ਡਾ. ਮਨੀਸ਼ਾ ਬੱਤਰਾ
ਸਾਖਰਤਾ ਹਰ ਸਮਾਜ/ਦੇਸ਼/ਕੌਮ ਦੇ ਵਿਕਾਸ ਦੀ ਕੁੰਜੀ ਹੁੰਦੀ ਹੈ। ਸਿੱਖਿਆ ਮਨੁੱਖ ਦੇ ਵਿਅਕਤੀਗਤ ਪੱਧਰ ਨੂੰ ਉਚੇਰਾ ਕਰਨ ਦੇ ਨਾਲ ਨਾਲ ਉਸ ਨੂੰ ਵਿਭਿੰਨ ਸਮਾਜਿਕ ਸਮੱਸਿਆਵਾਂ ਜਿਵੇਂ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ, ਬਾਲ ਮੌਤ ਦਰ ਘਟਾਉਣ ਅਤੇ ਆਬਾਦੀ ਦੇ ਵਾਧੇ ਨੂੰ ਘਟਾਉਣ ਵਰਗੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਸਹਾਇਕ ਤੇ ਸਮਰੱਥ ਬਣਾਉਂਦੀ ਹੈ। ਮਨੁੱਖ ਦੇ ਜੀਵਨ ਵਿਚ ਅਨਪੜ੍ਹਤਾ ਅਜਿਹੀ ਮੁਸ਼ਕਿਲ ਹੈ ਜਿਸ ਕਾਰਨ ਉਹ ਨਿਜੀ ਤੇ ਸਮਾਜਿਕ ਪੱਖੋਂ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦਾ ਹੈ। ਅਨਪੜ੍ਹ ਵਿਅਕਤੀ ਗਿਆਨ ਤੋਂ ਬਿਨਾ ਰੋਜ਼ਾਨਾ ਜੀਵਨ ਦੇ ਕੰਮਾਂ ਅਤੇ ਜਿ਼ੰਮੇਵਾਰੀਆਂ ਨਿਭਾਉਣ ਵਿਚ ਕਈ ਵਾਰੀ ਅਸਮਰੱਥ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੇ ਲੋਕਾਂ ਵਿਚ ਦੂਜਿਆਂ ’ਤੇ ਆਸ਼ਰਿਤ ਹੋਣ ਦੀ ਭਾਵਨਾ ਵਧ ਜਾਂਦੀ ਹੈ। ਪੜ੍ਹਿਆ-ਲਿਖਿਆ ਵਿਅਕਤੀ ਆਪਣੇ ਨਾਲ ਨਾਲ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਹਰ ਪੱਖੋਂ ਆਪਣਾ ਯੋਗਦਾਨ ਪਾਉਂਦਾ ਹੈ। ਅਨਪੜ੍ਹਤਾ ਦੀ ਸ਼੍ਰੇਣੀ ਵਿਚ ਆਉਣ ਵਾਲੇ ਸਾਡੇ ਦੇਸ਼ ਦੇ ਬਹੁਤ ਲੋਕ ਅਨਿਆਂ ਅਤੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਵਿਅਕਤੀਗਤ ਦੇ ਨਾਲ ਨਾਲ ਕਈ ਵਾਰ ਰਾਸ਼ਟਰੀ ਪਛਾਣ ਨੂੰ ਵੀ ਸੰਸਾਰ ਪੱਧਰ ’ਤੇ ਪ੍ਰਭਾਵਤ ਕਰਦਾ ਹੈ।
