ਡਾ. ਅਰਵਿੰਦਰ ਸਿੰਘ ਨਾਗਪਾਲ
ਹਿੰਦੇ ਨੇ ਜਿ਼ੰਦਗੀ ਮੇਲੇ ਵਿਚ ਲੱਗਿਆ ਝੂਲਾ ਹੈ ਜਿਸ ਵਿਚ ਅਸੀਂ ਸਭ ਸਵਾਰੀ ਕਰ ਰਹੇ ਹਾਂ। ਕਦੀ ਇਹ ਉੱਪਰ ਜਾਂਦਾ ਹੈ ਤੇ ਕਦੀ ਥੱਲੇ ਆ ਜਾਂਦਾ ਹੈ। ਕਦੇ ਅਸੀਂ ਖੁਸ਼ ਹੋ ਜਾਂਦੇ ਹਾਂ ਤੇ ਕਦੀ ਬਹੁਤ ਉਦਾਸ। ਕਦੀ ਸਾਨੂੰ ਅਚਨਚੇਤੀ ਫਾਇਦਾ ਹੋ ਜਾਂਦਾ ਹੈ ਤੇ ਕਦੀ ਨਾ ਚਾਹੁੰਦੇ ਹੋਏ ਵੀ ਘਾਟਾ ਖਾਣਾ ਪੈਂਦਾ ਹੈ। ਮੈਂ ਤਾਂ ਹੁਣ ਤੱਕ ਇਹੀ ਸਿੱਖਿਆ ਹੈ ਕਿ ਫਾਇਦਾ ਹੋਣ ਤੇ ਬਹੁਤੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਤੇ ਘਾਟਾ ਹੋਣ ਤੇ ਅਫਸੋਸ।
ਮੈਂ ਤੇ ਮੇਰੀ ਪਤਨੀ ਦੋਵੇਂ ਮੱਧ-ਵਰਗੀ ਪਰਵਾਰਾਂ ਵਿਚੋਂ ਆਏ ਹਾਂ। ਸਾਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਬਹੁਤ ਮਿਹਨਤ ਕਰਨੀ ਪਈ ਸੀ। ਇਸ ਦੌਰਾਨ ਅਸੀਂ ਫੈਸਲਾ ਕੀਤਾ ਸੀ ਕਿ ਚਾਦਰ ਦੇਖ ਕੇ ਪੈਰ ਪਸਾਰਨਾ ਜਾਂ ਲੋੜ ਅਨੁਸਾਰ ਖਰਚ ਕਰਨਾ ਤਾਂ ਸਾਡੇ ਹੱਥ ਵਿਚ ਹੈ ਤੇ ਅਸੀਂ ਉਹ ਕਰਾਂਗੇ ਵੀ ਪਰ ਜੇ ਕੋਈ ਪੈਸਿਆਂ ਦਾ ਘਾਟਾ ਪੈ ਗਿਆ ਤਾਂ ਉਸ ਨੂੰ ਦਿਲ ਤੇ ਨਹੀਂ ਲਗਾਵਾਂਗੇ। ਅਸੀਂ ਘਾਟੇ ਵਾਲਾ ਖਾਤਾ ਬਣਾ ਲਿਆ। ਅਜਿਹੇ ਘਾਟਿਆਂ ਨੂੰ ਅਸੀਂ ਉਸ ਵਿਚ ਲਿਖ ਕੇ ਭੁਲਾ ਦਿੰਦੇ ਸੀ ਕਿਉਂਕਿ ਅਸੀਂ ਜਾਣਦੇ ਸੀ ਕਿ ਇਹ ਕਦੀ ਵਾਪਿਸ ਨਹੀਂ ਆਉਣੇ। ਅਜਿਹੇ ਮੌਕੇ ਜਿ਼ੰਦਗੀ ਵਿਚ ਬਹੁਤ ਵਾਰ ਆਏ। ਸਾਡੀ ਆਦਤ ਸੀ ਕਿ ਅਸੀਂ ਹਰ ਸ਼ਖ਼ਸ ਤੇ ਵਿਸ਼ਵਾਸ ਕਰ ਲੈਂਦੇ ਸੀ। ਸਾਡੇ ਕਈ ਮੁਲਾਜ਼ਮ ਘਪਲਾ ਕਰ ਕੇ ਭੱਜ ਗਏ। ਕਈ ਵਾਰ ਤਾਂ ਉਨ੍ਹਾਂ ਘਪਲਿਆਂ ਬਾਰੇ ਬਹੁਤ ਬਾਅਦ ਵਿਚ ਪਤਾ ਲੱਗਿਆ। ਅਸੀਂ ਘਾਟੇ ਵਾਲੇ ਖਾਤੇ ਵਿਚ ਜਿੰਨਾ ਲਿਖਦੇ ਸੀ, ਸਾਨੂੰ ਉਸ ਤੋਂ ਵੱਧ ਮਿਲ ਜਾਂਦਾ ਸੀ। ਇਸੇ ਤਰ੍ਹਾਂ ਅਸੀਂ ਰਿਸ਼ਤਿਆਂ ਦਾ ਹਿਸਾਬ-ਕਿਤਾਬ ਰੱਖਿਆ ਹੈ। ਆਪਣੇ ਵੱਲੋਂ ਕਿਸੇ ਦਾ ਬੁਰਾ ਨਾ ਕਰੋ। ਜੇ ਕੋਈ ਬੁਰਾ ਕਰ ਜਾਂਦਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਭੁਲਾਉਣ ਦੀ ਕੋਸਿ਼ਸ਼ ਕਰੋ।
ਮੇਰੀ ਧੀ ਦੇ ਮੈਡੀਕਲ ਕਾਲਜ ਵਿਚ ਦਾਖਲੇ ਵੇਲੇ ਸਾਡੇ ਨਾਲ਼ ਧੋਖਾ ਹੋ ਗਿਆ। ਗੁਜਰਾਤ ਦੇ ਇਕ ਕਾਲਜ ਵਿਚ ਦਾਖ਼ਲਾ ਹੋਇਆ। ਸਾਰੀ ਫੀਸ ਜਮ੍ਹਾਂ ਹੋ ਗਈ। ਇਕ ਮਹੀਨਾ ਕਲਾਸਾਂ ਵੀ ਲੱਗੀਆਂ। ਇਸ ਤੋਂ ਬਾਅਦ ਪਤਾ ਲੱਗਾ ਕਿ ਕਾਲਜ ਖਿਲਾਫ ਸੁਪਰੀਮ ਕੋਰਟ ਵਿਚ ਕੇਸ ਚੱਲ ਰਿਹਾ ਸੀ ਜਿਸ ਵਿਚ ਉਹ ਹਾਰ ਗਏ। ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਭੇਜ ਦਿੱਤਾ। ਫੀਸ ਵਾਪਸ ਕਰਨ ਵਿਚ ਆਨਾ-ਕਾਨੀ ਕਰਨ ਲੱਗ ਪਏ। ਮੈਂ ਗੁਜਰਾਤ ਵਿਚ ਪੁਲੀਸ ਸਿ਼ਕਾਇਤ ਕਰ ਕੇ ਵਾਪਿਸ ਆ ਕੇ ਆਪਣੇ ਕੰਮ ਵਿਚ ਰਮ ਗਿਆ। ਮੈਨੂੰ ਪਤਾ ਸੀ ਕਿ ਮੈਂ ਇੰਨੀ ਦੂਰ ਜਾ ਕੇ ਇਸ ਕੇਸ ਦੀ ਪੈਰਵੀ ਨਹੀਂ ਕਰ ਸਕਦਾ। ਇਸ ਰਕਮ ਨੂੰ ਘਾਟੇ ਵਾਲੇ ਖਾਤੇ ਵਿਚ ਲਿਖ ਦਿੱਤਾ ਪਰ ਵਕਤ ਦਾ ਪਹੀਆ ਆਪਣੀ ਰਫਤਾਰ ਨਾਲ ਚਲਦਾ ਰਹਿੰਦਾ ਹੈ। ਕਈ ਸਾਲ ਬਾਅਦ ਵਕੀਲ ਦਾ ਫੋਨ ਆਇਆ ਕਿ ਤੁਹਾਡਾ ਕੇਸ ਹੁਣ ਸਿਰੇ ਲੱਗ ਗਿਆ ਹੈ। ਕਾਲਜ ਫੀਸ ਮੋੜਨ ਲਈ ਤਿਆਰ ਹੋ ਗਿਆ ਹੈ, ਤੁਸੀਂ ਆ ਕੇ ਲੈ ਜਾਓ। ਪਹਿਲੀ ਬਾਰ ਘਾਟੇ ਵਾਲੇ ਖਾਤੇ ਵਿਚ ਕੋਈ ਵਾਪਸੀ ਹੋਈ ਸੀ।
