ਸਵਰਨ ਸਿੰਘ ਭੰਗੂ
ਇਸ ਧਰਤੀ ਉੱਤੇ ਉਪਕਾਰੀ ਲੋਕ ਪਰ੍ਹੇ ਤੋਂ ਪਰ੍ਹੇ ਹਨ ਜਿਹੜੇ ਨਿਆਸਰਿਆਂ, ਦੁਰਕਾਰਿਆਂ ਨੂੰ ਸਾਂਭਦੇ ਹਨ। ਵਿਕਸਤ ਮੁਲਕਾਂ ਵਿਚ ਤਾਂ ਅਪੰਗਾਂ, ਮੰਜੇ ਨਾਲ ਮੰਜਾ ਹੋਏ ਰੋਗੀਆਂ, ਮੰਦਬੁੱਧੀਆਂ ਅਤੇ ਬਜ਼ੁਰਗਾਂ ਦੀ ਸੰਭਾਲ ਦੇ ਸਰਕਾਰੀ ਇੰਤਜ਼ਾਮ ਹਨ ਪਰ ਸਾਡੇ ਮੁਲਕ ਵਿਚ ਅਜਿਹਾ ਨਹੀਂ। ਜੇ ਕਿਧਰੇ ਹਨ ਵੀ ਤਾਂ ਬੱਸ ਜ਼ਾਬਤਾ ਮਾਤਰ। ਅਜਿਹਾ ਨਾ ਹੋਣ ਕਰਕੇ ਸਾਡੇ ਮੁਲਕ ਵਿਚ ਅਜਿਹੇ ਲੋੜਵੰਦਾਂ ਦੀ ਦੁਰਦਸ਼ਾ ਨੂੰ ਹਾਸਲ-ਹਾਲਤਾਂ ਵਿਚ ਸਾਂਭਣ ਲਈ ਬਹੁਤ ਸਾਰੀਆਂ ਸੰਸਥਾਵਾਂ ਜਾਂ ਲੋਕ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਅਜਿਹੇ ਮਿਹਰਬਾਨ ਵੀ ਹਨ ਜਿਹੜੇ ਪਤਾ ਲੱਗਣ ਤੇ ਲੋੜਵੰਦਾਂ ਨੂੰ ਆਪਣੀ ਸੰਸਥਾ ਵਿਚ ਲੈ ਆਉਂਦੇ ਹਨ ਅਤੇ ਸੰਭਾਲਦੇ ਹਨ। ਉਪਕਾਰੀ ਆਧਾਰ ਤੇ ਬਹੁਤ ਸਾਰੇ ਲੋਕਾਂ ਨੇ ਬਿਰਧ ਆਸ਼ਰਮ ਵੀ ਖੋਲ੍ਹੇ ਹੋਏ ਹਨ। ਪਿੰਗਲਵਾੜਾ ਹੋਵੇ, ਭਾਵੇਂ ਪ੍ਰਭ ਆਸਰਾ ਵਰਗੀਆਂ ਸੰਸਥਾਵਾਂ, ਇਨ੍ਹਾਂ ਦੇ ਉਪਕਾਰ ਅੱਗੇ ਸਿਰ ਝੁਕਦਾ ਹੈ; ਦੂਸਰੇ ਪਾਸੇ ਸਾਡਾ ਨਿਜ਼ਾਮ ਹੈ ਕਿ ਨਿੱਤ ਦਿਨ ਅਜਿਹੇ ਲੋੜਵੰਦ ਵਧ ਰਹੇ ਹਨ।
ਦਹਾਕਾ ਪਹਿਲਾਂ ਸਵੇਰੇ ਹੀ ਜਿਹੜਾ ਫੋਨ ਆਉਂਦਾ ਹੈ, ਉਸ ਵਿਚ ਬੋਲਣ ਵਾਲੀ ਅਗਿਆਤ ਆਵਾਜ਼ ਸਿਫਤ ਕਰਦੀ ਹੈ ਕਿ ਤੁਸੀਂ ਦਇਆਵਾਨ ਲੋਕਾਂ ਵਿਚੋਂ ਇੱਕ ਹੋ ਅਤੇ ਇਹ ਸਭ ਪਤਾ ਕਰਨ ਤੋਂ ਬਾਅਦ ਹੀ ਫੋਨ ਕੀਤਾ ਹੈ। ਸਰਸਰੀ ਮੁਢਲੀਆਂ ਗੱਲਾਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਫੋਨ ਨਵੇਂ ਆਏ ਐੱਸਡੀਐੱਮ ਦਾ ਹੈ। ਅਫਸਰ ਮੈਨੂੰ ਇੱਕ ਸੇਵਾ ਸੰਭਾਲਦਾ ਹੈ ਕਿ ਨਹਿਰ ਸਰਹਿੰਦ ਦੇ ਪੁਲ ਉੱਤੇ ਬੁਰੀ ਹਾਲਤ ਵਿਚ ਰਹਿ ਰਹੇ ਬਜ਼ੁਰਗ ਦਾ ਪਤਾ ਲੱਗਾ ਹੈ, ਤੁਸੀਂ ਉਹਨੂੰ ਸੰਭਾਲੋ ਅਤੇ ਆਪਣੇ ਇਲਾਕੇ ਵਿਚ ਕੋਈ ਅਜਿਹੀ ਉਪਕਾਰੀ ਸੰਸਥਾ ਲੱਭੋ ਜਿੱਥੇ ਇਸ ਬਜ਼ੁਰਗ ਨੂੰ ਛੱਡਿਆ ਜਾ ਸਕੇ। ਉਸ ਇਹ ਵੀ ਦੱਸਿਆ ਕਿ 10 ਕਿਲੋਮੀਟਰ ਇਕ ਪਿੰਡ ਵਿਚ ਇਸ ਬਜ਼ੁਰਗ ਦੀ ਭੈਣ ਰਹਿੰਦੀ ਹੈ ਜਿਸ ਨੂੰ ਪਟਵਾਰੀ ਨੇ ਬੁਲਾਇਆ ਸੀ। ਉਹ ਮਿਲ ਕੇ ਚਲੀ ਗਈ ਪਰ ਬਜ਼ੁਰਗ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਨਹੀਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਭੈਣ ਨੂੰ ਬੁਲਾਉਣ ਗਏ ਪਟਵਾਰੀ ਅਨੁਸਾਰ, ਬਜ਼ੁਰਗ ਦੀ ਭੈਣ ਖੁਦ ਨਿਹਾਇਤ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਜਿਹੜੀ ਆਪਣੇ ਭਰਾ ਨੂੰ ਸਾਂਭਣ ਤੋਂ ਹੀ ਅਸਮਰਥ ਹੈ।
ਮੈਂ ਆਪਣੇ ਸਹਿਯੋਗੀਆਂ ਨਾਲ ਜਦੋਂ ਦੱਸੇ ਸਥਾਨ ਉੱਤੇ ਪੁੱਜਾ ਤਾਂ ਬਜ਼ੁਰਗ ਦੀ ਹਾਲਤ ਬੇਹੱਦ ਮਾੜੀ ਸੀ, ਬਦਬੂ ਆ ਰਹੀ ਸੀ। ਨੇੜਲੇ ਪਿੰਡ ਦਾ ਕੋਈ ਹਮਦਰਦ ਪਿਛਲੇ 10 ਦਿਨ ਤੋਂ ਪਾਣੀ ਸਮੇਤ ਕੁਝ ਖਾਣ ਲਈ ਦੇ ਜਾਂਦਾ ਸੀ। ਮਹੀਨਾ ਭਾਵੇਂ ਜੁਲਾਈ ਦਾ ਸੀ ਪਰ ਇਸ ਬਜ਼ੁਰਗ ਦੇ ਨੇੜੇ ਹੀ ਗਲੇ ਸੜੇ, ਕਾਲੇ ਹੋਏ ਪਏ ਪਾਟੇ ਲੀੜਿਆਂ ਅਤੇ ਲਟੂਰੀਆਂ ਵਾਲਾ ਸ਼ਖ਼ਸ ਗਦੈਲੇ ਜਿਹੇ ਗੰਦੇ ਕੱਪੜੇ ਵਿਚੋਂ ਨਿੱਕਲ ਕੇ ਬਾਹਰ ਨੂੰ ਤੁਰ ਪਿਆ। ਰੀਂਘਦੇ ਜੀਵਨ ਨੂੰ ਦੇਖ ਕੇ ਬੇਵਸ ਹੌਕਾ ਨਿੱਕਲਿਆ।
ਸੰਬੰਧਤ ਬਜ਼ੁਰਗ ਨੂੰ ਅਸੀਂ ਵਕਤੀ ਤੌਰ ਤੇ ਨੇੜੇ ਹੀ ਸਰਕਾਰੀ ਵਿਸ਼ਰਾਮ-ਘਰ ਲੈ ਗਏ ਪਰ ਉੱਥੋਂ ਦਾ ਨਿਗਰਾਨ ਵੀ ਪ੍ਰੇਸ਼ਾਨ ਹੋ ਗਿਆ। ਇਸੇ ਦੌਰਾਨ ਅਸੀਂ ਨੰਗਲ ਦੇ ਇੱਕ ਮਿਹਰਬਾਨ ਦੋਸਤ ਦੁਆਰਾ ਉੱਥੋਂ ਦੀ ਇਕ ਸੇਵਾ ਸੁਸਾਇਟੀ ਨਾਲ ਰਾਬਤਾ ਬਣਾਇਆ। ਉੱਥੋਂ ਦੇ ਮੁੱਖ ਸੇਵਾਦਾਰ ਨੇ ਕਿਹਾ ਕਿ ਕੱਲ੍ਹ ਹੀ ਲੈ ਆਓ। ਦੂਜੇ ਦਿਨ ਰਸਤੇ ਦੀ ਕਿਸੇ ਪ੍ਰਸ਼ਾਨੀ ਤੋਂ ਬਚਣ ਲਈ ਅਫਸਰ ਨੇ ਸਾਡੇ ਨਾਲ ਪੁਲੀਸ ਕਰਮਚਾਰੀ ਭੇਜ ਦਿੱਤਾ।