ਸਮਾਜਿਕ ਜੀਵਨ ਨੂੰ ਨੇੜਿਓਂ ਸਮਝਣ ਲਈ ਸਾਖਰਤਾ ਦੀ ਮਹੱਤਤਾ ਨੂੰ ਸਮਝਣਾ ਲਾਜ਼ਮੀ ਹੈ। ਇਸ ਦੇ ਸ਼ਾਬਦਿਕ ਅਰਥ ‘ਪੜ੍ਹਨ-ਲਿਖਣ ਬਾਰੇ ਬੁਨਿਆਦੀ ਗਿਆਨ ਪ੍ਰਾਪਤ ਕਰਨਾ’ ਹਨ। ਜਦੋਂ ਵਿਅਕਤੀ ਪੜ੍ਹਨ-ਲਿਖਣ ਅਤੇ ਵਰਤਮਾਨ ਘਟਨਾਵਾਂ ਨਾਲ ਤਾਲਮੇਲ ਰੱਖਣ ਦੇ ਯੋਗ ਹੋਵੇ, ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰੇ ਅਤੇ ਉਹਨਾਂ ਮੁੱਦਿਆਂ ਨੂੰ ਸਮਝੇ ਜੋ ਸੰਸਾਰ ਤੇ ਜੀਵਨ ਨੂੰ ਆਕਾਰ ਦੇ ਰਹੇ ਹਨ ਤਾਂ ਉਸ ਨੂੰ ਪੜ੍ਹੇ-ਲਿਖੇ ਲੋਕਾਂ ਦੇ ਸ਼੍ਰੇਣੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ। ਇਹ ਸਾਖਰਤਾ ਹੀ ਹੈ ਜਿਸ ਨੇ ਸਮਾਜ ਵਿਚ ਮਨੁੱਖ ਨੂੰ ਬਾਕੀ ਵਸਤੂਆਂ ਜਾਂ ਜਾਨਵਰਾਂ ਤੋਂ ਵੱਖਰਾ ਕੀਤਾ ਹੋਇਆ ਹੈ। ਅੱਜ ਦੇ ਸਮੇਂ ਵਿਚ ਦੁਨੀਆ ਨਾਲ ਤਾਲਮੇਲ ਰੱਖਣ ਲਈ ਸਾਖਰ ਹੋਣਾ ਬਹੁਤ ਜ਼ਰੂਰੀ ਹੈ। ਸਾਖਰਤਾ ਹਰ ਉਸ ਵਿਅਕਤੀ ਲਈ ਮਹੱਤਵਪੂਰਨ ਹੈ ਜਿਸ ਦੀ ਇੱਛਾ, ਜਿ਼ੰਦਗੀ ਵਿਚ ਸਾਧਾਰਨ ਤੋਂ ਕੁਝ ਵੱਧ ਕਰਨ ਦੀ ਹੁੰਦੀ ਹੈ। ਪੜ੍ਹਿਆ-ਲਿਖਿਆ ਵਿਅਕਤੀ ਹੀ ਆਪਣੀ ਅਤੇ ਸਮਾਜ ਦੀ ਸੋਚ ਬਦਲ ਸਕਦਾ ਹੈ।
ਸਾਖਰਤਾ ਹਰ ਪ੍ਰਕਾਰ ਦੇ ਵਿਕਾਸ ਦੀ ਨੀਂਹ ਹੈ। ਹੁਨਰਮੰਦ ਅਤੇ ਕਾਬਲ ਵਿਅਕਤੀ ਆਪਣੇ ਬੌਧਿਕ ਵਿਕਾਸ ਦੀਆਂ ਸਮਰਥਾਵਾਂ ਰਾਹੀਂ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਦਾ ਹੈ। ਸਾਖਰਤਾ ਪੱਧਰ ਉੱਚਾ ਹੋਣ ਨਾਲ ਕਿਸੇ ਵੀ ਸਮੱਸਿਆ ਨੂੰ ਨਜਿੱਠਣ ਦੀ ਕਲਾ ਆ ਜਾਂਦੀ ਹੈ। ਸਭਿਅਕ ਸਮਾਜ ਦੀ ਉਸਾਰੀ ਉਸ ਸਮਾਜ ਵਿਚਲੇ ਪੜ੍ਹੇ-ਲਿਖੇ ਤੇ ਸਭਿਅਕ ਲੋਕਾਂ ’ਤੇ ਆਧਾਰਿਤ ਹੁੰਦੀ ਹੈ ਕਿਉਂ ਜੋ ਉਹ ਸਮਾਜ ਵਿਚ ਫੈਲੀਆਂ ਬੁਰਾਈਆਂ ਤੋਂ ਦੂਰ ਰਹਿ ਦੇਸ਼ ਅਤੇ ਸਮਾਜ ਦੇ ਵਿਕਾਸ ਬਾਰੇ ਸੋਚਦੇ ਹਨ। ਸਾਖਰਤਾ ਸਾਡੀ ਸੋਚ ਦਾ ਦਾਇਰਾ ਵਧਾਉਂਦੀ, ਆਜ਼ਾਦ ਸੋਚ ਨੂੰ ਜਨਮ ਦਿੰਦੀ ਹੈ। ਮਨੁੱਖ ਵਿਚ ਨੈਤਿਕ ਗੁਣਾਂ ਦਾ ਪਸਾਰ ਕਰਦੀ ਹੈ। ਸਾਖਰਤਾ ਮਨੁੱਖ ਨੂੰ ਮਨੁੱਖ ਹੋਣ ਦਾ ਬੋਧ ਕਰਾਉਂਦੀ ਹੈ, ਉਸ ਵਿਚ ਸਵੈ-ਮਾਣ ਵਧਾਉਂਦੀ ਹੈ।
ਵਿਅਕਤੀਗਤ ਸ਼ਕਤੀਕਰਨ ਅਤੇ ਭਾਈਚਾਰਕ ਸ਼ਮੂਲੀਅਤ ਲਈ ਸਾਖਰਤਾ ਜ਼ਰੂਰੀ ਹੈ। ਕਿਸੇ ਦੇਸ਼ ਦਾ ਸਵੈ-ਚਿੱਤਰ ਹਮੇਸ਼ਾ ਉਸ ਦੀ ਕੁੱਲ ਆਬਾਦੀ ਦੀ ਸਿੱਖਿਅਕ ਮਾਤਰਾ, ਬਹੁ-ਗੁਣਵੱਤਾ, ਪ੍ਰਤੀ ਵਿਅਕਤੀ ਆਮਦਨ ਅਤੇ ਸੀਮਾ ’ਤੇ ਆਧਾਰਿਤ ਹੁੰਦਾ ਹੈ। ਰਾਸ਼ਟਰੀ ਵਿਕਾਸ ਦੇ ਮਾਪਕ ਦੇ ਰੂਪ ਵਿਚ ਸਾਖਰਤਾ ਮਹੱਤਵਪੂਰਨ ਸੂਚਕ ਹੈ। ਸਾਖਰਤਾ ਉੱਚ ਅਤੇ ਬਿਹਤਰ ਸਿੱਖਿਆ ਦੀ ਇੱਛਾ ਪੈਦਾ ਕਰਦੀ ਹੈ, ਇਹ ਮਨੁੱਖ ਨੂੰ ਵਿਅਕਤੀਗਤ ਤਰੱਕੀ ਤੋਂ ਰਾਸ਼ਟਰੀ ਤਰੱਕੀ ਤੱਕ ਲੈ ਜਾਂਦੀ ਹੈ। ਇਸ ਮਾਧਿਅਮ ਰਾਹੀਂ ਵਿਅਕਤੀ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਨਤੀਜੇ ਵਜੋਂ ਸੰਸਾਰ ਆਰਥਿਕਤਾ, ਸਭਿਆਚਾਰ ਅਤੇ ਤਕਨੀਕੀ ਵਿਕਾਸ ਵਿਚ ਅਜਿਹਾ ਵਿਅਕਤੀ ਕੌਮੀ ਪਛਾਣ ਬਣ ਸਕਦਾ ਹੈ। ਸਾਖਰ ਵਿਅਕਤੀ ਦੇਸ਼ ਦੀ ਰਾਜਨੀਤਕ ਸਮੀਖਿਆ ਨੂੰ ਪਰਖਣ ਤੇ ਬਦਲਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਆਪਣੇ ਮਤ-ਅਧਿਕਾਰ ਬਾਰੇ ਸੁਚੇਤ ਹੁੰਦਾ ਹੈ ਜਦੋਂ ਕਿ ਅਨਪੜ੍ਹ ਵਿਅਕਤੀ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਕਿ ਉਹ ਆਪਣੇ ਇਸ ਰਾਜਨੀਤਕ ਅਧਿਕਾਰ ਨਾਲ ਦੇਸ਼ ਦੀ ਤਸਵੀਰ ਬਦਲ ਸਕਦਾ ਹੈ। ਅਸਲ ਵਿਚ ਸਾਖਰਤਾ ਨੂੰ ਸਮਾਜਿਕ ਸੰਕੇਤਾਂ ਅਤੇ ਨਿਯਮਾਂ ਦੇ ਰੂਪ ਵਿਚ ਸਮਝਣਾ ਬਹੁਤ ਜ਼ਰੂਰੀ ਹੈ।