ਬਹੁਤ ਵਾਰੀ ਬੱਚਿਆਂ ਤੋਂ ਵੀ ਨੁਕਸਾਨ ਹੋ ਜਾਂਦਾ ਹੈ। ਅੱਜਕੱਲ੍ਹ ਆਨਲਾਈਨ ਖਰੀਦਦਾਰੀ ਕਰਨ ਦਾ ਸਮਾਂ ਆ ਗਿਆ ਹੈ। ਪੁੱਤਰ ਇੰਜਨੀਅਰ ਹੈ। ਉਸ ਨੂੰ ਕੰਪਿਊਟਰ ਦੇ ਕਿਸੇ ਪੁਰਜ਼ੇ ਦੀ ਲੋੜ ਸੀ। ਆਨਲਾਈਨ ਲੱਭਦੇ ਲੱਭਦੇ ਉਸ ਨੂੰ ਦੋ ਤਿੰਨ ਜਗ੍ਹਾ ਤੇ ਉਹ ਪੁਰਜ਼ਾ ਦਿਖਾਈ ਦਿੱਤਾ। ਦੋ ਕੰਪਨੀਆਂ ਤਾਂ ਬਹੁਤ ਮਸ਼ਹੂਰ ਸਨ ਤੇ ਉਨ੍ਹਾਂ ਦੀ ਕਈ ਸਾਲਾਂ ਤੋਂ ਦੁਕਾਨਦਾਰੀ ਚੱਲ ਰਹੀ ਸੀ। ਤੀਸਰੀ ਕੰਪਨੀ ਨਵੀਂ ਲਗਦੀ ਸੀ ਪਰ ਸਭ ਤੋਂ ਘੱਟ ਕੀਮਤ ਦੱਸ ਰਹੀ ਸੀ। ਘੱਟ ਕੀਮਤ ਦੇ ਲਾਲਚ ਵਿਚ ਆ ਕੇ ਪੁੱਤਰ ਨੇ ਉਸ ਕੰਪਨੀ ਨੂੰ ਆਰਡਰ ਦੇ ਦਿੱਤਾ। ਉਨ੍ਹਾਂ ਨੇ ਸਾਰੇ ਪੈਸੇ ਅਗਾਊਂ ਮੰਗੇ ਤਾਂ ਉਹ ਵੀ ਦੇ ਦਿੱਤੇ। ਮੈਂ ਥੋੜ੍ਹਾ ਸ਼ੱਕ ਜ਼ਾਹਿਰ ਕੀਤਾ ਤਾਂ ਉਸ ਨੇ ਕਿਹਾ, “ਬੈਂਕ ਤੋਂ ਬੈਂਕ ਵਿਚ ਪੈਸੇ ਜਾ ਰਹੇ ਹਨ, ਕੰਪਨੀ ਕਿਥੇ ਭੱਜ ਜਾਏਗੀ।” ਤਿੰਨ ਚਾਰ ਦਿਨ ਜਦੋਂ ਕੋਈ ਸੂਚਨਾ ਨਾ ਆਈ ਤਾਂ ਪੁੱਤਰ ਨੇ ਕੰਪਨੀ ਨੂੰ ਫੋਨ ਕਰਨਾ ਸ਼ੁਰੂ ਕੀਤਾ। ਪਹਿਲਾਂ ਕੁਝ ਦਿਨ ਟਾਲ-ਮਟੋਲ ਕਰਦੇ ਰਹੇ, ਫਿਰ ਹੋਰ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਮੈਂ ਸਮਝਾਇਆ, “ਇਹੋ ਜਿਹੀਆਂ ਕੰਪਨੀਆਂ ਫਰਾਡ ਵੀ ਹੋ ਸਕਦੀਆਂ ਹਨ, ਪਹਿਲੇ ਪੈਸੇ ਡੁੱਬ ਚੁੱਕੇ ਹਨ, ਹੁਣ ਹੋਰ ਨਹੀਂ ਫਸਾਉਣੇ।” ਉਸ ਨੂੰ ਬਹੁਤ ਪਛਤਾਵਾ ਹੋਇਆ। ਮੈਂ ਕਿਹਾ, “ਇਨਸਾਨ ਗ਼ਲਤੀਆਂ ਕਰਕੇ ਹੀ ਸਿੱਖਦਾ ਹੈ, ਤੈਨੂੰ ਸਮਝ ਆ ਗਈ ਹੈ ਕਿ ਇਸ ਤਰ੍ਹਾਂ ਹਰ ਕਿਸੇ ਤੇ ਭਰੋਸਾ ਨਹੀਂ ਕਰਨਾ ਅਤੇ ਪੇਸ਼ਗੀ ਪੈਸੇ ਕਿਸੇ ਨੂੰ ਨਹੀਂ ਦੇਣੇ। ਜੋ ਵੀ ਚੀਜ਼ ਲੈਣੀ ਹੈ, ਦੁਕਾਨ ਤੋਂ ਲੈਣ ਦੀ ਕੋਸਿ਼ਸ਼ ਕਰੀਂ ਤਾਂ ਕਿ ਖਰਾਬ ਹੋਣ ਤੇ ਕੱਲ੍ਹ ਨੂੰ ਉਲਾਂਭਾ ਵੀ ਦੇ ਸਕੇਂ। ਜਿਹੜਾ ਪੈਸਿਆਂ ਦਾ ਨੁਕਸਾਨ ਹੋ ਗਿਆ, ਉਹਨੂੰ ਘਾਟੇ ਵਾਲੇ ਖਾਤੇ ਵਿਚ ਲਿਖ ਦੇ।”
ਸੰਪਰਕ: 98151-77324