ਡਾ. ਹਰਪ੍ਰੀਤ ਸਿੰਘ ਹੀਰੋ
ਮੇਲਿਆਂ ਦੇ ਸਰੂਪ ਬਦਲ ਗਏ ਹਨ, ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ ਪਰ ਮੇਲੇ ਅੱਜ ਵੀ ਲੱਗਦੇ ਹਨ। ਮੇਲਿਆਂ ਵਿਚ ਨਵਾਂ ਰੂਪ ਜੁੜ ਗਿਆ ਹੈ ਜਿਨ੍ਹਾਂ ਵਿਚੋਂ ਇੱਕ ਹੈ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ। ਮੇਲਾ ਸ਼ਬਦ ਜਿੱਥੇ ਸਾਡੇ ਸਾਹਮਣੇ ਖੁਸ਼ੀ ਵਿਚ ਘੁੰਮਦੇ, ਮੇਲ ਜੋਲ ਕਰਦੇ ਲੋਕਾਂ ਦੇ ਸਮੂਹ ਦਾ ਚਿੱਤਰ ਸਿਰਜਦਾ ਹੈ, ਉੱਥੇ ਕਈ ਝਾਕੀਆਂ, ਵਸਤਾਂ ਅਤੇ ਝਲਕਾਂ ਵੀ ਰੂਪਮਾਨ ਹੋ ਜਾਂਦੀਆਂ ਹਨ। ਅੱਜ ਦੇ ਦੌਰ ਵਿਚ ਗਿਆਨ ਅਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲਿਆਂ ਵਿਚ ਹੀ ਹੈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ ਵਿਚ ਦੋ ਵਾਰ- ਮਾਰਚ ਤੇ ਸਤੰਬਰ ਮਹੀਨੇ ਲਗਾਇਆ ਜਾਣ ਵਾਲਾ ਪਸ਼ੂ ਪਾਲਣ ਮੇਲਾ। ਇਹ ਮੇਲਾ ਲੁਧਿਆਣੇ ਯੂਨੀਵਰਸਿਟੀ ਕੈਂਪਸ ਵਿਚ ਲਾਇਆ ਜਾਂਦਾ ਹੈ।
2006 ਵਿਚ ਬਣੀ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਨਾਲ ਸਬੰਧਿਤ ਹਰ ਕਾਰਜ ਵਿਉਂਤਬੱਧ ਤਰੀਕੇ ਰਾਹੀਂ ਪਸ਼ੂ ਪਾਲਕਾਂ ਨਾਲ ਸਾਂਝਾ ਕਰਦੀ ਹੈ। ਸਤੰਬਰ ਵਾਲਾ ਮੇਲਾ ਅੇਤਕੀਂ 23 ਅਤੇ 24 ਤਾਰੀਕ ਨੂੰ ਲਗਾਇਆ ਜਾ ਰਿਹਾ ਹੈ। ਕਰੋਨਾ ਕਾਰਨ ਪਿਛਲੇ ਤਿੰਨ ਸਾਲ ਤੋਂ ਇਹ ਮੇਲਾ ਆਨਲਾਈਨ ਲਾਇਆ ਜਾ ਰਿਹਾ ਸੀ। 2019 ਤੋਂ ਬਾਅਦ ਹੁਣ 2022 ਵਿਚ ਇਹ ਮੇਲਾ ਅਸਲ ਰੂਪ ਵਿਚ ਲਾਇਆ ਜਾ ਰਿਹਾ ਹੈ। ਇਸ ਵਿਚ ਪਸ਼ੂ ਪਾਲਕਾਂ ਦੀ ਹਰ ਲੋੜ, ਸਮੱਸਿਆ ਅਤੇ ਜਗਿਆਸਾ ਨੂੰ ਪੂਰਿਆਂ ਕਰਨ ਲਈ ਭਿੰਨ ਭਿੰਨ ਵਸਤਾਂ ਅਤੇ ਜਾਣਕਾਰੀਆਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ।
