ਅਵਤਾਰ ਲੰਗੇਰੀ
ਪੈਂਤੀ ਕੁ ਵਰ੍ਹੇ ਪਹਿਲਾਂ ਜਦ ਮੇਰਾ ਰੈਣ ਬਸੇਰਾ ਮਾਝੇ ਦੀ ਧਰਤੀ ਜਿ਼ਲ੍ਹਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਚ ਸੀ ਤਾਂ 6 ਅਕਤੂਬਰ 1986 ਨੂੰ ਪਹੁ ਫੁਟਾਲੇ ਨਾਲ ਅਖ਼ਬਾਰ ਦੇ ਪਹਿਲੇ ਪੰਨੇ ’ਤੇ ਝਾਤ ਮਾਰਦਿਆਂ ਮੋਟਾ ਕਰਕੇ ਲਿਖਿਆ ਨਜ਼ਰੀਂ ਪਿਆ: ‘ਇਕ ਅਨੋਖਾ ਸੋਗ ਸਮਾਗਮ, ਹਨੇਰੇ ਵਿਚ ਰਾਹ ਦਿਖਾਊ ਤੇਰੇ ਲਹੂ ਦੀ ਲੋਅ!’ ਉਦੋਂ ਇੰਨੇ ਗੰਭੀਰ ਸ਼ਬਦਾਂ ਦੇ ਅਰਥਾਂ ਦਾ ਬਹੁਤਾ ਪਤਾ ਨਹੀਂ ਸੀ, ਤੇ ਆਮ ਕਰਕੇ ਇਨ੍ਹਾਂ ਦੇ ਅਰਥ ਲੱਭਣ ਦੀ ਬਹੁਤੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂਦੀ ਪਰ ਇਨ੍ਹਾਂ ਵਿਚ ਪਿੰਡ ਲੰਗੇਰੀ (ਜ਼ਿਲ੍ਹਾ ਹੁਸ਼ਿਆਰਪੁਰ) ਦਾ ਜਿ਼ਕਰ ਹੋਣ ਕਰਕੇ ਇਹ ਪੰਨਾ ਪੜ੍ਹਨ ਦੀ ਤੀਬਰ ਇੱਛਾ ਜਾਗੀ, ਲੰਗੇਰੀ ਮੇਰੇ ਪੁਰਖਿਆਂ ਦਾ ਪਿੰਡ ਸੀ।
ਅਖ਼ਬਾਰ ਦਾ ਪੰਨਾ ਪੜ੍ਹਦਿਆਂ ਬਹੁਤ ਭਾਵੁਕ ਹੋ ਗਿਆ, ਅੱਖਾਂ ਵਿਚੋਂ ਹੰਝੂ ਛਲਕ ਪਏ ਅਤੇ ਮਨ ਅੰਦਰੋਂ ਰੋ ਰਿਹਾ ਸੀ। ਇਸ ਪਿੰਡ ਦਾ ਜਾਏ ਦਰਸ਼ਨ ਸਿੰਘ ਕੈਨੇਡੀਅਨ ਨੂੰ ਦਹਿਸ਼ਤਗਰਦਾਂ ਨੇ 25 ਸਤੰਬਰ 1986 ਨੂੰ ਕਤਲ ਕਰ ਦਿੱਤਾ ਸੀ। ਉਸ ਦਿਨ ਦੋ ਵਜੇ ਦੇ ਕਰੀਬ ਉਹ ਸਾਈਕਲ ’ਤੇ ਕਸਬਾ ਮਾਹਿਲਪੁਰ ਤੋਂ ਆਪਣੇ ਪਿੰਡ ਲੰਗੇਰੀ ਜਾ ਰਹੇ ਸਨ ਪਰ ਪਿੰਡ ਦੇ ਬਾਹਰਵਾਰ ਮੋਟਰਸਾਈਕਲ ’ਤੇ ਸਵਾਰ ਤਿੰਨ ਜਣਿਆਂ ਨੇ 69 ਸਾਲਾ ਕੈਨੇਡੀਅਨ ਨੂੰ ਪਿੱਛੋਂ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਦਾ ਕਸੂਰ ਸਿਰਫ ਇਹ ਸੀ ਕਿ ਉਹ ਇਸ ਉਮਰ ਵਿਚ ਵੀ ਜਵਾਨਾਂ ਵਾਂਗ ਲੋਕਾਂ ਦੇ ਹੱਕਾਂ ਲਈ ਜੂਝ ਰਹੇ ਸਨ ਅਤੇ ਹਿੰਦੂ ਸਿੱਖ ਏਕਤਾ ਦੇ ਮੁਦਈ ਸਨ।
