ਗੱਲ 1984 ਦੀ ਹੈ। ਉਨ੍ਹੀਂ ਦਿਨੀਂ ਮੈਡੀਕਲ ਕਾਲਜ ਪਟਿਆਲਾ ਵਿਚ ਅੱਖਾਂ ਦਾ ਡਾਕਟਰ ਬਣਨ ਦੀ ਪੜ੍ਹਾਈ ਕਰ ਰਿਹਾ ਸੀ। ਮੇਰਾ ਪਰਿਵਾਰ ਮੋਗੇ ਨੇੜਲੇ ਪਿੰਡ ਕੋਕਰੀ ਕਲਾਂ ਵਿਚ ਰਹਿੰਦਾ ਸੀ, ਜਿੱਥੇ ਮੇਰੇ ਮਾਤਾ ਜੀ ਕੁੜੀਆਂ ਦੇ ਸਕੂਲ ਦੇ ਪ੍ਰਿੰਸੀਪਲ ਸਨ। ਮੈਂ ਆਪਣੇ ਪਿੰਡ ਵਿਚੋਂ ਮੈਡੀਕਲ ਕਾਲਜ ਵਿਚ ਪਹੁੰਚਣ ਵਾਲਾ ਪਹਿਲਾ ਵਿਦਿਆਰਥੀ ਸੀ। ਜਦੋਂ ਵੀ ਮੈਂ ਛੁੱਟੀਆਂ ਦੌਰਾਨ ਪਿੰਡ ਆਉਂਦਾ, ਪਿੰਡ ਦੇ ਲੋਕ ਆਪਣੀਆਂ ਛੋਟੀਆਂ ਵੱਡੀਆਂ ਬਿਮਾਰੀਆਂ ਬਾਰੇ ਮਸ਼ਵਰਾ ਕਰਨ ਆ ਜਾਂਦੇ। ਜਦੋਂ ਮੈਂ ਅੱਖਾਂ ਦਾ ਡਾਕਟਰ ਬਣਨ ਬਾਰੇ ਸੋਚਿਆ ਤਾਂ ਮੈਨੂੰ ਪਿੰਡ ਦੇ ਵਡੇਰਿਆਂ ਨੇ ਕਿਹਾ, “ਕਾਕਾ, ਪਿੰਡ ਲਈ ਵੀ ਕੁਝ ਕਰੋ।”
ਸਾਡੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਡਾਕਟਰੀ ਸਹੂਲਤਾਂ ਦੀ ਘਾਟ ਹੋਣ ਕਰ ਕੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਬਿਮਾਰੀਆਂ ਦੇ ਇਲਾਜ ਦਾ ਕੋਈ ਸਾਧਨ ਨਹੀਂ ਸੀ। ਬਹੁਤ ਸਾਰੇ ਬਜ਼ੁਰਗ ਘਰ ਬੈਠੇ ਹੀ ਅੰਨ੍ਹੇ ਹੋ ਜਾਂਦੇ। ਮੈਂ ਪੰਜਾਬ ਦੇ ਮਸ਼ਹੂਰ ਡਾਕਟਰ ਧਨਵੰਤ ਸਿੰਘ ਦੀ ਨਿਗਰਾਨੀ ਵਿਚ ਅੱਖਾਂ ਦਾ ਇਲਾਜ ਸਿੱਖ ਰਿਹਾ ਸੀ। ਪਿੰਡ ਵਾਲ਼ਿਆਂ ਨੇ ਮੈਨੂੰ ਕਿਹਾ ਕਿ ਮੈਂ ਡਾਕਟਰ ਧਨਵੰਤ ਸਿੰਘ ਨਾਲ਼ ਪਿੰਡ ਵਿਚ ਅੱਖਾਂ ਦਾ ਮੁਫਤ ਕੈਂਪ ਲਗਵਾਉਣ ਬਾਰੇ ਗੱਲ ਕਰਾਂ, ਸਾਰੇ ਇੰਤਜ਼ਾਮ ਕਰਨ ਨੂੰ ਉਹ ਤਿਆਰ ਸਨ।
