤੁਰ ਕੇ ਮਨੁੱਖ ਧਰਤੀ ਦੇ ਵੱਖ-ਵੱਖ ਹਿੱਸਿਆਂ ‘ਤੇ ਜਾ ਵਸੇ। ਪ੍ਰੋਫੈਸਰ ਅਰਵਿੰਦ ਨੇ ਭਾਰਤ ਦੇ ਸੰਦਰਭ ਵਿੱਚ, ਡੀਐੱਨਏ ਦੇ ਨਮੂਨਿਆਂ ‘ਤੇ ਆਧਾਰਿਤ ਖੋਜ ਦੇ ਨਤੀਜਿਆਂ ਦਾ ਜ਼ਿਕਰ ਕੀਤਾ ਹੈ ਜਿਸ ਦੇ ਅਨੁਸਾਰ ਵੱਖ-ਵੱਖ ਧਰਮਾਂ-ਜਾਤਾਂ-ਸੂਬਿਆਂ ਦੇ ਸਾਰੇ ਭਾਰਤੀ ਲਗਭਗ ਇੱਕੋ ਜਿਹੇ ਹਨ। ਇਹ ਬੜੀ ਕੀਮਤੀ ਜਾਣਕਾਰੀ ਹੈ ਜੋ ਅੱਜ ਦੇ ਵਖਰੇਵਿਆਂ ਵਾਲੇ ਮਾਹੌਲ ਵਿੱਚ ਡੂੰਘਾਈ ਨਾਲ ਸੋਚਣ ਲਈ ਮਜਬੂਰ ਕਰਦੀ ਹੈ।
ਸ਼ੋਭਨਾ ਵਿਜ, ਪਟਿਆਲਾ