ਦਰਸ਼ਨ ਸਿੰਘ ਕੈਨੇਡਾ ਵਿਚ ਭਾਰਤੀ ਲੋਕਾਂ ਦੇ ਹੱਕਾਂ ਦੀ ਖ਼ਾਤਰ ਮਿੱਲ ਮਾਲਕਾਂ ਖਿ਼ਲਾਫ਼ ਡਟਿਆ ਰਿਹਾ। ਜਦੋਂ ਕੈਨੇਡਾ ਦੀਆਂ ਮਿੱਲਾਂ ਅੰਦਰ ਗੋਰਿਆਂ ਦੇ ਮੁਕਾਬਲੇ ਗੈਰ ਗੋਰਿਆਂ ਦੀਆਂ ਤਨਖ਼ਾਹਾਂ ਬਹੁਤ ਘੱਟ ਸੀ ਤਾਂ ਇੰਟਰਨੈਸ਼ਨਲ ਵੁੱਡਵਰਕਰਜ਼ ਆਫ ਅਮੈਰਿਕਾ (ਆਈਡਬਲਿਊਏ) ਵਰਗੀਆਂ ਜੱਥੇਬੰਦੀਆਂ ਨੂੰ ਤਕੜਿਆਂ ਕਰਕੇ ਗੈਰ ਗੋਰੇ ਮਜ਼ਦੂਰਾਂ ਨੂੰ ਗੋਰਿਆਂ ਦੇ ਬਰਾਬਰ ਤਨਖ਼ਾਹ ਦਿਵਾਉਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਉਹ ਵੋਟ ਦਾ ਹੱਕ ਦਿਵਾਉਣ ਲਈ ‘ਫਾਈਟ ਫਾਰ ਵੋਟ ਰਾਈਟਸ’ ਮੁਹਿੰਮ ਤਹਿਤ 1943 ਤੋਂ 1947 ਤੱਕ ਮੋਹਰੀ ਹੋ ਕੇ ਲੜਿਆ। ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਸਰਕਾਰ ਨੇ 1907 ਵਿਚ ਹਿੰਦੋਸਤਾਨੀਆਂ ਤੋਂ ਵੋਟ ਦਾ ਹੱਕ ਖੋਹ ਲਿਆ ਸੀ। ਦਰਸ਼ਨ ਸਿੰਘ ਕੈਨੇਡੀਅਨ ਆਈਡਬਲਿਊਏ ਦੇ ਤਤਕਾਲੀ ਪ੍ਰਧਾਨ ਦੀ ਅਗਵਾਈ ਵਿਚ ਡੈਲੀਗੇਸ਼ਨ ਲੈ ਕੇ ਸਰਕਾਰ ਨੂੰ ਮਿਲੇ ਅਤੇ ਫਿਰ ਗੁਰਦੁਆਰੇ ਵੱਲੋਂ ਨੁਮਾਇੰਦੇ ਲੈ ਕੇ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਸਰਕਾਰ ਤੋਂ ਵੋਟ ਦਾ ਹੱਕ ਲੈਣ ਲਈ ਦਬਾਅ ਪਾਇਆ। ਆਖਰ 2 ਅਪਰੈਲ 1947 ਨੂੰ ਵੋਟ ਦਾ ਹੱਕ ਲੈ ਕੇ ਜਿੱਤ ਦਾ ਝੰਡਾ ਗੱਡਿਆ ਗਿਆ ਅਤੇ ਭਾਰਤੀਆਂ ਨੂੰ ਫਿਰ ਤੋਂ ਵੋਟ ਦਾ ਅਧਿਕਾਰ ਪ੍ਰਾਪਤ ਹੋ ਗਿਆ। 