ਵਧੀਆ ਮੱਝਾਂ, ਗਾਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖ਼ਰਗੋਸ਼ ਅਤੇ ਮੱਛੀਆਂ ਦੀਆਂ ਵੱਖ ਵੱਖ ਕਿਸਮਾਂ ਮੇੇਲੇ ਦਾ ਸ਼ਿੰਗਾਰ ਹੁੰਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਪਸ਼ੂ ਪਾਲਕਾਂ ਨੂੰ ਕਿਹੜੇ ਤਰੀਕੇ ਅਤੇ ਨਸਲ ਸੁਧਾਰ ਦੇ ਢੰਗ ਵਰਤਣੇ ਚਾਹੀਦੇ ਹਨ, ਉਹ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਪਸ਼ੂਆਂ ਦੇ ਬਿਹਤਰ ਖ਼ੁਰਾਕੀ ਪ੍ਰਬੰਧ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਬਣਾਉਣ ਲਈ ਪੂਰਨ ਸਮੱਗਰੀ ਦਾ ਵੇਰਵਾ ਦੱਸਿਆ ਜਾਂਦਾ ਹੈ। ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਕਿਹੜੀਆਂ ਖ਼ੁਰਾਕੀ ਵਸਤਾਂ ਦੀ ਵਰਤੋਂ ਲਾਹੇਵੰਦ ਹੈ, ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਯੂਨੀਵਰਸਿਟੀ ਦੇ ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਫਿਸ਼ਰੀਜ਼ ਅਤੇ ਡੇਅਰੀ ਸਾਇੰਸ ਤੇ ਤਕਨਾਲੋਜੀ ਕਾਲਜ ਦੇ ਡਾਕਟਰ ਅਤੇ ਸਾਇੰਸਦਾਨ ਆਪੋ-ਆਪਣੇ ਵਿਭਾਗਾਂ ਦੀ ਨੁਮਾਇਸ਼ ਲਗਾਉਂਦੇ ਹਨ। ਇਸ ਨੁਮਾਇਸ਼ ਵਿਚ ਪਸ਼ੂਆਂ ਦੀ ਜਾਂਚ ਤੋਂ ਇਲਾਵਾ ਉਨ੍ਹਾਂ ਦੇ ਗੋਹੇ, ਥੁੱਕ, ਖੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਸ ਜਾਂਚ ਰਾਹੀਂ ਬਿਮਾਰੀ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਸਹੀ ਤੇ ਸਟੀਕ ਇਲਾਜ ਬਾਰੇ ਮਾਹਿਰ ਡਾਕਟਰ ਆਪ ਦਵਾਈ ਦੱਸਦੇ ਹਨ। ਪਸ਼ੂ ਪਾਲਣ ਸਬੰਧੀ ਗਿਆਨ ਨੂੰ ਵਧਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਕਈ ਕਿਤਾਬਾਂ ਛਾਪੀਆਂ ਗਈਆਂ ਹਨ। ਉਹ ਕਿਤਾਬਾਂ ਬੜੀ ਸੌਖੀ ਪੰਜਾਬੀ ਅਤੇ ਘੱਟ ਕੀਮਤ ’ਤੇ ਮੇਲੇ ਵਿਚ ਮਿਲ ਜਾਂਦੀਆਂ ਹਨ। ਯੂਨੀਵਰਸਿਟੀ ਵੱਲੋਂ ਛਾਪਿਆ ਜਾਂਦਾ ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਪਸ਼ੂ ਪਾਲਕ ਖ਼ਰੀਦ ਸਕਦੇ ਹਨ ਜਿਸ ਵਿਚ ਹਰ ਮਹੀਨੇ ਕਾਫ਼ੀ ਨਵਾਂ ਗਿਆਨ ਸਾਂਝਾ ਕੀਤਾ ਜਾਂਦਾ ਹੈ। ਅਜਿਹਾ ਰਸਾਲਾ ਸਾਲਾਨਾ ਜਾਂ ਜੀਵਨ ਚੰਦੇ ’ਤੇ ਘਰ ਵੀ ਪੁੱਜਦਾ ਕੀਤਾ ਜਾਂਦਾ ਹੈ। ਪਸ਼ੂਆਂ ਦੇ ਦੁੱਧ ਅਤੇ ਮੀਟ ਤੋਂ ਨਵੀਆਂ ਵਸਤਾਂ ਤਿਆਰ ਕਰ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਣ ਬਾਰੇ ਸਿਖਲਾਈ ਦੀ ਨੁਮਾਇਸ਼ ਵੀ ਲਾਈ ਜਾਂਦੀ ਹੈ। ਇਹ ਵਸਤਾਂ ਸੁਆਦ ਦੇਖਣ ਅਤੇ ਖ਼ਰੀਦਣ ਵਾਸਤੇ ਵੀ ਉਪਲਬਧ ਹੁੰਦੀਆਂ ਹਨ। ਪਸ਼ੂ ਪਾਲਕ ਪਸ਼ੂ ਪਾਲਣ ਦੇ ਕਿਸੇ ਵੀ ਕਿੱਤੇ ਸਬੰਧੀ ਸਿਖਲਾਈ ਲੈਣ ਲਈ ਮੇਲੇ ਵਿਚ ਬਿਨਾਂ ਕਿਸੇ ਖ਼ਰਚ ਤੋਂ ਆਪਣਾ ਨਾਂ ਵੀ ਦਰਜ ਕਰਵਾ ਸਕਦੇ ਹਨ। ਜੋ ਪਸ਼ੂ ਪਾਲਕ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ, ਉਨ੍ਹਾਂ ਨੇ ਆਪੋ-ਆਪਣੀਆਂ ਜਥੇਬੰਦੀਆਂ ਵੀ ਬਣਾਈਆਂ ਹੋਈਆਂ ਹਨ। ਡੇਅਰੀ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀਆਂ ਪਾਲਣ ਵਾਲੇ ਪਸ਼ੂ ਪਾਲਕਾਂ ਦੀਆਂ ਜਥੇਬੰਦੀਆਂ ਲਈ ਕਿਸਾਨ ਆਪਣਾ ਨਾਂ ਲਿਖਾ ਸਕਦੇ ਹਨ ਅਤੇ ਉਨ੍ਹਾਂ ਦੀਆਂ ਮਹੀਨੇਵਾਰ ਮੀਟਿੰਗਾਂ ਵਿਚ ਸ਼ਾਮਿਲ ਹੋ ਸਕਦੇ ਹਨ। ਇਨ੍ਹਾਂ ਮੀਟਿੰਗਾਂ ਵਿਚ ਪਸ਼ੂ ਪਾਲਕ ਆਪਸ ਵਿਚ ਵਿਚਾਰ-ਵਟਾਂਦਰਾ ਵੀ ਕਰਦੇ ਹਨ ਅਤੇ ਮਾਹਿਰ ਡਾਕਟਰ ਕਈ ਅਹਿਮ ਵਿਸ਼ਿਆਂ ’ਤੇ ਭਾਸ਼ਣ ਵੀ ਦਿੰਦੇ ਹਨ।
ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਉਚੇਚੇ ਤੌਰ ’ਤੇ ਇੱਥੇ ਪਹੁੰਚਦੇ ਹਨ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ ਤੇ ਸਬਸਿਡੀਆਂ ਸਬੰਧੀ ਰੋਸ਼ਨੀ ਪਾਉਂਦੇ ਹਨ। ਯੂਨੀਵਰਸਿਟੀ ਮਾਹਿਰਾਂ ਵੱਲੋਂ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾ ਸਬੰਧੀ ਸਵਾਲ-ਜਵਾਬ ਸੈਸ਼ਨ ਵੀ ਰੱਖਿਆ ਜਾਂਦਾ ਹੈ। ਇਸ ਵਿਚ ਪਸ਼ੂ ਪਾਲਕ ਆਪਣੀ ਕਿਸੇ ਵੀ ਸਮੱਸਿਆ ਬਾਰੇ ਪੁੱਛ ਸਕਦਾ ਹੈ।
