ਨਰਿੰਦਰ ਪਾਲ ਸਿੰਘ ਜਗਦਿਓ
ਸਤੰਬਰ 2019 ਵਿੱਚ ਆਪਣੇ ਇੰਗਲੈਂਡ ਵਾਲੇ ਦੋਸਤ ਕੋਲ 16-17 ਦਿਨ ਦੀਆਂ ਛੁੱਟੀਆਂ ਕੱਟ ਕੇ ਵਾਪਸ ਜ਼ਿੰਦਗੀ ਦੇ ਝਮੇਲਿਆਂ ਨਾਲ ਦੋ-ਚਾਰ ਹੋ ਰਿਹਾ ਸਾਂ ਕਿ ਦਸੰਬਰ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਉਸੀ ਦੋਸਤ ਨੂੰ ਬ੍ਰੇਨ ਹੈਮਰੇਜ਼ ਹੋ ਗਿਆ ਹੈ ਅਤੇ ਬਚਣ ਦੀ ਉਮੀਦ ਬਹੁਤ ਘੱਟ ਹੈ। 19 ਸਾਲ ਪਹਿਲਾਂ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਲੰਧਰ (ਲੱਧੇਵਾਲੀ) ਰਿਜ਼ਨਲ ਕੈਂਪਸ ਵਿੱਚ ਇਕੱਠੇ ਪੜ੍ਹਦੇ ਹੁੰਦੇ ਸੀ ਅਤੇ ਉਸ ਦਾ ਯੂਨੀਵਰਸਿਟੀ ਵਾਲੇ ਦਿਨਾਂ ਦਾ ਸ਼ਰਾਰਤੀਪੁਣਾ ਇੰਗਲੈਂਡ ਵਿੱਚ ਵੀ ਉਵੇਂ ਹੀ ਸੀ। ਵਿਆਹੁਤਾ ਜ਼ਿੰਦਗੀ ਦੀ ਅਸਫਲਤਾ ਅਤੇ ਇੰਗਲੈਂਡ ਦੀ ਸਖ਼ਤ ਜ਼ਿੰਦਗੀ ਦੇ ਬਾਵਜੂਦ ਉਹ ਜ਼ਿੰਦਾਦਿਲ ਅਤੇ ਸਕਾਰਾਤਮਕ ਸੋਚ ਵਾਲਾ ਸੀ।
ਬ੍ਰੇਨ ਹੈਮਰੇਜ਼ ਵਾਲੀ ਖ਼ਬਰ ਨੇ ਮੇਰੇ ਸਮੇਤ ਬਾਕੀ ਸਾਰੇ ਦੋਸਤਾਂ ਨੂੰ ਝੰਜੋੜ ਕੇ ਰੱਖ ਦਿੱਤਾ। ਦਿਲ ਬਹੁਤ ਉਦਾਸ ਹੋਇਆ। ਉਹ ਜ਼ਿੰਦਗੀ-ਮੌਤ ਨਾਲ ਜੂਝ ਰਿਹਾ ਸੀ ਅਤੇ ਉਸ ਦਾ ਇੱਕ ਪਾਸਾ ਨਕਾਰਾ ਹੋ ਗਿਆ। ਡਾਕਟਰਾਂ ਨੇ ਕਹਿ ਦਿੱਤਾ ਕਿ ਸਾਰੀ ਉਮਰ ਇਹ ਹੁਣ ਮੰਜੇ ’ਤੇ ਹੀ ਰਹੇਗਾ। ਅਪ੍ਰੈਲ 2020 ਵਿਚ ਜਦੋਂ ਸਾਰੀ ਦੁਨੀਆ ਕਰੋਨਾ ਦੇ ਡਰ ਨਾਲ ਘਰਾਂ ਵਿਚ ਲੁਕੀ ਬੈਠੀ ਸੀ ਤਾਂ ਮੈਨੂੰ ਉਸ ਦਾ ਫੋਨ ਆਇਆ। ਲੜਖੜਾਉਂਦੀ ਆਵਾਜ਼ ਵਿਚ ਉਹ ਬੋਲਦਾ ਰਿਹਾ। ਮੇਰੇ ਇੱਕ ਵੀ ਅੱਖਰ ਸਮਝ ਨਹੀਂ ਲੱਗ ਰਿਹਾ ਸੀ, ਪਰ ਉਸ ਦੀ ਹੌਂਸਲਾ ਅਫਜ਼ਾਈ ਲਈ ਮੈਂ ਹੁੰਗਾਰਾ ਭਰਦਾ ਰਿਹਾ।