1947 ਤੋਂ ਬਾਅਦ ਦੇਸ਼ ਭਗਤਾਂ, ਗ਼ਦਰੀ ਸੂਰਬੀਰਾਂ, ਯੋਧਿਆਂ ਦੇ ਸੁਫ਼ਨਿਆਂ ਦੀ ਆਜ਼ਾਦੀ ਲਿਆਉਣ ਲਈ ਉਨ੍ਹਾਂ ਕੈਨੇਡਾ ਦੀਆਂ ਸਭ ਸਹੂਲਤਾਂ ਛੱਡ ਕੇ ਭਾਰਤ ਚਾਲੇ ਪਾ ਦਿੱਤੇ।
ਭਾਰਤ ਪਹੁੰਚ ਕੇ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਤੋਂ ਲੈ ਕੇ ਸੂਬਾ ਸਕੱਤਰ ਤਕ ਅਹੁਦੇ ’ਤੇ ਰਹੇ ਅਤੇ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਗੜ੍ਹਸ਼ੰਕਰ ਤੋਂ ਮੈਂਬਰ ਚੁਣੇ ਗਏ। ਉਨ੍ਹਾਂ ਦਿਨਾਂ ਵਿਚ ਹਲਕਾ ਗੜ੍ਹਸ਼ੰਕਰ ਦਾ ਬੀਤ ਇਲਾਕਾ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਿਹਾ ਸੀ। ਜਵਾਨ ਅਤੇ ਬਜ਼ੁਰਗ ਔਰਤਾਂ ਸਾਰਾ ਸਾਰਾ ਦਿਨ ਪਾਣੀ ਦੇ ਘੜੇ ਸਿਰ ’ਤੇ ਢੋਂਹਦੀਆਂ। ਸੌ ਸੌ ਫੁੱਟ ਡੂੰਘੇ ਖੂਹਾਂ ਵਿਚੋਂ ਪਾਣੀ ਕੱਢਣ ਅਤੇ ਢੋਣ ਲਈ ਮੀਲਾਂ ਦਾ ਸਫ਼ਰ ਤੈਅ ਕਰਨਾ ਪੈਂਦਾ। ਧੀਆਂ ਭੈਣਾਂ ਦਾ ਕੀਮਤੀ ਸਮਾਂ ਜੋ ਪੜ੍ਹਾਈ ਲਿਖਾਈ ਵਿਚ ਲੱਗਣਾ ਸੀ, ਉਹ ਆਪਣੇ ਘਰ ਦੀ ਵਰਤੋਂ ਲਈ ਪਾਣੀ ਢੋਣ ਵਿਚ ਨਿਕਲ ਜਾਂਦਾ। ਆਪਣੇ ਹਲਕੇ ਦੇ ਲੋਕਾਂ ਦਾ ਇਹ ਹਾਲ ਦੇਖ ਕੇ ਕੈਨੇਡੀਅਨ ਦੇ ਦਿਲ ਤੇ ਗਹਿਰੀ ਸੱਟ ਵੱਜੀ। ਉਨ੍ਹਾਂ ਪੰਜਾਬ ਵਿਧਾਨ ਸਭਾ ਵਿਚ ਇਹ ਮਸਲਾ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਬੜੇ ਨਾਟਕੀ ਢੰਗ ਨਾਲ 100 ਫੁੱਟ ਰੱਸਾ ਆਪਣੇ ਮੋਢੇ ’ਤੇ ਲਿਜਾ ਕੇ ਵਿਧਾਨ ਸਭਾ ਵਿਚ ਜਾ ਸੁੱਟਿਆ ਅਤੇ ਵਿਧਾਨ ਸਭਾ ਸਪੀਕਰ ਨੂੰ ਸੰਬੋਧਤ ਹੁੰਦਿਆਂ ਕੰਢੀ ਇਲਾਕੇ ਦੇ ਲੋਕਾਂ ਦੇ ਪਾਣੀ ਦੇ ਮਸਲੇ ਦਾ ਜਿ਼ਕਰ ਕਰਦਿਆਂ ਜ਼ੋਰਦਾਰ ਢੰਗ ਨਾਲ ਕਿਹਾ, “ਹੈ ਕੋਈ ਮਾਈ ਦਾ ਲਾਲ ਜਿਹੜਾ ਇਸ ਸੌ ਫੁੱਟ ਰੱਸੇ ਨੂੰ ਚੁੱਕ ਕੇ ਦਿਖਾਵੇ?” ਸਭ ਵਿਧਾਨ ਸਭਾ ਮੈਂਬਰ ਕੈਨੇਡੀਅਨ ਵੱਲ ਇੱਕ ਟੱਕ ਦੇਖ ਰਹੇ ਸਨ। ਫਿਰ ਉਨ੍ਹਾਂ ਗਰਜਵੀਂ ਆਵਾਜ਼ ਵਿਚ ਕਿਹਾ, “ਮੇਰੇ ਹਲਕੇ ਦੀਆਂ ਧੀਆਂ ਭੈਣਾਂ ਇਸ ਸੌ ਫੁੱਟ ਰੱਸੇ ਨੂੰ ਡੂੰਘੇ ਖੂਹਾਂ ਵਿਚ ਲਟਕਾ ਕੇ ਪਾਣੀ ਕੱਢਦੀਆਂ ਹਨ ਅਤੇ ਆਪਣੇ ਘਰ ਲਿਜਾਂਦੀਆਂ ਹਨ। ਇਸ ਨਾਲ ਸਰੀਰ ਦੀਆਂ ਆਂਦਰਾ ਤਕ ਖਿੱਚੀਆਂ ਜਾਂਦੀਆਂ ਹਨ, ਤਾਂ ਕਿਤੇ ਜਾ ਕੇ ਪਰਿਵਾਰ ਨੂੰ ਦੋ ਘੁੱਟ ਪਾਣੀ ਨਸੀਬ ਹੁੰਦਾ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਡੂੰਘੇ ਟਿਊਬਵੈੱਲ ਲਗਵਾ ਕੇ ਕੰਢੀ ਇਲਾਕੇ ਦੇ ਲੋਕਾਂ ਦੇ ਘਰ ਘਰ ਪਾਣੀ ਪਹੁੰਚਾਇਆ।
ਅਖ਼ਬਾਰ ਵਿਚ ਛਪੇ ਇਹ ਵੇਰਵੇ ਪੜ੍ਹ ਕੇ ਇਸ ਯੁੱਗ ਪੁਰਸ਼ ਸ਼ਖ਼ਸੀਅਤ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਉਤਸੁਕਤਾ ਪੈਦਾ ਹੋਈ। ਕੁਝ ਦਿਨਾਂ ਬਾਅਦ ਪਿੰਡ ਤੋਂ ਬੱਸ ਲਈ ਅਤੇ ਲੰਗੇਰੀ ਜਾ ਪੁੱਜਾ ਅਤੇ ਪਿੰਡ ਦੇ ਸਰਪੰਚ ਮਨਜੀਤ ਸਿੰਘ ਲਾਲੀ ਨੂੰ ਨਾਲ ਲੈ ਕੈਨੇਡੀਅਨ ਦੇ ਘਰ ਗਿਆ। ਕੈਨੇਡੀਅਨ ਦਾ ਬਾਲਿਆਂ ਦੀ ਛੱਤ ਵਾਲਾ ਤਿੰਨ ਕਮਰਿਆਂ ਦਾ ਛੋਟਾ ਜਿਹਾ ਘਰ ਸੀ। ਦੋ ਕਮਰਿਆਂ ਵਿਚ ਘਰ ਦਾ ਸਾਮਾਨ ਸੀ ਅਤੇ ਇਕ ਕਮਰਾ ਦੁਨੀਆ ਭਰ ਦੀਆਂ ਇਤਿਹਾਸਕ ਪੁਸਤਕਾਂ ਦੇ ਨਾਲ ਭਰਿਆ ਪਿਆ ਸੀ। ਫਰਸ਼ ਤੋਂ ਲੈ ਕੇ ਛੱਤ ਤੱਕ ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਫਾਰਸੀ ਅਤੇ ਰੂਸੀ ਭਾਸ਼ਾਵਾਂ ਦੀਆਂ ਬਹੁਮੁੱਲੀਆਂ ਪੁਸਤਕਾਂ, ਅਖ਼ਬਾਰਾਂ ਅਤੇ ਰਸਾਲੇ ਕਿਸੇ ਵੱਡੀ ਲਾਇਬਰੇਰੀ ਦਾ ਪ੍ਰਭਾਵ ਸਿਰਜ ਰਹੇ ਸਨ। ਮੈਂ ਕਦੇ ਉਸ ਕਮਰੇ ਵੱਲ ਦੇਖ ਰਿਹਾ ਸੀ ਤੇ ਕਦੇ ਅਖ਼ਬਾਰ ਵਿਚ ਛਪੀ ਕੈਨੇਡੀਅਨ ਦੀ ਫੋਟੋ ਨੂੰ ਮਨ ਮਸਤਕ ਵਿਚ ਲਿਆ ਕੇ ਸੋਚ ਰਿਹਾ ਸੀ ਕਿ ਕੈਨੇਡੀਅਨ ਕੋਈ ਸ਼ਖ਼ਸ ਨਹੀਂ ਸੀ, ਉਹ ਤਾਂ ਇੱਕ ਯੂਨੀਵਰਸਿਟੀ ਸੀ ਜਿਸ ਨੂੰ ਅਸੀਂ ਗੁਆ ਬੈਠੇ ਹਾਂ।
ਲੰਮਾ ਹਉਕਾ ਨਿਕਲਿਆ ਅਤੇ ਆਪਣੇ ਮਨ ਦੀ ਇੱਛਾ ਜ਼ਾਹਰ ਕੀਤੀ- ‘ਕੈਨੇਡੀਅਨ ਜੀ ਦੀ ਇਹ ਬਹੁਮੁੱਲੀ ਜਾਇਦਾਦ ਕਿਸੇ ਇਹੋ ਜਿਹੀ ਜਗ੍ਹਾ ’ਤੇ ਪਹੁੰਚਾਉਣੀ ਚਾਹੀਦੀ ਹੈ ਜਿੱਥੋਂ ਪੂਰੀ ਖ਼ਲਕਤ ਨੂੰ ਇਸ ਜਾਇਦਾਦ ਵਿਚੋਂ ਹਿੱਸਾ ਮਿਲ ਸਕੇ’। ਫ਼ੈਸਲਾ ਹੋਇਆ ਕਿ ਇਸ ਕੀਮਤੀ ਜਾਇਦਾਦ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਚ ਪਹੁੰਚਾ ਦਿੱਤਾ ਜਾਵੇ। ਫਿਰ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਉੱਥੋਂ ਹਜ਼ਾਰਾਂ ਖੋਜ ਵਿਦਿਆਰਥੀ ਇਸ ਖ਼ਜ਼ਾਨੇ ਦਾ ਲਾਹਾ ਲੈ ਚੁੱਕੇ ਹਨ ਅਤੇ ਲੈ ਰਹੇ ਹਨ। ਹੁਣ ਮੈਨੂੰ ਅਖ਼ਬਾਰ ਵਿਚ ਛਪੀਆਂ ਸਤਰਾਂ ਦੇ ਅਰਥ ਪੂਰੀ ਤਰ੍ਹਾਂ ਸਮਝ ਆਏ ਸਨ: ਹਨੇਰੇ ਵਿਚ ਰਾਹ ਦਿਖਾਊ ਤੇਰੇ ਲਹੂ ਦੀ ਲੋਅ…।
ਸੰਪਰਕ: 94632-60181