ਮੈਂ ਵਿਦਿਆਰਥੀ ਹੋਣ ਕਰ ਕੇ ਝਿਜਕਦਾ ਹੋਇਆ ਡਾਕਟਰ ਧਨਵੰਤ ਸਿੰਘ ਦੇ ਕੋਲ ਗਿਆ। ਪਿੰਡ ਵਾਲਿਆਂ ਦੀ ਫ਼ਰਮਾਇਸ਼ ਉਨ੍ਹਾਂ ਅੱਗੇ ਰੱਖੀ। ਉਨ੍ਹਾਂ ਹਾਂ ਕਰਨ ਲਈ ਇੱਕ ਮਿੰਟ ਵੀ ਨਹੀਂ ਲਗਾਇਆ। ਆਪਣੀ ਡਾਇਰੀ ਦੇਖੀ ਅਤੇ 2 ਨਵੰਬਰ ਦਾ ਦਿਨ ਕੈਂਪ ਲਈ ਮਿਥ ਲਿਆ। ਮੈਂ ਕੈਂਪ ਦੀਆਂ ਤਿਆਰੀਆਂ ਲਈ 31 ਅਕਤੂਬਰ ਨੂੰ ਹੀ ਪਟਿਆਲੇ ਤੋਂ ਪਿੰਡ ਲਈ ਬੱਸ ਵਿਚ ਬੈਠ ਗਿਆ। ਬੱਸ ਵਿਚ ਅਧਸੁਤੀ ਜਿਹੀ ਹਾਲਤ ਵਿਚ ਸੀ, ਜਦੋਂ ਲੁਧਿਆਣੇ ਤੋਂ ਬਾਹਰ ਬੱਸ ਅਚਾਨਕ ਰੁਕ ਗਈ ਤੇ ਰੌਲਾ ਜਿਹਾ ਸੁਣਿਆ। ਬੱਸ ਵਿਚ ਕਾਲਜ ਦੇ ਵਿਦਿਆਰਥੀ ਚੜ੍ਹ ਗਏ ਤੇ ਕਹਿਣ ਲੱਗੇ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਖ਼ਬਰ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਕਿਵੇਂ ਨਾ ਕਿਵੇਂ ਪਿੰਡ ਪਹੁੰਚਿਆ ਪਰ ਉੱਥੇ ਵੀ ਅਫਵਾਹਾਂ ਦਾ ਬਾਜ਼ਾਰ ਗਰਮ ਸੀ।
ਹਿੰਦੁਸਤਾਨ ਵਿਚ ਬਹੁਤ ਜਗ੍ਹਾ ਕਤਲੇਆਮ ਸ਼ੁਰੂ ਹੋ ਚੁੱਕਾ ਸੀ ਜਿਸ ਦੀਆਂ ਦਰਦਨਾਕ ਖਬਰ ਸਾਡੇ ਤਕ ਪਹੁੰਚ ਰਹੀਆਂ ਸਨ। ਇਨ੍ਹਾਂ ਖਬਰਾਂ ਨੇ ਇਲਾਕੇ ਦੇ ਹਿੰਦੂਆਂ ਵਿਚ ਵੀ ਡਰ ਵਾਲਾ ਮਾਹੌਲ ਪੈਦਾ ਕਰ ਦਿੱਤਾ ਸੀ। ਪਿੰਡ ਵਿਚ ਵੀ ਇਹੀ ਮਾਹੌਲ ਬਣ ਚੁੱਕਿਆ ਸੀ। ਕਿਸੇ ਨੂੰ ਨਹੀਂ ਸੀ ਕਿ ਪਤਾ ਅਗਲੇ ਦਿਨ ਕੀ ਹੋਵੇਗਾ? ਪਿੰਡ ਦੇ ਗੁਰਦੁਆਰੇ ਜਿੱਥੇ ਕੈਂਪ ਲੱਗਣਾ ਸੀ, ਸੁੰਨ-ਮਸਾਨ ਪਸਰੀ ਹੋਈ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਕੋਲ ਸੌ ਸੁਆਲ ਸਨ। ਕਰਫਿਊ ਵਰਗੇ ਹਾਲਾਤ ਵਿਚ ਕੀ ਲਾਗਲੇ ਪਿੰਡਾਂ ਤੋਂ ਮਰੀਜ਼ ਸਾਡੇ ਪਿੰਡ ਪਹੁੰਚ ਸਕਣਗੇ?
ਮੈਂ ਜਦੋਂ ਡਾਕਟਰ ਧਨਵੰਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦੇ ਵੀ ਕੁਝ ਅਜਿਹੇ ਸੁਆਲ ਸਨ ਪਰ ਪਿੰਡ ਦੇ ਬਜ਼ੁਰਗ ਬਜ਼ਿਦ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਧਰਮ ਦਾ ਕੰਮ ਹੈ, ਪਿੰਡ ਵਿਚ ਹੋ ਰਿਹਾ ਹੈ, ਅੱਖਾਂ ਦੇ ਮਾਹਿਰ ਡਾਕਟਰ ਧਨਵੰਤ ਸਿੰਘ ਆ ਰਹੇ ਹਨ, ਕੈਂਪ ਤਾਂ ਹੁਣ ਲੱਗ ਕੇ ਹੀ ਰਹੇਗਾ।”
ਪਿੰਡ ਵਿਚ ਹਿੰਦੂਆਂ ਦੀ ਵੱਡੀ ਆਬਾਦੀ ਸੀ ਪਰ ਜਦੋਂ ਮੈਂ ਪਿੰਡ ਵਿਚ ਘੁੰਮ ਕੇ ਦੇਖਿਆ, ਲੋਕ ਝੁੰਡ ਬਣਾ ਕੇ ਇਸੇ ਘਟਨਾ ਬਾਰੇ ਗੱਲਾਂ ਕਰ ਰਹੇ ਸਨ। ਮੈਨੂੰ ਫਿਕਰ ਹੋ ਗਿਆ, ਪ੍ਰਬੰਧਕਾਂ ਨਾਲ ਸਲਾਹ ਕੀਤੀ ਅਤੇ ਪਿੰਡ ਦੀ ਮੰਦਰ ਕਮੇਟੀ ਦੇ ਅਹੁਦੇਦਾਰਾਂ ਨੂੰ ਵੀ ਬੁਲਾਇਆ ਅਤੇ ਕਿਹਾ, “ਤੁਸੀਂ ਵੀ ਪਿੰਡ ਦਾ ਅਹਿਮ ਹਿੱਸਾ ਹੋ| ਤੁਹਾਡੇ ਬਗੈਰ ਇਹ ਸਾਂਝਾ ਕੰਮ ਸਿਰੇ ਨਹੀਂ ਚੜ੍ਹ ਸਕਦਾ। ਸਾਡੇ ਕੋਲ ਗੁਰਦੁਆਰੇ ਵਿਚ ਸੀਮਤ ਜਗ੍ਹਾ ਹੈ, ਅਸੀਂ ਸੋਚ ਰਹੇ ਹਾਂ, ਮਰਦ ਮਰੀਜ਼ਾਂ ਨੂੰ ਗੁਰਦੁਆਰੇ ਵਿਚ ਦਾਖ਼ਲ ਕਰੀਏ ਅਤੇ ਔਰਤ ਮਰੀਜ਼ਾਂ ਨੂੰ ਮੰਦਰ ਵਿਚ।” ਉਨ੍ਹਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਅਤੇ ਉਨ੍ਹਾਂ ਨੇ ਚਾਈਂ ਚਾਈਂ ਹਾਮੀ ਭਰ ਦਿੱਤੀ।