ਡਾਕਟਰਾਂ ਦੀ ਭਵਿੱਖਬਾਣੀ ਦੇ ਉਲਟ ਹੌਲੀ-ਹੌਲੀ ਉਸ ਦੀ ਆਵਾਜ਼ ਅਤੇ ਸਿਹਤ ਵਿਚ ਸੁਧਾਰ ਹੋਣ ਲੱਗਾ। ਅਕਸਰ ਫੋਨ ’ਤੇ ਗੱਲ ਹੋ ਜਾਂਦੀ ਤੇ ਉਸ ਵੱਲੋਂ ਬੋਲੇ ਸਾਰੇ ਸ਼ਬਦ ਸਾਫ਼-ਸਾਫ਼ ਸੁਣਾਈ ਦਿੰਦੇ। ਹੁਣ ਉਸ ਦੀ ਆਵਾਜ਼ ਪੂਰੀ ਤਰ੍ਹਾਂ ਠੀਕ ਹੈ। ਸਰੀਰ ਦੇ ਜਿਹੜੇ ਪਾਸੇ ਅਧਰੰਗ ਹੋ ਗਿਆ ਹੈ, ਉਸ ਦੀ ਤੰਦਰੁਸਤੀ ਲਈ ਉਹ ਰੋਜ਼ਾਨਾ ਕਸਰਤ ਕਰਦਾ ਹੈ। ਨਵੇਂ ਸਿਰਿਓਂ ਜ਼ਿੰਦਗੀ ਜਿਊਣ ਦੇ ਉਸ ਦੇ ਉਤਸ਼ਾਹ ਅਤੇ ਸਕਾਰਾਤਮਕ ਸੋਚ ਦਾ ਨਤੀਜਾ ਹੈ ਕਿ ਅੱਜ ਆਪਣੇ ਬਹੁਤ ਸਾਰੇ ਕਾਰਜ ਉਹ ਖ਼ੁਦ ਸੰਵਾਰ ਲੈਂਦਾ ਹੈ। ਉਸ ਦਾ ਕਹਿਣਾ ਹੈ ਕਿ ਜਲਦ ਹੀ ਉਹ 100 ਫੀਸਦੀ ਠੀਕ ਹੋਵੇਗਾ ਤੇ ਖੂਬਸੂਰਤ ਜ਼ਿੰਦਗੀ ਦੇ ਨਜ਼ਾਰੇ ਮਾਣਨ ਦੇ ਨਾਲ-ਨਾਲ ਸਮਾਜਿਕ ਤਬਦੀਲੀ ਲਈ ਵੀ ਠੋਸ ਕਾਰਜ ਕਰੇਗਾ।
ਜ਼ਿੰਦਗੀ ਨਾਲ ਸਾਨੂੰ ਲੱਖ ਗਿਲੇ-ਸ਼ਿਕਵੇ ਹੋਣ, ਕਿਸੇ ਪ੍ਰਤੀ ਸਾਡਾ ਨਜ਼ਰੀਆ ਕਿਹੋ ਜਿਹਾ ਵੀ ਹੋਵੇ, ਭਾਵੇਂ ਵਿੱਤੀ ਹਾਲਾਤ ਡਾਵਾਂਡੋਲ ਹੋਣ ਅਤੇ ਜ਼ਿੰਦਗੀ ਦੇ ਬਹੁਤ ਸਾਰੇ ਟੀਚਿਆਂ ਤੋਂ ਲੱਖਾਂ ਕੋਹਾਂ ਦੂਰ ਹੋਈਏ, ਪਰ ਜ਼ਿੰਦਗੀ ਜਿਊਣ ਪ੍ਰਤੀ ਜੇਕਰ ਉਤਸ਼ਾਹ ਅਤੇ ਸੋਚ ਸਕਾਰਾਤਮਕ ਹੋਵੇ ਤਾਂ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ। ਕਾਮਯਾਬੀ ਦਾ ਦਾਇਰਾ ਅਤੇ ਖੇਤਰ ਵਿਅਕਤੀ ਵਿਸ਼ੇਸ਼ ਦੇ ਹਿਸਾਬ ਨਾਲ ਕੋਈ ਵੀ ਹੋ ਸਕਦਾ ਹੈ। ਜ਼ਿੰਦਗੀ ਵਿੱਚ ਸਬਰ-ਸੰਤੋਖ ਵੀ ਬਹੁਤ ਜ਼ਰੂਰੀ ਹੈ।
20-22 ਸਾਲ ਪਹਿਲਾਂ ਤੱਕ ਜਿਹੜੇ ਕਾਰਜ ਇੱਕ ਸੁਪਨਾ ਸੀ, ਅੱਜ ਉਨ੍ਹਾਂ ਵਿਚੋਂ ਬਹੁਤ ਸਾਰੇ ਪੂਰੇ ਕਰ ਲਏ ਹਨ। ਜਿਹੜੇ ਰਾਹਾਂ ’ਤੇ ਸਿਖਰ ਦੁਪਹਿਰੇ ਪੈਦਲ ਤੁਰਦੇ ਹੁੰਦੇ ਸਾਂ, ਅੱਜ ਕਾਰ ਦਾ ਏ.ਸੀ. ਚਲਾ ਕੇ ਉੱਥੋਂ ਲੰਘੀਦਾ। ਅਸਲ ਵਿਚ ਮਨੁੱਖ ਜਿਹੜੀ ਗੱਲ ਨੂੰ ਵਾਰ-ਵਾਰ ਗੰਭੀਰਤਾ ਨਾਲ ਸੋਚਦਾ ਰਹਿੰਦਾ ਹੈ, ਸਾਡਾ ਦਿਮਾਗ਼ ਉਸ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ। ਮਹਾਤਮਾ ਬੁੱਧ ਅਨੁਸਾਰ ਜਿਵੇਂ ਦਾ ਅਸੀਂ ਸੋਚਦੇ ਹਾਂ, ਉਵੇਂ ਦੇ ਹੀ ਬਣ ਜਾਂਦੇ ਹਾਂ। ਜ਼ਿੰਦਗੀ ਸਾਰੇ ਲੋਕਾਂ ਨੂੰ ਤਬਦੀਲੀ ਦਾ ਮੌਕਾ ਦਿੰਦੀ ਹੈ, ਕਿਸੇ ਨੂੰ ਪਹਿਲਾਂ ਕਿਸੇ ਨੂੰ ਬਾਅਦ ਵਿਚ। ਜਿਹੜੇ ਮੌਕਾ ਖੁੰਝਾ ਜਾਂਦੇ ਹਨ, ਉਹ ਬਾਅਦ ਵਿਚ ਜ਼ਿੰਦਗੀ ਨੂੰ (ਬਹੁਤੇ ਕਿਸਮਤ ਨੂੰ) ਕੋਸਦੇ ਰਹਿੰਦੇ ਹਨ। ਦੁਨੀਆ ਭਰ ਵਿਚ ਮਸ਼ਹੂਰ ਫੂਡ ਚੇਨ ਕੇ.ਐੱਫ.ਸੀ. ਨੂੰ ਸ਼ੁਰੂ ਕਰਨ ਵਾਲੇ ਕਰਨਲ ਹਰਲੈਂਡ ਸੈਂਡਰਜ਼ (ਸੈਂਡਰਜ਼ ਫ਼ੌਜ ਵਿਚ ਨਹੀਂ ਸੀ। ਉਸ ਦੀ ਤਰੱਕੀ ਕਰਕੇ ਉਸ ਨੂੰ ਇਹ ਖਿਤਾਬ ਦਿੱਤਾ ਗਿਆ ਸੀ) ਨੂੰ ਕਾਮਯਾਬੀ 70 ਸਾਲ ਦੀ ਉਮਰ ਤੋਂ ਵੀ ਬਾਅਦ ਮਿਲੀ ਸੀ। ਧੀਰੂਭਾਈ ਅੰਬਾਨੀ, ਜਮਸ਼ੇਦ ਜੀ ਟਾਟਾ, ਡਾ. ਬੀ. ਆਰ ਅੰਬੇਡਕਰ ਅਤੇ ਅਜਿਹੀਆਂ ਹੋਰ ਸ਼ਖ਼ਸੀਅਤਾਂ ਦੀ ਜੀਵਨੀ ਸਾਨੂੰ ਜ਼ਿੰਦਗੀ ਜਿਊਣ ਦੇ ਗੁਰ ਸਿਖਾਉਂਦੀ ਹੈ। ਅਜਿਹੀਆਂ ਹੋਰ ਵੀ ਸ਼ਖ਼ਸੀਅਤਾਂ ਦੀਆਂ ਉਦਾਹਰਨਾਂ ਨਾਲ ਇਤਿਹਾਸ ਭਰਿਆ ਪਿਆ ਹੈ।