ਸਿੱਖਿਆ ਮੰਤਰਾਲੇ ਦੁਆਰਾ ਪੇਸ਼ ਤਤਕਾਲੀ ਰਿਪੋਰਟ ਅਨੁਸਾਰ, ਭਾਰਤ ਵਿਚ ਸਾਖਰਤਾ ਦਰ 74.04% ਹੈ ਜਿਨ੍ਹਾਂ ਵਿਚੋਂ 82.14 ਮਰਦ ਅਤੇ 65.46 ਔਰਤਾਂ ਹਨ। ਕੁਝ ਸਮਾਂ ਪਹਿਲਾਂ ਤੱਕ ਭਾਰਤੀ ਸਮਾਜਿਕ ਢਾਂਚੇ ਵਿਚ ਕੁਝ ਖਾਸ ਵਰਗ ਦੇ ਲੋਕ ਸਿੱਖਿਆ ਦੀ ਮਹੱਤਤਾ ਤੋਂ ਅਣਜਾਣ ਸਨ ਜਾਂ ਉਨ੍ਹਾਂ ਨੂੰ ਸਾਖਰ ਹੋਣ ਤੋਂ ਰੋਕਿਆ ਜਾਂਦਾ ਸੀ। ਕਈ ਸਮਾਜ ਸੁਧਾਰਕਾਂ ਨੇ ਸਦੀਆਂ ਤੋਂ ਸਿੱਖਿਆ ਤੋਂ ਵਾਂਝੇ ਵਰਗਾਂ ਵਾਸਤੇ ਵਿੱਦਿਆ ਦਾ ਚਾਨਣ ਫੈਲਾਉਣ ਲਈ ਮੁਹਿੰਮਾਂ ਚਲਾਈਆਂ। ਇਨ੍ਹਾਂ ਸਮਾਜ ਸੁਧਾਰਕਾਂ ਨੇ ਭਾਰੀ ਮੁਸ਼ਕਿਲਾਂ ਅਤੇ ਰੁਕਾਵਟਾਂ ਦੇ ਬਾਵਜੂਦ ਲੋਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਾਖਰਤਾ ਪ੍ਰਾਪਤ ਕਰਨ ਲਈ ਪ੍ਰੇਰਿਆ। ਨਤੀਜੇ ਵਜੋਂ ਕੌਮੀ ਪੱਧਰ ’ਤੇ ਵੀ ਸਰਕਾਰ ਵੱਲੋਂ ਅਨਪੜ੍ਹਤਾ ਨੂੰ ਖਤਮ ਕਰਨ, ਸਿੱਖਿਆ ਦਾ ਚਾਨਣ ਫੈਲਾਉਣ ਤੇ ਸਾਖਰਤਾ ਦੀ ਮਹੱਤਤਾ ਨੂੰ ਵਧਾਉਣ ਖਾਤਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਸਕੂਲ ਜਾਣਾ ਲਾਜ਼ਮੀ ਕਰ ਦਿੱਤਾ ਗਿਆ।
ਦੇਸ਼ ਵਿਚ ਸਾਖਰਤਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ ਰਾਸ਼ਟਰੀ ਸਾਖਰਤਾ ਮਿਸ਼ਨ, ਸਰਵ ਸਿੱਖਿਆ ਅਭਿਆਨ ਆਦਿ ਮੁੱਖ ਹਨ। ਇਸ ਦੇ ਨਾਲ ਹੀ 6 ਤੋਂ 14 ਸਾਲ ਤੱਕ ਦੇ ਹਰ ਬੱਚੇ ਨੂੰ ਮੁਫ਼ਤ ਅਤੇ ਜ਼ਰੂਰੀ ਸਿਖਿਆ ਮੁਹੱਈਆ ਕਰਨ ਲਈ ਸਿੱਖਿਆ ਦੇ ਅਧਿਕਾਰ ਨੂੰ ਕਾਨੂੰਨੀ ਰੂਪ ਵਿਚ ਲਾਗੂ ਕਰ ਦਿੱਤਾ ਗਿਆ। ਕੇਰਲ, ਪੰਜਾਬ, ਹਿਮਾਚਲ, ਮਿਜ਼ੋਰਮ, ਹਰਿਆਣਾ, ਤਮਿਲਨਾਡੂ ਅਤੇ ਰਾਜਸਥਾਨ ਵਿਚ ਹੋਈਆਂ ਤਬਦੀਲੀਆਂ ਨੇ ਇਹਨਾਂ ਰਾਜਾਂ ਦੀ ਕਾਇਆ ਪਲਟ ਕਰ ਦਿੱਤੀ ਹੈ।