ਪਸ਼ੂਆਂ ਦੇ ਇਲਾਜ ਅਤੇ ਖ਼ੁਰਾਕ ਨਾਲ ਜੁੜੀਆਂ ਲਗਭਗ 60-70 ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ। ਇਨ੍ਹਾਂ ਕੰਪਨੀਆਂ ਦੀ ਨੁਮਾਇਸ਼ ਵਿਚ ਪਸ਼ੂਆਂ ਦੇ ਫੀਡ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀ ਦਿੰਦੀਆਂ ਹਨ। ਇਹ ਦਵਾਈਆਂ ਅਤੇ ਉਤਪਾਦ ਇੱਥੇ ਪਸ਼ੂ ਪਾਲਕਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ ’ਤੇ ਅਤੇ ਇਕੋ ਥਾਂ ਤੋਂ ਪ੍ਰਾਪਤ ਹੋ ਜਾਂਦੇ ਹਨ।
ਪਸ਼ੂ ਪਾਲਣ ਮੇਲੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਹਰ ਉਮਰ ਵਰਗ ਦੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਰੁਚੀ ਦਾ ਕੁਝ ਨਾ ਕੁਝ ਜ਼ਰੂਰ ਮੁਹੱਈਆ ਕਰਦਾ ਹੈ। ਬੱਚਿਆਂ ਲਈ ਜਿੱਥੇ ਖੁੱਲ੍ਹਾ ਪੇਂਡੂ ਦਿੱਖ ਵਾਲਾ ਮਾਹੌਲ ਉਨ੍ਹਾਂ ਨੂੰ ਨਵਾਂ ਸੁਆਦ ਦਿੰਦਾ ਹੈ, ਉੱਥੇ ਸਿਹਤਮੰਦ ਤੇ ਸੁੰਦਰ ਜਾਨਵਰ ਵੀ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹਨ। ਕਈ ਬੱਚਿਆਂ ਦੀ ਪੜ੍ਹਾਈ ਦੇ ਕੋਰਸ ਵਿਚ ਪਸ਼ੂ ਪਾਲਣ ਵਿਸ਼ਾ ਪੜ੍ਹਾਇਆ ਜਾਂਦਾ ਹੈ। ਉਹ ਇੱਥੋਂ ਕਈ ਕਿਸਮ ਦੀ ਜਾਣਕਾਰੀ ਇਕੱਤਰ ਕਰ ਸਕਦੇ ਹਨ। ਘਰੇਲੂ ਸੁਆਣੀਆਂ ਕਈ ਤਰ੍ਹਾਂ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਸਬੰਧੀ ਗਿਆਨ ਹਾਸਲ ਕਰ ਸਕਦੀਆਂ ਹਨ। ਵੈਟਨਰੀ ਯੂਨੀਵਰਸਿਟੀ ਦੀਆਂ ਤਿਆਰ ਕੀਤੀਆਂ ਕਈ ਸ਼ਾਕਾਹਾਰੀ ਅਤੇ ਮਾਸਾਹਾਰੀ ਵਸਤਾਂ ਖ਼ਰੀਦ ਵਾਸਤੇ ਉਪਲਬਧ ਹੁੰਦੀਆਂ ਹਨ।
ਪਸ਼ੂ ਪਾਲਣ ਮੇਲੇ ਦਾ ਮੁੱਖ ਮੰਤਵ ਇਹੋ ਹੈ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਲੀਹਾਂ ’ਤੇ ਘੱਟ ਖ਼ਰਚ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਲੋਕ ਨਕਲੀ ਵਸਤਾਂ ਤੋਂ ਸਾਵਧਾਨ ਹੋਣ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਾਲੇ ਪਸ਼ੂਆਂ ਤੇ ਜਾਨਵਰਾਂ ਨੂੰ ਪੌਸ਼ਟਿਕ ਤੇ ਸ਼ੁੱਧ ਖ਼ੁਰਾਕ ਮਿਲ ਸਕੇ।
*ਐਸੋਸੀਏਟ ਪ੍ਰੋਫੈਸਰ, ਸੰਚਾਰ।
ਸੰਪਰਕ: 98159-09003