ਦਰਅਸਲ, ਸੁਪਨੇ, ਹਾਸੇ ਅਤੇ ਕਲਪਨਾ ਕਦੇ ਵੀ ਉਮਰਦਰਾਜ ਨਹੀਂ ਹੁੰਦੇ। ਆਸ ਕਦੇ ਨਹੀਂ ਛੱਡਣੀ ਚਾਹੀਦੀ। ਉਮਰ ਦੇ ਵੱਖ ਵੱਖ ਪੜਾਵਾਂ ਦਾ ਆਪਣਾ ਨਜ਼ਾਰਾ ਅਤੇ ਆਪਣੀ ਮਹੱਤਤਾ ਹੁੰਦੀ ਹੈ। ਤੀਜੀ ਤੋਂ ਪੰਜਵੀਂ ਕਲਾਸ ਦੇ ਫਾਈਨਲ ਨਤੀਜੇ ’ਚ ਮੈਂ ਤੀਸਰੇ ਨੰਬਰ ’ਤੇ ਆਉਂਦਾ ਰਿਹਾ ਹਾਂ ਅਤੇ ਜਿਹੜਾ ਮੁੰਡਾ-ਕੁੜੀ ਪਹਿਲੇ ਅਤੇ ਦੂਜੇ ਨੰਬਰ ’ਤੇ ਆਉਂਦੇ ਹੁੰਦੇ ਸੀ ਉਨ੍ਹਾਂ ਨੂੰ ਪਿੱਛੇ ਨਹੀਂ ਛੱਡ ਸਕਿਆ। ਪਰ ਜ਼ਿੰਦਗੀ ਦੇ ਇਸ ਪੜਾਅ ’ਤੇ ਆ ਕੇ ਜਦੋਂ ਸਕੂਲ-ਕਾਲਜ ਦੇ ਦਿਨਾਂ ਨੂੰ ਵੇਖਦਾ ਹਾਂ ਤਾਂ ਮੇਰਾ ਓਹ ਸਹਿਪਾਠੀ ਨਾ ਤਾਂ ਮੇਰੇ ਬਰਾਬਰ ਦੀ ਪੜ੍ਹਾਈ ਕਰ ਸਕਿਆ ਤੇ ਨਾ ਕਿਸੇ ਕਾਮਯਾਬ ਮੁਕਾਮ ’ਤੇ ਅੱਪੜ ਸਕਿਆ। ਪਹਿਲੇ ਨੰਬਰ ’ਤੇ ਆਉਣ ਵਾਲੀ ਕੁੜੀ ਗ੍ਰੈਜੂਏਸ਼ਨ ਤੱਕ ਪੜ੍ਹੀ ਵੀ ਜਾਂ ਨਹੀਂ, ਇਸ ਬਾਰੇ ਵੀ ਨਹੀਂ ਪਤਾ। ਮੇਰੇ ਕਈ ਸਹਿਪਾਠੀ ਅਜਿਹੇ ਵੀ ਹਨ ਜਿਹੜੇ ਸਕੂਲ-ਕਾਲਜ ’ਚ ਕਿਸੇ ਗਿਣਤੀ ਵਿਚ ਨਹੀਂ ਹੁੰਦੇ ਸਨ, ਪਰ ਅੱਜ ਦੀ ਘੜੀ ਉਹ ਸ਼ਾਨਦਾਰ ਤੇ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੇ ਹਨ।
ਨਾਕਾਮਯਾਬੀਆਂ ਵੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਪਰ ਇੱਕ ਕਾਮਯਾਬੀ ਬਹੁਤ ਸਾਰੀਆਂ ਨਾਕਾਮਯਾਬੀਆਂ ਨੂੰ ਭੁਲਾ ਦਿੰਦੀ ਹੈ। ਆਪਣੀ ਪਹਿਲੀ ਨੌਕਰੀ ਤੋਂ ਪਹਿਲਾਂ ਮੈਂ ਘੱਟੋ ਘੱਟ ਦਰਜਨਾਂ ਹੋਰ ਨੌਕਰੀਆਂ ਲਈ ਟੈਸਟ ਦਿੱਤੇ ਸਨ, ਪਰ ਗੱਲ ਨਹੀਂ ਬਣੀ। ਇੱਕ ਅੱਜ ਦਾ ਸਮਾਂ ਹੈ ਜਦੋਂ ਪੰਜਾਬ ਸਰਕਾਰ ਦੇ ਇੱਕ ਮਹੱਤਵਪੂਰਨ ਵਿਭਾਗ ਵਿੱਚ ਗਜ਼ਟਿਡ ਅਸਾਮੀ ’ਤੇ ਕੰਮ ਕਰ ਰਿਹਾ ਹਾਂ। ਅਸਲ ਵਿੱਚ ਨਜ਼ਰੀਆ ਬਦਲਣ ਨਾਲ ਜ਼ਿੰਦਗੀ ਬਦਲ ਜਾਂਦੀ ਹੈ। ਇਹ ਮੇਰਾ ਨਿੱਜੀ ਤਜਰਬਾ ਹੈ। ਭਾਵੇਂ ਅਜ਼ਮਾ ਕੇ ਦੇਖ ਲਿਓ!
ਸੰਪਰਕ: 97802-16767