ਉਸ ਤੋਂ ਬਾਅਦ ਮੈਂ ਡਾਕਟਰ ਧਨਵੰਤ ਸਿੰਘ ਨੂੰ ਫੋਨ ਕਰ ਕੇ ਕਿਹਾ ਕਿ ਕੈਂਪ ਦੀ ਪੂਰੀ ਤਿਆਰੀ ਹੈ, ਪੂਰੀ ਟੀਮ ਲੈ ਕੇ ਵਕਤ ਸਿਰ ਪਹੁੰਚ ਜਾਣਾ।” ਡਾਕਟਰ ਧਨਵੰਤ ਸਿੰਘ ਨੇ ਵਾਅਦਾ ਕੀਤਾ ਕਿ ਉਹ ਦੋ ਨਵੰਬਰ ਨੂੰ ਜ਼ਰੂਰ ਆਉਣਗੇ।
ਮੈਂ 2 ਨਵੰਬਰ ਨੂੰ ਜਦੋਂ ਗੁਰਦੁਆਰੇ ਪਹੁੰਚਿਆ ਤਾਂ ਮਰੀਜ਼ਾਂ ਦਾ ਹਜੂਮ ਮੇਰਾ ਇੰਤਜ਼ਾਰ ਕਰ ਰਿਹਾ ਸੀ। ਦੁਪਹਿਰ ਹੁੰਦੇ ਹੁੰਦੇ ਮੈਂ ਸੌ ਤੋਂ ਵੱਧ ਮਰੀਜ਼ਾਂ ਨੂੰ ਅਪਰੇਸ਼ਨ ਲਈ ਦਾਖਲ ਚੁੱਕਿਆ ਸੀ। ਡਾਕਟਰ ਧਨਵੰਤ ਸਿੰਘ ਦੀ ਟੀਮ ਵੀ ਸਮੇਂ ਸਿਰ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਨਾਕੇ ਅਤੇ ਚੈਕਿੰਗ ਸੀ, ਮਾਹੌਲ ਵੀ ਡਰ ਵਾਲਾ ਸੀ ਪਰ ਉਹ ਵਿਚਕਾਰਲੇ ਅਤੇ ਅਣਜਾਣ ਰਸਤਿਆਂ ਤੋਂ ਲੰਘਦੇ ਹੋਏ ਮੰਜ਼ਲ ਤੇ ਆ ਪਹੁੰਚੇ ਸਨ। ਸਾਰੇ ਅਪਰੇਸ਼ਨ ਕਰਨ ਤੋਂ ਬਾਅਦ ਟੀਮ ਤਾਂ ਪਿੰਡ ਵਿਚੋਂ ਚਲੀ ਗਈ। ਮੈਨੂੰ ਉਨ੍ਹਾਂ ਮਰੀਜ਼ਾਂ ਦੀ ਦੇਖਭਾਲ ਲਈ ਪਿੱਛੇ ਛੱਡ ਦਿੱਤਾ।
ਅਗਲੇ ਦਿਨ ਗੁਰਦੁਆਰਾ ਕਮੇਟੀ ਅਤੇ ਮੰਦਰ ਕਮੇਟੀ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ ਕਿ ਮਰੀਜ਼ਾਂ ਦੀ ਵੱਧ ਸੇਵਾ ਕੌਣ ਕਰ ਰਿਹਾ ਹੈ!
ਕੈਂਪ ਦੀ ਸਮਾਪਤੀ ਤੋਂ ਬਾਅਦ ਜਦੋਂ ਮੈਂ ਪਟਿਆਲੇ ਵਾਪਿਸ ਜਾ ਰਿਹਾ ਸੀ ਤਾਂ ਸੋਚ ਰਿਹਾ ਸੀ ਕਿ ਆਉਣ ਵਾਲੀਆਂ ਕਈ ਸਦੀਆਂ ਤੱਕ ਵੀ ਮੇਰੇ ਪਿੰਡ ਦੇ ਭਾਈਚਾਰੇ ਵਿਚ ਕੋਈ ਦਰਾੜ ਨਹੀਂ ਪੈਦਾ ਕਰ ਸਕਦਾ। ਮੇਰਾ ਪਿੰਡ ਮੁਸ਼ਕਿਲ ਸਮੇਂ ਦਾ ਚਾਨਣ ਮੁਨਾਰਾ ਹੈ।
ਸੰਪਰਕ: 98151-77324