ਇਸ ਤੋਂ ਇਲਾਵਾ, ਸਰਕਾਰ ਨੇ ਸਾਖਰਤਾ ਪ੍ਰਾਪਤੀ ਬਾਰੇ ਸਹਿਯੋਗ ਕਰਨ ਲਈ ਉਦਯੋਗ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਜਨਤਕ-ਨਿੱਜੀ ਭਾਈਵਾਲੀ ਕੀਤੀ ਹੈ। ਬਾਲਗ ਸਿੱਖਿਆ ਅਤੇ ਵਿਸਤਾਰ ਸਿੱਖਿਆ ਦੇ ਨਾਲ ਨਾਲ ਸਕੂਲ ਛੱਡਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਸਾਥੀਆਂ ਦੇ ਪੱਧਰ ਤੱਕ ਲਿਆਉਣ ਲਈ ਵਿਸ਼ੇਸ਼ ਸਹਾਇਤਾ ਅਧਿਐਨ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਹੈ।
ਕਿਹਾ ਜਾ ਸਕਦਾ ਹੈ ਕਿ ਸਾਖਰਤਾ ਹੁਨਰ ਹੈ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਸਕਦੇ ਹਾਂ। ਸਾਖਰਤਾ ਹਰ ਉਸ ਵਿਅਕਤੀ ਲਈ ਅਹਿਮ ਹੈ ਜੋ ਮਜ਼ਬੂਤ ਸਮਾਜ ਦਾ ਨਿਰਮਾਣ ਕਰਨਾ ਚਾਹੁੰਦਾ ਹੈ। ਅਨਪੜ੍ਹਤਾ ਖ਼ਤਰਾ ਹੈ ਜਿਸ ਬਾਰੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਲਈ ਸਮਾਜ ਦੇ ਹਰ ਵਿਅਕਤੀ ਨੂੰ ਸਾਖਰ ਬਣਨ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਜੇ ਇਹ ਛੋਟੀ ਉਮਰ ਵਿਚ ਸੰਭਵ ਨਹੀਂ ਸੀ ਤਾਂ ਬਜ਼ੁਰਗ ਆਪਣੇ ਜੀਵਨ ਦੇ ਉੱਨਤ ਪੜਾਅ ’ਤੇ ਪੜ੍ਹਨਾ ਲਿਖਣਾ ਸਿੱਖ ਸਕਦਾ ਹੈ। ਸਾਖਰਤਾ ਵਿਅਕਤੀ ਨੂੰ ਗਿਆਨ ਪ੍ਰਾਪਤੀ ਰਾਹੀਂ ‘ਸੰਪੂਰਨ ਵਿਅਕਤੀ’ ਬਣਾਉਂਦੀ ਹੈ। ਹਰ ਪੜ੍ਹੇ-ਲਿਖੇ ਵਿਅਕਤੀ ਦੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਸਭ ਮਿਲ ਜੁਲ ਕੇ ਆਪਣੇ ਆਲੇ-ਦੁਆਲੇ ਜੋ ਵੀ ਅਨਪੜ੍ਹ ਹੈ, ਉਸ ਨੂੰ ਸਿਖਿਅਤ ਕਰੀਏ ਤੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਈਏ।
ਸੰਪਰਕ: 98912-71517