ਜਦੋਂ ਉੱਥੇ ਪਹਿਲਾਂ ਹੀ ਉਡੀਕਦੇ ਮਿੱਤਰ ਦੀ ਹਾਜ਼ਰੀ ਵਿਚ ਅਸੀਂ ਟੈਂਪੂ ਵਿਚੋਂ ਬਜ਼ੁਰਗ ਨੂੰ ਉਤਾਰਿਆ ਤਾਂ ਉੱਥੇ 10-15 ਹੋਰ ਮੰਦਬੁੱਧੀ ਅਤੇ ਨਿਆਸਰੇ ਮਰਦ/ਔਰਤਾਂ ਸਨ। ਮੇਜ਼ਬਾਨ ਨੇ ਸਾਨੂੰ ਆਪਣੇ ਦਫ਼ਤਰ ਬਿਠਾ ਚਾਹ ਪਿਆਈ। ਲੋੜਵੰਦਾਂ ਦੀ ਸੰਭਾਲ ਦੀਆਂ ਅੰਤ-ਰਹਿਤ ਕਹਾਣੀਆਂ ਛਿੜ ਪਈਆਂ। ਵਾਪਸ ਤੁਰਨ ਲੱਗੇ ਤਾਂ ਜੋ ਦੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ। ਜਿਸ ਬਜ਼ੁਰਗ ਦੀ ਦੁਰਦਸ਼ਾ ਦੇਖ ਕੇ ਹਰ ਸਾਧਾਰਨ ਸ਼ਖ਼ਸ ਪ੍ਰੇਸ਼ਾਨ ਹੋ ਸਕਦਾ ਸੀ, ਉਸ ਬਜ਼ੁਰਗ ਨੂੰ 4-5 ਸੇਵਾਦਾਰਾਂ ਨੇ ਨਹਾ ਕੇ ਨਵੇਂ ਕੱਪੜੇ ਪੁਆ ਦਿੱਤੇ ਸਨ ਅਤੇ ਪੱਗ ਬੰਨ੍ਹ ਦਿੱਤੀ ਸੀ। ਸਿਫਤੀ ਫਰਕ ਸਾਡੇ ਸਾਹਮਣੇ ਸੀ। ਮੁੱਖ ਸੇਵਾਦਾਰ ਨੇ ਨੇੜਿਓਂ ਹੋ ਕੇ ਦਿਖਾਇਆ ਕਿ ਆਹ ਦੇਖੋ, ਇਹ ਬਜ਼ੁਰਗ ਇੱਕ ਪਾਸੇ ਤੋਂ ਕਿਵੇਂ ਗਲ਼ਣਾ ਸ਼ੁਰੂ ਹੋ ਗਿਆ ਸੀ!
ਇਸ ਸੇਵਾ ਨੂੰ ਦੇਖ ਕੇ ਸਾਡੇ ਹੱਥ ਆਪ ਮੁਹਾਰੇ ਜੇਬਾਂ ਫਰੋਲਣ ਲੱਗੇ ਅਤੇ ਯੋਗਦਾਨ ਉਸ ਉਪਕਾਰੀ ਅੱਗੇ ਢੇਰੀ ਕਰ ਆਏ। ਅਜਿਹੀਆਂ ਸੰਸਥਾਵਾਂ ਲਈ, ਬਿਨਾਂ ਸ਼ੱਕ, ਪੈਸੇ ਦੀ ਲੋੜ ਹੁੰਦੀ ਹੈ ਅਤੇ ਸਮਰਥ ਦਇਆਵਾਨ ਇਹ ਸੇਵਾ ਨਿਭਾਉਂਦੇ ਵੀ ਹਨ ਪਰ ਜ਼ਖ਼ਮਾਂ ਵਿਚੋਂ ਕੀੜੇ ਕੱਢਣ ਦੀ ਹੱਦ ਤੱਕ ਜੋ ਕੰਮ ਅਜਿਹੀਆਂ ਸੰਸਥਾਵਾਂ ਦੇ ਇਹ ਉਪਕਾਰੀ ਕਰਦੇ ਹਨ, ਬਦਲੇ ਵਿਚ ਅਜਿਹੇ ਉਪਕਾਰੀਆਂ ਲਈ ਮੇਰੇ ਮਨ ਵਿਚ ਸਿਜਦੇ ਦਰ ਸਿਜਦਾ ਉੱਭਰਦਾ ਹੈ। ਅਜਿਹੇ ਉਪਕਾਰੀ ਸਾਡੇ ਸਮਾਜ ਦੇ ਜਿਊਂਦੇ ਅਵਤਾਰ ਹਨ।
ਸੰਪਰਕ: 94174-69290